13 ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਮੁਲਤਵੀ

ss1

13 ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਮੁਲਤਵੀ

ਪਟਿਆਲਾ – ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀ ਕਰਮਚਾਰੀ ਅਤੇ ਲੋਕ ਏਕਤਾ ਫਰੰਟ ਪੰਜਾਬ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ ਸੀ, ਜਿਸ ਕਾਰਨ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਮਾਜ ਭਲਾਈ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਫਰੰਟ ਨੂੰ ਗੱਲਬਾਤ ਲਈ ਸੱਦਿਆ ਗਿਆ ਹੈ। ਇਸ ਸਬੰਧੀ ਫਰੰਟ ਦੇ ਸੂਬਾ ਕਨਵੀਨਰ ਗੁਰਮੇਲ ਸਿੰਘ ਚੰਦੜ ਤੇ ਅਵਤਾਰ ਸਿੰਘ ਕੈਂਥ ਨੇ ਦੱਸਿਆ ਕਿ ਡਿਸਕਸ ਹੋਈਆਂ ਮੁੱਖ ਮੰਗਾਂ ਵਿਚ ਸੰਵਿਧਾਨ ਦੀ 85ਵੀਂ ਸੋਧ ਨੂੰ ਲਾਗੂ ਕਰਨਾ ਤੇ ਮਿਤੀ 10.10.14 ਦਾ ਰਿਜ਼ਰਵੇਸ਼ਨ ਵਿਰੋਧੀ ਪੱਤਰ ਵਾਪਸ ਲੈਣਾ, ਮਿਤੀ 5.7.16 ਦਾ ਵਾਪਸ ਲਿਆ ਗਿਆ ਪੱਤਰ ਮੁੜ ਲਾਗੂ ਕਰਨਾ, ਇਸ ਵਰਗ ਦਾ ਬੈਕਲਾਗ ਪਹਿਲ ਦੇ ਆਧਾਰ ‘ਤੇ ਪੂਰਾ ਕਰਨਾ, ਆਬਾਦੀ ਦੇ ਆਧਾਰ ਤੇ ਰਿਜ਼ਰਵੇਸ਼ਨ ਲਾਗੂ ਕਰਨਾ, ਸਮੂਹ ਅਨੁਸੂਚਿਤ ਜਾਤੀ ਵਰਗ ਨੂੰ ਕਿਸਾਨਾਂ ਦੀ ਤਰਜ਼ ‘ਤੇ ਮੁਫਤ ਬਿਜਲੀ ਸਪਲਾਈ ਬਿਨਾਂ ਸ਼ਰਤ ਦੇਣਾ, ਨੌਕਰੀ ਲਈ ਅਪਲਾਈ ਕਰਨ ਸਮੇਂ ਅਨੁਸੂਚਿਤ ਜਾਤੀ ਵਰਗ ਨੂੰ ਘੱਟੋ-ਘੱਟ 10 ਫੀਸਦੀ ਅੰਕਾਂ ਦੀ ਛੋਟ ਦੇਣਾ, ਬੇਰੁਜ਼ਗਾਰੀ ਭੱਤਾ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਸ਼ਗਨ ਸਕੀਮ ਵਿਚ ਵਾਧਾ ਕਰਨਾ ਸ਼ਾਮਲ ਸਨ। ਇਸ ਸਬੰਧੀ ਪਿਛਲੇ ਕਾਫੀ ਸਮੇਂ ਤੋਂ ਫਰੰਟ ਵੱਲੋਂ ਪੰਜਾਬ ਸਰਕਾਰ ਵਿਰੁੱਧ ਮੁਜ਼ਾਹਰੇ ਕੀਤੇ ਜਾ ਰਹੇ ਸਨ। ਫਰੰਟ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੀਟਿੰਗ ਵਿਚ ਵੀ ਜਲਦ ਹੀ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਕਿਹਾ ਗਿਆ ਸੀ ਕਿ ਇਨ੍ਹਾਂ ਮੰਗਾਂ ਦਾ ਜਲਦ ਨਿਪਟਾਰਾ ਹੋਵੇਗਾ।
ਇਸ ਮੌਕੇ ਉਪ ਮੁੱਖ ਮੰਤਰੀ ਅਤੇ ਸਮਾਜ ਭਲਾਈ ਮੰਤਰੀ ਪੰਜਾਬ ਵੱਲੋਂ ਜਲਦੀ ਮੰਗਾਂ ਦਾ ਹੱਲ ਕੀਤੇ ਜਾਣ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਫਰੰਟ ਵੱਲੋਂ 13 ਅਗਸਤ ਨੂੰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਪ੍ਰੋਗਰਾਮ ਅੱਗੇ ਪਾ ਦਿੱਤਾ ਗਿਆ ਹੈ। ਸਰਕਾਰ ਨੂੰ ਮੰਗਾਂ ਮੰਨਣ ਲਈ ਕੁਝ ਸਮਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *