ਘਰ ਵਿਚ ਇਕੱਲੇ ਬਜੁਰਗ ਪਤੀ ਪਤਨੀ ਦਾ ਬੇਰਹਿਮੀ ਨਾਲ ਕਤਲ, ਇਲਾਕੇ ਵਿਚ ਦਹਿਸ਼ਤ

ss1

ਘਰ ਵਿਚ ਇਕੱਲੇ ਬਜੁਰਗ ਪਤੀ ਪਤਨੀ ਦਾ ਬੇਰਹਿਮੀ ਨਾਲ ਕਤਲ, ਇਲਾਕੇ ਵਿਚ ਦਹਿਸ਼ਤ

29-23 (1)
ਮਲੋਟ, 29 ਅਪ੍ਰੈਲ (ਆਰਤੀ ਕਮਲ) : ਮਲੋਟ ਵਾਟਰ ਵਰਕਸ ਦੇ ਨਜਦੀਕ ਸਥਿਤ ਸੇਤੀਆ ਮੁਹੱਲੇ ਵਿਚ ਅੱੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦ ਇਕ ਘਰ ਵਿਚ ਇਕੱਲੇ ਬਜੁਰਗ ਪਤੀ ਪਤਨੀ ਨੂੰ ਸ਼ੱਕੀ ਹਾਲਾਤਾਂ ਵਿਚ ਮ੍ਰਿਤਕ ਪਾਇਆ ਗਿਆ । ਇਸ ਖ਼ਬਰ ਦੀ ਸੂਚਨਾ ਮਿਲਦਿਆਂ ਹੀ ਐਸ.ਐਸ.ਪੀ ਗੁਰਪ੍ਰੀਤ ਸਿੰਘ ਗਿੱਲ, ਐਸ.ਪੀ ਬਲਰਾਜ ਸਿੱਧੂ, ਡੀ.ਐਸ.ਪੀ ਮਨਵਿੰਦਰਬੀਰ ਸਿੰਘ, ਐਚ.ਐਚ.ਓ ਧਰਮਪਾਲ ਸ਼ਰਮਾ ਸਮੇਤ ਭਾਰੀ ਪੁਲਿਸ ਫੋਰਸ ਨੇ ਘਟਨਾ ਸਥਾਨ ਤੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲੈਣ ਉਪਰੰਤ ਮਾਮਲੇ ਦੀ ਬਰੀਕੀ ਨਾਲ ਜਾਂਚ ਆਰੰਭ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਰ ਵਿਚ ਇਕੱਲੇ ਪਤੀ ਪਤਨੀ ਦਾ ਨਾਮਲੂਮ ਵਿਅਕਤੀਆਂ ਵੱਲੋਂ ਕਤਲ ਕੀਤਾ ਗਿਆ ਹੈ ਅਤੇ ਬਾਕੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਆੜਤੀਆ ਯੂਨੀਅਨ ਦੇ ਬਿੱਟੂ ਬੱਤਰਾ ਦੀ ਪਤਨੀ ਪੂਜਾ ਬਤਰਾ ਜੋ ਕਿ ਸਰਕਾਰੀ ਅਧਿਆਪਕਾ ਹੈ ਤੇ ਕਰੀਬ ਪਿਛਲੇ 10 ਦਿਨਾਂ ਤੋਂ ਟ੍ਰੇਨਿੰਗ ਲਈ ਗਈ ਹੋਈ ਸੀ ਅਤੇ ਬਿੱਟੂ ਬਤਰਾ 26 ਅਪ੍ਰੈਲ ਨੂੰ ਸਵੇਰੇ-ਸਵੇਰੇ ਹੀ ਕਿਸੇ ਕੰਮ ਲਈ ਬਾਹਰ ਗਏ ਸਨ । ਜਾਂਦੇ ਵਕਤ ਬਿੱਟੂ ਬਤਰਾ ਆਪਣੇ ਲੜਕੇ ਨੂੰ ਵੀ ਸ੍ਰੀ ਮੁਕਤਸਰ ਸਾਹਿਬ ਵਿਖੇ ਰਿਸ਼ਤੇਦਾਰ ਘਰੇ ਛੱਡ ਗਿਆ ਸੀ । ਬਿੱਟੂ ਬਤਰਾ ਦੇ ਪਿਤਾ ਸਤਪਾਲ ਬਤਰਾ (70) ਖੇਤੀਬਾੜੀ ਵਿਭਾਗ ਦੇ ਰਿਟਾਇਰਡ ਇੰਸਪੈਕਟਰ ਅਤੇ ਮਾਤਾ ਿਸ਼ਨਾ ਬਤਰਾ (68) ਘਰ ਵਿਚ ਇਕੱਲੇ ਸਨ। ਜਾਣਕਾਰੀ ਅਨੁਸਾਰ ਜਦੋਂ ਬਿੱਟੂ ਬਤਰਾ ਅੱਜ ਸਵੇਰੇ ਘਰ ਪਰਤੇ ਤਾਂ ਉਨਾਂ ਨੇ ਗੇਟ ਖੋਲਿਆ ਤਾਂ ਘਰ ਅੰਦਰੋ ਬਦਬੂ ਆਈ ਤਾਂ ਉਨਾਂ ਅੰਦਰ ਜਾ ਕੇ ਦੇਖਿਆ ਤਾਂ ਉਨਾਂ ਦੇ ਹੋਸ਼ ਉੱਡ ਗਏ ਕਿਉਂਕਿ ਘਰ ਵਿਚ ਬਿੱਟੂ ਦੇ ਮਾਤਾ-ਪਿਤਾ ਦੀਆਂ ਲਾਸ਼ਾ ਖੂਨ ਨਾਲ ਲੱਥਪੱਥ ਬੈੱਡ ਤੇ ਪਈਆਂ ਸਨ। ਬਿੱਟੂ ਬਤਰਾ ਨੇ ਆਸ-ਪਾਸ ਦੇ ਲੋਕਾਂ ਨੂੰ ਸੂਚਨਾ ਦਿੱਤੀ ਤਾਂ ਆਂਢੀ-ਗੁਆਂਢੀ ਵੀ ਹੈਰਾਨੀਜਨਕ ਘਟਨਾ ਨੂੰ ਦੇਖ ਦੰਗ ਰਹਿ ਗਏ। ।

