ਆਪ ਵਰਕਰਾਂ ਨੇ ਲਾਈ ਧੁੰਮਾ ਨੂੰ ਸਵਾਲਾਂ ਦੀ ਝੜੀ

ss1

ਆਪ ਵਰਕਰਾਂ ਨੇ ਲਾਈ ਧੁੰਮਾ ਨੂੰ ਸਵਾਲਾਂ ਦੀ ਝੜੀ
ਧੁੰਮਾ ਨੂੰ ਬਾਦਲ ਦਾ ਪਿੱਠੂ ਨਾ ਬਣਨ ਦੀ ਸਲਾਹ

17-7

ਤਪਾ ਮੰਡੀ, 16 ਜੁਲਾਈ (ਨਰੇਸ਼ ਗਰਗ) ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਉਪਰ ਪੰਜਾਬ ਵਿੱਚ ਉਠਿਆ ਵਾਵੇਲਾ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਚੋਣ ਮਨੋਰਥ ਪੱਤਰ ਉਪਰ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਲਾਉਣ ਅਤੇ ਚੋਣ ਮਨੋਰਥ ਪੱਤਰ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੁਲਨਾ ਕਰਨ ਬਦਲੇ ਭਾਵੇਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪਸ਼ਚਾਤਾਪ ਕਰ ਲਿਆ ਹੈ, ਪਰੰਤੂ ਫੇਰ ਵੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ, ਸਿੱਖ ਸਟੂਡੈਂਟ ਫੈਡਰੇਸ਼ਨਾਂ, ਸੰਤ ਸਮਾਜ ਅਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਵੱਲੋਂ ਅਜੇ ਵੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਉਕਤ ਮਾਮਲੇ ਵਿੱਚ ਘੜੀਸਿਆ ਜਾ ਰਿਹਾ ਹੈ। ਸਮੁੱਚੇ ਘਟਨਾ ਕਰਮ ਉਪਰ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਗੁਰਮੀਤ ਸਿੰਘ ਢਿੱਲੋ ਢਿੱਲਵਾਂ ਨੇ ਕਿਹਾ ਕਿ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਨੂੰ ਅਕਾਲੀ ਦਲ ਦੇ ਕੈਬਨਿਟ ਮੰਤਰੀ ਬਿਕਰਮਜੀਤ ਮਜੀਠਿਆ ਵੱਲੋਂ ਪਿਛਲੇ ਸ੍ਰੀ ਅਰੁਣ ਜੇਤਲੀ ਦੀ ਸਾਨ ਵਿੱਚ ਬੋਲਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਬਦਾਂ ਦੀ ਭੰਨਤੋੜ ਕਰਨ ਬਦਲੇ, ਭਾਜਪਾ ਦੇ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪਾਡਵਾਂ ਦੇ ਅਰਜਨ ਆਖਣ ਬਦਲੇ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਿਲਕ ਲਾਉਣ ਬਦਲੇ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਕੁਮਾਰ ਮੋਦੀ ਨੂੰ ਬੰਦਾ ਸਿੰਘ ਬਹਾਦਰ ਬਰਾਬਰ ਤੁਲਨਾ ਦੇਣ ਬਦਲੇ ਅਤੇ ਉਪ ਮੁੱਖ ਮੰਤਰੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦੇ ਪਹਿਲੇ ਪਾਤਸ਼ਾਹ ਕਹਿਣ ਬਦਲੇ ਪਹਿਲਾਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਪੈਰਾਂ ਵਿੱਚ ਬੈਠਣ ਵਾਲੇ ਹਰਨਾਮ ਸਿੰਘ ਧੁੰਮਾ ਸਰਕਾਰ ਦਾ ਪਿੱਠੂ ਬਣਨ ਦੀ ਬਜਾਏ ਟਕਸਾਲ ਦੀ ਵੱਖਰੀ ਹੋਂਦ ਬਣਾਏ ਰੱਖਣ ਲਈ ਯਤਨਸ਼ੀਲ ਰਹਿਣ। ਉਨ੍ਹਾਂ ਕਿਹਾ ਕਿ ਹੋਈ ਗਲਤੀ ਬਦਲੇ ਜੇਕਰ ਕੋਈ ਨਿਮਾਣਾ ਹੋਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਮੰਗਦਾ ਹੈ ਤਾਂ ਅਜਿਹੇ ਮਸਲੇ ਉਪਰ ਵਾਧੂ ਕਾਵਾਂ ਰੌਲੀ ਪਾਉਣੀ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿਨੋਂ- ਦਿਨ ਹੋ ਰਹੀ ਚੜ੍ਹਤ ਨੂੰ ਢਾਹ ਲਾਉਣ ਲਈ ਅਕਾਲੀ-ਭਾਜਪਾ ਸਰਕਾਰ ਵੱਲੋਂ ਹਰ ਘਟੀਆ ਹੀਲੇ ਵਰਤੇ ਜਾ ਰਹੇ ਹਨ।
ਇਸ ਸਮੇਂ ਉਨ੍ਹਾਂ ਨਾਲ ਸਤਨਾਮ ਸਿੰਘ ਫੌਜੀ ਤਪਾ, ਹਰਜਿੰਦਰ ਸਿੰਘ ਢਿੱਲਵਾਂ, ਅਮਰਜੀਤ ਸਿੰਘ, ਤਰਸੇਮ ਸਿੰਘ, ਸੱਤਪਾਲ ਸ਼ਰਮਾ, ਰਾਮਦਿਆਲ ਰਾਜੀ, ਕਾਲਾ ਢਿੱਲੋ, ਜਗਸੀਰ ਘੁੰਨਸ, ਰਪਿੰਦਰ ਘੁੰਨਸ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *