ਜਲੂਰ ਕਾਂਡ: ਜਮਹੂਰੀ ਅਧਿਕਾਰ ਸਭਾ ਹਾਈ ਕੋਰਟ ਨੂੰ ਸੌਂਪੇਗੀ ਜਾਂਚ ਰਿਪੋਰਟ

ss1

ਜਲੂਰ ਕਾਂਡ: ਜਮਹੂਰੀ ਅਧਿਕਾਰ ਸਭਾ ਹਾਈ ਕੋਰਟ ਨੂੰ ਸੌਂਪੇਗੀ ਜਾਂਚ ਰਿਪੋਰਟ

ਚਾਰ ਜਥੇਬੰਦੀਆਂ ਵੱਲੋਂ ਪਿੰਡ ਦਾ ਦੌਰਾ
ਪ੍ਰਸ਼ਾਸਨ ਦੀ ਤਿੰਨ ਮੈਂਬਰੀ ਜਾਂਚ ਕਮੇਟੀ ਲਿੱਪਾਪੋਚੀ ਕਰਾਰ

screenshot_2016-10-12-09-46-03-1ਦਿੜ੍ਹਬਾ ਮੰਡੀ 12 ਅਕਤੂਬਰ (ਰਣ ਸਿੰਘ ਚੱਠਾ) ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਸੂਬਾ ਪੱਧਰ ਦੀਆਂ ਤਿੰਨ ਹੋਰ ਜਥੇਬੰਦੀਆਂ ਸਮੇਤ ਪਿੰਡ ਜਲੂਰ ਦਾ ਦੌਰਾ ਕਰਨ ਤੋਂ ਬਾਅਦ ਦਲਿਤਾਂ ’ਤੇ ਹੋਏ ਹਮਲੇ ਦੀ ਵਾਪਰੀ ਘਟਨਾ ਦੀ ਮੁਕੰਮਲ ਜਾਂਚ ਰਿਪੋਰਟ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਲਿਜਾਣ ਦਾ ਫ਼ੈਸਲਾ ਕੀਤਾ ਗਿਆ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਅਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨੇ ਦੱਸਿਆ ਕਿ ਸਭਾ ਦੇ ਸੂਬਾ ਸਕੱਤਰੇਤ ਮੈਂਬਰ ਪ੍ਰਿਤਪਾਲ ਸਿੰਘ ਬਠਿੰਡਾ ਅਤੇ ਐਡਵੋਕੇਟ ਐਨ.ਕੇ. ਜੀਤ, ਜ਼ਿਲ੍ਹਾ ਪ੍ਰਧਾਨ ਨਾਮਦੇਵ ਸਿੰਘ ਭੁਟਾਲ ਤੋਂ ਇਲਾਵਾ ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਦੇ ਐਡਵੋਕੇਟ ਦਲਜੀਤ ਸਿੰਘ ਨਵਾਂ ਸ਼ਹਿਰ, ਲੋਕਾਇਤ ਸੰਸਥਾ ਵੱਲੋਂ ਐਡਵੋਕੇਟ ਪੰਕਜ, ਸਟੂਡੈਂਟਸ ਫਾਰ ਸੁਸਾਇਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੋਨਾ ਸਿੰਘ ਆਦਿ ਦੀ ਟੀਮ ਵੱਲੋਂ ਪਿੰਡ ਜਲੂਰ ਦਾ ਦੌਰਾ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਹੈ। ਬਹੁਤੇ ਘਰਾਂ ਨੂੰ ਜਿੰਦਰੇ ਲੱਗੇ ਹੋਏ ਹਨ। ਦਲਿਤ ਪਰਿਵਾਰ ਰਾਤ ਨੂੰ ਆਪਣੇ ਘਰਾਂ ਵਿੱਚ ਸੌਣ ਤੋਂ ਡਰਦੇ ਹਨ। ਇਸ ਮੌਕੇ ਜਾਰੀ ਰਿਪੋਰਟ ਵਿੱਚ ਦੋਸ਼ ਲਾਇਆ ਕਿ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਜਲੂਰ ਅਤੇ ਉਸਦੇ ਭਰਾ ਤੇ ਸੰਘਰਸ਼ ਕਮੇਟੀ ਆਗੂ ਬਲਵਿੰਦਰ ਜਲੂਰ ਦੇ ਪਰਿਵਾਰ ਅਤੇ ਘਰ ਨੂੰ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਦੀ ਬਜ਼ੁਰਗ ਮਾਤਾ ਦੀ ਲੱਤ ਤੋੜ ਦਿੱਤੀ ਗਈ ਅਤੇ ਬਜ਼ੁਰਗ ਪਿਤਾ ਦੀ ਬੇਇੱਜ਼ਤੀ ਕੀਤੀ। ਪਰਿਵਾਰ ਦੀ ਪ੍ਰਚੂਨ ਦੀ ਦੁਕਾਨ ਦੀ ਭੰਨਤੋੜ ਕੀਤੀ ਗਈ। ਜ਼ਖ਼ਮੀ ਪਰਿਵਾਰ ਡਰਦਾ ਹਸਪਤਾਲਾਂ ਵਿੱਚ ਦਾਖ਼ਲ ਨਹੀਂ ਹੋ ਰਿਹਾ ਅਤੇ ਡੰਗਰ ਭੁੱਖੇ ਮਰ ਰਹੇ ਹਨ।ਸਭਾ ਨੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੀ ਕਾਰਵਾਈ ਨੂੰ ਸਿਆਸੀ ਸ਼ਹਿ ਪ੍ਰਾਪਤ ਇੱਕਪਾਸੜ ਕਰਾਰ ਦਿੱਤਾ ਹੈ। ਉਨ੍ਹਾਂ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਜਾਂਚ ਲਈ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਆਧਾਰਿਤ ਬਣਾਈ ਕਮੇਟੀ ਨੂੰ ਲਿੱਪਾਪੋਚੀ ਅਤੇ ਮੁੱਦੇ ਨੂੰ ਦਫ਼ਨਾਉਣ ਦਾ ਯਤਨ ਦੱਸਦਿਆਂ ਘਟਨਾ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਹੇਠ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਜਲੂਰ ਘਟਨਾ ਦੀ ਮੁਕੰਮਲ ਜਾਂਚ ਰਿਪੋਰਟ ਤਿਆਰ ਕਰਕੇ ਇੱਕ ਹਫ਼ਤੇ ਦੇ ਅੰਦਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਭੇਜੀ ਜਾਵੇਗੀ। ਇਸ ਮੌਕੇ ਸਭਾ ਦੇ ਸਟੇਟ ਕਮੇਟੀ ਮੈਂਬਰ ਸਵਰਨਜੀਤ ਸਿੰਘ, ਗੁਰਪ੍ਰੀਤ ਕੌਰ, ਸੁਖਵਿੰਦਰ ਪੱਪੀ, ਅਮਰੀਕ ਸਿੰਘ ਖੋਖਰ, ਬਸ਼ੇਸ਼ਰ ਰਾਮ ਆਦਿ ਮੌਜੂਦ ਸਨ।

print
Share Button
Print Friendly, PDF & Email