ਨਾਂਦੇੜ ਸਾਹਿਬ ਰੇਲ ਗੱਡੀ ਦੇ ਮਲੋਟ ਠਹਿਰਾਉ ਹੋਣ ਤੇ ਕੀਤੀ ਸ਼ੁਕਰਾਣੇ ਦੀ ਅਰਦਾਸ

ss1

ਨਾਂਦੇੜ ਸਾਹਿਬ ਰੇਲ ਗੱਡੀ ਦੇ ਮਲੋਟ ਠਹਿਰਾਉ ਹੋਣ ਤੇ ਕੀਤੀ ਸ਼ੁਕਰਾਣੇ ਦੀ ਅਰਦਾਸ
ਸਵਾ ਸਾਲ ਦੇ ਸ਼ਾਂਤਮਈ ਧਰਨੇ ਉਪਰੰਤ ਰੇਲ ਮੰਤਰਾਲੇ ਨੇ ਸੁਣੀ ਪੁਕਾਰ

5-19 (4)
ਮਲੋਟ, 5 ਮਈ (ਆਰਤੀ ਕਮਲ) : ਮਲੋਟ ਇਲਾਕਾ ਵਾਸੀਆਂ ਵੱਲੋਂ ਸ੍ਰੀ ਗੰਗਾਨਗਰ ਤੋਂ ਚਲ ਕੇ ਸ੍ਰੀ ਹਜੂਰ ਸਾਹਿਬ ਜਾਣ ਵਾਲੀ ਨਾਂਦੇੜ ਐਕਸਪ੍ਰੈਸ ਦੇ ਮਲੋਟ ਸਟੇਸ਼ਨ ਤੇ ਠਹਿਰਾਉ ਦੀ ਮੰਗ ਨੂੰ ਲੈ ਕੇ ਬਣਾਈ ਸੰਘਰਸ਼ ਕਮੇਟੀ ਵੱਲੋਂ ਕਰੀਬ ਸਵਾ ਸਾਲ ਪਹਿਲਾਂ ਸ਼ੁਰੂ ਕੀਤੇ ਸ਼ਾਂਤਮਈ ਧਰਨੇ ਦੀ ਪੁਕਾਰ ਆਖਿਰ ਰੇਲ ਮੰਤਰਾਲੇ ਨੇ ਸੁਣ ਹੀ ਲਈ ਅਤੇ ਇਸ ਸਬੰਧੀ 19 ਮਈ ਤੋਂ ਰੇਲ ਗੱਡੀ ਦੇ ਠਹਿਰਾਉ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ। ਇਲਾਕਾ ਨਿਵਾਸੀਆਂ ਅਤੇ ਖਾਸ ਕਰਕੇ ਸਿੱਖ ਸੰਗਤਾਂ ਲਈ ਆਈ ਇਹ ਰਾਹਤ ਦੀ ਖਬਰ ਨਾਲ ਸੰਗਤਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ । ਰੇਲਵੇ ਸਟੇਸ਼ਨ ਦੇ ਬਾਹਰ ਸ਼ਾਂਤਮਈ ਧਰਨੇ ਤੇ ਬੈਠੇ ਸੰਘਰਸ਼ ਕਮੇਟੀ ਮੈਂਬਰਾਂ ਨੂੰ ਇਸ ਨੋਟੀਫਿਕੇਸ਼ਨ ਦੀ ਖਬਰ ਦੇਣ ਆਏ ਰੇਲਵੇ ਸਟੇਸ਼ਨ ਮਾਸਟਰ ਓਮ ਹਰੀ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ । ਇਸ ਮੌਕੇ ਪਹਿਲਾਂ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਅਰਦਾਸ ਕੀਤੀ ਗਈ । ਰੇਲਵੇ ਸਟੇਸ਼ਨ ਮਾਸਟਰ ਓਮ ਹਰੀ ਨੇ ਕਿਹਾ ਕਿ ਹਫਤੇ ਵਿਚ ਦੋ ਦਿਨ ਚੱਲਣ ਵਾਲੀ ਇਸ ਰੇਲ ਗੱਡੀ ਦਾ ਪਹਿਲਾ ਠਹਿਰਾਉ 20 ਮਈ ਸ਼ੁੱਕਰਵਾਰ ਨੂੰ ਸ਼ਾਮ 3.54 ਤੇ ਹੋਵੇਗਾ ਅਤੇ 3.65 ਤੇ ਚੱਲੇਗੀ ।

