ਸ਼ਹਿਰਾਂ ਵਿੱਚ ਟਰੈਫ਼ਿਕ ਅਤੇ ਪਿੰਡਾਂ ਵਿੱਚ ਫ਼ਸਲਾਂ ਦਾ ਨੁਕਸਾਨ ਕਰਨ ਵਾਲੇ ਆਵਾਰਾ ਪਸ਼ੂਆਂ ਦਾ ਹੱਲ ਲੋਕਾਂ ਦੀ ਮੱਦਦ ਨਾਲ: ਢੀਂਡਸਾ

ss1

ਸ਼ਹਿਰਾਂ ਵਿੱਚ ਟਰੈਫ਼ਿਕ ਅਤੇ ਪਿੰਡਾਂ ਵਿੱਚ ਫ਼ਸਲਾਂ ਦਾ ਨੁਕਸਾਨ ਕਰਨ ਵਾਲੇ ਆਵਾਰਾ ਪਸ਼ੂਆਂ ਦਾ ਹੱਲ ਲੋਕਾਂ ਦੀ ਮੱਦਦ ਨਾਲ: ਢੀਂਡਸਾ
-ਬੀੜਾਂ ਦੇ ਆਲ਼ੇ ਦੁਆਲੇ ਤਾਰ ਬੰਦੀ ਕੀਤੀ ਜਾ ਰਹੀ ਹੈ, ਨਹਿਰੀ ਪਾਣੀ ਦਾ ਉਪਰਾਲਾ ਵੀ ਛੇਤੀ ਕਰੇਗੀ ਸਰਕਾਰ ਕਿਹਾ ਵਿੱਤ ਮੰਤਰੀ ਨੇ
-ਗਊ ਸੈਸ ਨਾਲ ਗਊਸ਼ਾਲਾਵਾਂ ਦੀ ਪੱਕੀ ਆਮਦਨ ਬਣਾਈ, ਸਰਕਾਰੀ ਤੋਂ ਇਲਾਵਾ ਨਿੱਜੀ ਗਊਸ਼ਾਲਾਵਾਂ ਨੂੰ ਵੀ ਮੱਦਦ ਕੀਤੀ ਜਾਵੇਗੀ
-ਜ਼ਿਲੇ ਵਿੱਚ ਭਗਤ ਪੂਰਨ ਸਿੰਘ ਬੀਮਾ ਯੋਜਨਾ ਦੇ 58 ਹਜ਼ਾਰ ਤੋਂ ਵੱਧ ਕਾਰਡ ਵੰਡੇ
-ਪੰਜਾਬ ਦੇ ਵਿੱਤ ਮੰਤਰੀ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਕਈ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ

photo-1-dt-4-10-16
ਪਟਿਆਲਾ, 4 ਅਕਤੂਬਰ (ਧਰਮਵੀਰ ਨਾਗਪਾਲ): ਸ਼ਹਿਰਾਂ ਖ਼ਾਸ ਤੌਰ ‘ਤੇ ਸਬਜ਼ੀ ਮੰਡੀ ਦੇ ਨੇੜਲੇ ਇਲਾਕਿਆਂ ਵਿੱਚ ਆਵਾਰਾ ਪਸ਼ੂਆਂ ਦੇ ਹੋਣ ਵਾਲੇ ਹਮਲਿਆਂ, ਸੜਕਾਂ ‘ਤੇ ਟਰੈਫ਼ਿਕ ਦੀ ਸਮੱਸਿਆ, ਹਾਦਸਿਆਂ ਦਾ ਕਾਰਨ ਬਣਨ ਵਾਲੇ ਅਤੇ ਪਿੰਡਾਂ ਵਿੱਚ ਫ਼ਸਲਾਂ ਦਾ ਨੁਕਸਾਨ ਕਰਨ ਵਾਲੇ ਆਵਾਰਾ ਪਸ਼ੂਆਂ ਦਾ ਹੱਲ ਲੋਕਾਂ ਦੀ ਮੱਦਦ ਨਾਲ ਕੱਢਿਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਵਿੱਤ ਅਤੇ ਯੋਜਨਾ ਮੰਤਰੀ ਅਤੇ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਚੇਅਰਮੈਨ ਸ. ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਮਿੰਨੀ ਸਕੱਤਰੇਤ ਵਿਖੇ ਕਿਹਾ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਸਿਰਫ਼ ਸਰਕਾਰ ਨਹੀਂ ਕੱਢ ਸਕਦੀ ਇਸ ਲਈ ਲੋਕਾਂ ਨੂੰ ਵੀ ਅੱਗੇ ਆਉਣਾ ਪਵੇਗਾ।
ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਸ. ਢੀਡਸਾ ਨੇ ਕਿਹਾ ਕਿ ਭਾਵੇਂ ਕਿ ਪੰਜਾਬ ਸਰਕਾਰ ਨੇ ਲਗਭਗ ਹਰ ਜ਼ਿਲੇ ਵਿੱਚ ਇੱਕ-ਇੱਕ ਹੋਰ ਨਵੀਂ ਅਤੇ ਵੱਡੀ ਗਊਸ਼ਾਲਾ ਬਣਾਈ ਹੈ, ਤੇ ਇਸ ਲਈ ਵੱਖਰਾ ਬਜਟ ਵੀ ਰੱਖਿਆ ਗਿਆ ਹੈ, ਪਰ ਇਸ ਖੇਤਰ ਵਿੱਚ ਕਾਫ਼ੀ ਕੁੱਝ ਕੀਤੇ ਜਾਣ ਦੀ ਲੋੜ ਹੈ। ਕਮੇਟੀ ਦੇ ਮੈਂਬਰਾਂ ਵੱਲੋਂ ਚੁੱਕੇ ਗਏ ਮੁੱਦੇ ‘ਤੇ ਉਹਨਾਂ ਦੱਸਿਆ ਕਿ ਬੀੜਾਂ ਦੇ ਆਲ਼ੇ ਦੁਆਲੇ ਤਾਰ ਬੰਦੀ ਕੀਤੀ ਜਾ ਰਹੀ ਹੈ ਅਤੇ ਬੀੜ ਦੇ ਅੰਦਰ ਨਹਿਰੀ ਪਾਣੀ ਦਾ ਉਪਰਾਲਾ ਵੀ ਛੇਤੀ ਕੀਤਾ ਜਾ ਰਿਹਾ ਹੈ। 2167 ਏਕੜ ਦੀ ਗੁਰਦਿਆਲਪੂਰਾ ਬੀੜ ‘ਤੇ ਵੱਖਰਾ ਮੋਘਾ ਦੇਣ ਦੀ ਕਾਰਵਾਈ ਤੁਰੰਤ ਸ਼ੁਰੂ ਕਰਨ ਦੇ ਆਦੇਸ਼ ਵੀ ਸ. ਢੀਂਡਸਾ ਨੇ ਦਿੱਤੇ ਨਾਲ ਹੀ ਉਹਨਾਂ ਦੱਸਿਆ ਕਿ ਗੁਰਦਿਆਲਪੂਰਾ ਬੀੜ ਦੇ ਹਰਿਆਣਾ ਵਾਲੇ ਪਾਸੇ ਸਿਰਫ਼ 1 ਕਿੱਲੋਮੀਟਰ ਖੇਤਰ ਵਿੱਚ ਚੇਨ ਲਿੰਕ ਦਾ ਕੰਮ ਰਹਿੰਦਾ ਹੈ, ਜਿਸ ਦਾ ਐਸਟੀਮੇਟ ਭੇਜਿਆ ਜਾ ਚੁੱਕਾ ਹੈ।
ਜਦਕਿ ਨਾਭਾ ਦੀ ਬੀੜ ਮੈਸ ਅਤੇ ਬੀੜ ਦੋਸਾਂਝ ਬਾਰੇ ਚੁੱਕੇ ਗਏ ਸਵਾਲ ਅਤੇ ਦਿੱਤੇ ਸੁਝਾਵਾਂ ਬਾਰੇ ਸ. ਢੀਂਡਸਾ ਨੇ ਕਿਹਾ ਕਿ ਇਨਾਂ ਦੇ ਆਲ਼ੇ ਦੁਆਲੇ ਤਾਰ ਬੰਦੀ ਕੀਤੀ ਜਾ ਚੁੱਕੀ ਹੈ। ਆਵਾਰਾ ਪਸ਼ੂਆਂ ਨੂੰ ਬੀੜ ਵਿੱਚ ਛੱਡੇ ਜਾਣ ਦੇ ਸਵਾਲ ‘ਤੇ ਉਹਨਾਂ ਦੱਸਿਆ ਕਿ ਇਹ ਜੰਗਲੀ ਜੀਵ ਸੈਂਚਰੀ ਘੌਸ਼ਿਤ ਕੀਤੇ ਗਏ ਹਨ। ਇਨਾਂ ਵਿੱਚ ਆਵਾਰਾ ਪਸ਼ੂ ਨਹੀਂ ਛੱਡੇ ਜਾ ਸਕਦੇ। ਉਹਨਾਂ ਕਿਹਾ ਕਿ ਖ਼ੁਰਾਕ ਤਾਂ ਉਨੀ ਹੀ ਰਹਿਣੀ ਹੈ ਪਰ ਜਾਨਵਰਾਂ ਦੀ ਗਿਣਤੀ ਵੱਧ ਜਾਣ ‘ਤੇ ਜੰਗਲੀ ਜੀਵਨ ‘ਤੇ ਮੌਤ ਦਾ ਖ਼ਤਰਾ ਵੱਧ ਜਾਵੇਗਾ।
ਵਿੱਤ ਅਤੇ ਯੋਜਨਾ ਮੰਤਰੀ ਸ. ਢੀਂਡਸਾ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਗਊ ਰੱਖਿਆ ਬੋਰਡ ਬਣਾ ਕੇ ਉਸ ਦਾ ਵੱਖਰਾ ਬਜਟ ਰੱਖਿਆ ਹੈ। ਇਸ ਤੋਂ ਇਲਾਵਾ ਗਊ ਸੈਸ ਨਾਲ ਗਊਸ਼ਾਲਾਵਾਂ ਦੀ ਪੱਕੀ ਆਮਦਨ ਬਣਾਈ ਹੈ, ਜਿਸ ਨਾਲ ਸਰਕਾਰੀ ਤੋਂ ਇਲਾਵਾ ਨਿੱਜੀ ਗਊਸ਼ਾਲਾਵਾਂ ਨੂੰ ਵੀ ਮੱਦਦ ਕੀਤੀ ਜਾਵੇਗੀ। ਜਿਵੇਂ-ਜਿਵੇਂ ਇਸ ਫ਼ੰਡ ਵਿੱਚ ਪੈਸੇ ਆਉਣਗੇ ਉਵਂੇ ਹੀ ਰਾਸ਼ੀ ਜਾਰੀ ਕੀਤੀ ਜਾਵੇਗੀ। ਜ਼ਿਲੇ ਵਿੱਚ ਬਣਨ ਰਹੀ ਗਾਜੀਪੁਰ ਗਊਸ਼ਾਲਾ ਬਾਰੇ ਉਹਨਾਂ ਦੱਸਿਆ ਕਿ ਇਸ ਲਈ ਵੀ 1 ਕਰੋੜ ਰੁਪਏ ਦੀ ਹੋਰ ਗਰਾਂਟ ਸਰਕਾਰ ਨੇ ਜਾਰੀ ਕਰ ਦਿੱਤੀ ਹੈ। ਛੇਤੀ ਹੀ ਰਹਿੰਦਾ ਕੰਮ ਵੀ ਮੁਕੰਮਲ ਕਰ ਲਿਆ ਜਾਵੇਗਾ। ਇਸ ਗਊਸ਼ਾਲਾ ਵਿੱਚ 2 ਹਜ਼ਾਰ ਤੋਂ ਵੱਧ ਗਊ ਧਨ ਅਤੇ ਨੰਦੀ ਰੱਖੇ ਜਾ ਸਕਦੇ ਹਨ।
ਜ਼ਿਲੇ ਵਿੱਚ ਭਗਤ ਪੂਰਨ ਸਿੰਘ ਬੀਮਾ ਯੋਜਨਾ ਲਾਗੂ ਕਰਨ ਬਾਰੇ ਉਹਨਾਂ ਦੱਸਿਆ ਕਿ 58 ਹਜ਼ਾਰ ਤੋਂ ਵੱਧ ਕਾਰਡ ਵੰਡੇ ਜਾ ਚੁੱਕੇ ਹਨ, ਹਾਲਾਂਕਿ ਕੁਲ ਕਾਰਡਾਂ ਦੀ ਗਿਣਤੀ 62 ਹਜ਼ਾਰ 936 ਹੈ। ਉਹਨਾਂ ਬਾਕੀ ਰਹਿੰਦੇ 4833 ਕਾਰਡ ਵੰਡਣ ਬਾਰੇ ਵੀ ਛੇਤੀ ਹੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।
ਪੰਜਾਬ ਦੇ ਵਿੱਤ ਮੰਤਰੀ ਨੇ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਕਈ ਸ਼ਿਕਾਇਤਾਂ ਦਾ ਨਿਪਟਾਰਾ ਕਰਦਿਆਂ ਕਿਹਾ ਕਿ ਜਿਨਾਂ ਬਜ਼ੁਰਗ ਲੋਕਾਂ ਦੀਆਂ ਪੈਨਸ਼ਨਾਂ ਗ਼ਲਤ ਤਰੀਕੇ ਨਾਲ ਕੱਟ ਦਿੱਤੀਆਂ ਗਈਆਂ ਹਨ, ਉਹਨਾਂ ਨੂੰ ਮੁੜ ਬਹਾਲ ਕਰਦਿਆਂ ਫੇਰ ਤੋਂ ਸ਼ੁਰੂ ਕੀਤਾ ਜਾਵੇ, ਤਾਂ ਕਿ ਲੋਕਾਂ ਨੂੰ ਹੋਣ ਵਾਲੀ ਖੱਜਲਖੁਆਰੀ ਤੋਂ ਬਚਾਇਆ ਜਾ ਸਕੇ।
ਇਸ ਤੋਂ ਇਲਾਵਾ ਸ. ਢੀਂਡਸਾ ਨੇ ਕਿਹਾ ਕਿ ਸੜਕ ਦੇ ਕਿਨਾਰੇ ਜਿਨਾਂ ਥਾਵਾਂ ‘ਤੇ ਪੱਕੇ ਕਬਜ਼ੇ ਕੀਤੇ ਗਏ ਹਨ, ਉਹਨਾਂ ਨੂੰ ਨੋਟਿਸ ਦੇ ਕੇ ਤੁਰੰਤ ਖ਼ਾਲੀ ਕਰਵਾਇਆ ਜਾਵੇ।
ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ, ਪਟਿਆਲਾ ਦੇ ਮੈਂਬਰ ਅਤੇ ਨੁਮਾਇੰਦੇ ਵਿਚੋਂ ਸ਼੍ਰੀ ਭਗਵਾਨ ਦਾਸ ਜੁਨੇਜਾ, ਸ. ਸੁਰਜੀਤ ਸਿੰਘ ਅਬਲੋਵਾਲ, ਸ਼੍ਰੀ ਹਰਜੀਤ ਸਿੰਘ ਬੱਬੀ ਖਹਿਰਾ, ਸ਼੍ਰੀਮਤੀ ਮੰਜੂ ਕੁਰੈਸੀ, ਡਾ. ਯਸ਼ਪਾਲ ਖੰਨਾ, ਡਾ. ਲਛਮਣ ਦਾਸ ਸੇਵਕ, ਸ਼੍ਰੀ ਬੂਟਾ ਸਿੰਘ, ਸ. ਸੁਰਜੀਤ ਸਿੰਘ, ਕਾਮਰੇਡ ਗੁਰਦਸ਼ਨ ਸਿੰਘ ਖਾਲਸਾ, ਡਾ. ਮੁਨੀਸ਼ ਗਰਗ, ਸ਼੍ਰੀ ਰਾਮ ਕੁਮਾਰ, ਸ. ਸੁਖਜੀਤ ਸਿੰਘ ਬਘੋਰਾ, ਸਰਦਾਰਾ ਸਿੰਘ ਪੈਹਰ ਵੀ ਸ਼ਾਮਲ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਰਾਮਵੀਰ ਸਿੰਘ, ਸ਼੍ਰੀ ਸੰਦੀਪ ਕੁਮਾਰ ਆਈ.ਏ.ਐਸ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਮੋਹਿੰਦਰਪਾਲ, ਸਹਾਇਕ ਕਮਿਸ਼ਨਰ ਸ਼੍ਰੀਮਤੀ ਸਿਮਰਪ੍ਰੀਤ ਕੌਰ, ਐਸ.ਪੀ. ਸੁਖਦੇਵ ਸਿੰਘ ਵਿਰਕ, ਐਸ.ਡੀ.ਐਮ. ਪਟਿਆਲਾ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ. ਰਾਜਪੁਰਾ ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਐਸ.ਡੀ.ਐਮ. ਨਾਭਾ ਸ਼੍ਰੀਮਤੀ ਜਸ਼ਨਪ੍ਰੀਤ ਕੌਰ, ਐਸ.ਡੀ.ਐਮ. ਸਮਾਣਾ ਸ਼੍ਰੀ ਅਮਰੇਸ਼ਵਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜਰ ਸਨ।

print
Share Button
Print Friendly, PDF & Email