ਸੰਵੇਗ ਬਨਾਮ ਅਰਥ ਵਿਵਸਥਾ

ss1

        ਸੰਵੇਗ ਬਨਾਮ ਅਰਥ ਵਿਵਸਥਾ

ਹਮੇਸ਼ਾਂ ਦੀ ਤਰ੍ਹਾਂ ਅੱਜ ਵੀ ਸੱਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ। ਮੇਰੇ ਮਾਤਾ ਜੀ ਦੀ ਕਾਫੀ ਉਮਰ ਹੋ ਚੁੱਕੀ ਹੈ। ਉਹ ਘਰ ਵਿੱਚ ਅਕਸਰ ਬੋਰ ਹੋ ਜਾਇਆ ਕਰਦੇ ਸੀ, ਕਿਉਂਕਿ ਬਾਕੀ ਸਾਰੇ ਘਰ ਦੇ ਮੈਂਬਰ ਆਪੋ ਆਪਣੇ ਕੰਮਾਂ ‘ਤੇ ਚਲੇ ਜਾਂਦੇ ਸੀ, ਅਤੇ ਮੇਰੇ ਮਾਤਾ ਜੀ ਨੌਕਰੀ ਛੱਡ ਚੁੱਕੇ ਸੀ। ਸਵੇਰ ਤੋਂ ਲੈ ਕੇ ਰਾਤ ਤੱਕ ਘਰ ਵਿੱਚ ਹੀ ਬੈਠੇ ਰਹਿਣਾ ਬਹੁਤ ਬੋਰਿੰਗ ਜਿਹਾ ਹੋਇਆ ਪਿਆ ਸੀ। ਇੱਕ ਦਿਨ ਮੇਰੇ ਮਾਤਾ ਜੀ ਦੀਆਂ ਪੁਰਾਣੀਆਂ ਸਹੇਲੀਆਂ ਆਈਆਂ। ਉਹਨਾਂ ਸਾਰਿਆਂ ਨੇ ਮੇਰੀ ਮਾਤਾ ਜੀ ਨਾਲ ਰਲਕੇ ਇਹ ਫੈਸਲਾ ਕੀਤਾ ਕਿ ਉਹ ਸਾਰੇ ਇਕੱਠੇ ਸ਼ਾਮ ਨੂੰ ਪਾਰਕ ਵਿੱਚ ਜਾਇਆ ਕਰਨਗੇ। ਬਸ ਫਿਰ ਇੰਨ੍ਹੀ ਛੋਟੀ ਜਿਹੀ ਗਲ ਨਾਲ ਹੋ ਗਈ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ। ਫਿਰ ਜਾਣਾ ਸ਼ੁਰੂ ਕਰ ਦਿੱਤਾ ਸ਼ਾਮ ਨੂੰ ਪਾਰਕ। ਉੱਥੇ ਮੇਰੇ ਮਾਤਾ ਜੀ ਅਤੇ ਉਹਨਾਂ ਦੀਆਂ ਸਾਰੀਆਂ ਸਹੇਲੀਆਂ ਰਲਕੇ ਸ਼ਬਦ ਗਾਉਂਦੇ, ਯੋਗਾ ਕਰਦੇ, ਬੋਲੀਆਂ ਪਾਉਂਦੇ, ਤਾੜੀਆਂ ਮਾਰਦੇ, ਦੁੱਖੁਸੁੱਖ ਸਾਂਝੇ ਕਰਦੇ, ਹਸਦੁੇਖੇਡਦੇ ਆਦਿ। ਮੇਰੇ ਮਾਤਾ ਜੀ ਬਹੁਤ ਖੁਸ਼ ਰਹਿਣ ਲਗ ਗਏ। ਮੇਰੇ ਮਾਤਾ ਜੀ ਨੂੰ ਪਾਰਕ ਜਾਣ ਲਈ ਮੈਂ ਵੀ ਬਹੁਤ ਪ੍ਰੇਰਿਤ ਕੀਤਾ ਸੀ। ਜਦ ਵੀ ਮੇਰੇ ਮਾਤਾ ਜੀ ਦੀਆ ਸਹੇਲੀਆਂ ਪਾਰਕ ਲੈਕੇ ਜਾਣ ਲਈ ਆਉਂਦੀਆਂ ਹਨ, ਕਈ ਵਾਰ ਇੰਝ ਵੀ ਹੁੰਦਾ ਸੀ ਕਿ ਮੇਰੇ ਮਾਤਾ ਜੀ ਪਾਰਕ ਜਾਣ ਤੋਂ ਕੰਨੀ ਕਤਰਾਉਂਦੇ ਜਿਹੇ ਸਨ, ਪਰ ਮੈਂ ਉਹਨਾਂ ਨੂੰ ਹਮੇਸ਼ਾਂ ਇਹ ਕਹਿੰਦਾ ਹਾਂ ਕਿ ਮੰਮੀ ਜੀ ਘਰੇ ਰਹਿ ਕੇ ਕੀ ਕਰਨਾ ਹੈ, ਤੁਸੀਂ ਪਾਰਕ ਜਾ ਆਓ, ਉੱਥੇ ਗਲਾਂ ਬਾਤਾਂ ਕਰ ਆਓ। ਹੁਣ ਮੇਰੇ ਮਾਤਾ ਜੀ ਬਹੁਤ ਖੁਸ਼ ਰਹਿਣ ਲਗ ਪਏ। ਇੱਕ ਦਿਨ ਉਹਨਾਂ ਨੇ ਮੈਨੂੰ ਆਪਣੇ ਮੂੰਹੋਂ ਹੀ ਕਹਿ ਦਿੱਤਾ ਪਾਰਕ ਜਾ ਕੇ ਤਾਂ ਦਿਲ ਬਹੁਤ ਲਗਦਾ, ਅਸੀਂ ਸਾਰੀਆਂ ਬਜ਼ੁਰਗ ਬਜ਼ੁਰਗ ਔਰਤਾਂ ਇਕੱਠੀਆਂ ਹੋ ਕੇ ਹੱਸ ਖੇਡ ਲੈਂਦੀਆਂ ਹਨ, ਦੁਖੁਸੁੱਖ ਸਾਂਝੇ ਕਰ ਲੈਂਦੀਆਂ ਹਨ। ਇਹ ਗਲ ਸੁਣਕੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ। ਮੈਨੂੰ ਹਮੇਸ਼ਾਂ ਇਸ ਗਲ ਦੀ ਫਿਕਰ ਰਹਿੰਦੀ ਸੀ ਕਿ ਮੇਰੇ ਜ਼ਿਆਦਾ ਵਿਅਸਤ ਹੋਣ ਕਾਰਨ, ਮੇਰੇ ਮਾਤਾ ਜੀ ਜ਼ਿਆਦਾ ਇਕੱਲਾ ਨਾ ਮਹਿਸੂਸ ਕਰਦੇ ਹੋਣ। ਕਿਉਂਕਿ ਸਵੇਰ ਮੈਂ ਨੌਕਰੀ ਕਰਦਾ ਹਾਂ, ਸ਼ਾਮ ਨੂੰ ਘਰ ਦੇ ਕੰਮ, ਕਿਸੇ ਵੀ ਵਿਸ਼ੇ ‘ਤੇ ਰਿਸਰਚ ਅਤੇ ਲਿਖਦਾ ਹਾਂ। ਫਿਰ ਇੱਕ ਦਿਨ ਮੇਰੇ ਮਾਤਾ ਜੀ ਨੇ ਪਾਰਕ ਤੋਂ ਵਾਪਿਸ ਆ ਕੇ ਮੈਨੂੰ ਇੱਕ ਅਜਿਹੀ ਗਲ ਕਹੀ, ਜੋ ਬਹੁਤ ਹੀ ਵਿਚਾਰਨਯੋਗ ਸੀ। ਮਾਤਾ ਜੀ ਨੇ ਕਿਹਾ ਜਿਹੜੀ ਮੇਰੀ ਸਹੇਲੀ ਹੈ ਨਾ, ਜਿਹਨਾਂ ਕੋਲ ਏਜੰਸੀ ਹੈ, ਜੋ ਬਹੁਤ ਅਮੀਰ ਹੈ, ਉਹ ਮੈਨੂੰ ਕਹਿੰਦੀ ਕਿ ਜਦੋਂ ਦੇ ਆਪਾਂ ਪਾਰਕ ਆਉਣ ਲੱਗੇ ਹਾਂ, ਉਦੋਂ ਦੀ ਜ਼ਿੰਦਗੀ ਵਧੀਆ ਜਿਹੀ ਬਣ ਗਈ ਹੈ। ਪਾਰਕ ਆਉਣ ਤੋਂ ਬਾਅਦ ਦਿਮਾਗ ਤੰਦਰੁਸਤ ਜਿਹਾ ਹੋ ਜਾਂਦਾ। ਜੇ ਪਾਰਕ ਨਾ ਆਈਏ ਤਾਂ ਘਰ ਬੈਠੀਏ ਕੀ ਕਰੀਏ, ਘਰ ਬੈਠੇ ਬੈਠੇ ਤਾਂ ਬੰਦਾ ਹੋਰ ਹੀ ਹੋ ਜਾਂਦਾ। ਇਹ ਗਲ ਸੁਣਨ ਵਿੱਚ ਤਾਂ ਬਹੁਤ ਆਮ ਜਿਹੀ ਗਲ ਲਗਦੀ ਹੈ।

ਪਹਿਲਾਂ ਮੈਨੂੰ ਵੀ ਇਹ ਗਲ ਆਮ ਜਿਹੀ ਹੀ ਲੱਗੀ, ਕਿਉਂਕਿ ਅਜਿਹਾ ਆਪਾਂ ਅਕਸਰ ਹੀ ਸੁਣਦੇ ਰਹਿੰਦੇ ਹਾਂ। ਪਰ ਜਦ ਰਾਤ ਦਾ ਵੇਲਾ ਹੋਇਆ, ਮੈਂ ਆਪਣੀਆਂ ਅੱਖਾਂ ਬੰਦ ਕਰਕੇ ਬਹੁਤ ਹੀ ਆਰਾਮ ਨਾਲ ਬੈਠਾ ਸੀ, ਅਤੇ ਆਪਣੇ ਭੂਤਕਾਲ ਨੂੰ ਆਪਣੀਆਂ ਅੱਖਾਂ ਅੱਗੇ ਕਦੇ ਫੋਰਵਰਡ ਕਰਕੇ ਅਤੇ ਕਦੇ ਬੈਕਵਰਡ ਕਰਕੇ ਦੇਖ ਰਿਹਾ ਸੀ। ਤਾਂ ਇੰਝ ਕਰਦੇ ਕਰਦੇ ਉਪਰੋਕਤ ਗਲ ਮੇਰੀਆਂ ਅੱਖਾਂ ਅੱਗੇ ਆਈ। ਫਿਰ ਮੈਂ ਮਨ ਹੀ ਮਨ ਕੁਦਰਤ ਦਾ ਸ਼ੁਕਰ ਕੀਤਾ ਕਿ ਇੱਕ ਵਾਰ ਫਿਰ ਕੁਦਰਤ ਨੇ ਮੈਨੂੰ ਕੁੱਝ ਅਸਲ ਸੱਚਾਈਆਂ ਮਹਿਸੂਸ ਕਰਵਾਈਆਂ। ਜਦ ਉਪਰੋਕਤ ਗਲ ਮੇਰੀਆਂ ਅੱਖਾਂ ਸਾਹਮਣੇ ਆਈ ਤਾਂ ਮੈਂ ਸੋਚਿਆ ਕਿ ਜੋ ਮੇਰੇ ਮਾਤਾ ਜੀ ਹਨ, ਉਹ ਤਾਂ ਇੱਕ ਆਮ ਘਰ ਤੋਂ ਹਨ, ਪਰ ਜਿਹੜੇ ਮੇਰੇ ਮਾਤਾ ਜੀ ਦੀ ਸਹੇਲੀ ਹਨ, ਉਹ ਤਾਂ ਇੱਕ ਅਮੀਰ ਪਰਿਵਾਰ ਤੋਂ ਹਨ। ਉਹਨਾਂ ਘਰ ਤਾਂ ਹਰ ਇੱਕ ਸੁਵਿਧਾ ਹੈ। ਪਰ ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਜਿਵੇਂ ਮੇਰੇ ਮਾਤਾ ਜੀ ਆਪਣੇ ਘਰ ਮਹਿਸੂਸ ਕਰਦੇ ਹਨ, ਠੀਕ ਉਵੇਂ ਹੀ ਉਹਨਾਂ ਦੀ ਸਹੇਲੀ ਮਹਿਸੂਸ ਕਰਦੇ ਹਨ। ਪਾਰਕ ਜਾਣ ਤੋਂ ਪਹਿਲਾਂ ਉਹਨਾਂ ਦੀ ਸਹੇਲੀ ਵੀ ਆਪਣੇ ਘਰ ਬੋਰ ਹੀ ਹੁੰਦੇ ਸਨ ਭਾਂਵੇ ਉਹਨਾਂ ਦੀ ਬਹੁਤ ਵੱਡੀ ਕੋਠੀ ਹੈ। ਉਹਨਾਂ ਦੀ ਜ਼ਿੰਦਗੀ ਵਿੱਚ ਵੀ ਰੰਗ ਉਨ੍ਹੇਂ ਹੀ ਘੱਟ ਸਨ, ਜਿੰਨ੍ਹੀ ਮੇਰੀ ਮਾਤਾ ਜੀ ਦੀ ਜ਼ਿੰਦਗੀ ਵਿੱਚ। ਜਦ ਉਹਨਾਂ ਦੋਹਾਂ ਨੇ ਪਾਰਕ ਜਾਣਾ ਸ਼ੁਰੂ ਕਰ ਦਿੱਤਾ ਤਾਂ, ਜਿੰਨ੍ਹੀ ਖੁਸ਼ੀ ਮੇਰੇ ਮਾਤਾ ਜੀ ਦੀ ਸਹੇਲੀ ਨੂੰ ਮਿਲੀ, ਉਨ੍ਹੀ ਹੀ ਖੁਸ਼ੀ ਮੇਰੇ ਮਾਤਾ ਜੀ ਨੂੰ ਵੀ ਮਿਲੀ। ਹੁਣ ਜੇ ਆਪਾਂ ਧਿਆਨ ਨਾਲ ਸੋਚੀਏ, ਤਾਂ ਦੱਸੋ ਫਿਰ ਜ਼ਿਆਦਾ ਪੈਸੇ ਅਤੇ ਘੱਟ ਪੈਸੇ ਵਾਲੇ ਘਰ ਵਿੱਚ ਫਰਕ ਹੀ ਕੀ ਰਹਿ ਗਿਆ ਕਿਉਂਕਿ ਦੋਨੋਂ ਹੀ ਤਾਂ ਇੱਕੋ ਜਿਹਾ ਮਹਿਸੂਸ ਕਰ ਰਹੇ ਹਨ। ਜਿੰਨ੍ਹਾਂ ਕੋਲ ਜ਼ਿਆਦਾ ਪੇੈਸਾ ਹੈ, ਉਹ ਵੀ ਉਨ੍ਹਾਂ ਕੁ ਹੀ ਮੰਨੋਰੰਜਕ ਅਤੇ ਬੋਰੀਅਤ ਮਹਿਸੂਸ ਕਰ ਰਹੇ ਹਨ, ਅਤੇ ਠੀਕ ਉਸੇ ਹੀ ਹਾਲਤਾਂ ਵਿੱਚ, ਜਿੰਨ੍ਹਾਂ ਵਿੱਚ ਘੱਟ ਪੈਸੇ ਵਾਲੇ ਮਹਿਸੂਸ ਕਰਦੇ ਹਨ। ਫਿਰ ਫਰਕ ਕਿੱਥੇ ਹੈ? ਆਪਣੀ ਜ਼ਿੰਦਗੀ ਸਿਰਫ ਸੰਵੇਗਾਂ ਨਾਲ, ਭਾਵਨਾਵਾਂ ਨਾਲ ਜੁੜੀ ਹੈ।

ਆਪਾਂ ਜੋ ਕੁੱਝ ਵੀ ਕਰਦੇ ਹਾਂ, ੳਹ ਸਿਰਫ ਅਤੇ ਸਿਰਫ ਚੰਗੀਆਂ ਭਾਵਨਾਂਵਾ ਨੂੰ ਮਹਿਸੂਸ ਕਰਨ ਲਈ ਕਰਦੇ ਹਾਂ। ਬਚਪਨ ਵਿੱਚ ਜੇ ਆਪਾਂ ਕੋਈ ਵੀਡਿਓ ਗੇਮ ਵੀ ਖਰੀਦਦੇ ਹਾਂ, ਤਾਂ ਉਹ ਸਿਰਫ ਆਪਣੇ ਆਪ ਨੂੰ ਖੁਸ਼ ਕਰਨ ਲਈ। ਵੱਡੇ ਹੋ ਕੇ ਆਪਾਂ ਵਿਆਹ ਕਰਵਾਉਂਦੇ ਹਾਂ, ਪ੍ਰਮਾਤਮਾ ਕੋਲੋਂ ਬੱਚੇ ਲੈਂਦੇ ਹਾਂ, ਸਿਰਫ ਆਪਣੇ ਆਪ ਨੂੰ ਖੁਸ਼ ਕਰਨ ਲਈ। ਪੈਸੇ ਕਮਾਉਂਦੇ ਹਾਂ ਸਿਰਫ ਅਤੇ ਸਿਰਫ ਆਪਣੇ ਆਪ ਨੂੰ ਖੁਸ਼ ਕਰਨ ਲਈ। ਖੁਸ਼ੀ ਕੀ ਹੈ? ਖੁਸ਼ੀ ਸਿਰਫ ਇੱਕ ਸੰਵੇਗ, ਭਾਵਨਾ ਹੀ ਤਾਂ ਹੈ। ਸਿਰਫ ਇਸ ਭਾਵਨਾ ਨੂੰ ਪੂਰਾ ਕਰਨ ਲਈ , ਮਹਿਸੂਸ ਕਰਨ ਲਈ, ਆਪਾਂ ਆਪਣਾ ਹਰ ਇੱਕ ਕਰਮ ਕਰਦੇ ਜਾਂਦੇ ਹਾਂ। ਪਰ ਇਹ ਭਾਵਨਾ ਆਪਾਂ ਕਦੋਂ ਵੀ ਅਤੇ ਕਿਤੇ ਵੀ ਮਹਿਸੂਸ ਕਰ ਸਕਦੇ ਹਾਂ, ਜੇ ਦੇਖਿਆ ਜਾਵੇ ਇਹ ਤਾਂ ਸਿਰਫ ਆਪਣੀ ਮਰਜ਼ੀ ਹੀ ਹੁੰਦੀ ਹੈ। ਇਸ ਲਈ ਕਿਸੇ ਪੈਸੇ ਦੀ ਤਾਂ ਕੋਈ ਜ਼ਰੂਰਤ ਨਹੀਂ ਹੁੰਦੀ। ਵੀਲੀਅਮ ਵਰਡਸਵਰਥ ਨੇ ਇੱਕ ਵਾਰ ਡੈਫੋਡਿਲਜ਼ ਫੁੱਲਾਂ ਦਾ ਦ੍ਰਿਸ਼ ਦੇਖਿਆ ਅਤੇ ਉਸਨੂੰ ਇਹ ਦ੍ਰਿਸ਼ ਦੇਖਕੇ ਇੰਨ੍ਹੀ ਕੁ ਜ਼ਿਆਦਾ ਖੁਸ਼ੀ ਹੋਈ ਕਿ ਉਸਨੇ ਇਸ ਦ੍ਰਿਸ਼ ‘ਤੇ ਇੱਕ ਕਵਿਤਾ ਹੀ ਲਿੱਖ ਦਿੱਤੀ ਅਤੇ ਉਸਨੇ ਕਿਹਾ ਹੁਣ ਜਦ ਵੀ ਉਹ ਕਦੇ ਉਦਾਸ ਹੁੰਦਾ ਹੈ, ਉਹ ਸਿਰਫ ਡੈਫੋਡਿਲਜ਼ ਦਾ ਉਹੀ ਦ੍ਰਿਸ਼ ਯਾਦ ਕਰਦਾ ਹੈ ਅਤੇ ਉਸਦੀ ਉਦਾਸੀ ਦੂਰ ਹੋ ਜਾਂਦੀ ਹੈ। ਭਾਵ ਜੋ ਭਾਵਨਾ, ਜੋ ਸੰਵੇਗ ਆਪਾਂ ਮਹਿਸੂਸ ਕਰਨਾ ਚਾਹੁੰਦੇ ਹਾਂ, ਜਿਸ ਲਈ ਆਪਾਂ ਦਿਨ ਰਾਤ ਮਿਹਨਤ ਕਰਦੇ ਰਹਿੰਦੇ ਹਾਂ, ਉਹ ਸੰਵੇਗ ਵੀਲੀਅਮ ਵਰਡਜ਼ਵਰਥ ਵਰਗੇ ਇਨਸਾਨ ਮੁਫਤ ਹੀ ਮਹਿਸੂਸ ਕਰ ਜਾਂਦੇ ਹਨ। ਪਰ ਆਪਾਂ ਉਸ ਸੰਵੇਗ, ਉਸ ਖੁਸ਼ੀ ਦੀ ਭਾਵਨਾ ਦੀ ਚਾਹਤ ਪਿੱਛੇ ਦਿਨ ਰਾਤ ਇੱਕ ਕਰਦੇ ਰਹਿੰਦੇ ਹਾਂ, ਪਰ ਉਹ ਭਾਵਨਾ ਮਹਿਸੂਸ ਹੀ ਨਹੀਂ ਕਰ ਪਾਉਂਦੇ, ਉਹ ਭਾਵਨਾ ਮਹਿਸੂਸ ਕਰਨ ਦਾ ਆਪਣੇ ਕੋਲ ਵਕਤ ਹੀ ਨਹੀਂ ਰਹਿੰਦਾ। ਡੈਫੋਡਿਲਜ਼ ਫੁਲਾਂ ਵਰਗੇ ਦ੍ਰਿਸ਼ ਹਰ ਰੋਜ਼ ਆਪਣੀ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਹੀ ਰਹਿੰਦੇ ਹਨ, ਪਰ ਆਪਣੀਆ ਅੱਖਾਂ ਕਦੇ ਉਸ ਦ੍ਰਿਸ਼ ‘ਤੇ ਪੈਂਦੀਆਂ ਹੀ ਨਹੀਂ, ਕਿਉਂਕਿ ਆਪਣੀਆਂ ਅੱਖਾਂ ਪੂਰੀ ਤਰ੍ਹਾਂ ਕੇਂਦਰਿਤ ਹੋ ਚੁੱਕੀਆਂ ਹਨ ਹੋਰ ਪੈਸੇ ਕਮਾਉਣ ਵਿੱਚ। ਜਿੱਥੇ ਵੀ ਕੋਈ ਪੈਸੇ ਕਮਾਉਣ ਦੀ ਗਲ ਦਿਸਦੀ ਹੈ, ਆਪਣਾ ਪੂਰਾ ਧਿਆਨ ਯੱਕ ਦਮ ਉੱਥੇ ਜਾ ਕੇ ਵਜਦਾ ਹੈ। ਜਿਵੇਂ ਕਿ ਜਦ ਵੀ ਆਪਾਂ ਕਿਸੇ ਸੜਕ ‘ਤੇ ਸਫਰ ਕਰ ਰਹੇ ਹੁੰਦੇ ਹਾਂ, ਤਾਂ ਤੁਸੀਂ ਆਪ ਹੀ ਸੋਚੋ, ਤੁਸੀਂ ਕੀ ਕੀ ਦੇਖਦੇ ਹੋਂ। ਸੜਕ ‘ਤੇ ਆਪਾਂ ਨੂੰ ਹਰ ਤਰ੍ਹਾਂ ਦੀ ਦੁਕਾਨ ਦਿਖਾਈ ਦਿੰਦੀ ਹੈ। ਇਹ ਬੂਟਾਂ ਦੀ ਦੁਕਾਨ ਹੈ, ਇਹ ਕਪੜਿਾਂ ਦੀ ਦੁਕਾਨ ਹੈ, ਇਹ ਫਲਾਣਾ ਮਾਲ ਹੈ, ਇਹ ਫਲਾਣਾ ਰੈਸਟੋਰੈਂਟ ਹੈ, ਇਹ ਫਲਾਣਾ ਪਲਾਜ਼ਾ ਹੈ ਆਦਿ, ਪਰ ਆਪਾਂ ਨੂੰ ਕਦੇ ਉਸੇ ਸਫਰ ‘ਤੇ ਰੱਖ ਕਦੇ ਦਿਖਾਈ ਹੀ ਨਹੀਂ ਦਿੱਤੇ। ਕਦੇ ਰਸਤੇ ਵਿੱਚ ਫੁਲ ਦਿਖਾਈ ਹੀ ਨਹੀਂ ਦਿੱਤੇ। ਜਦ ਰੁੱਖ ਸਫਰ ਵਿੱਚ ਆ ਜਾਂਦੇ ਹਨ, ਤਾਂ ਆਪਾਂ ਬਾਹਰ ਦੇਖਣਾ ਹੀ ਛੱਡ ਦਿੰਦੇ ਹਾਂ, ਆਪਾਂ ਮਨ ਹੀ ਮਨ ਕਹਿੰਦੇ ਹਾਂ ਹੁਣ ਤਾਂ ਖਾਲ੍ਹੀ ਰਾਹ ਆ ਗਿਆ। ਇਸ ਦਾ ਕਾਰਨ ਇਹੋ ਹੀ ਹੈ ਕਿ ਕਿਤੇ ਨਾ ਕਿਤੇ ਆਪਾਂ ਉਹੀ ਚੀਜ਼ ਦੇਖਦੇ ਹਾਂ ਜੋ ਪੈਸੇ ਨਾਲ ਸੰਬੰਧ ਰੱਖਦੀ ਹੈ। ਕੁੱਝ ਅਜਿਹੀਆਂ ਗਲਾਂ ਹੀ ਆਪਣੇ ਮਨ ਵਿੱਚ ਚਲਦੀਆਂ ਰਹਿੰਦੀਆਂ ਹਨ ਜੇ ਥੋੜ੍ਹੇ ਪੈਸੇ ਹੋਰ ਆ ਜਾਣ ਤਾਂ, ਮੈਂ ਫਲਾਣੇ ਪਲਾਜ਼ਾ ਤੋਂ ਡਿਨਰ ਕਰਾਂ। ਜੇ ਮੇਰੀ ਜੇਬ ਭਰੀ ਹੋਵੇ ਤਾਂ ਮੈਂ ਹਰ ਫਿਲਮ ਮਲਟੀਪਲੈਕਸ ਵਿੱਚ ਹੀ ਦੇਖਾਂ। ਮੇਰਾ ਕਿਹੜਾ ਬਰੈਂਡਡ ਕਪੜੇ ਪਾਉਣ ਨੂੰ ਜੀਅ ਨਹੀਂ ਕਰਦਾ, ਪਰ ਕਰੀਏ ਕਿ ਜੇਬ ਤਾਂ ਹਮੇਸ਼ਾਂ ਖਾਲ੍ਹੀ ਰਹਿੰਦੀ ਹੈ।

ਅਸਲ ਵਿੱਚ ਮੁਫਤ ਚੀਜ਼ ਦੀ ਆਪਾਂ ਕਦਰ ਹੀ ਨਹੀਂ ਕਰ ਪਾਉਂਦੇ। ਰੁੱਖ, ਕੁਦਰਤ, ਹਰਿਆਲੀ ਬਿਲਕੁਲ ਮੁਫਤ ਮਿਲਦੀ ਹੈ ਆਪਾਂ ਨੂੰ, ਇਸ ਲਈ ਆਪਣੇ ਤੋਂ ਇਹ ਕੁਦਰਤ ਦੇ ਤੋਹਫੇ ਤਾਂ ਨਜ਼ਰ ਅੰਦਾਜ਼ ਹੀ ਹੋ ਜਾਂਦੇ ਹਨ। ਪਰ ਵੀਲੀਅਮ ਵਰਡਸਵਰਥ ਵਰਗੇ ਇਨਸਾਨ ਇੰਟੈਲੀਜੈਂਟ ਹੁੰਦੇ ਹਨ। ਸਾਨੂੰ ਇਹ ਹਮੇਸ਼ਾਂ ਯਾਦ ਰੱਖਣਾ ਪਵੇਗਾ ਕਿ ਜ਼ਿੰਦਗੀ ਸੰਵੇਗਾਂ ‘ਤੇ ਖੱੜ੍ਹੀ ਹੈ, ਨਿਰੀ ਪੁਰੀ ਪੈਸੇ ‘ਤੇ ਨਹੀਂ। ਸੋ ਸਾਨੂੰ ਵੀ ਆਪਣੀ ਜ਼ਿੰਦਗੀ ਇੱਕ ਸਫਲ ਅਤੇ ਸਰਲ ਜ਼ਿੰਦਗੀ ਬਨਾਉਣ ਲਈ, ਥੋੜ੍ਹਾ ਆਪਣਾ ਦਿਮਾਗ ਵਧਾਉਣਾ ਪਵੇਗਾ, ਇੰਟੈਲੀਜੈਂਟ ਬੰਨਣੇ ਪਵੇਗਾ, ਰਹਿਣਾ ਪਵੇਗਾ ੨੪ ਘੰਟੇ ਚੌਕਸ, ਮਾਰਨੀ ਪਵੇਗੀ ਡੂੰਘੀ ਝਾਤ ਆਪਣੀ ਹਰ ਪਲ ਪਲ ਦੀ ਜ਼ਿੰਦਗੀ ‘ਤੇ, ਤਾਂ ਜੋ ਆਪਾਂ ਆਪਣੀ ਜ਼ਿੰਦਗੀ ਤੋਂ ਕੁੱਝ ਸਿੱਖ ਸਕੀਏ, ਕਿਉਂਕਿ ਜ਼ਿੰਦਗੀ ਹੀ ਕੁਦਰਤ ਹੈ, ਜ਼ਿੰਦਗੀ ਹੀ ਸੱਭ ਤੋਂ ਵੱਡੀ ਅਧਿਆਪਕਾ ਹੈ। ਸਮਾਂ ਹੀ ਆਪਣਾ ਸੱਭ ਤੋਂ ਵੱਡਾ ਗੁਰੂ ਹੈ।

 

my picਸਾਹਿਤਕਾਰ ਅਮਨਪ੍ਰੀਤ ਸਿੰਘ
ਵਟਸ ਅਪ 09465554088

print

Share Button
Print Friendly, PDF & Email