ਕੀ ਬਣੂੰ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ..

ss1

ਕੀ ਬਣੂੰ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ..

 

ਦੋਸਤੋ ਜਿਸ ਤਰਾਂ ਸੋਨੇ ਦੀ ਚਿੜੀ ਅਖਵਾਉਣ ਵਾਲੇ ਆਪਣੇ ਪੰਜਾਬ ਦਾ ਹਾਲ ਹੋ ਚੁੱਕਾ ਹੈ, ਕਈ ਵਾਰ ਤਾਂ ਇਹ ਸੋਚ ਕਿ ਲੱਗਦਾ ਹੈ ਕਿ ਹੁਣ ਕੀ ਬਣੇਗਾ ਇਸ ਰੰਗਲੇ ਪੰਜਾਬ ਦਾ। ਜੇਕਰ ਨਸ਼ਿਆਂ ਦੀ ਗੱਲ ਕਰੀਏ ਤਾਂ ਇਹ ਬਿਮਾਰੀ ਬਹੁਤ ਸਾਰੇ ਗੱਭਰੂਆਂ ਨੂੰ ਦਿਨੋਂ-ਦਿਨ ਘੁਣ ਵਾਂਗ ਖਾਈ ਜਾ ਰਹੀ ਹੈ ਅਤੇ ਇਸ ਬਿਮਾਰੀ ਤੋਂ ਪੀੜਤ ਕਈ ਮਾਵਾਂ ਦੇ ਜਵਾਨ ਪੁੱਤਰ ਇਸ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ ਹਨ। ਜੇਕਰ ਸਰਕਾਰਾਂ ਦੀ ਇੰਨਾਂ ਨਸ਼ਿਆਂ ’ਤੇ ਇੰਨੀ ਪਾਬੰਧੀ ਹੈ ਤਾਂ ਇਹ ਨਸ਼ੇ ਕਿੱਥੋਂ ਤੇ ਕਿਵੇਂ ਆਉਂਦੇ ਹਨ ਕਿਉਂ ਇਹ ਜਾਲਮ ਲੋਕ ਆਪਣੇ ਪੰਜਾਬ ਦਾ ਅਕਸ ਵਿਗਾੜਨ ਅਤੇ ਬਰਬਾਦ ਕਰਨ ’ਤੇ ਤੁਲੇ ਹੋਏ ਹਨ। ਹਰ ਇਕ ਇਨਸਾਨ ਇਕ ਦੂਜੇ ਨੂੰ ਲੁੱਟਣ ’ਤੇ ਤੁਲਿਆ ਹੋਇਆ ਹੈ, ਜਿਸ ਦਾ ਵੀ ਕਿਧਰੇ ਦਾਅ ਲੱਗਦਾ ਹੈ ਉਹ ਲਾ ਹੀ ਜਾਂਦਾ ਹੈ ਤੇ ਠੱਗੀ ਮਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੰਦਾ। ਪਿਛਲੇ ਕਾਫ਼ੀ ਲੰਮੇ ਸਮੇਂ ਦੀ ਗੱਲ ਹੈ ਮੇਰੀ ਮਾਰਕੀਟ ਦੇ ਵਿੱਚ ਇਕ ਵਿਅਕਤੀ ਆ ਕੇ ਕਹਿਣ ਲੱਗਾ ਕਿ ਅਸੀਂ ਇਕ ਮੈਗਜੀਨ ਛਾਪ ਰਹੇ ਹਾਂ ਤੇ ਇਸ ਮੈਗਜੀਨ ਵਿੱਚ ਫ਼ਰੀਦਕੋਟ, ਫ਼ਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਕਾਰੋਬਾਰੀਆਂ ਦੀ ਐਡ ਛਪੇਗੀ, ਜਿਸ ਨਾਲ ਤੁਹਾਡੀ ਦੁਕਾਨ ਦੀ ਐਡ ਦੂਰ-ਦੂਰ ਤੱਕ ਜਾਵੇਗੀ ਇਸ ਲਈ ਤੁਸੀ ਮੈਨੂੰ 5-5 ਸੌ ਰੁਪਏ ਜਮਾਂ ਕਰਵਾ ਦਿਓ ਤੇ ਕਈਆਂ ਦੁਕਾਨਦਾਰਾਂ ਨੇ ਉਸ ਨੂੰ ਇਹ ਰੁਪੈ ਦੇ ਦਿੱਤੇ ਪਰ ਇੱਥੇ ਦੱਸਣਾ ਚਾਹਾਂਗਾ ਕਿ 4 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਪਰ ਉਹ ਮੈਗਜ਼ੀਨ ਅੱਜ ਤੱਕ ਛਪਕੇ ਨਹੀਂ ਆਇਆ। ਇੱਕ ਤਾਜ਼ੀ-ਤਾਜ਼ੀ ਹੀ ਠੱਗੀ ਹੋਰ ਵੱਜੀ ਹੈ ਸਾਦਿਕ ਚੌਂਕ ਦੇ ਨਾਲ ਲੱਗਦੀ ਮਾਰਕੀਟ ’ਚ ਵੀ। ਹੋਇਆ ਇੰਝ ਕਿ ਕੁਝ ਦਿਨ ਪਹਿਲਾਂ ਇਸ ਮਾਰਕੀਟ ਵਿੱਚ ਇਕ ਹੋਰ ਵਿਅਕਤੀ ਆਇਆ ਤੇ ਦੁਕਾਨਦਾਰਾਂ ਨੂੰ ਕਹਿਣ ਲੱਗਾ ਕਿ ਉਹ ਪੋਲੀਥੀਨ ਦੇ ਲਿਫ਼ਾਫਿਆਂ ਦੇ ਉੱਪਰ ਪ੍ਰਿੰਟਿੰਗ ਦਾ ਕੰਮ ਕਰਦਾ ਹੈ ਜਿਸ ਨੇ ਵੀ ਛਪਵਾਣੇ ਹੋਣ ਉਹ ਮੈਨੂੰ 2-2 ਸੌ ਰੁਪਏ ਜਮਾਂ ਕਰਵਾ ਦਿਓ ਤੇ ਕੁਝ ਦਿਨਾਂ ਬਾਅਦ ਹੀ ਮੈਂ ਬਣਾ ਕਿ ਲਿਆ ਦੇਵਾਂਗਾ, ਪਰ ਉਸ ਨੂੰ 3 ਮਹੀਨੇ ਦੇ ਕਰੀਬ ਹੋ ਗਏ ਵਾਪਸ ਉਹ ਵੀ ਨਹੀਂ ਆਇਆ ਤੇ ਕਈ ਦੁਕਾਨਦਾਰਾਂ ਨਾਲ ਠੱਗੀ ਮਾਰ ਕਿ ਰਫ਼ੂ ਚੱਕਰ ਹੋ ਗਿਆ ਹੈ। ਹੁਣ ਕਿਸ ’ਤੇ ਵਿਸ਼ਵਾਸ ਕਰੀਏ ਤੇ ਕਿਸ ’ਤੇ ਨਾ, ਪਰ ਇੰਨਾਂ ਗੱਲਾਂ ਨੂੰ ਸੋਚ-ਸੋਚ ਕੇ ਮਨ ਨੂੰ ਬਹੁਤ ਦੁੱਖ ਹੁੰਦਾ ਹੈ। ਹਰ ਰੋਜ ਦੀ ਤਰਾਂ ਅਖ਼ਬਾਰਾਂ ਦੀਆਂ ਸੁਰਖੀਆਂ ’ਚ ਆਉਂਦਾ ਹੈ ਕਿ ‘ਰਾਤ ਸਮੇਂ ਬਜੁਰਗ ਜੋੜੇ ਦਾ ਕਤਲ ਕਰ ਕੇ ਘਰ ਨੂੰ ਲੁੱਟਿਆ, ਮਾਮੂਲੀ ਰੰਜਿਸ਼ ਕਾਰਨ ਨੌਜਵਾਨ ਦਾ ਬੇਹਰਿਮੀ ਨਾਲ ਕੀਤਾ ਕਤਲ, ਪੇ੍ਰਮੀ ਜੋੜੇ ਵਲੋ ਨਹਿਰ ’ਚ ਛਾਲ ਮਾਰ ਕਿ ਆਪਣੀ ਜੀਵਨ ਲੀਲਾ ਕੀਤੀ ਸਮਾਪਤ, ਰਾਹ ਜਾਂਦੇ ਵਿਅਕਤੀ ਦੀ ਕੁਟਮਾਰ ਕਰਕੇ ਖੋਹਿਆ ਪਰਸ ਅਤੇ ਮੋਬਾਇਲ, ਕਿਧਰ ਨੂੰ ਤੁਰ ਪਿਆ ਏ ਪੰਜਾਬ ਕਿਉਂ ਇਹੋ ਜਿਹੀਆਂ ਵਾਰਦਾਤਾਂ ਰੁਕਣ ਦਾ ਨਾ ਹੀ ਨਹੀਂ ਲੈਂਦੀਆਂ ਕੀ ਸਰਕਰਾਂ ਦਾ ਕੋਈ ਫ਼ਰਜ ਨਹੀ ਕਿ ਇਨਾਂ ਘਟਨਾਵਾਂ ਵੱਲ ਝਾਤੀ ਮਾਰ ਕਿ ਇਨਾਂ ਨੂੰ ਰੋਕਿਆ ਜਾਵੇ ਪਰ ਦੋਸਤੋ ਕਿਸੇ ਸ਼ਇਰ ਦੀਆਂ ਕੁਝ ਸੱਚੀਆਂ ਗੱਲਾਂ ਸੁਣੋ:

ਦੁਨੀਆਂ ਬਦਲ ਗਈ ਦੁਨੀਆਂ ਦੇ ਲੋਕ ਬਦਲੇ, ਰਾਜੇ ਬਦਲ ਗਏ ਰਾਣੀਆਂ ਬਦਲ ਗਈਆਂ,
ਜਿਹੜੇ ਨਹੀਂ ਬਦਲੇ ਉਹ ਵੀ ਬਦਲ ਜਾਣੇ, ਕਿਉਂਕਿ ਗੱਲਾਂ ਪੁਰਾਣੀਆਂ ਬਦਲ ਗਈਆਂ,
ਪਹਿਲਾਂ ਗੱਦੀਆਂ ’ਤੇ ਗੁਰੂ ਜੀ ਬੈਠਦੇ ਸੀ, ਗੁਰੂ ਅੱਜ ਦਾ ਕੁਰਸੀ ’ਤੇ ਸੱਜਦਾ ਏ,
ਆਪ ਸੰਤ ਜੀ ਸੋਫ਼ੇ ’ਤੇ ਲੇਟਦੇ ਨੇ, ਤੇ ਭਾਸ਼ਨ ਟੇਪ ਰਿਕਾਰਡ ਦੇ ਵਿੱਚ ਵੱਜਦਾ ਏ,
ਫੁੱਟਪਾਥ ਤੇ ਪਿਆ ਗਰੀਬ ਬੱਚਾ, ਜਦੋਂ ਠੰਢ ਦੇ ਨਾਲ ਕੁਰਲਾਈ ਜਾਂਦੈ,
ਉੱਥੇ ਏਅਰਕੰਡੀਸ਼ਨਰ ਦੇ ਬੈੱਡ ਉੱਤੇ, ਬੈਠਾ ਕੁੱਤਾ ਜਲੇਬੀਆਂ ਖਾਈ ਜਾਂਦੈ,
ਘਾਹ ਖਾਂਦੇ ਮਾਸੂਮਾਂ ਨੂੰ ਵੇਖਿਆ ਮੈਂ, ਇਸ ਤੋਂ ਵੱਧ ਨਾ ਸਮਾਂ ਕੋਈ ਆ ਜਾਵੇ,
ਹੋਸ਼ ਕਰੋ ਕੁਝ ਦੇਸ਼ ਦੇ ਨਿਗ਼ਾਵਾਨੋਂ, ਕਿਤੇ ਬੰਦੇ ਨੂੰ ਬੰਦਾ ਨਾ ਖਾ ਜਾਵੇ,

ਕਿਸੇ ਸੂਝਵਾਨ ਸ਼ਾਇਰ ਦੀਆਂ ਲਿਖੀਆਂ ਇਨਾਂ ਸੱਚੀਆਂ ਲਾਈਨਾਂ ਨੂੰ ਪੜ ਕੇ ਇੱਕ ਵਾਰ ਦਿਲ ਵਿੱਚ ਧੂਹ ਜਿਹੀ ਪੈਂਦੀ ਹੈ। ਪਰ ਇੱਕ ਆਮ ਇਨਸਾਨ ਅਤੇ ਉਹ ਵੀ ਇਕੱਲਾ ਸਾਡੇ ਸਮਾਜ ਦੇ ਇਸ ਸਿਸਟਮ ’ਤੇ ਕਾਬੂ ਕਿਸ ਤਰਾਂ ਪਾ ਸਕਦਾ ਹੈ। ਬਹੁਤ ਸਾਰੀਆਂ ਸੰਸਥਾਵਾਂ ਅਤੇ ਸਮਾਜ ਲਈ ਫ਼ਿਕਰਮੰਦ ਲੋਕਾਂ ਵੱਲੋਂ ਖੂਬ ਉਪਰਾਲੇ ਕੀਤੇ ਜਾ ਰਹੇ ਹਨ, ਪਰ ਦਿਨੋਂ-ਦਿਨੋਂ ਵਿਗੜ ਰਹੇ ਢਾਂਚੇ ਲਈ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ, ਇਸ ਬਾਰੇ ਗੱਲ ਕਰਨਾ ਵੀ ਇੱਕ ਬੁਝਾਰਤ ਹੈ। ਦੋਸਤੋ ਆਓ ਸਾਰੇ ਇਕੱਠੇ ਹੋ ਕੇ ਉਲਝ ਰਹੇ ਪੰਜਾਬ ਦੇ ਤਾਣੇ-ਬਾਣੇ ਨੂੰ ਸਵਾਰਨ ਲਈ ਹੰਭਲਾ ਮਾਰੀਏ ਅਤੇ ਪ੍ਰਣ ਕਰੀਏ ਕਿ ‘ਅਸੀਂ ਕੀ ਲੈਣਾ’ ਵਰਗੇ ਸ਼ਬਦਾਂ ਨੂੰ ਆਪਣੇ ਦਿਲ ਅਤੇ ਦਿਮਾਗ਼ ਵਿੱਚੋਂ ਕੱਢਕੇ ਕੋਈ ਅਜਿਹਾ ਕੰਮ ਕਰ ਜਾਈਏ ਕਿ ਸਮਾਜ ਵੀ ਸਾਡੀਆਂ ਉਦਾਹਰਨਾਂ ਦੇਵੇ। ਇਸ ਅਰਾਟੀਕਲ ਜ਼ਰੀਏ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਕੋਈ ਭੋਲ਼ਾ-ਭਾਲ਼ਾ ਇਨਸਾਨ ਇਹੋ-ਜਿਹੇ ਠੱਗਾਂ ਦੀਆਂ ਚਾਲਾਂ ’ਚ ਨਾ ਆਵੇ ਤੇ ਆਪਣੇ ਦਸਾਂ ਨੌਹਾਂ ਦੀ ਕੀਤੀ ਖੂਨ-ਪਸੀਨੇ ਦੀ ਕਮਾਈ ਨਾਲ ਇੰਨਾਂ ਬੇਗ਼ੈਰਤ ਲੋਕਾਂ ਦੇ ਢਿੱਡ ਨਾ ਭਰਨ, ਇਸ ਸਾਰੇ ਮਾਹੌਲ ਵੱਲ ਝਾਤੀ ਮਾਰਕੇ ਹੁਣ ਤਾਂ ਲੱਗਦਾ ਹੈ ਕਿ ਜਿਵੇਂ ਹਰ ਇਕ ਇਨਸਾਨ ਇਕ ਦੂਜੇ ਨੂੰ ਇਹੋ ਹੀ ਕਹਿ ਰਿਹਾ ਹੈ ਕਿ ‘ਕੀ ਬਣੂੰ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ’ ਜਾਣੇ।

 

gulzar madina

 

 

ਪੱਤਰਕਾਰ ਗੁਲਜ਼ਾਰ ਮਦੀਨਾ,

ਸਾਦਿਕ, (ਫ਼ਰੀਦਕੋਟ)। ਸੰਪਰਕ: 94174-48786

print
Share Button
Print Friendly, PDF & Email

Leave a Reply

Your email address will not be published. Required fields are marked *