ਆਮ ਆਦਮੀ ਪਾਰਟੀ ਥੁੱਕ ਨਾਲ ਪਕੌੜੇ ਬਣਾਉਣਾ ਛੱਡੇ – ਚੰਦੂਮਾਜਰਾ

ss1

ਆਮ ਆਦਮੀ ਪਾਰਟੀ ਥੁੱਕ ਨਾਲ ਪਕੌੜੇ ਬਣਾਉਣਾ ਛੱਡੇ – ਚੰਦੂਮਾਜਰਾ

ਕੇਜਰੀਵਾਲ ਦਾ ਟੋਲਾ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਥਾਂ ਆਪਣੇ ਵਿਧਾਇਕਾਂ ਦੇ ਘਪਲਿਆਂ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ‘ਤੇ ਲਾਵੇ ਜ਼ੋਰ

ਚੰਡੀਗੜ੍ਹ, 7 ਮਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਰਾਜ ਵਿੱਚ ਹਰ ਮਾਮਲੇ ‘ਤੇ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਵਾਅਦਾ ਕਰ ਰਹੀ ਹੈ ਜਦਕਿ ਇਸੇ ਪਾਰਟੀ ਦੇ ਕਿੰਨੇ ਵਿਧਾਇਕਾਂ ਤੇ ਆਗੂਆਂ ਨੇ ਘਪਲੇ ਕੀਤੇ ਹਨ ਜਿੰਨਾਂ ਲਈ ਹਾਲੇ ਤੱਕ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਸਮੇਤ ਆਪ ਦੇ ਕਿਸੇ ਵੀ ਆਗੂ ਨੇ ‘ਆਪਣਿਆਂ’ ਵਿਰੁੱਧ ਤਾਂ ਅਜਿਹੀਆਂ ਪੜਤਾਲੀਆ ਟੀਮਾਂ ਬਣਾਉਣ ਦੀ ਗੱਲ ਕਦੇ ਨਹੀਂ ਕੀਤੀ।

ਇੱਥੋਂ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵੱਲੋਂ ਅਨਾਜ ਖਰੀਦ ਮਾਮਲੇ ਵਿੱਚ ਘਪਲਾ ਦੱਸਣ ਵਾਲੇ ਆਪ ਦੇ ਨੇਤਾ ਜਨਤਾ ਨੂੰ ਵਰਗਲਾਉਣ ਰਹੇ ਹਨ ਅਤੇ ਪੰਜਾਬ ਦੇ ਹਿੱਤਾਂ ਨਾਲ ਖੜਨ ਦੀ ਥਾਂ ਐਫ.ਸੀ.ਆਈ. ਦਾ ਪੱਖ ਪੂਰ ਰਹੇ ਹਨ ਜਿਸ ਤੋਂ ਆਪ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੁੰਦਾ ਹੈ। ਆਪ ਦੇ ਨਵੇਂ ਸਜੇ ਆਗੂਆਂ ਨੂੰ ਚੌਕਸ ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੀਆਂ ਖਰੀਦ ਏਜੰਸੀਆਂ ਦਾ ਢੋਆ ਢੁਹਾਈ ਨਾਲ ਸਬੰਧਿਤ ਕਰੋੜਾਂ ਰੁਪਿਆ ਐਫ.ਸੀ.ਆਈ. ਵੱਲ ਬਕਾਇਆ ਖੜਾ ਹੈ ਜੋ ਕੇਂਦਰੀ ਖਰੀਦ ਏਜੰਸੀ ਪੰਜਾਬ ਸਿਰ ਮੜਨਾ ਚਾਹੁੰਦੀ ਹੈ ਜਿਸ ਨੂੰ ਲੈ ਕੇ ਹਿਸਾਬ ਦਾ ਮਿਲਾਨ ਹੋਣਾ ਹੈ ਪਰ ਪ੍ਰਬੰਧਕੀ ਤੇ ਵਿੱਤੀ ਮਾਮਲਿਆਂ ਤੋਂ ਅਣਜਾਣ ਆਪ ਦੇ ਨਵਸਿੱਖੀਏ ਨੇਤਾ ਇਸ ਨੂੰ ਘਪਲਾ ਦੱਸ ਕੇ ਐਫ.ਸੀ.ਆਈ. ਦੇ ਹੱਕ ਵਿੱਚ ਭੁਗਤ ਰਹੇ ਹਨ। ਉਨਾਂ ਕੇਜਰੀਵਾਲ ਤੋਂ ਪੁੱਛਿਆ ਕਿ ਕੀ ਉਹ ਇਸ ਹੱਕ ਵਿੱਚ ਹੈ ਕਿ ਕੇਂਦਰ ਵੱਲੋਂ ਖਰੀਦੀ ਜਿਣਸ ਦੀ ਢੋਆ ਢੁਹਾਈ ਦਾ ਕਿਰਾਇਆ ਪੰਜਾਬ ਸਹਿਣ ਕਰੇ। ਨਾਂ ਕਿਹਾ ਕਿ ਕੇਜਰੀਵਾਲ ਇਹ ਵੀ ਸਪਸ਼ਟ ਕਰੇ ਕਿ ਉਹ ਕੇਂਦਰੀ ਏਜੰਸੀ ਦਾ ਪੱਖ ਪੂਰਨਾ ਚਾਹੁੰਦਾ ਹੈ ਜਾਂ ਪੰਜਾਬ ਦੇ ਕਿਸਾਨਾਂ ਦਾ।

ਊਨਾਂ ਕੇਜਰੀਵਾਲ ਨੂੰ ਇਹ ਵੀ ਸਵਾਲ ਕੀਤਾ ਹੈ ਕਿ ਉਸਨੇ ਹਾਲੇ ਤੱਕ ਯਾਮਿਨੀ ਗੋਮਰ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਸਗੋਂ ਵੱਡਾ ਅਹੁਦਾ ਦੇ ਦਿੱਤਾ, ਜਿਸ ‘ਤੇ ਦੋਸ਼ ਹਨ ਕਿ ਉਸ ਨੇ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਲੜਨ ਮੌਕੇ ਚੋਣ ਕਮਿਸ਼ਨ ਨੂੰ ਗਲਤ ਖਰਚਾ ਬਿੱਲ ਪੇਸ਼ ਕੀਤੇ ਹਨ। ਇਸੇ ਪ੍ਰਕਾਰ ‘ਆਪ’ ਦੀ ਪੰਜਾਬ ਇਕਾਈ ਦੀ ਇਸਤਰੀ ਦਲ ਦੀ ਪ੍ਰਧਾਨ ਬਲਜਿੰਦਰ ਕੌਰ ਨੇ ਵੀ ਜਾਇਦਾਦ ਅਤੇ ਨੌਕਰੀ ਹਾਸਲ ਕਰਨ ਲਈ ਗਲਤ ਤੱਥ ਪੇਸ਼ ਕੀਤੇ ਹਨ ਅਤੇ ਉਸ ਦੇ ਖਿਲਾਫ ਵੀ ਪਾਰਟੀ ਨੇ ਕੋਈ ਐਕਸ਼ਨ ਨਹੀਂ ਲਿਆ ਤੇ ਨਾ ਹੀ ਕੋਈ ਪੜਤਾਲੀਆ ਟੀਮ ਦਾ ਗਠਨ ਕੀਤਾ।

ਉਨ੍ਹਾਂ ਦਿੱਲੀ ਦੇ ਦਾਗੀ ਵਿਧਾਇਕਾਂ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਖੁਦ ਆਪਣੇ ਘਰ ਵਿੱਚ ਝਾੜੂ ਫੇਰ ਕੇ ਦਾਗੀਆਂ ਤੋਂ ਖਹਿੜਾ ਛੁਡਾਵੇ। ਉਨ੍ਹਾਂ ਕਿਹਾ ਕਿ ਵੋਟਾਂ ਹਾਸਲ ਕਰਨ ਲਈ ਪੰਜਾਬੀਆਂ ਨਾਲ ਝੂਠੇ ਵਾਅਦੇ ਕਰਨ ਵਾਲਾ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਅਤੇ ਹੋਰ ‘ਆਪ’ ਆਗੂ ਇਸ ਗੱਲੋਂ ਕਿਉਂ ਬਿੱਲੀ ਵਾਂਗ ਅੱਖਾਂ ਮੀਚੀ ਬੈਠੇ ਹਨ ਕਿ ਦਿੱਲੀ ਵਿਚ ‘ਆਪ’ ਦੇ ਕਈ ਵਿਧਾਇਕਾਂ ਨੂੰ ਧੋਖਾਧੜੀ, ਭ੍ਰਿਸ਼ਟਾਚਾਰ, ਜਾਅਲਸ਼ਾਜੀ, ਘਰੇਲੂ ਹਿੰਸਾ ਅਤੇ ਜਾਅਲੀ ਡਿਗਰੀਆਂ ਦਾ ਦੋਸ਼ੀ ਪਾਇਆ ਗਿਆ ਹੈ।

ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਤਿੰਨ ਮੰਤਰੀਆਂ ਖਿਲਾਫ ਵੀ ਆਮ ਆਦਮੀ ਪਾਰਟੀ ਨੇ ਕੋਈ ਵਿਸ਼ੇਸ਼ ਜਾਂਚ ਨਹੀਂ ਕਰਵਾਈ ਜਿਨਾਂ ਵਿੱਚ ਅਸੀਮ ਅਹਿਮਦ ਖਾਨ ਖੁਰਾਕ ਤੇ ਜਨਤਕ ਵੰਡ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜਨਤਕ ਵਿਰੋਧ ਹੌਦ ਕਰਕੇ ਅਹੁਦਾ ਛੱਡਣਾ ਪਿਆ ਸੀ। ਜਤਿੰਦਰ ਤੋਮਰ ਕਾਨੂੰਨ ਮੰਤਰੀ ਨੂੰ ਜਾਅਲੀ ਡਿਗਰੀ ਦੇ ਦੋਸ਼ਾਂ ਤਹਿਤ ਅਹੁਦਾ ਛੱਡਣਾ ਪਿਆ ਅਤੇ ਸੋਮਨਾਥ ਭਾਰਤੀ ਨੂੰ ਘਰੇਲੂ ਹਿੰਸਾ ਕਾਰਣ ਮਜਬੂਰਨ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ। ਇਸੇ ਤਰ੍ਹਾਂ ਸਦਰ ਬਜ਼ਾਰ ਤੋਂ ਆਪ ਵਿਧਾਇਕ ਸੋਮ ਦੱਤ ‘ਤੇ ਜਾਅਲੀ ਹਲਫੀਆ ਬਿਆਨ ਦੇਣ ਦੇ ਦੋਸ਼ ਹਨ ਅਤੇ ਕੋਂਡਲੀ ਤੋਂ ਵਿਧਾਇਕ ਮਨੋਜ ਕੁਮਾਰ ਨੂੰ ਜ਼ਮੀਨ ਹੜੱਪਣ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਪ੍ਰਮੁੱਖ ਸਕੱਤਰ ਰਜਿੰਦਰ ਕੁਮਾਰ ਖਿਲਾਫ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਵੀ ‘ਕੇਜਰੀਵਾਲ ਟੋਲਾ’ ਲੰਮੀ ਚੁੱਪ ਧਾਰ ਕੇ ਬੈਠਾ ਹੈ।

ਸੀਨੀਆਰ ਅਕਾਲੀ ਨੇਤਾ ਨੇ ਕਿਹਾ ਕਿ ਪੰਜਾਬ ਵਿਚ ਆ ਕੇ ਹਿੰਦੀ ਭਾਸ਼ਾ ‘ਚ ਪ੍ਰੈੱਸ ਕਾਨਫਰੰਸਾਂ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਹੁਣ ਤਾਂ ਪੰਜਾਬੀ ਭਾਸ਼ਾ ਨੂੰ ਵੀ ਜੜੋਂ ਪੁੱਟਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ ਅਤੇ ਦਿੱਲੀ ‘ਚ ਪੰਜਾਬੀ ਦੀ ਪੜ੍ਹਾਈ ਬੰਦ ਕਰਕੇ ਇਸ ਡੂੰਘੀ ਸਾਜ਼ਿਸ਼ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਸਲ ਵਿੱਚ ‘ਆਪ’ ਗੱਪੀਆਂ, ਝੂਠ ਬੋਲਣ ਵਾਲਿਆਂ, ਫਰੇਬੀਆਂ ਅਤੇ ਨੌਟੰਕੀਬਾਜ਼ਾਂ ਦੀ ਪਾਰਟੀ ਹੈ ਜਿਸ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਮੂੰਹ ਨਹੀਂ ਲਾਉਣਾ ਚਾਹੀਦਾ ਕਿਉਂਕਿ ਐਸ.ਵਾਈ.ਐਲ. ਨਹਿਰ ਦੇ ਮੁੱਦੇ ਉਪਰ ਸਭ ਲੋਕਾਂ ਨੇ ਕੇਜਰੀਵਾਲ ਦੀ ਦੋਹਰੀ ਅਤੇ ਬਦਰੰਗੀ ਚਾਲ ਤੇ ਢਾਲ ਦੇਖ ਪਰਖ ਲਈ ਹੈ।

ਉੱਧਰ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਤਾ ਪ੍ਰਾਪਤੀ ਤੋਂ ਚਾਰ ਮਹੀਨਿਆਂ ਅੰਦਰ ਨਸ਼ਾ ਖਤਮ ਕਰਨ ਦੇ ਬਿਆਨਾਂ ‘ਤੇ ਵੀ ਪ੍ਰੋ. ਚੰਦੂਮਾਜਰਾ ਨੇ ਕਰਾਰੀ ਚੋਟ ਕਰਦਿਆਂ ਕੈਪਟਨ ਨੂੰ ਪੁੱਛਿਆ ਹੈ ਕਿ ਪਹਿਲਾਂ ਮੁੱਖ ਮੰਤਰੀ ਹੁੰਦਿਆਂ ਜਦੋਂ ਉਹ ਆਪਣੀ ਹੀ ਪਾਰਟੀ ਦੇ ਨਸ਼ਾ ਸੌਦਾਗਰਾਂ ਖਿਲਾਫ ਕੁਝ ਨਹੀਂ ਕਰ ਸਕਿਆ ਤਾਂ ਹੁਣ ਉਸ ਕੋਲ ਕਿਹੜੀ ਗਿੱਦੜਸਿੰਗੀ ਹੱਥ ਲੱਗ ਗਈ ਹੈ। ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਨੇ ਮੁੱਖ ਮੰਤਰੀ ਹੁੰਦਿਆਂ ਆਪਣੀ ਪ੍ਰਧਾਨ ਸੋਨੀਆ ਗਾਂਧੀ ਨੂੰ ਉਸ ਵੇਲੇ ਵਜ਼ਾਰਤ ਵਿਚ ਸ਼ਾਮਲ ਮੰਤਰੀ ਪ੍ਰਤਾਪ ਸਿੰਘ ਬਾਜਵਾ ਖਿਲਾਫ ਨਸ਼ਿਆਂ ਦੇ ਕਾਰੋਬਾਰ ਵਿਚ ਗ੍ਰਸਤ ਹੋਣ ਸਬੰਧੀ ਪੱਤਰ ਲਿਖਿਆ ਸੀ ਜਿਸ ਉੱਤੇ ਅੱਜ ਤੱਕ ਉਹ ਕੋਈ ਕਾਰਵਾਈ ਨਹੀਂ ਕਰਵਾ ਸਕਿਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪਿਛਲੇ ਮਹੀਨਿਆਂ ਵਿੱਚ ਕੈਪਟਨ ਦੀਆਂ ਸਟੇਜਾਂ ‘ਤੇ ਕਾਂਗਰਸੀਆਂ ਵੱਲੋਂ ਪੰਜਾਬ ਵਿਚ ਰਵਾਇਤੀ ਨਸ਼ੇ ਅਫੀਮ ਤੇ ਭੁੱਕੀ ਦੇ ਠੇਕੇ ਖੋਲ੍ਹਣ ਦੀਆਂ ਮੰਗਾਂ ਹੋਈਆਂ ਹਨ, ਅਜਿਹੇ ਵਿਚ ਉਸ ਨੇ ਅਜਿਹੀ ਬੇਤੁਕੀ ਮੰਗ ‘ਤੇ ਕੋਈ ਐਕਸ਼ਨ ਕਿਉਂ ਨਹੀਂ ਲਿਆ?

ਚੰਦੂਮਾਜਰਾ ਨੇ ਕਿਹਾ ਕਿ ਅਸਲ ਵਿੱਚ ਕਾਂਗਰਸ ਤੇ ਆਪ ਦੇ ਆਗੂ ਆਪਸ ਵਿੱਚ ਮਿਲਕੇ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੇ ਹਨ। ਉਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਵਿੱਚ ਵਿਕਾਸ ਕੰਮ ਕਰਵਾਉਣ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਵਿਕਾਸ ਦੀ ਇਸ ਗਤੀ ਨੂੰ ਹੋਰ ਹੁਲਾਰਾ ਦੇਣ ਲਈ ਇਨਾਂ ਦੋਹਾਂ ਮੌਕਾਪ੍ਰਸਤ ਪਾਰਟੀਆਂ ਨੂੰ ਪੰਜਾਬ ਵਿੱਚ ਕਰਾਰੀ ਹਾਰ ਦੇ ਕੇ ਚਲਦਾ ਕਰਨ ਦੀ ਲੋੜ ਹੈ।

print

Share Button
Print Friendly, PDF & Email

Leave a Reply

Your email address will not be published. Required fields are marked *