ਨਰਮੇ ਦੀ ਸੁੱਚਜੀ ਕਾਸ਼ਤ ਅਤੇ ਗਾਜਰ ਘਾਹ ਦੀ ਰੋਕਥਾਮ ਲਈ ਮੁਹਿੰਮ ਚਲਾਈ

ss1

ਨਰਮੇ ਦੀ ਸੁੱਚਜੀ ਕਾਸ਼ਤ ਅਤੇ ਗਾਜਰ ਘਾਹ ਦੀ ਰੋਕਥਾਮ ਲਈ ਮੁਹਿੰਮ ਚਲਾਈ

21-14

ਕੋਹਰੀਆਂ 20 ਜੁਲਾਈ, 2016(ਰਣ ਸਿੰਘ ਚੱਠਾ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵਲੋਂ ਸਾਂਝੇ ਤੌਰ ‘ਤੇ ਪਿੰਡ ਚੱਠਾ ਨਨਹੇੜਾ ਵਿਖੇ ਨਰਮੇ ਦੀ ਸੁੱਚਜੀ ਕਾਸ਼ਤ ਅਤੇ ਗਾਜਰ ਘਾਹ ਦੀ ਰੋਕਥਾਮ ਸਬੰਧੀ ਸਿਖਲਾਈ ਕੈਂਪ ਲਗਾ ਕੇ ਮੁਹਿੰਮ ਚਲਾਈ ਗਈ। ਇਸ ਮੌਕੇ ਡਾ. ਬੂਟਾ ਸਿੰਘ ਰੋਮਾਣਾ, ਮੁਖੀ, ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਕਿਸਾਨਾਂ ਨੂੰ ਗਾਜਰ ਘਾਹ ਅਤੇ ਭੰਗ ਦੇ ਖਤਰਨਾਕ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਇਨਾਂ ਦੀ ਅਸਰਦਾਰ ਰੋਕਥਾਮ ਲਈ ਮੁਹਿੰਮ ਦੇ ਤੌਰ ਤੇ ਸਾਰੇ ਪਿੰਡ ਵਾਸੀਆਂ ਨੂੰ ਹੰਭਲਾ ਮਾਰਨ ਲਈ ਕਿਹਾ। ਉਨ੍ਹਾਂ ਨੇ ਇਸ ਮੌਕੇ ਤੇ ਰਾਉਂਡਅੱਪ ਦਵਾਈ ਦੇ ਸਪਰੇਅ ਕਰਵਾ ਕੇ ਕਿਸਾਨਾਂ ਨੂੰ ਪ੍ਰਦਰਸ਼ਨੀ ਦੇ ਤੌਰ ਤੇ ਦਵਾਈ ਵੀ ਦਿੱਤੀ ਤਾਂ ਜੋ ਪਿੰਡ ਦੀਆਂ ਸਾਂਝੀਆਂ ਥਾਵਾਂ ਜਿਵੇਂ ਕਿ ਸੜਕਾਂ ਦੇ ਆਲੇ-ਦੁਆਲੇ, ਗਲੀਆਂ, ਸਕੂਲਾਂ, ਪੰਚਾਇਤ ਘਰ, ਪਾਰਕਾਂ ਆਦਿ ਥਾਵਾਂ ਤੋਂ ਗਾਜਰ ਘਾਹ ਤੇ ਭੰਗ ਵਰਗੇ ਖਤਰਨਾਕ ਨਦੀਨਾਂ ਦਾ ਖਾਤਮਾ ਕੀਤਾ ਜਾ ਸਕੇ। ਉਨਾਂ ਕਿਸਾਨਾਂ ਨਾਲ ਪਾਣੀ ਬਚਾਉਣ ਬਾਰੇ ਅਹਿਮ ਨੁਕਤੇ ਵੀ ਸਾਂਝੇ ਕੀਤੇ ਅਤੇ ਖੇਤੀ ਮਾਹਿਰਾਂ ਨਾਲ ਵੱਧ ਤੋਂ ਵੱਧ ਤਾਲਮੇਲ ਬਣਾਉਣ ਦਾ ਸੱਦਾ ਦਿੱਤਾ। ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਕਿਸਾਨਾਂ ਨੂੰ ਝੋਨੇ ਅਤੇ ਨਰਮੇ ਵਿੱਚ ਸਾਧਨਾਂ ਦੀ ਸੁੱਚਜੀ ਵਰਤੋਂ ਬਾਰੇ ਦੱਸਿਆ ਅਤੇ ਖੇਤੀ ਖਰਚੇ ਘਟਾਉਣ ਦੇ ਨੁਕਤੇ ਸਾਂਝੇ ਕੀਤੇ।

ਸ੍ਰੀ ਅਸ਼ੋਕ ਕੁਮਾਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਕਿਸਾਨਾਂ ਨਾਲ ਝੋਨੇ ਤੇ ਬਾਸਮਤੀ ਵਿੱਚ ਜ਼ਿੰਕ ਦੀ ਘਾਟ ਦੇ ਇਲਾਜ ਬਾਰੇੇ ਨੁਕਤੇ ਸਾਂਝੇ ਕੀਤੇ ਅਤੇ ਸਲਫਰ ਤੱਤ ਦੀ ਮਹੱਤਤਾ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਨਾਲ ਹੀ ਉਨ੍ਹਾਂ ਨੇ ਨਰਮੇ ਵਿੱਚ ਫੁੱਲਾਂ ਦੇ ਵਾਧੇ ਤੇ ਟੀਂਡੇ ਦੇ ਵਿਕਾਸ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ (13:0:45) ਦੇ ਚਾਰ ਸਪਰੇਅ ਹਫਤੇ-ਹਫਤੇ ਦੇ ਫਰਕ ‘ਤੇ ਕਰਨ ਲਈ ਕਿਹਾ। ਉਨ੍ਹਾਂ ਨੇ ਕੁਦਰਤੀ ਸੋਮਿਆਂ ਦੀ ਸੰਭਾਲ ਨੂੰ ਮੁੱਖ ਰੱਖਦੇ ਹੋਏ ਝੋਨੇ ਅਤੇ ਬਾਸਮਤੀ ਵਿੱਚ ਪੱਤਾ ਰੰਗ ਚਾਰਟ ਦੀ ਵਰਤੋਂ ਨਾਲ ਯੂਰੀਆ ਖਾਦ ਪਾਉਣ ਲਈ ਵੀ ਜਾਣਕਾਰੀ ਦਿੱਤੀ। ਡਾ. ਸੁਨੀਲ, ਸਹਾਇਕ ਪ੍ਰੋਫੈਸਰ (ਪੌਦਾ ਰੋਗ ਵਿਗਿਆਨ) ਨੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਵਿੱਚ ਆਉਣ ਵਾਲੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਤੋਂ ਜਾਣੂ ਕਰਵਾਇਆ ‘ਤੇ ਸਿਫਾਇਸ਼ ਕੀਤੀਆਂ ਦਵਾਈਆਂ ਦੀ ਹੀ ਵਰਤੋਂ ਕਰਨ ਨੂੰ ਕਿਹਾ। ਉਨ੍ਹਾਂ ਨੇ ਨਰਮੇ ਦੀ ਚਿੱਟੀ ਮੱਖੀ ਦੀ ਸਰਵਪੱਖੀ ਰੋਕਥਾਮ ਸਬੰਧੀ ਨਰਮੇ ਦੇ ਪੱਤਿਆਂ ਦੇ ਚਿੱਟੀ ਮੱਖੀ ਦੀ ਗਿਣਤੀ ਛੇ ਪ੍ਰਤੀ ਪੱਤਾ ਤੋਂ ਵੱਧਣ ਉੱਤੇ ਹੀ ਸਿਫਾਰਿਸ਼ ਕੀਤੇ ਕੀਟਨਾਸ਼ਕਾਂ ਦੀ ਵਰਤੋਂ ਮਾਹਿਰਾਂ ਦੀ ਸਲਾਹ ਨਾਲ ਕਰਨ ਨੂੰ ਕਿਹਾ। ਉਨਾਂ ਕਿਹਾ ਕਿ ਜਿੱਥੇ ਕਿਤੇ ਨਰਮੇ ਉੱਤੇ ਹਰੇ ਤੇਲੇ ਦਾ ਹਮਲਾ ਨਜ਼ਰ ਆਵੇ ਉੱਥੇ 80 ਗ੍ਰਾਮ ਉਲਾਲਾ ਜਾਂ 40 ਮਿਲੀਲਿਟਰ ਕੌਨਫੀਡੋਰ ਜਾਂ 40 ਗ੍ਰਾਮ ਐਕਟਾਰਾ ਦਵਾਈ ਪ੍ਰਤੀ ਏਕੜ 100-125 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਅਖੀਰ ਵਿੱਚ ਸਾਰੇ ਵਿਗਿਆਨੀਆਂ ਨੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਨਰਮੇ ਦੇ ਖੇਤਾਂ ਵਿੱਚ ਚਿੱਟੀ ਮੱਖੀ ਅਤੇ ਹਰੇ ਤੇਲੇ ਦਾ ਹਮਲੇ ਦੀ ਪਰਖ ਤੋਂ ਕਿਸਾਨਾਂ ਨੂੰ ਜਾਣੂ ਕਰਵਾਇਆ ਅਤੇ ਆਰਥਿਕ ਕਗਾਰ ਪਾਰ ਕਰਨ ਉਪਰੰਤ ਹੀ ਦਵਾਈਆਂ ਦਾ ਸਪਰੇਅ ਕਰਨ ਲਈ ਕਿਹਾ। ਇਸ ਮੌਕੇ ਪਿੰਡ ਦੇ ਸਰਪੰਚ ਸ ਭੋਲਾ ਸਿੰਘ, ਸ. ਰਘਬੀਰ ਸਿੰਘ, ਸ. ਬਿੰਦਰ ਸਿੰਘ ਅਤੇ ਹੋਰ ਅਗਾਂਹਵਧੂ ਕਿਸਾਨ ਵੀਰ ਸ਼ਾਮਿਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *