ਵਿਦਿਆਰਥੀਆਂ ਨੂੰ ਘੱਟ ਗਿਣਤੀਆਂ ਲਈ ਵਜ਼ੀਫਾ ਸਕੀਮ ਦਾ ਲਾਹਾ ਦਿਵਾਉਣ ਲਈ ਸਿੱਖਿਆ ਵਿਭਾਗ ਵਿਸ਼ੇਸ਼ ਮੁਹਿੰਮ ਵਿੱਢੇਗਾ: ਡਾ.ਦਲਜੀਤ ਸਿੰਘ ਚੀਮਾ

ss1

ਵਿਦਿਆਰਥੀਆਂ ਨੂੰ ਘੱਟ ਗਿਣਤੀਆਂ ਲਈ ਵਜ਼ੀਫਾ ਸਕੀਮ ਦਾ ਲਾਹਾ ਦਿਵਾਉਣ ਲਈ ਸਿੱਖਿਆ ਵਿਭਾਗ ਵਿਸ਼ੇਸ਼ ਮੁਹਿੰਮ ਵਿੱਢੇਗਾ: ਡਾ.ਦਲਜੀਤ ਸਿੰਘ ਚੀਮਾ
ਸਿੱਖਿਆ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਸਮੇਤ ਘੱਟ ਗਿਣਤੀਆਂ ਦੀ ਭਲਾਈ ਲਈ ਸਰਗਰਮ ਐਨ.ਜੀ.ਓਜ਼ ਨਾਲ ਕੀਤੀ ਮੀਟਿੰਗ

28-42

ਚੰਡੀਗੜ੍ਹ, 28 ਜੁਲਾਈ (ਪ.ਪ.): ਕੇਂਦਰ ਸਰਕਾਰ ਵੱਲੋਂ ਘੱਟ ਗਿਣਤੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵਜ਼ੀਫਾ ਸਕੀਮ ਦਾ ਹੇਠਲੇ ਪੱਧਰ ‘ਤੇ ਵਿਦਿਆਰਥੀਆਂ ਨੂੰ ਪੂਰਾ ਫਾਇਦਾ ਪਹੁੰਚਾਣ ਲਈ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਸਬੰਧੀ ਅੱਜ ਉਨ੍ਹਾਂ ਸਿੱਖਿਆ ਤੇ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਘੱਟ ਗਿਣਤੀਆਂ ਦੀ ਭਲਾਈ ਲਈ ਸਰਗਰਮ ਗੈਰ ਸਰਕਾਰੀ ਸੰਸਥਾਵਾਂ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਕੇ ਇਸ ਦਿਸ਼ਾ ਵਿੱਚ ਮਿਲ ਕੇ ਜਾਗਰੂਕਤਾ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ। ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਈ ਮੀਟਿੰਗ ਵਿੱਚ ਡਾ.ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਭਲਾਈ ਅਤੇ ਪੁੰਨ ਦਾ ਕੰਮ ਹੈ ਕਿ ਘੱਟ ਗਿਣਤੀਆਂ ਨਾਲ ਸਬੰਧਤ ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵਜ਼ੀਫਾ ਸਕੀਮਾਂ ਦਾ ਫਾਇਦਾ 100 ਫੀਸਦੀ ਤੱਕ ਹੇਠਲੇ ਪੱਧਰ ਤੱਕ ਪੁੱਜੇ। ਉਨ੍ਹਾਂ ਐਨ.ਜੀ.ਓਜ਼ ਵੱਲੋਂ ਆਪਣੇ ਪੱਧਰ ‘ਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਕੰਮ ਵਿੱਚ ਸਿੱਖਿਆ ਵਿਭਾਗ ਉਨ੍ਹਾਂ ਨਾਲ ਮਿਲ ਕੇ ਘੱਟ ਗਿਣਤੀਆਂ ਨਾਲ ਸਬੰਧਤ ਸਮੂਹ ਵਿਦਿਆਰਥੀ ਜੋ ਵਜ਼ੀਫਾ ਸਕੀਮਾਂ ਲਈ ਯੋਗ ਹਨ, ਦੇ ਆਨਲਾਈਨ ਅਪਲਾਈ ਕਰਨ ਵਿੱਚ ਮੱਦਦ ਕਰੇਗਾ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਨਾਲ ਸਬੰਧਤ ਵਿਦਿਆਰਥੀਆਂ ਦੇ ਆਨ ਲਾਈਨ ਅਪਲਾਈ ਕਰਵਾਉਣ ਲਈ ਪ੍ਰਾਇਮਰੀ ਸਕੂਲਾਂ ਨੂੰ ਹਾਈ ਤੇ ਸੀਨੀਅਰ ਸੈਕੰਡਰੀ ਨਾਲ ਮੈਪਿੰਗ ਰਾਹੀਂ ਜੋੜਿਆ ਗਿਆ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਅਪਲਾਈ ਕਰਨ ਤੋਂ ਵਾਂਝਾ ਨਾ ਰਹਿ ਸਕੇ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਸਬੰਧੀ ਉਹ ਜਲਦ ਹੀ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਜਾਣਗੇ ਕਿ ਉਹ ਨਿੱਜੀ ਤੌਰ ‘ਤੇ ਇਸ ਕੰਮ ਵਿੱਚ ਦਿਲਚਸਪੀ ਲੈਣ ਤਾਂ ਜੋ 100 ਫੀਸਦੀ ਯੋਗ ਵਿਦਿਆਰਥੀ ਵਜ਼ੀਫਾ ਸਕੀਮ ਦਾ ਲਾਹਾ ਲੈ ਸਕਣ। ਉਨ੍ਹਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ 15 ਅਗਸਤ ਤੱਕ 100 ਫੀਸਦੀ ਆਨ ਲਾਈਨ ਅਪਲਾਈ ਕਰਵਾਉਣ ਦਾ ਟੀਚਾ ਪੂਰਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜਾ ਸਕੂਲ ਇਸ ਦਿਸ਼ਾ ਵਿੱਚ ਸਭ ਤੋਂ ਵਧੀਆ ਕੰਮ ਕਰੇਗਾ ਉਸ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਵੱਲੋਂ ਵੈਬਸਾਈਟ ਅਤੇ ਐਸ.ਐਮ.ਐਸ. ਰਾਹੀਂ ਵੀ ਜਾਗਰੂਕਤਾ ਫੈਲਾਈ ਜਾਵੇਗੀ।ਵਿਭਾਗ ਦੀ ਵਿਸ਼ੇਸ਼ ਕਾਰਜ ਅਫਸਰ (ਸਕਾਲਰਸ਼ਿਪ) ਸ੍ਰੀਮਤੀ ਨਲਿਨੀ ਸ਼ਰਮਾ ਨੇ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਘੱਟ ਗਿਣਤੀਆਂ ਲਈ ਚਲਾਈ ਜਾ ਰਹੀ ਇਸ ਸਕੀਮ ਤਹਿਤ 2013-14 ਵਿੱਚ ਪੰਜਾਬ ਦੇ 3,53,577, 2014-15 ਵਿੱਚ 5,29,166 ਅਤੇ 2015-16 ਵਿੱਚ 6,46,194 ਵਿਦਿਆਰਥੀਆਂ ਨੂੰ ਐਨਰੋਲ ਕਰਵਾਇਆ ਗਿਆ ਸੀ ਅਤੇ ਇਸ ਵਾਰ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਇਸ ਗਿਣਤੀ ਨੂੰ ਹੋਰ ਵਧਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਇਹ ਸਕੀਮ ਘੱਟ ਗਿਣਤੀਆਂ ਜਿਨ੍ਹਾਂ ਵਿੱਚ ਸਿੱਖ, ਮੁਸਲਮਾਨ, ਇਸਾਈ, ਜੈਨ, ਬੁੱਧੀ ਤੇ ਪਾਰਸੀ ਸ਼ਾਮਲ ਹਨ, ਲਈ ਹੈ ਜਿਸ ਤਹਿਤ ਪ੍ਰੀ ਮੈਟ੍ਰਿਕ ਸਕੀਮਾਂ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੂੰ 1000 ਰੁਪਏ ਪ੍ਰਤੀ ਸਾਲ, ਛੇਵੀਂ ਤੋਂ ਦਸਵੀਂ ਤੱਕ ਦੇ ਸਰਕਾਰੀ ਵਿਦਿਆਰਥੀ ਨੂੰ ਔਸਤਨ 1700 ਪ੍ਰਤੀ ਰੁਪਏ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਨੂੰ 5700 ਰੁਪਏ ਪ੍ਰਤੀ ਸਾਲ ਵਜ਼ੀਫਾ ਦਿੱਤਾ ਜਾਂਦਾ ਹੈ। ਪੋਸਟ ਮੈਟ੍ਰਿਕ ਸਕੀਮ ਤਹਿਤ ਵਿਦਿਆਰਥੀ ਨੂੰ 9300 ਰੁਪਏ ਪ੍ਰਤੀ ਸਾਲ ਅਤੇ ਵੋਕੇਸ਼ਨਲ ਸਿੱਖਿਆ ਵਾਲੇ ਵਿਦਿਆਰਥੀ ਨੂੰ 10,000 ਪ੍ਰਤੀ ਸਾਲ ਵਜ਼ੀਫਾ ਦਿੱਤਾ ਜਾਂਦਾ ਹੈ। ਇਸ ਸਕੀਮ ਲਈ ਸਿਰਫ 2 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਵਿਦਿਆਰਥੀ ਹੀ ਸਕੀਮ ਦੇ ਯੋਗ ਹਨ।ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸਿੱਖਿਆ ਸ੍ਰੀ ਜੀ.ਵਜਰਾਲਿੰਗਮ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ, ਭਲਾਈ ਵਿਭਾਗ ਤੋਂ ਘੱਟ ਗਿਣਤੀ ਵਜ਼ੀਫਾ ਸਕੀਮ ਦੇ ਇੰਚਾਰਜ ਸ੍ਰੀ ਕੁਲਵੰਤ ਸਿੰਘ ਸੰਧੂ, ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਵੱਲੋਂ ਲੈਫਟੀਨੈਂਟ ਜਨਰਲ ਕਰਤਾਰ ਸਿੰਘ, ਕਰਨਲ ਜੇ.ਐਸ.ਮੁਲਤਾਨੀ, ਸ. ਚਰਨਜੀਤ ਸਿੰਘ (ਨਵੀਂ ਦਿੱਲੀ), ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ ਕੋਲੈਬਰੇਟਰ ਸ. ਇੰਦਰਪਾਲ ਸਿੰਘ, ਡਿਪਟੀ ਡਾਇਰੈਕਟਰ ਜਨਰਲ ਸ. ਇਕਬਾਲ ਸਿੰਘ, ਸ. ਸੁਖਦੇਵ ਸਿੰਘ, ਸ.ਅਜੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਿਪਟੀ ਡਾਇਰੈਕਟਰ (ਐਜੂਕੇਸ਼ਨ) ਪ੍ਰਿੰਸੀਪਲ ਹਰਜੀਤ ਸਿੰਘ ਸਿੱਧੂ, ਸ. ਨਿਰਮਲ ਸਿੰਘ ਤੇ ਸ. ਮਨਪ੍ਰੀਤ ਸਿੰਘ ਵੀ ਹਾਜ਼ਰ ਹੋਏ।

print
Share Button
Print Friendly, PDF & Email