ਕਾਂਗਰਸ ਤੇ ਆਪ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਪਾਰਟੀਆਂ- ਪਰਕਾਸ਼ ਸਿੰਘ ਬਾਦਲ

ss1

ਕਾਂਗਰਸ ਤੇ ਆਪ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਪਾਰਟੀਆਂ- ਪਰਕਾਸ਼ ਸਿੰਘ ਬਾਦਲ
ਲੋਕਾਂ ਨੂੰ ਸੂਬੇ ਦੇ ਹਿੱਤ ਲਈ ਦੋਵਾਂ ਪਾਰਟੀਆਂ ਦਾ ਮੁਕੰਮਲ ਸਫਾਇਆ ਕਰਨ ਦਾ ਸੱਦਾ , ਮੁੱਖ ਮੰਤਰੀ ਵੱਲੋਂ ਖੰਨਾ ਵਿਧਾਨ ਸਭਾ ਹਲਕੇ ‘ਚ ਸੰਗਤ ਦਰਸ਼ਨ

ਖੰਨਾ (ਲੁਧਿਆਣਾ) ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਪਾਰਟੀਆਂ ਕਰਾਰ ਦਿੰਦਿਆਂ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਸੂਬੇ ਦੇ ਹਿੱਤਾਂ ਦੀ ਰਾਖੀ ਵਾਸਤੇ ਇਨ੍ਹਾਂ ਪਾਰਟੀਆਂ ਦਾ ਮੁਕੰਮਲ ਸਫਾਇਆ ਕਰਨ ਦਾ ਸੱਦਾ ਦਿੱਤਾ ਹੈ।ਅੱਜ ਖੰਨਾ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਕਾਂਗਰਸ ਨੇ ਧਾਰਮਿਕ, ਆਰਥਿਕ ਅਤੇ ਸਮਾਜਿਕ ਤੌਰ ‘ਤੇ ਸੂਬੇ ਦਾ ਨਾ ਪੂਰਿਆ ਜਾ ਸਕਣ ਵਾਲਾ ਨੁਕਸਾਨ ਕੀਤਾ ਹੈ ਅਤੇ ਹੁਣ ਆਮ ਆਦਮੀ ਪਾਰਟੀ ਵੀ ਇਸੇ ਰਾਹ ‘ਤੇ ਤੁਰ ਪਈ ਹੈ ਜਿਸ ਕਰਕੇ ਪੰਜਾਬ ਦੇ ਭਲੇ ਵਾਸਤੇ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਹਾਸ਼ੀਏ ‘ਤੇ ਭੇਜਿਆ ਜਾਣਾ ਜ਼ਰੂਰੀ ਹੈ। ਕਾਂਗਰਸ ਵੱਲੋਂ ਪੰਜਾਬ ਦੇ ਸਬੰਧ ਵਿੱਚ ਨਿਭਾਈ ਗਈ ਭੂਮਿਕਾ ਦਾ ਉਲੇਖ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੇ ਹਰਿਮੰਦਰ ਸਾਹਿਬ ‘ਤੇ ਹਮਲਾ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਅਤੇ 1984 ਵਿੱਚ ਸਿੱਖਾਂ ਦਾ ਕਤਲੇਆਮ ਕਰਕੇ ਭਾਈਚਾਰੇ ਨੂੰ ਡੂੰਘੀ ਸੱਟ ਮਾਰੀ। ਉਨ੍ਹਾਂ ਅੱਗੇ ਕਿਹਾ ਕਿ ਇਸ ਨੇ ਪੰਜਾਬ ਦੇ ਦਰਿਆਈ ਪਾਣੀ ਰਾਜਸਥਾਨ ਨੂੰ ਦੇ ਕੇ, ਸਤਲੁਜ ਯਮਨਾ ਨਹਿਰ ਦਾ ਨਿਰਮਾਣ ਸ਼ੁਰੂ ਕਰਵਾ ਕੇ ਅਤੇ ਗੁਆਂਢੀ ਸੂਬਿਆਂ ਨੂੰ ਸਨਅਤੀ ਰਿਆਇਤਾਂ ਦੇ ਕੇ ਸੂਬੇ ਦੀ ਆਰਥਿਕਤਾ ਨੂੰ ਢਾਹ ਲਾਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਾ ਦੇ ਕੇ ਇਸ ਨੇ ਇਕ ਤਰ੍ਹਾਂ ਨਾਲ ਸਮਾਜਿਕ ਅਸਥਿਰਤਾ ਪੈਦਾ ਕਰੀ ਰੱਖੀ।
ਬਾਦਲ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦੇ ਕੇ ਅਤੇ ਆਪਣੇ ਚੋਣ ਮਨੋਰਥ ਪੱਤਰ ਦੀ ਪਵਿੱਤਰ ਧਾਰਮਿਕ ਗ੍ਰੰਥਾਂ ਨਾਲ ਤੁਲਨਾ ਕਰਕੇ ਕਾਂਗਰਸ ਵਾਲਾ ਰਾਹ ਅਖਤਿਆਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਪਾਰਟੀ ਦੇ ਪੰਜਾਬ ਦੋਖੀ ਪੈਂਤੜੇ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਭਾਰੀ ਢਾਹ ਲਾਈ ਹੈ ਜਿਸ ਕਰਕੇ ਅਜਿਹੀਆਂ ਪਾਰਟੀਆਂ ਤੋਂ ਬਹੁਤ ਹੀ ਸੁਚੇਤ ਰਹਿਣ ਦੀ ਲੋੜ ਹੈ।ਖੰਨਾ ਸ਼ਹਿਰ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ 176 ਕਰੋੜ ਦਾ ਪ੍ਰਾਜੈਕਟ ਪਹਿਲਾਂ ਹੀ ਮਨਜ਼ੂਰ ਕਰ ਦਿੱਤਾ ਹੈ ਜਿਸ ਤਹਿਤ ਖੰਨਾ ਸ਼ਹਿਰ ਵਿੱਚ ਜਲ ਸਪਲਾਈ ਤੇ ਸੀਵਰੇਜ ਦੀ 100 ਫੀਸਦੀ ਸਹੂਲਤ ਮੁਹੱਈਆ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਅਮਰੁਤ ਸਕੀਮ ਤਹਿਤ ਪ੍ਰਵਾਨ ਹੋਇਆ ਹੈ ਅਤੇ ਸਬੰਧਤ ਕੰਪਨੀ ਵੱਲੋਂ ਸ਼ਹਿਰ ਵਿੱਚ ਸਰਵੇ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ ਜੋ ਡੇਢ ਮਹੀਨੇ ਦੇ ਸਮੇਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਰਵੇ ਮੁਕੰਮਲ ਹੋ ਜਾਣ ‘ਤੇ ਉਸੇ ਵੇਲੇ ਟੈਂਡਰ ਮੰਗ ਕੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਖੰਨਾ ਸ਼ਹਿਰ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲ ਸਪਲਾਈ ਤੇ ਸੀਵਰੇਜ ਦੀਆਂ 100 ਫੀਸਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਵੱਖ-ਵੱਖ ਵਿਕਾਸ ਕਾਰਜ ਸ਼ੁਰੂ ਕਰਨ ਲਈ ਨਗਰ ਕੌਂਸਲ ਖੰਨਾ ਦੇ ਕਾਰਜਕਾਰੀ ਅਫਸਰ ਨੂੰ 12.51 ਕਰੋੜ ਰੁਪਏ ਦਾ ਚੈੱਕ ਸੌਂਪਿਆ।
ਲੋਕਾਂ ਨੂੰ ਸਿਆਸੀ ਫੈਸਲਾ ਲੈਂਦੇ ਹੋਏ ਆਪਣੇ ਹਿੱਤਾਂ ਨੂੰ ਧਿਆਨ ਵਿੱਚ ਰੱਖਣ ਦੀ ਅਪੀਲ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਹੁਣ ਤੱਕ ਕਿਸਾਨਾਂ ਦੇ ਟਿਊਬਵੈਲਾਂ ਲਈ 50,000 ਕਰੋੜ ਦੇ ਬਿੱਲਾਂ ਦਾ ਭੁਗਤਾਨ ਸਰਕਾਰੀ ਖਜ਼ਾਨੇ ਵਿੱਚੋਂ ਕੀਤਾ ਹੈ ਅਤੇ ਜੇ ਸਰਕਾਰ ਬਿੱਲ ਨਾ ਮੁਆਫ਼ ਕਰਦੀ ਤਾਂ ਪੰਜਾਹ ਹਜ਼ਾਰ ਕਰੋੜ ਦਾ ਇਹ ਬੋਝ ਵੀ ਕਿਸਾਨਾਂ ‘ਤੇ ਹੀ ਪੈ ਜਾਣਾ ਸੀ ਜੋ ਕਿ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬੇ ਪਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੁਣ ਕਿਸਾਨਾਂ ਲਈ ਬਿਨਾ ਵਿਆਜ ਤੋਂ 50,000 ਰੁਪਏ ਦੇ ਕਰਜ਼ੇ ਦੀ ਵਿਵਸਥਾ ਕਰਨ ਤੋਂ ਇਲਾਵਾ ਕਿਸਾਨਾਂ, ਨੀਲੇ ਕਾਰਡ ਧਾਰਕਾਂ, ਵਪਾਰੀਆਂ ਅਤੇ ਉਸਾਰੀ ਕਿਰਤੀਆਂ ਦੇ ਵਾਸਤੇ 50, 000 ਰੁਪਏ ਤੱਕ ਦੇ ਇਲਾਜ ਦਾ ਮੁਫ਼ਤ ਪ੍ਰਬੰਧ ਵੀ ਕੀਤਾ ਹੈ। ਪਰਿਵਾਰ ਦੇ ਮੁਖੀ ਦੀ ਹਾਦਸੇ ਵਿੱਚ ਮੌਤ ਹੋ ਜਾਣ ਜਾਂ ਪੂਰੀ ਤਰ੍ਹਾਂ ਨਕਾਰਾ ਹੋ ਜਾਣ ਲਈ ਵੀ ਪੰਜ ਲੱਖ ਦੇ ਬੀਮੇ ਦੀ ਵਿਵਸਥਾ ਕੀਤੀ ਗਈ ਹੈ। ਸਮਾਜਿਕ ਸੁਰੱਖਿਆ ਦੇ ਹੇਠ ਦਿੱਤੀਆਂ ਜਾਂਦੀਆਂ ਪੈਨਸ਼ਨਾਂ ਦੀ ਰਾਸ਼ੀ 250 ਰੁਪਏ ਪ੍ਰਤੀ ਮਹੀਨੀ ਤੋਂ ਵਧਾ ਕੇ 500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਸੂਬੇ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸਿਹਤ ਸਹੂਲਤਾਂ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਹੀ ਇੱਕੋ ਇੱਕ ਸੂਬਾ ਹੈ ਜਿੱਥੇ ਕੈਂਸਰ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਹੁਣ ਸਰਕਾਰੀ ਹਸਪਤਾਲਾਂ ਵਿੱਚ ਹੈਪੇਟਾਈਟਿਸ-ਸੀ ਦੇ ਮਰੀਜ਼ਾਂ ਦਾ ਵੀ ਮੁਫਤ ਇਲਾਜ ਸ਼ੁਰੂ ਕਰ ਦਿੱਤਾ ਹੈ।
