ਤਰੰਜੀ ਖੇੜਾ ਵਿਖੇ ਝੋਨੇ ਅਤੇ ਨਰਮੇ ਬਾਰੇ ਜਾਣਕਾਰੀ ਦੇਣ ਲਈ ਕੈਂਪ ਲਾਇਆ

ss1

ਤਰੰਜੀ ਖੇੜਾ ਵਿਖੇ ਝੋਨੇ ਅਤੇ ਨਰਮੇ ਬਾਰੇ ਜਾਣਕਾਰੀ ਦੇਣ ਲਈ ਕੈਂਪ ਲਾਇਆ

30-15

ਦਿੜ੍ਹਬਾ ਮੰਡੀ, 30 ਜੁਲਾਈ (ਰਣ ਸਿੰਘ ਚੱਠਾ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵਲੋਂ ਸਾਂਝੇ ਤੌਰ ‘ਤੇ ਪਿੰਡ ਤਰੰਜੀ ਖੇੜਾ ਵਿਖੇ ਖੋਨੇ ਅਤੇ ਨਰਮੇ ਬਾਰੇ ਜਾਣਕਾਰੀ ਦੇਣ ਲਈ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਡਾ. ਬੂਟਾ ਸਿੰਘ ਰੋਮਾਣਾ, ਇੰਚਾਰਜ, ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਕਿਸਾਨਾਂ ਨੂੰ ਝੋਨੇ ਵਿੱਚ ਸਿੰਚਾਈ ਵਾਲੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਬਾਰੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਝੋਨੇ ਨੂੰ ਪਹਿਲਾਂ ਲਾਏ ਪਾਣੀ ਦੇ ਜ਼ੀਰਨ ਤੋਂ ਦੋ ਦਿਨ ਬਾਅਦ ਪਾਣੀ ਲਾਉਣਾ ਚਾਹੀਦਾ ਹੈ। ਇਸ ਤਰੀਕੇ ਨਾਲ ਪਾਣੀ ਦੀ ਕਾਫੀ ਬੱਚਤ ਹੁੰਦੀ ਹੈ ਅਤੇ ਝੋਨੇ ਦੇ ਝਾੜ ‘ਤੇ ਕੋਈ ਵੀ ਮਾੜਾ ਅਸਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਯੂਰੀਆ ਖਾਦ ਤੋਂ ਵਧੇਰੇ ਫਾਇਦਾ ਲੈਣ ਲਈ ਇਸ ਦੀ ਦੂਸਰੀ ਅਤੇ ਤੀਸਰੀ ਕਿਸ਼ਤ ਉਸ ਵੇਲੇ ਪਾਉ ਜਦੋਂ ਖੇਤ ਵਿੱਚ ਪਾਣੀ ਨਾ ਖੜਾ ਹੋਵੇ ਅਤੇ ਪਾਣੀ ਖਾਦ ਪਾਉਣ ਤੋਂ ਤੀਸਰੇ ਦਿਨ ਲਾਉ। ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਝੋਨੇ ਅਤੇ ਨਰਮੇ ਵਿੱਚ ਖੇਤੀ ਖਰਚੇ ਘਟਾਉਣ ਲਈ ਸਾਧਨਾਂ ਦੀ ਸਹੀ ਵਰਤੋਂ ਬਾਰੇ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਗਾਜਰ ਬੂਟੀ ਅਤੇ ਭੰਗ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਇਨ੍ਹਾਂ ਦੀ ਰੋਕਥਾਮ ਲਈ ਰਲ-ਮਿਲ ਕੇ ਹੰਭਲਾ ਮਾਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਦੀਨਾਂ ਦੀ ਰਸਾਇਣਕ ਰੋਕਥਾਮ ਲਈ 1.0 ਲਿਟਰ ਰਾਉਂਡ-ਅੱਪ (ਗਲਾਈਫੋਸੇਟ 41 ਤਾਕਤ) ਜਾਂ 600 ਗ੍ਰਾਮ ਐਕਸਲ ਮੈਰਾ (ਗਲਾਈਫੋਸੇਟ 71 ਤਾਕਤ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ। ਸ੍ਰੀ ਅਸ਼ੋਕ ਕੁਮਾਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਕਿਸਾਨਾਂ ਨਾਲ ਝੋਨੇ ਵਿੱਚ ਜ਼ਿੰਕ ਦੀ ਘਾਟ ਦੇ ਇਲਾਜ ਬਾਰੇੇ ਨੁਕਤੇ ਸਾਂਝੇ ਕੀਤੇ ਅਤੇ ਨਰਮੇ ਵਿੱਚ ਖੁਰਾਕੀ ਤੱਤਾਂ ਦੀ ਪੂਰਤੀ ਬਾਰੇ ਜਾਣਕਾਰੀ ਦਿੱਤੀ। ਡਾ. ਸੁਨੀਲ, ਸਹਾਇਕ ਪ੍ਰੋਫੈਸਰ (ਪੌਦਾ ਰੋਗ ਵਿਗਿਆਨ) ਨੇ ਕਿਸਾਨਾਂ ਨੂੰ ਝੋਨੇ ਵਿੱਚ ਗੋਭ ਅਤੇ ਪੱਤਾ ਲਪੇਟ ਸੁੰਡੀ ਅਤੇ ਨਰਮੇ ਵਿੱਚ ਚਿੱਟੀ ਮੱਖੀ ਅਤੇ ਹਰੇ ਤੇਲੇ ਦੀ ਰੋਕਥਾਮ ਬਾਰੇ ਦੱਸਿਆ ਅਤੇ ਲੋੜ ਪੈਣ ‘ਤੇ ਸਿਰਫ ਸਿਫਾਇਸ਼ ਕੀਤੀਆਂ ਦਵਾਈਆਂ ਦੀ ਹੀ ਵਰਤੋਂ ਕਰਨ ਨੂੰ ਕਿਹਾ। ਅਖੀਰ ਵਿੱਚ ਖੇਤੀ ਮਾਹਿਰਾਂ ਨੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਨਰਮੇ, ਸਬਜ਼ੀਆਂ ਅਤੇ ਫਲਦਾਰ ਬੂਟਿਆਂ ਸਬੰਧੀ ਸੱਮਸਿਆਵਾਂ ਦੇ ਹੱਲ ਦੱਸੇ ਅਤੇ ਗਾਜਰ ਬੂਟੀ ਦੇ ਖਾਤਮੇ ਲਈ ਸਪਰੇਅ ਸ਼ੁਰੂ ਕਰਵਾਈ। ਇਸ ਕੈਂਪ ਮੌਕੇ ਸਰਪੰਚ ਬਲਜੀਤ ਸਿੰਘ, ਜ਼ੋਰਾ ਸਿੰਘ, ਪ੍ਰੇਮ ਸਿਘ, ਬੰਤ ਸਿੰਘ, ਨਿੱਕੂ ਬਾਬਾ ਅਤੇ ਹੋਰ ਅਗਾਂਹਵਧੂ ਕਿਸਾਨ ਵੀਰ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *