ਹਲਕਾ ਸਾਹਨੇਵਾਲ ਵਿੱਚ 100 ਕਰੋੜ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ ਬਿਜਲੀ ਸਿਸਟਮ ’ਚ ਕੀਤਾ ਸੁਧਾਰ

ss1

ਹਲਕਾ ਸਾਹਨੇਵਾਲ ਦੇ ਕਿਸਾਨਾਂ ਨੂੰ 10 ਜੂਨ ਤੋਂ ਪਹਿਲਾਂ ਮਿਲ ਜਾਣਗੇ ਟਿਊਬਵੈੱਲ ਬਿਜਲੀ ਕੁਨੈਕਸ਼ਨ-ਸਿੰਚਾਈ ਮੰਤਰੀ
ਹਲਕਾ ਸਾਹਨੇਵਾਲ ਵਿੱਚ 100 ਕਰੋੜ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ ਬਿਜਲੀ ਸਿਸਟਮ ’ਚ ਕੀਤਾ ਸੁਧਾਰ

ਸਾਹਨੇਵਾਲ/ ਲੁਧਿਆਣਾ-(ਪ੍ਰੀਤੀ ਸ਼ਰਮਾ) ਹਲਕਾ ਸਾਹਨੇਵਾਲ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਹਲਕਾ ਵਿਧਾਇਕ ਅਤੇ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਅੱਜ ਟਿਊਬਵੈੱਲ ਕੁਨੈਕਸ਼ਨ ਲਈ ਅਲਾਟਮੈਂਟ ਪੱਤਰਾਂ ਦੀ ਵੰਡ ਕੀਤੀ ਗਈ ਅਤੇ ਨਾਲ ਹੀ ਭਰੋਸਾ ਦਿੱਤਾ ਗਿਆ ਕਿ ਹੈ ਕਿ 10 ਜੂਨ ਤੋਂ ਪਹਿਲਾਂ-ਪਹਿਲਾਂ ਕਿਸਾਨਾਂ ਦੇ ਟਿਊਬਵੈੱਲ ਕੁਨੈਕਸ਼ਨ ਚਾਲੂ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜਿਹੜੇ ਕਿਸਾਨਾਂ ਦੀਆਂ ਅਰਜ਼ੀਆਂ ’ਤੇ ਕਿਸੇ ਨਾ ਕਿਸੇ ਤਰਾਂ ਦੇ ਇਤਰਾਜ਼ ਲੱਗ ਗਏ ਸਨ, ਉਨਾਂ ਨੂੰ ਵੀ ਜਲਦ ਹੀ ਦੂਰ ਕਰ ਲਿਆ ਜਾਵੇਗਾ, ਜਿਸ ਉਪਰੰਤ ਰਹਿੰਦੇ ਕਿਸਾਨਾਂ ਨੂੰ ਵੀ ਕੁਨੈਕਸ਼ਨ ਜਾਰੀ ਕਰ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਪੂਰੇ ਡੇਢ ਸਾਲ ਦੇ ਸਮੇਂ ਉਪਰੰਤ ਜਾਰੀ ਕੀਤੇ ਗਏ ਹਨ, ਜੋ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਅਰਜ਼ੀ ਕਾਰਨ ਮਾਨਯੋਗ ਅਦਾਲਤ ਵੱਲੋਂ ਰੋਕੇ ਹੋਏ ਸਨ। ਅੱਜ ਸਥਾਨਕ ਮਾਰਕੀਟ ਕਮੇਟੀ ਵਿਖੇ ਹਲਕਾ ਸਾਹਨੇਵਾਲ ਦੇ 250 ਤੋਂ ਵਧੇਰੇ ਕਿਸਾਨਾਂ ਨੂੰ ਉਕਤ ਅਲਾਟਮੈਂਟ ਪੱਤਰਾਂ ਦੀ ਵੰਡ ਕਰਨ ਤੋਂ ਪਹਿਲਾਂ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ. ਢਿੱਲੋਂਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਹੈ, ਕਿਸਾਨਾਂ ਦਾ ਦਰਦ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਆਪਣਾ ਦਰਦ ਹੈ। ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਨੂੰਨੀ ਚਾਰਾਜੋਈ ਉਪਰੰਤ ਕਿਸਾਨਾਂ ਨੂੰ ਨਵੇਂ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਨ ’ਤੇ ਲੱਗੀ ਹੋਈ ਰੋਕ ਨੂੰ ਹਟਾ ਦਿੱਤਾ ਗਿਆ ਹੈ।

