ਭਾਰਤੀ ਜਨਤਾ ਪਾਰਟੀ ਨੂੰ ਜ਼ਿਲਾ ਪਟਿਆਲਾ ਵਿੱਚ ਕਰਾਰਾ ਝਟਕਾ-ਭਾਜਪਾ ਦੇ ਲੀਗਲ ਸੈੱਲ ਦੇ ਜ਼ਿਲਾ ਕਨਵੀਨਰ ਐਡਵੋਕੇਟ ਬਿਕਰਮਜੀਤ ਪਾਸੀ ਬਨੂੜ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ss1

ਭਾਰਤੀ ਜਨਤਾ ਪਾਰਟੀ ਨੂੰ ਜ਼ਿਲਾ ਪਟਿਆਲਾ ਵਿੱਚ ਕਰਾਰਾ ਝਟਕਾ-ਭਾਜਪਾ ਦੇ ਲੀਗਲ ਸੈੱਲ ਦੇ ਜ਼ਿਲਾ ਕਨਵੀਨਰ ਐਡਵੋਕੇਟ ਬਿਕਰਮਜੀਤ ਪਾਸੀ ਬਨੂੜ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਪਾਰਟੀ ਦੇ ਦਲਿਤ ਵਿੰਗ ਦੇ ਆਗੂਆਂ ਨੇ ਵੀ ਦਿੱਤੇ ਅਸਤੀਫ਼ੇ
ਬੰਨੋ ਮਾਈ ਮੰਦਿਰ ਨੂੰ ਬਚਾਉਣ ਲਈ ਪਿੱਲਰਾਂ ਵਾਲੇ ਪੁਲ ਸਬੰਧੀ ਭਾਜਪਾ ਦੀ ਵਾਅਦਾ ਖ਼ਿਲਾਫ਼ੀ ਨੂੰ ਦੱਸਿਆ ਅਸਤੀਫ਼ੇ ਦਾ ਕਾਰਨ

20banur-1ਬਨੂੜ, 20 ਅਕਤੂਬਰ (ਰਣਜੀਤ ਸਿੰਘ ਰਾਣਾ): ਭਾਜਪਾ ਦੇ ਬੇਹੱਦ ਸਰਗਰਮ ਆਗੂ ਤੇ ਜ਼ਿਲਾ ਪਟਿਆਲਾ ਵਿੱਚ ਭਰਵਾਂ ਅਸਰ ਰਸੂਖ਼ ਰੱਖਦੇ ਪਾਰਟੀ ਦੇ ਲੀਗਲ ਸੈੱਲ ਦੇ ਜ਼ਿਲਾ ਕਨਵੀਨਰ ਐਡਵੋਕੇਟ ਬਿਕਰਮਜੀਤ ਪਾਸੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨਾਂ ਆਪਣਾ ਅਸਤੀਫ਼ਾ ਪਾਰਟੀ ਦੇ ਜ਼ਿਲਾ ਪ੍ਰਧਾਨ ਸ੍ਰੀ ਨਾਗਪਾਲ ਨੂੰ ਭੇਜ ਦਿੱਤਾ ਹੈ ਤੇ ਇਸ ਨੂੰ ਤੁਰੰਤ ਮੰਨਜ਼ੂਰ ਕਰਨ ਲਈ ਆਖਿਆ ਹੈ। ਐਡਵੋਕੇਟ ਪਾਸੀ ਦੇ ਨਾਲ ਹੀ ਭਾਜਪਾ ਦੇ ਦਲਿਤ ਵਿੰਗ ਦੇ ਬਨੂੜ ਮੰਡਲ ਦੇ ਪ੍ਰਧਾਨ ਪ੍ਰਦੀਪ ਕੁਮਾਰ ਦੀਪਾ ਅਤੇ ਜਨਰਲ ਸਕੱਤਰ ਵਿਜੇ ਕੁਮਾਰ ਨੇ ਵੀ ਆਪਣੇ ਅਹੁਦੇ ਛੱਡਣ ਦਾ ਐਲਾਨ ਕੀਤਾ ਹੈ। ਮਾਈ ਬੰਨੋ ਯੂਥ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਸੰਜੀਵ ਕੁਮਾਰ ਟੋਨੀ ਅਤੇ ਖ਼ਜਾਨਚੀ ਸੁਖਚੈਨ ਸਿੰਘ ਨੇ ਐਡਵੋਕੇਟ ਪਾਸੀ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਐਡਵੋਕੇਟ ਪਾਸੀ ਨੇ ਅੱਜ ਦੇਰ ਸ਼ਾਮੀਂ ਆਪਣੇ ਬਨੂੜ ਸਥਿਤ ਘਰ ਵਿਖੇ ਕਾਹਲੀ ਵਿੱਚ ਸੱਦੀ ਪ੍ਰੈਸ ਕਾਨਫ਼ਰਸ ਦੌਰਾਨ ਆਪਣੇ ਉਕਤ ਕਦਮ ਦਾ ਖ਼ੁਲਾਸਾ ਕੀਤਾ। ਉਨਾਂ ਕਿਹਾ ਕਿ ਭਾਜਪਾ ਹੁਣ ਪਾਰਟੀ ਦੇ ਵਫ਼ਾਦਾਰਾਂ ਅਤੇ ਪਾਰਟੀ ਨੂੰ ਸਮਰਪਿਤ ਟਕਸਾਲੀ ਵਰਕਰਾਂ ਨੂੰ ਸਤਿਕਾਰ ਨਹੀਂ ਦੇ ਰਹੀ। ਉਨਾਂ ਕਿਹਾ ਕਿ ਬਨੂੜ ਦੇ ਬੰਨੋ ਮਾਈ ਮੰਦਿਰ ਦੇ ਸੜਕ ਵਿੱਚ ਆਉਣ ਦੇ ਮਾਮਲੇ ਸਬੰਧੀ ਭਾਜਪਾ ਲੀਡਰਸ਼ਿਪ ਸਮੁੱਚੇ ਸ਼ਹਿਰੀਆਂ ਅਤੇ ਇਲਾਕਾ ਵਾਸੀਆਂ ਦੀਆਂ ਭਾਵਨਾਵਾਂ ਨੂੰ ਦਰਕਿਨਾਰ ਕਰਕੇ ਆਪਣੇ ਚਹੇਤਿਆਂ ਦੀਆਂ ਦੁਕਾਨਾਂ ਬਚਾਉਣ ਤੇ ਤੁਲੀ ਹੋਈ ਹੈ।
ਉਨਾਂ ਕਿਹਾ ਕਿ ਭਾਜਪਾ ਦੇ ਵੱਡੇ ਆਗੂ ਨੇ ਬੰਨੋ ਮਾਈ ਮੰਦਿਰ ਦੀ ਧਰਮਸ਼ਾਲਾ ਵਿਖੇ ਸ਼ਹਿਰ ਦੇ ਵੱਡੇ ਇਕੱਠ ਵਿੱਚ ਐਲਾਨ ਕੀਤਾ ਸੀ ਕਿ ਉਹ ਬੰਨੋ ਮਾਈ ਮੰਦਿਰ ਨੂੰ ਬਿਲਕੁੱਲ ਨੁਕਸਾਨ ਨਹੀਂ ਹੋਣ ਦੇਣਗੇ ਤੇ ਇਸ ਮਸਲੇ ਦਾ ਹੱਲ ਮੰਦਿਰ ਅੱਗੇ ਪਿੱਲਰਾਂ ਵਾਲਾ ਪੁਲ ਬਣਾਕੇ ਕੱਢਣਗੇ। ਸ੍ਰੀ ਪਾਸੀ ਨੇ ਕਿਹਾ ਕਿ ਉਕਤ ਆਗੂ ਦੇ ਭਾਸ਼ਨ ਦੀਆਂ ਵੀਡੀਓ ਰਿਕਾਰਡਿੰਗਾਂ ਮੌਜੂਦ ਹਨ ਜਿਸ ਵਿੱਚ ਉਨਾਂ ਉਕਤ ਪੁਲ ਦਾ 30 ਅਗਸਤ ਨੂੰ ਨੀਂਹ ਪੱਥਰ ਰੱਖਣ ਦੀ ਗੱਲ ਵੀ ਕਹੀ ਸੀ। ਉਨਾਂ ਕਿਹਾ ਕਿ ਢਾਈ ਮਹੀਨੇ ਲੰਘਣ ਦੇ ਬਾਵਜੂਦ ਕੋਈ ਕਦਮ ਨਹੀਂ ਚੁੱਕਿਆ ਗਿਆ ਤੇ ਸ਼ਹਿਰ ਵਾਸੀ ਉਨਾਂ ਨੂੰ ਬੰਨੋ ਮਾਈ ਮੰਦਿਰ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਉਕਤ ਆਗੂ ਦੇ ਐਲਾਨਾਂ ਬਾਰੇ ਪੁੱਛ ਰਹੇ ਹਨ।
ਐਡਵੋਕੇਟ ਪਾਸੀ ਨੇ ਆਪਣੇ ਅਸਤੀਫ਼ੇ ਵਿੱਚ ਲਿਖਿਆ ਕਿ ਉਹ ਮਜ਼ਾਕ ਦਾ ਪਾਤਰ ਬਣਕੇ ਪਾਰਟੀ ਲਈ ਕੰਮ ਨਹੀਂ ਕਰ ਸਕਦੇ ਤੇ ਇਨਾਂ ਪ੍ਰਸਥਿਤੀਆਂ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ। ਉਨਾਂ ਇਹ ਵੀ ਐਲਾਨ ਕੀਤਾ ਕਿ ਬੰਨੋ ਮਾਈ ਮੰਦਿਰ ਦੀ ਇੱਕ ਇੱਟ ਨਹੀਂ ਹਿੱਲਣ ਦਿੱਤੀ ਜਾਵੇਗੀ ਤੇ ਇਸ ਇਤਿਹਾਸਿਕ ਮੰਦਿਰ ਨੂੰ ਬਚਾਉਣ ਲਈ ਉਹ ਆਪਣੀ ਜਾਨ ਨਿਛਾਵਰ ਕਰ ਦੇਣਗੇ ਪਰ ਬੰਨੋ ਮਾਈ ਮੰਦਿਰ ਵੱਲ ਕਿਸੇ ਨੂੰ ਉਂਗਲ ਵੀ ਨਹੀਂ ਕਰਨ ਦੇਣਗੇ। ਐਡਵੋਕੇਟ ਪਾਸੀ ਜਿਨਾਂ ਦਾ ਬਨੂੜ ਤੇ ਰਾਜਪੁਰਾ ਸ਼ਹਿਰਾਂ ਵਿੱਚ ਚੋਖ਼ਾ ਜਨ ਆਧਾਰ ਹੈ ਦੇ ਅਸਤੀਫ਼ੇ ਨਾਲ ਭਾਜਪਾ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਪਾਰਟੀ ਦੇ ਕਈਂ ਸੀਨੀਅਰ ਆਗੂ ਐਡਵੋਕੇਟ ਪਾਸੀ ਨੂੰ ਅਸਤੀਫ਼ਾ ਵਾਪਿਸ ਲੈਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਐਡਵੋਕੇਟ ਪਾਸੀ ਮਿਲਾ ਸਕਦੇ ਹਨ ਕਾਂਗਰਸ ਦੇ ਹੱਥ ਦੇ ਨਾਲ ਹੱਥ
ਭਾਵੇਂ ਐਡਵੋਕੇਟ ਬਿਕਰਮਜੀਤ ਪਾਸੀ ਨੇ ਪ੍ਰੈਸ ਕਾਨਫ਼ਰੰਸ ਮੌਕੇ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਸੇ ਵੀ ਪਾਰਟੀ ਵਿੱਚ ਜਾਣ ਤੋਂ ਇਨਕਾਰ ਕੀਤਾ ਪਰ ਭਰੋਸੇਯੋਗ ਵਸੀਲਿਆਂ ਅਤੇ ਸ਼ਹਿਰ ਵਿੱਚ ਚੱਲ ਰਹੀ ਚਰਚਾ ਅਨੁਸਾਰ ਉਹ ਜਲਦੀ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਪਤਾ ਲੱਗਾ ਹੈ ਕਿ ਐਡਵੋਕਟ ਪਾਸੀ ਦੇ ਅਸਤੀਫ਼ੇ ਦੀ ਚਰਚਾ ਮਗਰੋਂ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵੀ ਉਨਾਂ ਨਾਲ ਆਪਣਾ ਸੰਪਰਕ ਕਾਇਮ ਕੀਤਾ ਹੈ ਤੇ ਸ੍ਰੀ ਕੰਬੋਜ ਨੂੰ ਭਾਜਪਾ ਆਗੂ ਵੱਲੋਂ ਹਾਂ ਪੱਖੀ ਰਿਸਪਾਂਸ ਦਿੱਤਾ ਹੈ।

print
Share Button
Print Friendly, PDF & Email