ਸਮਾਜ ਅੰਦਰ ਔਰਤਾਂ ਦਾ ਆਪਸੀ ਰਵੱਈਆ ਚਿੰਤਾਜਨਕ

ss1

ਸਮਾਜ ਅੰਦਰ ਔਰਤਾਂ ਦਾ ਆਪਸੀ ਰਵੱਈਆ ਚਿੰਤਾਜਨਕ

 

Woman Fight
‘ਸੋ ਕਿਉਂ ਮੰਦਾ ਆਖੀਏ, ਜਿਤ ਜੰਮੇਂ ਰਾਜਾਨ’ ਦੇ ਮਹਾਂ ਵਾਕਾਂ ਅਨੁਸਾਰ ਸਾਡੇ ਮਹਾਨ ਗੁਰੂਆਂ, ਪੀਰ ਪੈਗੰਬਰਾਂ ਨੇ ਵੀ ਔਰਤ ਜਾਤ ਨੂੰ ਸਮਾਜ ਵਿੱਚ ਇਕ ਉੱਚਾ ਦਰਜਾ ਦੇ ਕੇ ਨਬਾਜਿਆ ਹੈ। ਇਤਿਹਾਸ ਵੀ ਇਸ ਗੱਲ ਦਾ ਪਰਤੱਖ ਗਵਾਹ ਹੈ ਕਿ ਸਮਾਜ ਵਿੱਚ ਔਰਤ ਜਾਤ ਨੂੰ ਦਿੱਤੇ ਗਏ ਇਸ ਉੱਚੇ ਦਰਜੇ ਨੂੰ ਕਾਇਮ ਰੱਖਦਿਆਂ ਰਾਣੀ ਲਕਸ਼ਮੀ ਬਾਈ ਵਰਗੀਆਂ ਬਹੁਤ ਸਾਰੀਆਂ ਸ਼ੂਰਵੀਰ ਔਰਤਾਂ ਨੇ ਆਪਣੇ ਅਤੇ ਦੇਸ਼ ਕੌਮ ਦੇ ਸਨਮਾਨ ਦੀ ਖਾਤਰ ਆਪਣੀਆਂ ਕੁਰਬਾਨੀਆਂ ਦਿੱਤੀਆਂ।
ਪਰੰਤੂ ਅੱਜ ਦੇ ਇਸ ਕਲਜੁਗੀ ਸਮਾਜ ਵਿੱਚ ਔਰਤ ਦਾ ਸਨਮਾਨ ਅਤੇ ਰੁਤਬਾ ਘੱਟ ਹੁੰਦਾ ਜਾ ਰਿਹਾ ਹੈ। ਬੇਸ਼ੱਕ ਅਸੀਂ ਇਹ ਗੱਲ ਕਹਿਣ ਤੋਂ ਜਾਂ ਮੰਨਣ ਤੋਂ ਰਤਾਂ ਵੀ ਗੁਰੇਜ਼ ਨਹੀਂ ਕਰਦੇ ਕਿ ਹਰ ਇਕ ਖੇਤਰ ਵਿੱਚ ਅੱਜ ਔਰਤ ਮਰਦ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਜਿੰਦਗੀ ਵਿੱਚ ਅੱਗੇ ਵਧਦੀ ਜਾ ਰਹੀ ਹੈ,ਪਰੰਤੂ ਕਿਤੇ ਨਾ ਕਿਤੇ ਇਸ ਦੌੜ ਰਹੀ ਜਿੰਦਗੀ ਰੂਪੀ ਗੱਡੀ ਦੇ ਔਰਤ ਰੂਪੀ ਪਹੀਏ ਨੂੰ ਜੰਗ ਲੱਗਦਾ ਜਾ ਜਿਹਾ ਹੈ।
ਅਗਰ ਦੇਖਿਆ ਜਾਏ ਤਾਂ ਔਰਤਾਂ ਦੇ ਘਟ ਰਹੇ ਸਵੈਮਾਣ ਅਤੇ ਵਧ ਰਹੀ ਨਿਰਾਸ਼ਾ ਦਾ ਮੂਲ ਕਾਰਨ ਔਰਤ ਹੀ ਹੈ।
ਮੇਰੀ ਇਸ ਗੱਲ ਨਾਲ ਸਭ ਨੂੰ ਹੈਰਾਨੀ ਤਾਂ ਜਰੂਰ ਹੋਈ ਹੋਵੇਗੀ ਕਿ ਇਕ ਔਰਤ ਹੀ ਦੂਜੀ ਔਰਤ ਦੀਆਂ ਸਮੱਸਿਆਵਾਂ ਅਤੇ ਉਸ ਦੇ ਸੋਸ਼ਣ ਦਾ ਕਾਰਨ ਕਿਵੇਂ ਬਣ ਸਕਦੀ ਹੈ?