ਉਨਾਂ ਕਿਸਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 10 ਮਈ ਨੂੰ ਕੋਹਾੜਾ, ਪਿੰਡ ਕਟਾਣੀ, ਕਾਕੋਵਾਲ, ਸਾਹਨੇਵਾਲ ਅਤੇ ਫੋਕਲ ਪੁਆਇੰਟ ਸਥਿਤ ਬਿਜਲੀ ਦਫ਼ਤਰਾਂ ਵਿਚ ਖੁਦ ਬੈਠਣ ਅਤੇ ਕਿਸਾਨਾਂ ਤੋਂ ਸਕਿਊਰਟੀ ਰਕਮ ਜਮਾ ਕਰਾਉਣ। ਉਨਾਂ ਕਿਹਾ ਕਿ ਇਸ ਦਿਨ ਉਹ ਖੁਦ ਵੀ ਇਨਾਂ ਬਿਜਲੀ ਦਫ਼ਤਰਾਂ ਦਾ ਦੌਰਾ ਕਰਨਗੇ। ਜੋ ਕਿਸਾਨ 10 ਮਈ ਨੂੰ ਆਪਣੀ ਸਕਿਊਰਟੀ ਜਮਾ ਕਰਵਾ ਦੇਣਗੇ, ਉਨਾਂ ਨੂੰ 25 ਮਈ ਤੱਕ ਡਿਮਾਂਡ ਨੋਟਿਸ ਅਤੇ 10 ਜੂਨ ਤੋਂ ਪਹਿਲਾਂ-ਪਹਿਲਾਂ ਨਵੇਂ ਕੁਨੈਕਸ਼ਨ ਚਾਲੂ ਕਰਵਾ ਦਿੱਤੇ ਜਾਣਗੇ। ਸ੍ਰ. ਢਿੱਲੋਂ ਨੇ ਕਿਹਾ ਕਿ ਹਲਕਾ ਸਾਹਨੇਵਾਲ ਵਿੱਚ ਬਿਜਲੀ ਸਿਸਟਮ ਨੂੰ ਸੁਧਾਰਨ ਲਈ ਹੁਣ ਤੱਕ 90 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਜਦਕਿ 12 ਕਰੋੜ ਰੁਪਏ ਦੇ ਕਰੀਬ ਹੋਰ ਕੰਮ ਹਾਲੇ ਜਾਰੀ ਹਨ। ਇਸ ਤੋਂ ਇਲਾਵਾ ਗੌਂਸਗੜ, ਭਾਗੁਪੁਰ, ਮੇਹਰਬਾਨ, ਚੌਂਤਾ, ਭੈਣੀ ਸਾਹਿਬ ਅਤੇ ਕੋਹਾੜਾ ਦੇ ਬਿਜਲੀ ਘਰਾਂ ਦਾ ਨਿਰਮਾਣ ਅਤੇ ਅਪਗ੍ਰੇਡੇਸ਼ਨ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਲਗਾਤਾਰ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਜੋ ਕਿ ਅਗਾਮੀ ਝੋਨੇ ਦੀ ਲਵਾਈ ਦੌਰਾਨ ਵੀ ਜਾਰੀ ਰਹੇਗੀ। ਉਨਾਂ ਭਰੋਸਾ ਦਿੱਤਾ ਕਿ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਨ ਵਿੱੱਚ ਕਿਸੇ ਵੀ ਤਰਾਂ ਦਾ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਚੇਅਰਮੈਨ ਜ਼ਿਲਾ ਪ੍ਰੀਸ਼ਦ ਲੁਧਿਆਣਾ ਸ੍ਰ. ਭਾਗ ਸਿੰਘ ਮਾਨਗੜ, ਮਾਰਕੀਟ ਕਮੇਟੀ ਸਾਹਨੇਵਾਲ ਚੇਅਰਮੈਨ ਬਾਬਾ ਜਗਰੂਪ ਸਿੰਘ, ਉਪ ਚੇਅਰਮੈਨ ਸ੍ਰੀ ਵਿਨੋਦ ਕੁਮਾਰ, ਮਿਲਕ ਪਲਾਂਟ ਲੁਧਿਆਣਾ ਦੇ ਚੇਅਰਮੈਨ ਸ੍ਰ. ਅਜਮੇਰ ਸਿੰਘ ਭਾਗਪੁਰ, ਸਕੱਤਰ ਸ੍ਰ. ਬੀਰਇੰਦਰ ਸਿੰਘ, ਸ੍ਰ. ਗੁਰਚਰਨ ਸਿੰਘ ਮੇਹਰਬਾਨ, ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀ, ਸੀਨੀਅਰ ਅਕਾਲੀ ਆਗੂ ਸ੍ਰ. ਧਰਮਜੀਤ ਸਿੰਘ ਜੰਡਿਆਲੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

print
Share Button
Print Friendly, PDF & Email