ਗੁੰਡਾਗਰਦੀ ਅਤੇ ਨਸ਼ਿਆਂ ਦੀ ਹਿਮਾਇਤ ਕਰਦੀ ਗਾਇਕੀ ਨੂੰ ਨੱਥ ਪਾਉਣ ਦੀ ਲੋੜ- ਦਰਸ਼ਨ ਬਾਈ

ss1

ਗੁੰਡਾਗਰਦੀ ਅਤੇ ਨਸ਼ਿਆਂ ਦੀ ਹਿਮਾਇਤ ਕਰਦੀ ਗਾਇਕੀ ਨੂੰ ਨੱਥ ਪਾਉਣ ਦੀ ਲੋੜ- ਦਰਸ਼ਨ ਬਾਈ

17-8
ਤਲਵੰਡੀ ਸਾਬੋ, 16 ਜੁਲਾਈ (ਗੁਰਜੰਟ ਸਿੰਘ ਨਥੇਹਾ)- ਨਵੇਂ ਗਾਇਕਾਂ ਅਤੇ ਗੀਤਕਾਰਾਂ ਵੱਲੋਂ ਪੰਜਾਬੀ ਸੱਭਿਆਚਾਰ ਗੀਤਾਂ ਦੇ ਨਾਮ ‘ਤੇ ਸੱਭਿਆਚਾਰ ਨਾਲ ਕੀਤਾ ਜਾ ਰਿਹਾ ਭਾਰੀ ਖਿਲਵਾੜ ਸਭ ਹੱਦਾਂ ਬੰਨੇ ਟੱਪ ਚੁੱਕਿਆ ਹੈ ਜਿਸ ਨੂੰ ਸੁਣ ਵੇਖ ਕੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਜਿੱਥੇ ਵੰਨ ਸੁਵੰਨੇ ਨਸ਼ਿਆਂ ਦਾ ਸ਼ਿਕਾਰ ਹੋ ਕੇ ਪੰਜਾਬ ਦੀ ਵਿਰਾਸਤ ਨੂੰ ਨਿਘਾਰ ਵੱਲ ਲਿਜਾ ਰਹੇ ਹਨ ਉੱਥੇ ਘਟੀਆ ਪੱਧਰ ਦੀ ਵੈਲੀਪੁਣੇ ਵਾਲੀ ਆਸ਼ਿਕੀ ਵਾਲੇ ਗੀਤਾਂ ਜ਼ਰੀਏ ਵੀ ਸਾਡੀ ਭਾਈਚਾਰਕ ਸਾਂਝ ਨੂੰ ਨਜ਼ਰ ਅੰਦਾਜ਼ ਕਰਕੇ ਰਿਸ਼ਤਿਆਂ ਨੂੰ ਕਲੰਕਿਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਤਰਕਸ਼ੀਲ ਸੁਸਾਇਟੀ ਤਲਵੰਡੀ ਸਾਬੋ ਦੇ ਸੀਨੀਅਰ ਆਗੂ ਬਾਈ ਦਰਸ਼ਨ ਸਿੰਘ ਬਹਿਮਣ ਨੇ ਕੀਤਾ।
ਮਾਰ ਧਾੜ ਅਤੇ ਨਸ਼ੇੜੀ ਕਿਸਮ ਦੀ ਗੀਤਕਾਰੀ, ਗਾਇਕੀ ਅਤੇ ਫ਼ਿਲਮਾਂਕਣ ‘ਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਅਜੇਹੀ ਗਾਇਕੀ ਨਾਲ ਨੌਜਵਾਨ ਮੁੰਡੇ ਕੁੜੀਆਂ ਅੰਦਰ ਹਥਿਆਰਾਂ ਪ੍ਰਤੀ ਸ਼ੌਂਕ ਅਤੇ ਨਸ਼ਿਆਂ ਦੀ ਵਰਤੋਂ ਪ੍ਰਤੀ ਲਾਲਸਾ ‘ਚ ਵਾਧਾ ਕੀਤਾ ਹੈ ਜਿਸ ਕਾਰਨ ਸਮਾਜ ਦਾ ਵਹਾਅ ਮਾੜੇ ਕੰਮਾਂ ਵੱਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਔਰਤ ਦੇ ਪਿਆਰ ਅਤੇ ਤਿਆਗ ਵਾਲੇ ਗੁਣਾਂ ਨੂੰ ਤਿਲਾਂਜ਼ਲੀ ਦੇ ਕੇ ਸਿਰਫ ਸ਼ੁਹਰਤ ਖਾਤਰ ਕੁੱਝ ਗਾਇਕ ਕੁੜੀਆਂ ਵੱਲੋਂ ਵੀ ਗਾਇਆ ਜਾ ਰਿਹਾ ਘਟੀਆ ਅਤੇ ਗੁੰਡਾਗਰਦੀ ਨੂੰ ਹਵਾ ਦੇਣ ਵਾਲਾ ਮੈਟਰ ਔਰਤਾਂ ਨੂੰ ਬੇਇੱਜ਼ਤ ਕਰ ਰਿਹਾ ਹੈ। ਇਸ ਸੰਬੰਧ ਵਿੱਚ ਔਰਤ ਸੰਗਠਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਅਜਿਹਾ ਅਸੱਭਿਅਕ, ਨਸ਼ਾ ਹਿਮਾਇਤੀ ਅਤੇ ਧੀਆਂ ਦੀ ਪੱਤ ਲੀਰੋ ਲੀਰ ਕਰਨ ਵਾਲਾ ਮੈਟਰ ਦਿਖਾਉਣ ਵਾਲੇ ਟੀ ਵੀ ਚੈਨਲਾਂ ਅਤੇ ਸੰਗੀਤ ਕੰਪਨੀਆਂ ਸਮੇਤ ਗਾਇਕਾਂ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕ ਕੇ ਪੰਜਾਬੀ ਸੱਭਿਆਚਾਰ ਦੀ ਸ਼ਾਨ ਰੋਲ ਰਹੇ ਲੋਕਾਂ ਨੂੰ ਨੱਥ ਪਾਈ ਜਾਵੇ।

print
Share Button
Print Friendly, PDF & Email