ਲੋਕ ਸਭਾ ‘ਚ ਗੂੰਜਿਆ 7 ਸਿੱਖਾਂ ਦਾ ਕਤਲ

ss1

ਲੋਕ ਸਭਾ ‘ਚ ਗੂੰਜਿਆ 7 ਸਿੱਖਾਂ ਦਾ ਕਤਲ

ਨਵੀਂ ਦਿੱਲੀ: ਪੀਲੀਭੀਤ ਜੇਲ੍ਹ ਅੰਦਰ ਕੁੱਟ-ਕੁੱਟ ਕੇ ਮਾਰੇ ਗਏ ਸਿੱਖ ਕੈਦੀਆਂ ਦਾ ਮਾਮਲਾ ਲੋਕ ਸਭਾ ਵਿੱਚ ਗੂੰਜਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਜ਼ੀਰੋ ਆਵਰ ਦੌਰਾਨ ਲੋਕ ਸਭਾ ਵਿੱਚ ਇਹ ਮਾਮਲਾ ਉਠਾਇਆ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਘਿਨਾਉਣੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦਿੱਤੀਆਂ ਜਾਣ। ਉਨ੍ਹਾਂ ਨੇ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ।

ਚੰਦੂਮਾਜਰਾ ਨੇ ਮੀਡੀਆ ਵਿੱਚ ਇਸ ਘਟਨਾ ਬਾਰੇ ਹੋਏ ਖੁਲਾਸੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਵੰਬਰ 1994 ਵਿੱਚ ਪੀਲੀਭੀਤ ਜੇਲ੍ਹ ਅੰਦਰ ਇੱਥੋਂ ਦੇ ਸੁਪਰਡੈਂਟ ਵਿੰਦਿਆਚਲ ਯਾਦਵ ਦੀ ਹਾਜ਼ਰੀ ਵਿੱਚ ਸੱਤ ਸਿੱਖ ਕੈਦੀਆਂ ਨੂੰ ਅੰਨ੍ਹਾ ਤਸ਼ੱਦਦ ਕਰਕੇ ਮਾਰ ਦਿੱਤਾ ਗਿਆ ਸੀ। ਇਸ ਤੋਂ ਮਗਰੋਂ 2007 ਵਿੱਚ ਇਹ ਕੇਸ ਚੁੱਪ-ਚਪੀਤੇ ਹੀ ਬੰਦ ਕਰ ਦਿੱਤਾ ਗਿਆ ਸੀ। ਚੰਦੂਮਾਜਰਾ ਨੇ ਯਾਦ ਕਰਵਾਇਆ ਕਿ ਉਸ ਵੇਲੇ ਉੱਤਰ ਪ੍ਰਦੇਸ਼ ਵਿੱਚ ਮੁਲਾਇਮ ਸਿੰਘ ਯਾਦਵ ਮੁੱਖ ਮੰਤਰੀ ਸਨ। ਦੂਜੇ ਪਾਸੇ ਉੱਤਰ ਪ੍ਰਦੇਸ਼ ਸਰਕਾਰ ਨੇ ਭਰੋਸਾ ਦਵਾਇਆ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ।

ਚੰਦੂਮਾਜਰਾ ਨੇ ਇਸ ਘਟਨਾ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਜੇਲ੍ਹ ਸੁਪਰਡੈਂਟ ਦੀ ਹਾਜ਼ਰੀ ਵਿੱਚ ਵਾਪਰੀ ਇਸ ਘਟਨਾ ਦੀ ਸ਼ਿਕਾਇਤ ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਤਰਲੋਕ ਸਿੰਘ ਨੇ ਕੀਤੀ ਸੀ। ਗਿਆਨੀ ਨੂੰ ਇਸ ਘਟਨਾ ਦੀ ਜਾਣਕਾਰੀ ਪਾਰਟੀ ਦੇ ਹੀ ਇੱਕ ਹੋਰ ਆਗੂ ਹਰੂਨ ਅਹਿਮਦ ਨੇ ਦਿੱਤੀ ਸੀ, ਜਿਹੜੇ ਹਸਪਤਾਲ ਵਿੱਚ ਕਿਸੇ ਆਪਣੇ ਨਿੱਜੀ ਕੰਮ ਗਏ ਹੋਏ ਸਨ। ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਘਟਨਾ ਦੀ ਜਾਂਚ ਸੀ.ਬੀ.ਸੀ.ਆਈ.ਡੀ. ਨੂੰ ਸੌਂਪ ਦਿੱਤੀ ਸੀ ਪਰ ਜਨਵਰੀ 2007 ਵਿੱਚ ਸਰਕਾਰ ਨੇ ਚੁੱਪ-ਚਪੀਤੇ ਹੀ ਅਦਾਲਤ ਵਿੱਚ ਇਹ ਕੇਸ ਵਾਪਸ ਲੈਣ ਦੀ ਅਰਜ਼ੀ ਦੇ ਦਿੱਤੀ ਜੋ ਅਦਾਲਤ ਵੱਲੋਂ ਮਨਜ਼ੂਰ ਕਰ ਲਈ ਗਈ। ਲੋਕ ਸਭਾ ਵਿੱਚ ਇਸ ਮੌਕੇ ਹਾਜ਼ਰ ਸਾਬਕਾ ਕੇਂਦਰੀ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਤੁਰੰਤ ਖੜ੍ਹੇ ਹੋ ਕੇ ਸਦਨ ਨੂੰ ਭਰੋਸਾ ਦਿਵਾਇਆ ਕਿ ਉੱਤਰ ਪ੍ਰਦੇਸ਼ ਵਿੱਚ ਉਨ੍ਹਾਂ ਦੀ ਸਰਕਾਰ 7 ਸਿੱਖ ਕੈਦੀਆਂ ਦੇ ਮਾਰੇ ਜਾਣ ਤੇ ਇਸ ਕੇਸ ਨੂੰ ਅਦਾਲਤ ਵਿੱਚੋਂ ਵਾਪਸ ਲੈਣ ਦੀ ਕਾਰਵਾਈ ਨੂੰ ਮੁੜ ਜਾਂਚ ਕਰਾਏਗੀ।

print

Share Button
Print Friendly, PDF & Email

Leave a Reply

Your email address will not be published. Required fields are marked *