ਕਾਂਗਰਸ ਅਤੇ ‘ਆਪ’ ਪੰਜਾਬ ਵਿਰੋਧੀ, ਅਕਾਲੀ-ਭਾਜਪਾ ਵਿਕਾਸ ਮੁਖੀ: ਸੁਖਬੀਰ ਸਿੰਘ ਬਾਦਲ

ss1

ਕੇਜਰੀਵਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਤੋਂ ਬਾਜ਼ ਆਵੇ, ਧਰਮ ਦਾ ਨਿਰਾਦਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਕਾਂਗਰਸ ਅਤੇ ‘ਆਪ’ ਪੰਜਾਬ ਵਿਰੋਧੀ, ਅਕਾਲੀ-ਭਾਜਪਾ ਵਿਕਾਸ ਮੁਖੀ: ਸੁਖਬੀਰ ਸਿੰਘ ਬਾਦਲ

14-42

ਫਾਜ਼ਿਲਕਾ, 13 ਜੁਲਾਈ (ਪ.ਪ.): ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਰੋਧੀ ਦੱਸਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪਿਛਲੇ 9 ਸਾਲਾਂ ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਸੂਬੇ ਵਿਚ ਰਿਕਾਰਡ ਵਿਕਾਸ ਕਰਵਾਇਆ ਹੈ ਅਤੇ ਹਰ ਖੇਤਰ ਵਿਚ ਵਿਕਾਸ ਦੇ ਝੰਡੇ ਗੱਡੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੇਵਾ ਕਰ ਰਿਹਾ ਅਕਾਲੀ-ਭਾਜਪਾ ਗੱਠਜੋੜ ਵਿਕਾਸਮੁਖੀ ਹੈ ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਵਿਰੋਧੀ ਹਨ ਅਤੇ ਇਨ੍ਹਾਂ ਦਾ ਇਕੋ-ਇਕ ਮਕਸਦ ਸਿਰਫ ਸੱਤਾ ਪ੍ਰਾਪਤੀ ਹੈ ਅਤੇ ਇਸ ਮਕਸਦ ਦੀ ਪ੍ਰਾਪਤੀ ਲਈ ਇਹ ਪਾਰਟੀਆਂ ਪੰਜਾਬ ਨੂੰ ਵਿਨਾਸ਼ ਵੱਲ ਧੱਕਣ ਦੀ ਕੋਸ਼ਿਸ਼ ਵਿਚ ਲੱਗੀਆਂ ਹੋਈਆਂ ਹਨ।
ਇੱਥੇ ਫਾਜ਼ਿਲਕਾ ਹਲਕੇ ਦੀਆਂ 60 ਪੰਚਾਇਤਾਂ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਬੋਲਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਅਤੇ ਸੜਕਾਂ ਦੀ ਨੁਹਾਰ ਬਦਲਣ ਦੇ ਨਾਲ-ਨਾਲ ਪੰਜਾਬ ਸਰਕਾਰ ਨੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਈ ਭਲਾਈ ਸਕੀਮਾਂ ਨੂੰ ਸਫਲਤਾਪੂਰਬਕ ਲਾਗੂ ਕੀਤਾ ਹੋਇਆ ਹੈ। ਉਨ੍ਹਾਂ ਖਾਸ ਤੌਰ ‘ਤੇ ਆਟਾ-ਦਾਲ ਸਕੀਮ, ਮੁਫਤ ਬਿਜਲੀ, ਸ਼ਗਨ ਸਕੀਮ ਅਤੇ ਸਿਹਤ ਬੀਮਾ ਯੋਜਨਾ ਦਾ ਜ਼ਿਕਰ ਕੀਤਾ। ਸ. ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਸ਼ੁਰੂ ਕੀਤੀ ਗਈ ਮੁਫਤ ਸਿਹਤ ਬੀਮਾ ਯੋਜਨਾ ਦਾ ਪੰਜਾਬ ਵਾਸੀਆਂ ਨੂੰ ਵੱਡੇ ਪੱਧਰ ‘ਤੇ ਫਾਇਦਾ ਹੋ ਰਿਹਾ ਹੈ ਅਤੇ 40 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਇਸ ਸਕੀਮ ਅਧੀਨ ਸ਼ਾਮਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਰਾਹੀਂ ਹਰ ਮਹੀਨੇ ਕਰੀਬ 25 ਹਜ਼ਾਰ ਲੋਕ ਇਲਾਜ ਕਰਵਾ ਰਹੇ ਹਨ ਅਤੇ ਦੋ ਮਹੀਨਿਆਂ ਵਿਚ 65 ਕਰੋੜ ਰੁਪਏ ਦਾ ਮੁਫਤ ਇਲਾਜ ਲਾਭਪਾਤਰੀਆਂ ਵੱਲੋਂ ਕਰਵਾਇਆ ਜਾ ਚੁੱਕਾ ਹੈ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਨਵੀਨਰ ਅਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਜਾਣਬੁੱਝ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਨੂੰ ਪੰਜਾਬ ਦੇ ਇਤਿਹਾਸ, ਮਾਹੌਲ ਅਤੇ ਵਿਰਸੇ ਬਾਰੇ ਕੁਝ ਵੀ ਨਹੀਂ ਪਤਾ ਅਤੇ ਸਿਰਫ ਸੱਤਾ ਦੇ ਲਾਲਚ ਵਿਚ ਪੰਜਾਬੀਆਂ ਨੂੰ ਭਰਮਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕੇਜਰੀਵਾਲ ਆਪਣੀਆਂ ਕਾਰਵਾਈਆਂ ਤੋਂ ਬਾਜ਼ ਆਵੇ ਅਤੇ ਪੰਜਾਬ ‘ਚ ਸੱਤਾ ਦੇ ਸੁਪਨੇ ਲੈਣਾ ਛੱਡ ਕੇ ਪਹਿਲਾਂ ਵਿਗੜ ਚੁੱਕੇ ਹਾਲਾਤਾਂ ਵਾਲੀ ਦਿੱਲੀ ਨੂੰ ਸੰਭਾਲੇ।
ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਆਪਣੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਤੋਂ ਪਾਰਟੀ ਪ੍ਰਤੀ ਵਫਾਦਾਰ ਰਹਿਣ ਦੇ ਹਲਫੀਆ ਬਿਆਨ ਨੇ ਸਿੱਧ ਕਰ ਦਿੱਤਾ ਹੈ ਕਿ ਕਾਂਗਰਸ ਨੂੰ ਕਾਂਗਰਸੀਆਂ ਉੱਤੇ ਹੀ ਭਰੋਸਾ ਨਹੀਂ। ਉਨ੍ਹਾਂ ਕਿਹਾ ਕਿ ਅਜਿਹੀ ਹਾਲਤ ਵਿਚ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਦਾ ਕੀ ਸੰਵਾਰ ਦੇਵੇਗਾ? ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਪੰਜਾਬ ਦੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਤੀਜੀ ਵਾਰ ਵੀ ਅਕਾਲੀ-ਭਾਜਪਾ ਸਰਕਾਰ ਨੂੰ ਸੇਵਾ ਦਾ ਮੌਕਾ ਦੇਣਾ ਚਾਹੀਦਾ ਹੈ। ਸ. ਬਾਦਲ ਨੇ ਕਿਹਾ ਕਿ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਾਂਗਰਸ-ਆਪ ਦੀ ਸਿਆਸਤ ‘ਕਰਾਂਗੇ’ ‘ਤੇ ਆਧਾਰਿਤ ਹੈ ਜਦਕਿ ਅਕਾਲੀ-ਭਾਜਪਾ ਸਰਕਾਰ ਨੇ ਕਰਕੇ ਵਿਖਾ ਦਿੱਤਾ ਹੈ।
