ਭਾਈ ਰਣਧੀਰ ਸਿੰਘ ਯਾਦਗਾਰ ਦੇ ਉਸਾਰੀ ਕਾਰਜ ਅੰਤਿਮ ਪੜਾਅ ’ਤੇ

ss1

ਭਾਈ ਰਣਧੀਰ ਸਿੰਘ ਯਾਦਗਾਰ ਦੇ ਉਸਾਰੀ ਕਾਰਜ ਅੰਤਿਮ ਪੜਾਅ ’ਤੇ
ਪਿੰਡ ਨਾਰੰਗਵਾਲ ਵਿਖੇ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਯਾਦਗਾਰ ਨੂੰ ਮੁੱਖ ਮੰਤਰੀ ਕਰਨਗੇ ਕੌਮ ਨੂੰ ਸਮਰਪਿਤ

ਲੁਧਿਆਣਾ, 7 ਮਈ (ਪ੍ਰੀਤੀ ਸ਼ਰਮਾ): ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਆਪਣਾ ਵਿਲੱਖਣ ਯੋਗਦਾਨ ਪਾਉਣ ਵਾਲੇ ਅਤੇ ਆਪਣੇ ਜੀਵਨ ਦੇ ਬੇਸ਼ਕੀਮਤੀ 16 ਸਾਲ ਅਲੱਗ-ਅਲੱਗ ਜੇਲਾਂ ਵਿੱਚ ਕੱਟਣ ਵਾਲੇ ਆਜ਼ਾਦੀ ਘੁਲਾਟੀਏ ਸਵਰਗੀ ਭਾਈ ਰਣਧੀਰ ਸਿੰਘ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਪਿੰਡ ਨਾਰੰਗਵਾਲ ਵਿੱਚ ਉਸਾਰੀ ਜਾ ਰਹੀ ਯਾਦਗਾਰ ਦਾ ਉਸਾਰੀ ਕੰਮ ਅੰਤਿਮ ਪੜਾਅ ’ਤੇ ਪਹੁੰਚ ਚੁੱਕਾ ਹੈ ਅਤੇ ਇਸ ਯਾਦਗਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਜਲਦ ਹੀ ਕੌਮ ਨੂੰ ਸਮਰਪਿਤ ਕਰਨਗੇ। ਇਸ ਦੇ ਉਸਾਰੀ ਕਾਰਜਾਂ ਦਾ ਨਿਰੀਖਣ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਇਸ ਜਗਾ ਦਾ ਦੌਰਾ ਕੀਤਾ ਅਤੇ ਉਸਾਰੀ ਕਾਰਜਾਂ ਵਿੱਚ ਲੱਗੇ ਸਰਕਾਰੀ ਅਧਿਕਾਰੀਆਂ ਅਤੇ ਠੇਕੇਦਾਰ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਪਿੰਡ ਨਾਰੰਗਵਾਲ ਦੇ ਜੰਮਪਲ ਭਾਈ ਰਣਧੀਰ ਸਿੰਘ ਨੇ ਦੇਸ਼ ਦੀ ਆਜ਼ਾਦੀ ਸੰਘਰਸ਼ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਸੀ ਅਤੇ ਭਾਰਤ ਪਾਕਿਸਤਾਨ ਦੀਆਂ ਕਈ ਜੇਲਾਂ ਵਿੱਚ ਆਪਣੇ ਜੀਵਨ ਦੇ 16 ਸਾਲ ਕੈਦ ਕੱਟੀ ਸੀ। ਪੰਜਾਬ ਸਰਕਾਰ ਨੇ ਭਾਈ ਰਣਧੀਰ ਸਿੰਘ ਦੀ ਦੇਸ਼ ਪ੍ਰਤੀ ਇਸ ਅਦੁੱਤੀ ਦੇਣ ਨੂੰ ਹਮੇਸ਼ਾਂ-ਹਮੇਸ਼ਾਂ ਲਈ ਸਾਂਭਣ ਦਾ ਉਪਰਾਲਾ ਕੀਤਾ ਸੀ, ਜਿਸ ਤਹਿਤ ਪਿੰਡ ਨਾਰੰਗਵਾਲ (ਪਿੰਡ ਗੁੱਜਰਵਾਲ ਵਾਲੀ ਸੜਕ ’ਤੇ) ਵਿਖੇ ਇੱਕ ਯਾਦਗਾਰ ਦੀ ਉਸਾਰੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਸ ਯਾਦਗਾਰ ’ਤੇ 1.50 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਦਕਿ ਇਸ ਯਾਦਗਾਰ ਲਈ 1.75 ਏਕੜ ਜਗਾ ਪਿੰਡ ਵਾਸੀਆਂ ਵੱਲੋਂ ਦਿੱਤੀ ਗਈ ਸੀ।

ਸ੍ਰੀ ਭਗਤ ਨੇ ਦੱਸਿਆ ਕਿ ਇਸ ਯਾਦਗਾਰ ਵਿੱਚ ਇੱਕ 60 ਫੁੱਟ ਉੱਚਾ ਮੀਨਾਰ ਬਣਾਇਆ ਗਿਆ ਹੈ, ਜੋ ਕਿ ਨੇੜਲੇ ਕਈ ਪਿੰਡਾਂ ਵਿੱਚ ਆਸਾਨੀ ਨਾਲ ਦਿਖਾਈ ਦਿੰਦਾ ਹੈ। ਇਸੇ ਤਰਾਂ ਯਾਦਗਾਰ ਵਿੱਚ ਲਾਇਬਰੇਰੀ, ਅਜਾਇਬ ਘਰ, ਰਿਸੈਪਸ਼ਨ, ਸ਼ਾਨਦਾਰ ਦੁਆਰ, ਵਧੀਆ ਲੈਂਡਸਕੇਪਿੰਗ ਵਾਲਾ ਲਾਅਨ ਅਤੇ ਹੋਰ ਦਿਲਕਸ਼ ਚੀਜਾਂ ਦਾ ਨਿਰਮਾਣ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਯਾਦਗਾਰ ਵਿੱਚ ਭਾਈ ਰਣਧੀਰ ਸਿੰਘ ਦੇ ਜੀਵਨ ਅਤੇ ਸੰਘਰਸ਼ ਬਾਰੇ ਬਕਾਇਦਾ ਵਿਸ਼ੇਸ਼ ਬੋਰਡ ਵੀ ਤਿਆਰ ਕਰਵਾ ਕੇ ਲਗਾਇਆ ਜਾਵੇਗਾ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਭਾਈ ਸਾਹਿਬ ਦੇ ਜੀਵਨ ਤੋਂ ਸਾਰਥਿਕ ਸੇਧ ਅਤੇ ਜਜ਼ਬਾ ਮਿਲ ਸਕੇ। ਦੱਸਣਯੋਗ ਹੈ ਕਿ ਭਾਈ ਸਾਹਿਬ ਦੇ ਨਾਮ ’ਤੇ ਸ਼ਹਿਰ ਲੁਧਿਆਣਾ ਵਿੱਚ ਵੀ ਭਾਈ ਰਣਧੀਰ ਸਿੰਘ ਨਗਰ ਵਸਿਆ ਹੋਇਆ ਹੈ। ਉਨਾਂ ਕਿਹਾ ਕਿ ਇਸ ਯਾਦਗਾਰ ਦਾ ਨੀਂਹ ਪੱਥਰ ਪੰਜਾਬ ਦੇ (ਤੱਤਕਾਲੀਨ ਅਤੇ ਹੁਣ) ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਵੱਲੋਂ ਸਾਲ 2011 ਵਿੱਚ ਰੱਖਿਆ ਗਿਆ ਸੀ। ਹੁਣ ਵੀ ਇਸ ਯਾਦਗਾਰ ਨੂੰ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਹੀ ਅਗਲੇ ਕੁਝ ਦਿਨਾਂ ਵਿੱਚ ਕੌਮ ਨੂੰ ਸਮਰਪਿਤ ਕਰਨ ਲਈ ਆ ਰਹੇ ਹਨ। ਉਨਾਂ ਦੱਸਿਆ ਕਿ ਇਸ ਯਾਦਗਾਰ ਦਾ 90 ਫੀਸਦੀ ਤੋਂ ਵਧੇਰੇ ਨਿਰਮਾਣ ਕਾਰਜ ਮੁਕੰਮਲ ਹੋ ਚੁੱਕਾ ਹੈ ਬੱਸ ਅੰਤਿਮ ਛੋਹਾਂ ਦੇਣੀਆਂ ਬਾਕੀ ਹਨ, ਜੋ ਕਿ ਅਗਲੇ 10-15 ਦਿਨਾਂ ਵਿੱਚ ਮੁਕੰਮਲ ਹੋ ਜਾਣਗੀਆਂ। ਉਨਾਂ ਦੱਸਿਆ ਕਿ ਇਸ ਯਾਦਗਾਰ ਨੂੰ ਸੰਭਾਲਣ ਵਿੱਚ ਭਾਈ ਰਣਧੀਰ ਸਿੰਘ ਯਾਦਗਾਰੀ ਟਰੱਸਟ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਸ੍ਰੀ ਭਗਤ ਨੇ ਨਿਰਮਾਣ ਕਾਰਜਾਂ ਵਿੱਚ ਲੱਗੇ ਅਧਿਕਾਰੀਆਂ ਅਤੇ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਇਸ ਨਿਰਮਾਣ ਕਾਰਜ ਜਲਦ ਤੋਂ ਜਲਦ ਮੁਕੰਮਲ ਕਰ ਲਏ ਜਾਣ ਤਾਂ ਜੋ ਇਸ ਦੇ ਉਦਘਾਟਨ ਲਈ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਤੋਂ ਸਮਾਂ ਲਿਆ ਜਾ ਸਕੇ। ਇਸ ਮੌਕੇ ਇਕੱਤਰ ਹੋਏ ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਵੱਲੋਂ ਭਾਈ ਸਾਹਿਬ ਦੀ ਯਾਦ ਵਿੱਚ ਉਸਾਰੀ ਜਾ ਰਹੀ ਇਸ ਯਾਦਗਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਅਪੀਲ ਕੀਤੀ ਕਿ ਇਸ ਯਾਦਗਾਰ ਨੂੰ ਜਲਦ ਤੋਂ ਜਲਦ ਆਮ ਲੋਕਾਂ ਲਈ ਖੋਲਿਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੁਧਿਆਣਾ (ਪੱਛਮੀ) ਦੇ ਐੱਸ. ਡੀ. ਐੱਮ. ਮਿਸ ਡਾ. ਰਿਚਾ, ਜ਼ਿਲਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਟਰੱਸਟ ਵੱਲੋਂ ਸ੍ਰ. ਕੁਲਦੀਪ ਸਿੰਘ (ਸਵਰਗੀ ਭਾਈ ਰਣਧੀਰ ਸਿੰਘ ਦੇ ਪੋਤਰੇ), ਸ੍ਰ. ਹਰਦੀਪ ਸਿੰਘ, ਸੀਨੀਅਰ ਅਕਾਲੀ ਆਗੂ ਡਾ. ਜਰਨੈਲ ਸਿੰਘ ਨਾਰੰਗਵਾਲ ਅਤੇ ਹੋਰ ਹਾਜ਼ਰ ਸਨ।

print
Share Button
Print Friendly, PDF & Email