ਸਿੱਖਿਆ ਵਿਭਾਗ ਦੀਆਂ ਸਾਰੀਆਂ ਆਸਾਮੀਆਂ ਭਰਨ ਦਾ ਫੈਸਲਾ

ss1

ਸਿੱਖਿਆ ਵਿਭਾਗ ਦੀਆਂ ਸਾਰੀਆਂ ਆਸਾਮੀਆਂ ਭਰਨ ਦਾ ਫੈਸਲਾ

ਚੰਡੀਗੜ੍ਹ: 2017 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਦੀਆਂ ਸਾਰੀਆਂ ਖਾਲ਼ੀ ਅਸਾਮੀਆਂ ਭਰੀਆਂ ਜਾਣਗੀਆਂ। ਇਸ ਦੀ ਪਹਿਲੀ ਵਾਰ ਪੰਜਾਬ ਦੀ ਕੈਬਨਿਟ ਨੇ ਪ੍ਰਵਾਨਗੀ ਦਿੱਤੀ ਹੈ। ਇਹ ਗੱਲ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ‘ਏਬੀਪੀ ਸਾਂਝਾ’ ਨੂੰ ਇੰਟਰਵਿਊ ਦੌਰਾਨ ਕਹੀ। ਉਨ੍ਹਾਂ ਅਸਾਮੀਆਂ ਭਰਨ ਨੂੰ ਵੱਡਾ ਫ਼ੈਸਲਾ ਦੱਸਦਿਆਂ ਕਿਹਾ ਕਿ ਇਨ੍ਹਾਂ ਵਿੱਚ ਖ਼ਾਲੀ ਪਈ ਅਸਾਮੀਆਂ ਹੀ ਨਹੀਂ ਬਲਕਿ ਜਿਹੜੇ ਅਧਿਆਪਕ 2017 ਤੋਂ ਪਹਿਲਾਂ ਰਿਟਾਇਰ ਹੋਣਗੇ, ਉਨ੍ਹਾਂ ਦੀ ਥਾਂ ‘ਤੇ ਵੀ ਭਰਤੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਕੜੀ ਵਜੋਂ ਪਹਿਲਾਂ ਹੀ 12 ਹਜ਼ਾਰ ਅਧਿਆਪਕਾਂ ਦੀਆਂ ਅਸਾਮੀਆਂ ਕੱਢੀਆਂ ਗਈਆਂ ਹਨ ਤੇ 31 ਮਈ ਤੱਕ ਭਰਤੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਇਸ ਤੋਂ ਇਲਾਵਾ ਸਾਢੇ ਚਾਰ ਹਜ਼ਾਰ ਦੇ ਕਰੀਬ ਖ਼ਾਲੀ ਪੋਸਟਾਂ ਤਰੱਕੀ ਦੇ ਕੇ ਹਫ਼ਤੇ ਦੇ ਅੰਦਰ ਭਰੀਆਂ ਜਾਣਗੀਆਂ। ਉਨ੍ਹਾਂ 6 ਹਜ਼ਾਰ ਮਾਸਟਰ ਕੇਡਰ ਦੀਆਂ ਪੋਸਟਾਂ ਦੀ ਹਾਲੇ ਤੱਕ ਭਰਤੀ ਪ੍ਰਕਿਰਿਆ ਸ਼ੁਰੂ ਨਾ ਹੋਣ ਸਬੰਧੀ ਕਿਹਾ ਕਿ ਟੈੱਟ ਨੂੰ ਕੋਰਟ ਵਿੱਚ ਚੈਲੰਜ ਕਰਨ ਕੰਮ ਰੁਕਿਆ ਹੋਇਆ ਸੀ। ਇਸ ਦੇ ਹੱਲ ਲਈ ਉਨ੍ਹਾਂ ਨੇ ਕੋਰਟ ਵਿੱਚ ਅਪੀਲ ਕੀਤੀ ਹੈ ਤੇ ਕੋਰਟ ਅਕਸਰ ਅਧਿਆਪਕਾਂ ਦੀ ਲੋੜ ਨੂੰ ਦੇਖਦੇ ਹੋਏ ਅਪੀਲ ਨੂੰ ਸਵੀਕਾਰ ਕਰ ਲੈਂਦਾ ਹੈ।

ਚੀਮਾ ਨੇ ਬਾਹਰੀ ਯੂਨੀਵਰਸਿਟੀਆਂ ਤੋਂ ਡਿਗਰੀਆਂ ਲੈ ਕੇ ਭਰਤੀ ਹੋਏ ਅਧਿਆਪਕਾਂ ਸਬੰਧੀ ਕਿਹਾ ਕਿ ਬੋਗਸ ਯੂਨੀਵਰਸਿਟੀਆਂ ਤੋਂ ਸਰਟੀਫਿਕੇਟ ਪ੍ਰਾਪਤ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਹੀ ਯੂਨੀਵਰਸਿਟੀਆਂ ਤੋਂ ਸਰਟੀਫਿਕੇਟ ਪ੍ਰਾਪਤ ਅਧਿਆਪਕਾਂ ਦੇ ਵੱਖਰੇ ਕੇਸ ਹਨ। ਅਜਿਹੇ ਕੇਸਾਂ ਵਿੱਚ ਜਿੰਨ੍ਹਾਂ ਦੀਆਂ ਤਰੱਕੀਆਂ ਰੁਕੀਆਂ ਹੋਈਆਂ ਹਨ ਜਾਂ ਪੱਕਾ ਕਰਨ ਦਾ ਮਸਲਾ ਹੈ, ਇਸ ਦੇ ਹੱਲ ਲਈ ਐਡਵੋਕੇਟ ਜਰਨਲ ਤੋਂ ਲੀਗਲ ਰਾਏ ਲਈ ਕੇਸ ਭੇਜੇ ਗਏ ਹਨ।

ਸਿੱਖਿਆ ਮੰਤਰੀ ਨੇ ਕਿਹਾ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ‘ਤੇ ਰੋਕ ਲਈ ਛੇਤੀ ਹੀ ਰੈਗੂਲੇਟਰ ਅਥਾਰਿਟੀ ਬਣੇਗੀ ਜਿਸ ਵਿੱਚ ਪ੍ਰਾਈਵੇਟ ਸਕੂਲਾਂ ਤੋਂ ਪ੍ਰੇਸ਼ਾਨ ਮਾਪਿਆਂ ਦੀਆਂ ਸ਼ਿਕਾਇਤਾਂ ‘ਤੇ ਸੁਣੀਆਂ ਜਾਣਗੀਆਂ। ਇਸ ਅਥਾਰਿਟੀ ਦਾ ਖਰੜਾ ਤਿਆਰ ਕਰ ਲਿਆ ਗਿਆ ਹੈ ਜਿਹੜਾ ਕੈਬਨਿਟ ਦੀ ਮੀਟਿੰਗ ਵਿੱਚ ਚਰਚਾ ਤੋਂ ਬਾਅਦ ਲਾਗੂ ਕਰ ਦਿੱਤਾ ਜਾਵੇਗਾ। ਮੰਤਰੀ ਨੇ ਸਰਕਾਰੀ ਸਿੱਖਿਆ ਦੇ ਸੁਧਾਰ ਸਬੰਧੀ ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੱਡਾ ਸੁਧਾਰ ਹੋਇਆ ਹੈ ਜਿਸ ਦੀ ਗਵਾਹ 2015 ਦੀ ਸਰਕਾਰੀ ਸਕੂਲ ਦੀ ਸਾਲਾਨਾ ਰਿਪੋਰਟ ਹੈ।

ਉਨ੍ਹਾਂ ਕਿਹਾ ਕਿ 5ਵੀਂ ਤੇ 8ਵੀਂ ਕਲਾਸ ਦੇ ਬੋਰਡ ਰਾਹੀਂ ਪੇਪਰ ਲੈਣਾ ਸ਼ੁਰੂ ਕੀਤਾ ਗਿਆ ਹੈ। ਸਕੂਲਾਂ ਦਾ ਬੁਨਿਆਦੀ ਵਿਕਾਸ ਕੀਤਾ ਹੈ। ਜਿੱਥੇ ਲੋੜ ਪਈ, ਉੱਥੇ ਅਧਿਆਪਕ ਤਬਦੀਲ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁਝ ਅਜਿਹੇ ਸਕੂਲ ਹਨ ਜਿਨ੍ਹਾਂ ਨੂੰ ਚਲਾਉਣ ਲਈ ਅਧਿਆਪਕ ਚੰਗੀ ਮਿਹਨਤ ਕਰ ਰਹੇ ਹਨ। ਅਜਿਹੇ ਅਧਿਆਪਕਾਂ ਨੂੰ ਸਨਮਾਨਤ ਕਰਨ ਲਈ ਲਾਈਫ਼-ਟਾਈਮ ਅਚੀਵਮੈਂਟ ਐਵਾਰਡ ਸ਼ੁਰੂ ਕੀਤਾ ਜਾਵੇਗਾ।

print
Share Button
Print Friendly, PDF & Email