ਇਸ ਮੌਕੇ ਉਨ੍ਹਾਂ ਫਾਜ਼ਿਲਕਾ ਹਲਕੇ ਦੀਆਂ 60 ਪੰਚਾਇਤਾਂ ਨੂੰ ਵਿਕਾਸ ਗ੍ਰਾਂਟਾਂ ਲਈ ਚੈੱਕ ਵੰਡੇ ਅਤੇ ਪੰਚਾਇਤਾਂ ਦੀਆਂ ਸਮੱਸਿਆਵਾਂ ਸੁਣੀਆਂ। ਸਮੱਸਿਆਵਾਂ ਦੇ ਹੱਲ ਲਈ ਮੌਕੇ ‘ਤੇ ਹਾਜ਼ਰ ਅਧਿਕਾਰੀਆਂ ਨੂੰ ਨਿਰੇਦਸ਼ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਸਰਹੱਦੀ ਇਲਾਕਿਆਂ ਦੇ ਵਿਕਾਸ ਵੱਲ ਵਿਸ਼ੇਸ਼ ਤਵੱਜੋਂ ਦੇ ਰਹੀ ਹੈ ਅਤੇ ਇਨ੍ਹਾਂ ਖੇਤਰਾਂ ਦੇ ਵਾਸੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ।
ਸੰਗਤ ਦਰਸ਼ਨ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਉੱਪ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਸਰਹੱਦੀ ਇਲਾਕੇ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਕੇ ਪੰਜਾਬ ਸਰਕਾਰ ਨੇ ਇੱਥੋਂ ਦੇ ਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਇਸ ਇਲਾਕੇ ਨੂੰ ਬਿਲਕੁਲ ਅਣਗੌਲਿਆ ਕਰ ਦਿੱਤਾ ਗਿਆ ਸੀ ਪਰ ਅਕਾਲੀ-ਭਾਜਪਾ ਸਰਕਾਰ ਨੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ‘ਤੇ ਲਿਆਂਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਪਾਰਲੀਮਾਨੀ ਸਕੱਤਰ ਗੁਰਤੇਜ ਸਿੰਘ ਘੁੜਿਆਣਾ, ਸੀਨੀਅਰ ਅਕਾਲੀ ਆਗੂ ਸਤਿੰਦਰਜੀਤ ਸਿੰਘ ਮੰਟਾ, ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਐਸਐਸਪੀ ਨਰਿੰਦਰ ਭਾਰਗਵ, ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿਘ ਗਰੇਵਾਲ, ਜ਼ਿਲ੍ਹਾ ਪ੍ਰਧਾਨ ਤੇ ਉਪ-ਚੇਅਰਮੈਨ ਪੰਜਾਬ ਐਗਰੋ ਅਸ਼ੋਕ ਅਨੇਜਾ, ਰਾਕੇਸ਼ ਸਹਿਗਲ ਭਾਜਪਾ ਆਗੂ, ਪਰਮਜੀਤ ਸਿੰਘ ਪੰਮਾ ਵੈਰੜ ਟਰੱਕ ਯੂਨੀਅਨ ਪ੍ਰਧਾਨ, ਵਿਨੋਦ ਬਜਾਜ ਚੇਅਰਮੈਨ ਮਾਰਕਿਟ ਕਮੇਟੀ, ਐਸਜੀਪੀਸੀ ਮੈਂਬਰ ਗੁਰਲਾਲ ਸਿੰਘ ਦਾਨੇਵਾਲੀਆ, ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਪਰਮਜੀਤ ਸਿੰਘ ਸ਼ੇਰਾ, ਭਾਜਪਾ ਮੰਡਲ ਪ੍ਰਧਾਨ ਕੰਵਰ ਸੇਨ ਤੇ ਓਮ ਪ੍ਰਕਾਸ਼, ਬਲਾਕ ਪ੍ਰਧਾਨ ਸੁਖਮੰਦਰ ਸਿੰਘ, ਸਤਿੰਦਰ ਸਿੰਘ ਸਵੀ ਕਾਠਕਾਲ ਯੂਥ ਆਗੂ, ਨਗਰ ਕੌਂਸਲ ਪ੍ਰਧਾਨ ਰਾਕੇਸ਼ ਧੂਰੀਆ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *