ਪੰਜਾਬ ਸਰਕਾਰ ਬੱਸਾਂ ਰਾਹੀਂ ਵੀ ਕਰਵਾਏਗੀ ਸੰਗਤ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ

ss1

ਪੰਜਾਬ ਸਰਕਾਰ ਬੱਸਾਂ ਰਾਹੀਂ ਵੀ ਕਰਵਾਏਗੀ ਸੰਗਤ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ
-ਵਿਧਾਇਕ ਸ਼ਿਵਾਲਿਕ ਅਤੇ ਵਧੀਕ ਡਿਪਟੀ ਕਮਿਸ਼ਨਰ ਨੇ ਕੀਤਾ ਰਵਾਨਾ

ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਕਰਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਅਧੀਨ ਹੁਣ ਰੇਲਗੱਡੀ ਦੇ ਨਾਲ-ਨਾਲ ਨੇੜਲੇ ਧਾਰਮਿਕ ਸਥਾਨਾਂ ਦੀ ਯਾਤਰਾ ਬੱਸ ਰਾਹੀਂ ਕਰਾਉਣ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਿਸ ਤਹਿਤ ਅੱਜ ਸਵੇਰੇ ਹਲਕਾ ਗਿੱਲ ਦੀ ਸੰਗਤ ਦਾ ਪਹਿਲਾ ਜੱਥਾ 7 ਬੱਸਾਂ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਲਈ ਰਵਾਨਾ ਹੋਇਆ। ਸੰਗਤ ਨੂੰ ਹਲਕਾ ਵਿਧਾਇਕ ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਰਿਸ਼ੀਪਾਲ ਸਿੰਘ ਨੇ ਸਥਾਨਕ ਪਿੰਡ ਲਾਡੋਵਾਲ ਦੀ ਮੁੱਖ ਸੜਕ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਦੱਸਣਯੋਗ ਹੈ ਕਿ 7 ਬੱਸਾਂ ਵਿੱਚ ਰਵਾਨਾ ਹੋਏ 350 ਤੋਂ ਵਧੇਰੇ ਸ਼ਰਧਾਲੂਆਂ ਨੂੰ ਪੂਰੀ ਯਾਤਰਾ ਦੌਰਾਨ ਸਾਰੀਆਂ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਸ਼ਰਧਾਲੂਆਂ ਦੀ ਸਹੂਲਤ ਲਈ ਸਰਕਾਰੀ ਅਧਿਕਾਰੀ ਵੀ ਬੱਸ ਵਿੱਚ ਗਏ ਹਨ। ਬੱਸਾਂ ਵਿੱਚ ਸ਼ਰਧਾਲੂਆਂ ਨੂੰ ਆਡੀਓ ਸੀ.ਡੀਜ਼ ਰਾਹੀਂ ਸ਼ਬਦ ਵੀ ਸੁਣਾਏ ਜਾਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਸ਼ਿਵਾਲਿਕ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦਾ ਇਸ ਯਾਤਰਾ ਯੋਜਨਾ ਲਈ ਧੰਨਵਾਦ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਕੁਝ ਸ਼ਰਧਾਲੂ ਰੇਲਗੱਡੀ ਰਾਹੀਂ ਦੂਰ-ਦਰਾਜ ਤੀਰਥ ਸਥਾਨਾਂ ਦੀ ਯਾਤਰਾ ਨਹੀਂ ਕਰ ਸਕਦੇ, ਜਿਸ ਕਾਰਨ ਇਹ ਨੇੜਲੇ ਤੀਰਥ ਸਥਾਨਾਂ ਦੀ ਯਾਤਰਾ ਲਈ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ, ਜੋ ਕਿ ਰੇਲ ਯਾਤਰਾ ਦੇ ਵਾਂਗ ਪੂਰੀ ਤਰਾਂ ਮੁਫ਼ਤ ਹੈ। ਉਨਾਂ ਦੱਸਿਆ ਕਿ ਇਹ ਬੱਸ ਯਾਤਰਾਵਾਂ ਅਲੱਗ-ਅਲੱਗ ਹਲਕਿਆਂ ਤੋਂ ਲਗਾਤਾਰ ਰਵਾਨਾ ਹੋਇਆ ਕਰਨਗੀਆਂ। ਜਿਸ ਵਿੱਚ ਕੋਈ ਵੀ ਵਿਅਕਤੀ ਯਾਤਰਾ ‘ਤੇ ਜਾ ਸਕਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਅਮੀਰ ਵਿਰਸੇ ਦੀ ਸੰਭਾਲ ਅਤੇ ਇਸ ਦੀ ਪ੍ਰਫੁੱਲਤਾ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਇਹ ਡਿਊਟੀ ਸਮਝਦੀ ਹੈ ਕਿ ਆਉਣ ਵਾਲੀਆਂ ਪੀੜੀਆਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਦੇ ਨਾਲ ਹੀ ਇਹ ਯਾਤਰਾ ਯੋਜਨਾ ਸੂਬੇ ਵਿਚ ਵਿਰਾਸਤੀ ਸੈਰ ਸਪਾਟੇ ਨੂੰ ਹੁਲਾਰਾ ਦੇਣ ਦਾ ਵੀ ਕੰਮ ਕਰੇਗੀ। ਉਨਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ ਸਰਕਾਰ ਦੀ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਦੀ ਸੰਭਾਲ ਅਤੇ ਉਤਸ਼ਾਹਿਤ ਕਰਨ ਦੀ ਇਕ ਕੋਸ਼ਿਸ਼ ਹੈ। ਇਸ ਮੌਕੇ ਯਾਤਰਾ ‘ਤੇ ਰਵਾਨਾ ਹੋਣ ਵਾਲੀ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਟਰਾਂਸਪੋਰਟ ਅਫ਼ਸਰ ਸ੍ਰ. ਦਲਵਿੰਦਰਜੀਤ ਸਿੰਘ, ਸੀਨੀਅਰ ਅਕਾਲੀ ਆਗੂ ਸ੍ਰ. ਅਵਤਾਰ ਸਿੰਘ ਮੱਲਾ, ਸੀਨੀਅਰ ਯੂਥ ਅਕਾਲੀ ਆਗੂ ਸ੍ਰ. ਹਰਪ੍ਰੀਤ ਸਿੰਘ ਸ਼ਿਵਾਲਿਕ, ਸ੍ਰ. ਹਰਮਿੰਦਰ ਸਿੰਘ ਠੱਕਰਵਾਲ ਅਤੇ ਹੋਰ ਕਈ ਹਾਜ਼ਰ ਸਨ।

print
Share Button
Print Friendly, PDF & Email