ਇਸੇ ਦੌਰਾਨ ਹੀ ਪਿੰਡ ਰਾਜੇਵਾਲਾ ਵਿੱਚ ਪੱਤਰਕਾਰਾਂ ਵੱਲੋਂ ਅਕਾਲੀ ਉਮੀਦਵਾਰਾਂ ਦੇ ਐਲਾਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਢੁਕਵੇਂ ਸਮੇਂ ‘ਤੇ ਐਲਾਨ ਕੀਤਾ ਜਾਵੇਗਾ। ਲੁਧਿਆਣਾ ਜ਼ਿਲ੍ਹੇ ਵਿੱਚ ਦੋ ਵਿਅਕਤੀਆਂ ਦੇ ਇਕ ਬੱਸ ਹੇਠ ਆ ਕੇ ਮਾਰੇ ਜਾਣ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਹਾਦਸੇ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਦੁਖਦਾਈ ਹੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਇਸ ਦਾ ਡਾਢਾ ਦੁੱਖ ਹੋਇਆ ਹੈ। ਕਿਸਾਨ ਯੂਨੀਅਨ ਵੱਲੋਂ ਵੱਖ ਵੱਖ ਦਫਤਰਾਂ ਵਿੱਚ ਅਵਾਰਾ ਪਸ਼ੂਆਂ ਨੂੰ ਡੱਕਣ ਲਈ ਸ਼ੁਰੂ ਕੀਤੀ ਮੁਹਿੰਮ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਗਊਸ਼ਾਲਾਵਾਂ ਬਣਾਈਆਂ ਹਨ ਅਤੇ ਸਰਕਾਰ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਿਪਟਣ ਲਈ ਬਹੁਤ ਗੰਭੀਰ ਹੈ।ਮੁੱਖ ਮੰਤਰੀ ਨੇ ਰਾਜੇਵਾਲ ਵਿੱਚ ਸੰਗਤ ਦਰਸ਼ਨ ਤੋਂ ਪਹਿਲਾਂ ਉਘੇ ਸਮਾਜ ਸੇਵਕ ਅਤੇ ਮਨੁੱਖਤਾ ਦੇ ਪੁੰਜ ਭਗਤ ਪੂਰਨ ਸਿੰਘ ਦੀ ਇਸ ਪਿੰਡ ਵਿੱਚ ਬਣੀ ਯਾਦਗਾਰ ‘ਤੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਭਗਤ ਪੂਰਨ ਸਿੰਘ ਦੀ ਸਮਾਜ ਵਾਸਤੇ ਮਹਾਨ ਦੇਣ ਨੂੰ ਯਾਦ ਕੀਤਾ।ਮੁੱਖ ਮੰਤਰੀ ਨੇ ਅੱਜ ਪੰਜ ਰੁੱਖਾ, ਬੀਬੀਪੁਰ ਅਤੇ ਰਾਜੇਵਾਲ ਪਿੰਡ ਤੋਂ ਇਲਾਵਾ ਖੰਨਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਵਿਕਾਸ ਕਾਰਜਾਂ ਲਈ ਚੈਕ ਦਿੱਤੇ।ਇਸ ਮੌਕੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਡਾ. ਐਸ. ਕਰੁਣਾ ਰਾਜੂ, ਸੀਨੀਅਰ ਅਕਾਲੀ ਆਗੂ ਸ. ਰਣਜੀਤ ਸਿੰਘ ਤਲਵੰਡੀ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਡੀ.ਆਈ.ਜੀ. ਸ੍ਰੀ ਐਸ.ਕੇ. ਕਾਲੀਆ, ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਸਤਿੰਦਰ ਸਿੰਘ, ਅਕਾਲੀ ਨੇਤਾ ਸ੍ਰੀ ਇਕਬਾਲ ਸਿੰਘ ਚੰਨੀ, ਯੂਥ ਅਕਾਲੀ ਨੇਤਾ ਸ੍ਰੀ ਯਾਦਵਿੰਦਰ ਸਿੰਘ ਯਾਦੂ, ਸ੍ਰੀ ਇੰਦਰਪਾਲ ਸਿੰਘ ਤੋਂ ਇਲਾਵਾ ਅਕਾਲੀ-ਭਾਜਪਾ ਵਰਕਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *