ਪੇਂਡੂ ਮਜ਼ਦੂਰਾਂ ਦੇ ਏਕੇ ਅੱਗੇ ਝੁਕਿਆ ਪ੍ਰਸਾਸ਼ਨ

ss1

ਪੇਂਡੂ ਮਜ਼ਦੂਰਾਂ ਦੇ ਏਕੇ ਅੱਗੇ ਝੁਕਿਆ ਪ੍ਰਸਾਸ਼ਨ
ਮੁਆਵਜ਼ਾ ਅਤੇ ਪਲਾਟ ਦੇਣ ਦੇ ਲਿਖਤੀ ਭਰੋਸੇ ਉਪਰੰਤ ਮ੍ਰਿਤਕ ਬੱਚੀ ਦਾ ਹੋਇਆ ਸਸਕਾਰ

ਜਲੰਧਰ 2 ਅਗਸਤ (ਧਰਮਵੀਰ ਨਾਗਪਾਲ) ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਮੁੱਖ ਮੰਤਰੀ ਦੇ ਸੰਗਤ ਦਰਸ਼ਨ ’ਚ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਪਿੰਡ ਫਤਿਹਜ਼ਲਾਲ ਦੇ ਬੇਘਰੇ ਮਜ਼ਦੂਰ ਪਰਿਵਾਰ ਦੀ 3 ਸਾਲਾ ਧੀ ਪ੍ਰਿਅੰਕਾ ਦੀ ਲਾਸ਼ ਲੈ ਕੇ ਪ੍ਰਦਰਸ਼ਨ ਕਰਨ ਦੇ ਕੀਤੇ ਐਲਾਨ ਉਪਰੰਤ ਸੋਮਵਾਰ ਨੂੰ ਡੀ.ਸੀ. ਕੇ.ਕੇ. ਯਾਦਵ, ਐਸ.ਐਸ.ਪੀ. ਜਲੰਧਰ ਦਿਹਾਤੀ ਹਰਮੋਹਨ ਸਿੰਘ ਸੰਧੂ, ਐਸ.ਪੀ. ਹੈੱਡਕੁਆਟਰ ਨੇ ਯੂਨੀਅਨ ਆਗੂ ਹੰਸ ਰਾਜ ਪੱਬਵਾਂ ਅਤੇ ਕਸ਼ਮੀਰ ਸਿੰਘ ਘੁੱਗਸ਼ੋਰ ਨਾਲ ਮਸਲੇ ਦੇ ਹੱਲ ਲਈ ਮੀਟਿੰਗ ਕੀਤੀ। ਜਿਸ ਤਹਿਤ ਮਜ਼ਦੂਰਾਂ ਦੀ ਮੰਗ ਅਨੁਸਾਰ ਪ੍ਰਸਾਸ਼ਨ ਨੇ ਮ੍ਰਿਤਕ ਬੱਚੀ ਦੇ ਵਾਰਸਾਂ ਨੂੰ ਤਿੰਨ ਲੱਖ ਰੁਪਏ ਬਤੌਰ ਮੁਆਵਜਾ, ਲੋੜਵੰਦ ਕਿਰਤੀਆਂ ਨੂੰ 5-5 ਮਰਲੇ ਦੇ ਰਿਹਾਇਸ਼ੀ ਪਲਾਟ ਦੇਣ, ਨਿਯਮਾਂ ਦੇ ਉਲਟ ਫਤਿਹਜ਼ਲਾਲ ਦੀ ਪੰਚਾਇਤ ਵੱਲੋਂ 14 ਜੁਲਾਈ ਨੂੰ ਕੀਤੀ ਪੰਚਾਇਤੀ ਜ਼ਮੀਨ ਦੀ ਬੋਲੀ ਰੱਦ ਕਰਨ ਦਾ ਫੈਸਲਾ ਹੋਇਆ ਅਤੇ ਸਰਕਾਰ ਪੱਧਰ ਦੀਆਂ ਮੰਗਾਂ ਦੇ ਨਿਪਟਾਰੇ ਲਈ ਮੁੱਖ ਮੰਤਰੀ ਬਾਦਲ ਨਾਲ ਜੱਥੇਬੰਦੀ ਨੂੰ ਮੀਟਿੰਗ ਲੈ ਕੇ ਦੇਣ ਦਾ ਪ੍ਰਸਾਸ਼ਨ ਨੇ ਭਰੋਸਾ ਦਿੱਤਾ।
ਹੋਏ ਫੈਸਲੇ ਤਹਿਤ ਸੋਮਵਾਰ ਦੇਰ ਸ਼ਾਮ ਪਿੰਡ ਫਤਿਹਜ਼ਲਾਲ ਪੁੱਜ ਕੇ ਐਸ.ਡੀ.ਐਮ. ਜਲੰਧਰ-2 ਵਰਿੰਦਰਪਾਲ ਸਿੰਘ ਬਾਜਵਾ ਨੇ ਪੀੜਤ ਪਰਿਵਾਰ ਨੂੰ ਤਿੰਨ ਲੱਖ ਰੁਪਏ ਦਾ ਚੈੱਕ ਅਤੇ ਗੰਦੇ ਪਾਣੀ ’ਚ ਘਿਰੇ 25 ਬੇਘਰੇ ਪਰਿਵਾਰਾਂ ਸਮੇਤ 298 ਕਿਰਤੀਆਂ ਨੂੰ ਰਿਹਾਇਸ਼ੀ ਪਲਾਟ ਦੇਣ ਦਾ ਮਤਾ ਅਗਲੀ ਕਾਰਵਾਈ ਲਈ ਭੇਜਣ ਦਾ ਲਿਖਤੀ ਪੱਤਰ ਦੇਣ ਉਪਰੰਤ ਪ੍ਰਸਾਸ਼ਨ ਅਤੇ ਯੂਨੀਅਨ ਆਗੂਆਂ ਦੀ ਮੌਜੂਦਗੀ ’ਚ ਪੀੜਤ ਪਰਿਵਾਰ ਨੇ ਮ੍ਰਿਤਕ ਬੱਚੀ ਦਾ ਦਾਹ ਸਸਕਾਰ ਕਰ ਦਿੱਤਾ।
ਜਿਕਰਯੋਗ ਹੈ ਕਿ ਫਤਿਹਜ਼ਲਾਲ ਦੀ ਪੰਚਾਇਤ ਅਤੇ ਮਹਿਕਮਾ ਅਧਿਕਾਰੀਆਂ ਨੇ ਮਜ਼ਦੂਰਾਂ ਨੂੰ ਸਬਕ ਸਿਖਾਉਣ ਦੀ ਨੀਅਤ ਨਾਲ ਮਜ਼ਦੂਰ ਪਰਿਵਾਰਾਂ ਦੀ ਬਸਤੀ ’ਚ ਗੰਦੇ ਪਾਣੀ ਦਾ ਨਿਕਾਸ ਕੀਤਾ ਸੀ ਅਤੇ ਬੇਘਰੇ ਕਿਰਤੀਆਂ ਨੂੰ ਕੋਈ ਬਦਲਵੀਂ ਰਿਹਾਇਸ਼ੀ ਥਾਂ ਮੁਹੱਈਆ ਨਹੀਂ ਕਰਵਾਈ ਸੀ।
ਉਪਰੰਤ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲਾ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਪੇਂਡੂ ਮਜ਼ਦੂਰਾਂ ਦੇ ਵਿਰੋਧ ਨੂੰ ਦੇਖਦੇ ਹੋਏ ਮੁੱਖ ਮੰਤਰੀ ਦਾ ਐਨ ਵਕਤ ਸੰਗਤ ਦਰਸ਼ਨ ਪ੍ਰੋਗਰਾਮ ਰੱਦ ਹੋਇਆ ਹੈ। ਅੱਜ ਹੋਇਆ ਸਮਝੌਤਾ ਮਜ਼ਦੂਰ ਦੇ ਏਕੇ ਦੀ ਜਿੱਤ ਹੈ। ਉਨਾਂ ਕਿਹਾ ਕਿ ਮੰਗਾਂ ਦੇ ਮੁਕੰਮਲ ਨਿਪਟਾਰੇ ਲਈ ਸੰਘਰਸ਼ ਜਾਰੀ ਰਹੇਗਾ। ਜੇਕਰ ਵਾਅਦੇ ਅਨੁਸਾਰ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ, ਤੀਜੇ ਹਿੱਸੇ ਦੀ ਰਾਖਵੀਂ ਜ਼ਮੀਨ ਨਾ ਦਿੱਤੀ ਗਈ ਅਤੇ ਬਾਕੀ ਹੋਰ ਮੰਗਾਂ ਦਾ ਨਿਪਟਾਰਾ ਨਾ ਹੋਇਆ ਤਾਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸੱਦੇ ਤਹਿਤ 12, 13, 14 ਅਗਸਤ ਨੂੰ ਹੋਣ ਵਾਲੇ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਦਾ ਕਾਲੇ ਝੰਡਿਆਂ ਨਾਲ ਵਿਰੋਧ ਹਰ ਹਾਲ ’ਚ ਕੀਤਾ ਜਾਵੇਗਾ।
ਉਨਾਂ ਅਗਲੇ ਸੰਘਰਸ਼ ਐਕਸ਼ਨ ਲਈ ਪੇਂਡੂ ਮਜ਼ਦੂਰਾਂ ਨੂੰ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਪੀੜਤ ਪਰਿਵਾਰ ਦੇ ਗਰੀਬ ਦਾਸ, ਦਲੀਪ ਕੁਮਾਰ, ਰਾਜੂ ਅਤੇ ਯੂਨੀਅਨ ਦੇ ਸਥਾਨਕ ਆਗੂ ਸੁਖਦੇਵ ਫਤਿਹਜ਼ਲਾਲ ਵੀ ਹਾਜ਼ਰ ਸਨ।

print
Share Button
Print Friendly, PDF & Email