ਆਮ ਆਦਮੀ ਪਾਰਟੀ ਰੋਪੜ ਵੱਲੋਂ 84 ਦੇ ਦੰਗਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਮੋਮਬਤੀਆਂ ਜਗਾਕੇ ਦਿੱਤੀ ਸ਼ਰਧਾਂਜਲੀ

ss1

ਆਮ ਆਦਮੀ ਪਾਰਟੀ ਰੋਪੜ ਵੱਲੋਂ 84 ਦੇ ਦੰਗਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਮੋਮਬਤੀਆਂ ਜਗਾਕੇ ਦਿੱਤੀ ਸ਼ਰਧਾਂਜਲੀ

photoਰੂਪਨਗਰ, 2 ਨਵੰਬਰ (ਗੁਰਮੀਤ ਮਹਿਰਾ): 1 ਨਵੰਬਰ 1984 ਨੂੰ ਕਾਂਗਰਸ ਪਾਰਟੀ ਦੀ ਅਗਵਾਈ ਵਿੱਚ ਸ਼ੁਰੂ ਹੋਏ ਦੰਗਿਆਂ ਵਿੱਚ ਹਫਤਾਭਰ ਦਿੱਲੀ ਅਤੇ ਹੋਰ ਮਹਾਂ ਨਗਰਾਂ ਵਿੱਚ ਪੰਜਾਬੀਆਂ (ਖਾਸ ਕਰਕੇ ਸਿੱਖਾਂ) ਨੂੰ ਕਤਲ ਕੀਤਾ ਗਿਆ। ਉਹਨਾਂ ਕਤਲ ਹੋਏ ਬੇਦੋਸ਼ੇ, ਮਾਸੂਮਾਂ ਨੂੰ ਆਮ ਆਦਮੀ ਪਾਰਟੀ ਰੋਪੜ ਦੀ ਇਕਾਈ ਵੱਲੋਂ ਸਥਾਨਕ ਬੇਲਾ ਚੌਂਕ ਵਿੱਚ ਮੋਮਬਤੀਆਂ ਬਾਲ ਕੇ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਉਮੀਦਵਾਰ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ 32 ਸਾਲ ਪਹਿਲਾਂ ਅੱਜ ਦੇ ਦਿਨ ਹੀ ਉਦੋਂ ਦੀ ਮੌਜੂਦਾ ਕਾਂਗਰਸ ਸਰਕਾਰ ਦੀ ਅਗਵਾਈ ਹੇਠ ਦਿੱਲੀ ਨੂੰ ਪੰਜਾਬੀਆਂ ਦੀ ਕਤਲਗਾਹ ਬਣਾਇਆ ਗਿਆ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਹਜ਼ਾਰਾਂ ਸਿੱਖਾਂ ਦੀਆਂ ਧੀਆਂ, ਭੈਣਾਂ ਦੀ ਇਜ਼ਤ ਲੁੱਟ ਗਈ ਅਤੇ ਸਿੱਖਾਂ ਵੱਲੋਂ ਬਣਾਈ ਗਈ ਅਰਬਾਂ ਦੀ ਜਾਇਦਾਦ ਦੇਖਦੇਦੇਖਦੇ ਸੁਆਹ ਦੀ ਢੇਰੀ ਬਣਾ ਦਿੱਤੀ ਗਈ। ਸੰਦੋਆ ਨੇ ਕਿਹਾ ਕਿ ਤਿੰਨ ਦਹਾਕੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਕਾਂਗਰਸ ਅਤੇ ਭਾਜਪਾ ਦੀਆਂ ਸਰਕਾਰਾਂ ਨੂੰ ਐਡੀ ਵੱਡੀ ਕਤਲੋਗਾਰਤ ਦਾ ਕੋਈ ਦੋਸ਼ੀ ਨਹੀਂ ਲਭਿਆ। ਇਸ ਤੋਂ ਵੱਡਾ ਪੰਜਾਬੀਆਂ ਨਾਲ ਹੋਰ ਧੱਕਾ ਕੀ ਹੋ ਸਕਦਾ ਹੈ। ਰੋਪੜ ਤੋਂ ਆਪ ਦੇ ਉਮੀਦਵਾਰ ਨੇ ਮੁੱਖ ਮੰਤਰੀ ਦੀ ਕੁਰਸੀ ਵੱਲ ਅੱਡੀਆਂ ਚੁੱਕਚੁੱਕ ਕੇ ਦੇਖਣ ਵਾਲੇ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਾਂਗਰਸੀ ਲੂੰਗ ਲਾਣੇ ਨੂੰ ਕਿਹਾ ਕਿ ਪੰਜਾਬੀਆਂ ਨੂੰ ਕਤਲ ਕਰਨ ਦੀ ਅਹਿਮ ਭੂਮਿਕਾ ਨਿਭਾਉਣ ਵਾਲੇ ਸੱਜਣ ਕੁਮਾਰ, ਕਮਲ ਨਾਥ ਅਤੇ ਜਗਦੀਸ਼ ਟਾਈਟਲਰ ਵਰਗੇ ਕਾਂਗਰਸੀ ਲੀਡਰਾਂ ਨੂੰ ਉਹ ਦੋਸ਼ੀ ਸਮਝਦੇ ਹਨ ਜਾਂ ਨਹੀਂ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਜੇ ਉਕਤ ਆਗੂਆਂ ਨੂੰ ਇਸ ਕਤਲੋਗਾਰਤ ਦਾ ਦੋਸ਼ੀ ਮੰਨਦੇ ਹਨ ਤਾਂ ਇਹਨਾਂ ਨੂੰ ਸਜ਼ਾ ਦਿਵਾਉਣ ਲਈ ਅੱਗੇ ਆਉਣ। ਜੇ ਉਹ ਦਿਲੀ ਦੇ ਦੰਗਿਆਂ ਨੂੰ ਮਾਮੂਲੀ ਵਾਰਦਾਤ ਸਮਝਦੇ ਹਨ ਤਾਂ ਪੰਜਾਬ ਦੇ ਲੋਕਾਂ ਅੱਗੇ ਆਪਣਾ ਸਟੈਂਡ ਸਪਸ਼ਟ ਕਰਨ।
ਅਮਰਜੀਤ ਸਿੰਘ ਸੰਦੋਆ ਨੇ ਭਾਵੁਕ ਮਨ ਨਾਲ ਕਿਹਾ ਕਿ 84 ਦੇ ਦੰਗਿਆਂ ਨੂੰ ਮਾਨਵਤਾ ਦਾ ਦਰਦ ਰੱਖਣ ਵਾਲੇ ਲੋਕ ਦੇਸ਼ ਦੇ ਮੱਥੇ ਤੇ ਕਲੰਕ ਦਸਦੇ ਹਨ। ਦੁਨੀਆਂ ਭਰ ਵਿੱਚ ਜਿਥੇ ਵੀ ਪੰਜਾਬੀ ਵਸਦੇ ਹਨ ਉਹ ਨਵੰਬਰ ਦੇ ਪਹਿਲੇ ਹਫਤੇ ਨੂੰ ਕਾਲੇ ਦਿਨਾਂ ਵਜੋਂ ਮਨਾਉਂਦੇ ਹਨ, ਪਰ ਸਿੱਖਾਂ ਦੀ ਸਿਰਮੋਰ ਸੰਸਥਾ ਸਿਰੋਮਣੀ ਕਮੇਟੀ ਨੂੰ ਜੱਫਾ ਮਾਰ ਕੇ ਬੈਠਾ ਬਾਦਲ ਲਾਣਾ ਇਹਨਾਂ ਦਿਨਾਂ ਵਿੱਚ ਰਾਜਨੀਤਿਕ ਲਾਹਾ ਲੈਣ ਲਈ ਕੱਬਡੀ ਦਾ ਡਰਾਮਾ ਬਣਾ ਕੇ ਰਾਜਨੀਤਿਕ ਖੇਡ ਖੇਡ ਰਿਹਾ ਹੈ। 84 ਦੇ ਵਿੱਚ ਕਤਲ ਹੋਏ ਲੋਕਾਂ ਦੇ ਪਰਿਵਾਰ ਇਸ ਮਹੀਨੇ ਆਪਣੇ ਪਿਆਰਿਆਂ ਦੀਆਂ ਬਰਸੀਆਂ ਮਨਾਉਂਦੇ ਹਨ ਪਰ ਬਾਦਲ ਸਰਕਾਰ ਟੀ.ਵੀ. ਦੇ ਵੱਡੇ ਕਮੇਡੀ ਕਲਾਕਾਰ ਬੁਲਾਕੇ ਰੰਗ ਰਲੀਆਂ ਮਨਾਉਣ ਵਿੱਚ ਮਸਤ ਹਨ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਵਾਸਤੇ ਇਸ ਤੋਂ ਵੱਡੀ ਸ਼ਰਮ ਵਾਲੀ ਕੋਈ ਗਲ ਨਹੀਂ ਹੋ ਸਕਦੀ।

print
Share Button
Print Friendly, PDF & Email

Leave a Reply

Your email address will not be published. Required fields are marked *