ਆਂਢ ਗੁਆਂਢ ਦੀ ਮਦਦ ਨਾਲ ਪੁਲਿਸ ਨੂੰ ਫੋਨ ਕੀਤਾ ਗਿਆ ਤੇ ਪੁਲਿਸ ਵੱਲੋਂ ਮੌਕੇ ਤੇ ਪੁੱਜ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ। ਐਸ.ਐਸ.ਪੀ ਗੁਰਪ੍ਰੀਤ ਸਿੰਘ ਗਿੱਲ ਨੇ ਆਂਢੀਆਂ-ਗੁਆਂਢੀਆਂ ਦੇ ਘਰਾਂ ਦੇ ਬਾਹਰ ਕੈਮਰਿਆਂ ਦੀ ਭਾਲ ਕੀਤੀ ਤਾਂ ਜੋ ਇਸ ਸਬੰਧੀ ਕੋਈ ਸੁਰਾਗ ਮਿਲ ਸਕੇ। ਪ੍ਰੰਤੂ ਬਿੱਟੂ ਬਤਰਾ ਦੇ ਘਰ ਨੇੜੇ-ਤੇੜੇ ਕਿਤੇ ਕੈਮਰਾ ਨਜ਼ਰ ਨਾ ਆਇਆ ਤਾਂ ਉਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਆਪਣੀ ਗਲੀ ਵਿਚ ਘੱਟੋ-ਘੱਟ ਇਕ ਸੀ.ਸੀ.ਟੀ.ਵੀ ਕੈਮਰਾ ਲਾਉਣ ਦੀ ਹਦਾਇਤ ਵੀ ਦਿੱਤੀ ਤਾਂ ਜੋ ਅਜਿਹੀਆਂ ਘਟਨਾਵਾਂ ਦੀ ਜਾਂਚ ਵਿਚ ਮਦਦ ਮਿਲ ਸਕੇ । ਮ੍ਰਿਤਕ ਸਤਪਾਲ ਦੇ ਇਕ ਦੋਸਤ ਮਹਾਂਵੀਰ ਪ੍ਰਸਾਦ ਸ਼ਰਮਾ ਨੇ ਦੱਸਿਆ ਕਿ ਅਖੀਰਲੀ ਵਾਰ 26 ਅਪ੍ਰੈਲ (ਮੰਗਲਵਾਰ) ਨੂੰ ਸਵੇਰੇ 8.30 ਦੇ ਕਰੀਬ ਸ੍ਰੀ ਸਤਪਾਲ ਬਤਰਾ ਉਨਾਂ ਨੂੰ ਮਿਲੇ ਸਨ, ਪਰ ਉਸ ਉਪਰੰਤ ਉਨਾਂ ਨੂੰ ਉਹ ਨਜ਼ਰ ਨਹੀਂ ਆਏ ਸਨ। ਜ਼ਿਕਰਯੋਗ ਹੈ ਕਿ ਉਨਾਂ ਦੇ ਘਰ ਲੱਗੇ ਅਖ਼ਬਾਰਾਂ ਵਿਚੋਂ 25 ਅਪ੍ਰੈਲ ਦੇ ਅਖ਼ਬਾਰ ਤਾਂ ਮ੍ਰਿਤਕਾ ਦੇ ਨੇੜੇ ਪਏ ਸਨ, ਜਦਕਿ 26-27 ਅਪ੍ਰੈਲ ਦੇ ਅਖ਼ਬਾਰ ਅਜੇ ਤੱਕ ਬਾਹਰਲੇ ਗੇਟ ਤੇ ਹੀ ਪਏ ਸਨ, ਜਿਸ ਤੋਂ ਜਾਪਦੈ ਸੀ ਕਿ ਦੋਨਾਂ ਦੀ ਮੌਤ ਨੂੰ 48 ਘੰਟੇ ਤੋਂ ਵੱਧ ਸਮਾਂ ਹੋ ਚੁੱਕਿਆ ਸੀ ਅਤੇ ਲਾਸ਼ਾ ਵੀ ਕਾਫ਼ੀ ਫੁਲ ਚੁੱਕੀਆਂ ਸਨ। ਖਬਰ ਲਿਖੇ ਜਾਣ ਤੱਕ ਵਿਸ਼ੇਸ਼ ਫਰਾਂਸਿਕ ਟੀਮ ਵੱਲੋਂ ਮੌਕੇ ਤੋਂ ਨਿਸ਼ਾਨ ਤੇ ਹੋਰ ਸਬੂਤ ਇਕੱਠੇ ਕਰਨ ਉਪਰੰਤ ਪੁਲਿਸ ਵੱਲੋਂ ਮ੍ਰਿਤਕ ਦੇਹਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਸੀ ।

print
Share Button
Print Friendly, PDF & Email

Leave a Reply

Your email address will not be published. Required fields are marked *