ਇਕ ਔਰਤ ਦੇ ਜਨਮ ਤੋਂ ਲੈ ਕੇ ਅੰਤਿਮ ਸਾਹਾਂ ਤੱਕ ਉਸ ਨੂੰ ਜਿੰਦਗੀ ਦੇ ਵੱਖ ਵੱਖ ਪੜਾਵਾਂ ਤੋਂ ਹੁੰਦਿਆਂ ਹੋਇਆਂ ਦੂਜੀਆਂ ਔਰਤਾਂ ਵੱਲੋਂ ਪੈਦਾ ਕੀਤੇ ਗਏ ਵਿਪਰੀਤ ਹਾਲਾਤਾਂ ਤੋਂ ਹੋ ਕੇ ਗੁਜ਼ਰਨਾ ਪੈਂਦਾ ਹੈ।
ਜਦੋਂ ਲੜਕੇ ਦੀਆਂ ਆਸਾਂ ਲਗਾਈ ਬੈਠੇ ਘਰ ਵਿੱਚ ਇਕ ਲੜਕੀ ਦਾ ਜਨਮ ਹੁੰਦਾ ਹੈ ਤਾਂ ਘਰ ਵਾਲਿਆਂ ਦੇ ਚਿਹਰੇ ’ਤੇ ਖੁਸ਼ੀ ਦੀ ਰੋਣਕ ਦੀ ਬਜਾਏ ਮਾਤਮ ਛਾ ਜਾਂਦਾ ਹੈ । ਉਸ ਸਮੇਂ ਸਭ ਤੋਂ ਜਿਆਦਾ ਨਫਰਤ ਬੱਚੀ ਨੂੰ ਜਨਮ ਦੇਣ ਵਾਲੀ ਔਰਤ ਦੀ ਸੱਸ ਦੇ ਦਿਲ ਵਿੱਚ ਹੁੰਦੀ ਹੈ। ਉਸ ਤੋਂ ਬਾਅਦ ਉਸ ਦਾ ਵਰਤਾਰਾ ਇਸ ਤਰਾਂ ਦਾ ਹੁੰੰਦਾ ਹੈ ,ਜਿਵੇਂ ਉਸ ਦੀ ਨੂੰਹ ਨੇ ਇਕ ਲੜਕੀ ਨੂੰ ਜਨਮ ਦੇ ਕੇ ਕੋਈ ਗੁੰਨਾਹ ਹੀ ਕਰ ਦਿੱਤਾ ਹੋਵੇ। ਉਸ ਸੱਸ ਰੂਪੀ ਔਰਤ ਦੇ ਦਿਲ ਦੇ ਕਿਸੇ ਕੋਨੇ ਵਿੱਚ ਵੀ ਨਵਜੰਮੀ ਬੱਚੀ ਲਈ ਕੋਈ ਪਿਆਰ ਦੀ ਕਲੀ ਨਹੀਂ ਖਿਲਦੀ। ਉਸ ਦੇ ਨਫਰਤ ਭਰੇ ਦਿਲ ਨੂੰ ਇਸ ਗੱਲ ਦਾ ਜਰਾ ਵੀ ਅਹਿਸਾਸ ਨਹੀਂ ਹੁੰੰਦਾ ਕਿ ਉਹ ਖੁਦ ਵੀ ਤਾਂ ਇਕ ਔਰਤ ਹੋਣ ਦੇ ਨਾਲ ਨਾਲ ਕਿਸੇ ਦੀ ਧੀ ਵੀ ਹੈ।
ਕੁਝ ਅਜਿਹੇ ਕਾਰਨਾਂ ਕਰਕੇ ਹੀ ਇਕ ਮਾਂ ਆਪਣੀ ਨਵਜੰਮੀਂ ਬੱਚੀ ਨੂੰ ਰਾਮ ਭਰੋਸੇ ਹਸਪਤਾਲ ਵਿੱਚ ਹੀ ਛੱਡ ਕੇ ਚਲੀ ਜਾਂਦੀ ਹੈ।
ਹਰ ਇਕ ਲੜਕੀ ਦੇ ਮਨ ਵਿੱਚ ਬਚਪਨ ਤੋਂ ਹੀ ਆਪਣੇ ਵਿਆਹ ਨੂੰ ਲੈ ਕੇ ਚਾਅ ਅਤੇ ਦਿਲ ਵਿੱਚ ਬਹੁਤ ਸਾਰੇ ਅਰਮਾਨ ਹੁੰਦੇ ਹਨ। ਹਰ ਇਕ ਲੜਕੀ ਦਾ ਸੁਪਨਾ ਹੁੰਦਾ ਹੈ ਕਿ ਉਸ ਨੇ ਆਪਣੇ ਵਿਆਹ ਨੂੰ ਲੈ ਕੇ ਜੋ ਵੀ ਅਰਮਾਨ ਸੰਜੋਏ ਹਨ ,ਉਹ ਜਰੂਰ ਪੂਰੇ ਹੋਣ।
ਇਸ ਦੇ ਨਾਲ ਹੀ ਦੂਜੇ ਪਾਸੇ ਦੁੱਧ ਮੱਖਣਾ ਨਾਲ ਪਾਲ ਕੇ ਜਵਾਨ ਕੀਤੇ ਪੁੱਤਰ ਦੀ ਮਾਂ ਦੇ ਦਿਲ ਦੀਆਂ ਸੱਧਰਾਂ ਵੀ ਛੱਲਾਂ ਮਾਰ ਰਹੀਆਂ ਹੁੰਦੀਆਂ ਹਨ । ਬਚਪਨ ਤੋਂ ਹੀ ਆਪਣੇ ਪੁੱਤਰ ਨੂੰ ਬੜਾ ਹੁੰਦਿਆਂ ਦੇਖ ਕੇ ਮਾਂ ਮੰਨ ਹੀ ਮੰਨ ਲੋਚਦੀ ਹੈ ਕਿ ਜਲਦ ਤੋਂ ਜਲਦ ਉਸ ਦਾ ਪੁੱਤਰ ਉਸ ਦੀ ਨੂੰਹ ਰਾਣੀ ਨੂੰ ਵਿਆਹ ਕੇ ਘਰ ਲੈ ਕੇ ਆਵੇ ਅਤੇ ਉਹ ਉਨਾਂ ਤੋਂ ਪਾਣੀ ਬਾਰ ਕੇ ਪੀਵੇ ਅਤੇ ਬੁਢਾਪੇ ਵੇਲੇ ਨੂੰਹ ਉਸ ਦੀ ਸੇਵਾ ਕਰੇ।
ਪਰੰਤੂ ਦੋਨਾਂ ਦੇ ਅਰਮਾਨ ਉਦੋਂ ਮਿੱਟੀ ਵਿੱਚ ਮਿਲਦੇ ਹਨ ਜਦੋਂ ਇਹ ਰਿਸ਼ਤਾ ਮਾਂ ਧੀ ਦਾ ਨਾਂ ਹੋ ਕਰਕੇ ਮਾਤਰ ਸੱਸ ਨੂੰਹ ਤੱਕ ਹੀ ਸੀਮਤ ਰਹਿ ਜਾਂਦਾ ਹੈ। ਇਸ ਤੋਂ ਬਾਅਦ ਇਕ ਦੂਜੇ ਤੋਂ ਬਹੁਤ ਸਾਰੀਆਂ ਇਛਾਵਾਂ ਰੱਖਣ ਵਾਲੀ ਸੱਸ ਨੂੰਹ ਦੇ ਰਿਸ਼ਤੇ ਵਿੱਚ ਅਜਿਹੀ ਕੜਵਾਹਟ ਪੈਦਾ ਹੁੰਦੀ ਹੈ ਕਿ ਦੋਵੇਂ ਇਕ ਦੂਜੇ ਦਾ ਮੂੰਹ ਵੇਖਣ ਨੂੰ ਵੀ ਰਾਜੀ ਨਹੀਂ ਹੁੰਦੀਆਂ।
ਇਕ ਸੱਸ ਦੇ ਰੂਪ ਵਿੱਚ ਔਰਤ ਜਦੋਂ ਆਪਣੀ ਨੂੰਹ ਨੂੰ ਤੇਲ ਪਾ ਕੇ ਸਾੜਦੀ ਹੈ ਤਾਂ ਉਹ ਇਹ ਕਿਉਂ ਨਹੀਂ ਸੋਚਦੀ ਕਿ ਉਸ ਦੀ ਵੀ ਇਕ ਧੀ ਹੈ ਅਤੇ ਜਦੋਂ ਇਕ ਨੂੰਹ ਆਪਣੀ ਬਜ਼ੁਰਗ ਸੱਸ ਨੂੰ ਬੇਸਹਾਰਾ ਹੀ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰਦੀ ਹੈ ਤਾਂ ਉਹ ਵੀ ਇਹ ਕਿਉਂ ਨਹੀਂ ਸੋਚਦੀ ਕਿ ਕੱਲ ਉਸ ਦੀ ਨੂੰਹ ਵੀ ਆਵੇਗੀ।
ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਜਦੋਂ ਵਿਆਹ ਦੇ ਕੁਝ ਸਾਲਾਂ ਬਾਅਦ ਵੀ ਇਕ ਔਰਤ ਦੀ ਕੁੱਖ ਸੁੰਨੀ ਰਹਿੰਦੀ ਹੈ ਤਾਂ, ਉਹ ਇਕ ਔਰਤ ਹੀ ਹੁੰਦੀ ਹੈ ਜੋ ਬਿਨਾਂ ਕੁਝ ਸੋਚੇ ਸਮਝੇ ਹੀ ਉਸ ਨੂੰ ਸਮਾਜ ਵਿੱਚ ਨੀਵਾਂ ਵਿਖਾਉਣ ਲਈ ਇਕ ਬਾਂਝ ਦਾ ਨਾਂ ਦੇ ਦਿੰਦੀ ਹੈ। ਉਸ ਨੂੰ ਇਸ ਗੱਲ ਦਾ ਵੀ ਗਿਆਨ ਨਹੀਂ ਹੁੰਦਾ ਕਿ ਸ਼ਾਇਦ ਇਸ ਪਿੱਛੇ ਉਸ ਔਰਤ ਦੇ ਪਤੀ ਵਿੱਚ ਹੀ ਕੋਈ ਕਮੀ ਹੋਵੇ।
ਲਗਭਗ ਸਮਾਜ ਦੇ ਹਰ ਇਕ ਪਰਿਵਾਰ ਵਿੱਚ ਆਮ ਦੇਖਿਆ ਜਾਂਦਾ ਹੈ ਕਿ ਪਰਿਵਾਰ ਦੀਆਂ ਦੋਵੇਂ ਨੂੰਹਾਂ ਇਕ ਦੂਜੀ ’ਤੇ ਤਰਾਂ ਤਰਾਂ ਦੇ ਲਾਂਛਨ ਲਗਾ ਕੇ ਅਤੇ ਤੰਗ ਕਰਕੇ ਘਰ ਵਿੱਚ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦੀਆਂ ਹਨ। ਉਹ ਇਸ ਗੱਲ ਨੂੰ ਕਿਉਂ ਭੁੱਲ ਜਾਂਦੀਆਂ ਹਨ ਕਿ ਉਹ ਦੋਵੇਂ ਮਿਲ ਕੇ ਵੀ ਉਸ ਪਰਿਵਾਰ ਨੂੰ ਸੁਚੱਜੇ ਢੰਗ ਨਾਲ ਭਲੀ ਭਾਂਤ ਚਲਾ ਸਕਦੀਆਂ ਹਨ।
ਔਰਤਾਂ ਦੇ ਆਪਸ ਵਿੱਚ ਇਸ ਤਰਾਂ ਦੇ ਰਵੱਈਏ ਨੂੰ ਦੇਖਕੇ ਦਿਲ ਵਿੱਚ ਕੇਵਲ ਇਕ ਹੀ ਸਵਾਲ ਪੈਦਾ ਹੁੰਦਾ ਹੈ ਕਿ ‘‘ਆਖਿਰ ਔਰਤ ਹੀ ਔਰਤ ਦੀ ਦੁਸ਼ਮਣ ਕਿਉਂ’’?
ਇਸ ਲਈ ਹਰ ਇਕ ਔਰਤ ਨੂੰ ਚਾਹੀਦਾ ਹੈ ਕਿ ਉਹ ਆਪਣੀ ਆਤਮਿਕ ਸ਼ਕਤੀ ਦੇ ਨਾਲ ਨਾਲ ਨਾਰੀ ਏਕਤਾ ਸ਼ਕਤੀ ਨੂੰ ਪਹਿਚਾਣੇ ਅਤੇ ਦੂਜੀਆਂ ਔਰਤਾਂ ਲਈ ਅਜਿਹੇ ਅਨੁਕੂਲ ਹਾਲਾਤ ਪੈਦਾ ਕਰੇ ਕਿ ਔਰਤ ਪ੍ਰਤੀ ਸਮਾਜ ਵਿੱਚ ਪ੍ਰਚਲਿਤ ਬੁਰਾਈਆਂ ਨੂੰ ਨੱਥ ਪਾਈ ਜਾ ਸਕੇ ਅਤੇ ਹਰ ਇਕ ਔਰਤ ਆਪਣੀ ਪ੍ਰਤੀਭਾ ਅਤੇ ਰੁਤਬੇ ਦੇ ਸਦਕਾ ਸਮਾਜ ਲਈ ਇਕ ਮਿਸਾਲ ਬਣ ਜਾਵੇ।

Mr. Paramvir.

ਪਰਮਵੀਰ ਜਨਾਗਲ
ਰੂਪਨਗਰ।
ਮੋਬ: 94644-51553

paramvirjanagal@gmail.com

print

Share Button
Print Friendly, PDF & Email

Leave a Reply

Your email address will not be published. Required fields are marked *