ਰੇਲਵੇ ਸੰਘਰਸ਼ ਕਮੇਟੀ ਦੇ ਕਨਵੀਨਰ ਡ੍ਰਾ. ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਸਵਾ ਸਾਲ ਦੇ ਇਸ ਲੰਬੇ ਸੰਘਰਸ਼ ਦੌਰਾਨ ਸਾਥ ਦੇਣ ਲਈ ਸਮੁੱਚੇ ਇਲਾਕਾ ਨਿਵਾਸੀਆਂ ਦੇ ਧੰਨਵਾਦੀ ਹਨ ਅਤੇ ਸਮੁੱਚਾ ਇਲਾਕਾ ਇਸ ਪ੍ਰਾਪਤੀ ਲਈ ਵਧਾਈ ਦਾ ਪਾਤਰ ਹੈ । ਉਹਨਾਂ ਕਿਹਾ ਕਿ ਸੰਘਰਸ਼ ਦੌਰਾਨ ਵੱਖ ਵੱਖ ਰਾਜਨੀਤਕ, ਧਾਰਮਿਤ ਤੇ ਸਮਾਜਿਕ ਪਾਰਟੀਆਂ ਤੇ ਜਥੇਬੰਦੀਆਂ ਵੱਲੋਂ ਦਿੱਤੇ ਸਾਥ ਸਮੇਤ ਹਰ ਉਸ ਸ਼ਖਸ ਜਿਸਨੇ ਸੰਘਰਸ਼ ਵਿਚ ਹਿਮਾਇਤ ਕੀਤੀ ਦੇ ਉਹ ਰਿਣੀ ਹਨ ਅਤੇ ਸੱਭ ਦੇ ਸਾਂਝੇ ਉਦਮ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ । ਉਹਨਾਂ ਕਿਹਾ ਕਿ ਇਲਾਕੇ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਅਤੇ ਵਿਸ਼ੇਸ਼ ਕਰਕੇ ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ ਨੇ ਅੱਗੇ ਲੱਗ ਕੇ ਇਸ ਕਾਰਜ ਨੂੰ ਪੂਰਾ ਕਰਵਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ । ਡ੍ਰਾ. ਗਿੱਲ ਨੇ ਦੱਸਿਆ ਕਿ ਸੰਗਤਾਂ ਵੱਲੋਂ ਅਕਾਲ ਪੁਰਖ ਦੇ ਸ਼ੁਕਰਾਣੇ ਵਜੋਂ ਧਰਨਾ ਸਥੱਲ ਤੇ 18 ਮਈ ਨੂੰ ਸ੍ਰੀ ਆਖੰਡ ਪਾਠ ਸਾਹਿਬ ਸ਼ੁਰੂ ਕਰਵਾਏ ਜਾਣਗੇ ਅਤੇ 20 ਮਈ ਸ਼ੁੱਕਰਵਾਰ ਨੂੰ ਭੋਗ ਪਾ ਕੇ ਸ਼ੁਕਰਾਣੇ ਦੀ ਅਰਦਾਸ ਹੋਵੇਗੀ । ਇਸੇ ਦਿਨ ਸ਼ਾਮ ਨੂੰ ਰੇਲ ਗੱਡੇ ਦੇ ਪਹਿਲੇ ਠਹਿਰਾਉ ਮੌਕੇ ਗੱਡੀ ਦਾ ਫੁੱਲਾਂ ਨਾਲ ਸਵਾਗਤ ਕੀਤਾ ਜਾਵੇਗਾ ਅਤੇ ਉਸ ਉਪਰੰਤ ਗੁਰੂ ਘਰ ਵਿਖੇ ਜਿਥੋਂ ਅਰਦਾਸ ਕਰਕੇ ਇਹ ਸ਼ਾਂਤਮਈ ਧਰਨਾ ਸ਼ੁਰੂ ਕੀਤਾ ਗਿਆ ਸੀ ਉਥੇ ਹੀ ਸੰਘਰਸ਼ ਕਮੇਟੀ ਅਰਦਾਸ ਕਰਕੇ ਧਰਨਾ ਸਮਾਪਤ ਕਰੇਗੀ । ਅੱਜ ਅਰਦਾਸ ਮੌਕੇ ਡ੍ਰਾ ਗਿੱਲ ਤੋਂ ਇਲਾਵਾ ਸੰਘਰਸ਼ ਕਮੇਟੀ ਦੇ ਮੈਂਬਰ ਮਾਸਟਰ ਦਰਸ਼ਨ ਲਾਲ ਕਾਂਸਲ, ਕਾਬਲ ਸਿੰਘ, ਰੇਸ਼ਮ ਸਿੰਘ, ਹਰਜੀਤ ਸਿੰਘ, ਪ੍ਰਧਾਨ ਮਾਸਟਰ ਹਿੰਮਤ ਸਿੰਘ ਅਤੇ ਪ੍ਰਧਾਨ ਗੁਰਜੀਤ ਸਿੰਘ ਗਿੱਲ ਆਦਿ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *