ਪੰਜਾਬ ਸਰਕਾਰ ਵਲੋਂ ਕਬਰਸਤਾਨਾਂ ਲਈ ਜਮੀਨਾਂ ਤੇ ਇਨ੍ਹਾਂ ਦੇ ਰਖ-ਰਖਾਓ ਲਈ 100 ਕਰੋੜ ਦਾ ਫੰਡ ਅਲਾਟ-ਮਸੀਹ

ss1

ਪੰਜਾਬ ਸਰਕਾਰ ਵਲੋਂ ਕਬਰਸਤਾਨਾਂ ਲਈ ਜਮੀਨਾਂ ਤੇ ਇਨ੍ਹਾਂ ਦੇ ਰਖ-ਰਖਾਓ ਲਈ 100 ਕਰੋੜ ਦਾ ਫੰਡ ਅਲਾਟ-ਮਸੀਹ

ਜਲੰਧਰ ,13 ਜੁਲਾਈ 2016: ਪੰਜਾਬ ਸਰਕਾਰ ਨੇ ਕਬਰਸਤਾਨਾਂ ਲਈ ਜਮੀਨਾਂ ਅਤੇ ਉਨ੍ਹਾਂ ਦੇ ਰੱਖ ਰਖਾਓ ਲਈ 100 ਕਰੋੜ ਰੁਪਏ ਦੇ ਫੰਡ ਅਲਾਟ ਕੀਤੇ ਹਨ। ਜਿਥੇ ਵੀ ਪਿੰਡ ਵਿਚ ਮਸੀਹ ਭਾਈਚਾਰਾ ਜਾਂ ਮੁਸਲਮਾਨਾਂ ਦੀ ਅਬਾਦੀ ਹੈ ਉਥੇ ਕਬਰਸਤਾਨ ਜਲਦੀ ਹੀ ਬਣਾ ਦਿੱਤੇ ਜਾਣਗੇ। ਇਹ ਜਾਣਕਾਰੀ ਅੱਜ ਇਥੇ ਸਰਕਟ ਹਾਊਸ ਵਿਖੇ ਸ੍ਰੀ ਮੁਨੱਵਰ ਮਸੀਹ ਚੇਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੇ ਘੱਟ ਗਿਣਤੀ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਜਲੰਧਰ ਸ਼ਹਿਰ ਵਿਚ ਕਬਰਸਤਾਨ ਲਈ 8 ਕਨਾਲ ਜਮੀਨ ਬਸਤੀ ਵਿਖੇ ਜਲਦੀ ਹੀ ਮੁਹੱਈਆ ਕਰਵਾ ਦਿੱਤੀ ਜਾਵੇਗੀ ਤੇ ਇਸ ਲਈ ਘੱਟ ਗਿਣਤੀ ਦੇ ਭਾਈਚਾਰੇ ਦੀਆਂ ਵੱਖ ਵੱਖ ਸੰਸਥਾਵਾਂ ਦੀ ਇਕ ਕਮੇਟੀ ਗਠਿਤ ਕੀਤੀ ਗਈ ਹੈ ਅਤੇ ਮਸੀਹ ਭਵਨ ਲਈ 2 ਏਕੜ ਜਮੀਨ ਪੁੱਡਾ ਵਲੋਂ ਜਲਦੀ ਮੁਹੱਈਆ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਨੇ ਘੱਟ ਗਿਣਤੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਵਿਚ ਪੂਰਾ ਸਹਿਯੋਗ ਦੇਣ ਤਾਂ ਜੋ ਇਸ ਕੰਮ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਇਨ੍ਹਾਂ ਦਾ ਮੌਕੇ ‘ਤੇ ਨਿਪਟਾਰਾ ਕੀਤਾ ਤੇ ਕੁਝ ਸਮੱਸਿਆਵਾਂ ਦੇ ਨਿਪਟਾਰੇ ਲਈ ਲੋੜੀਂਦੀ ਕਾਰਵਾਈ ਕਰਦਿਆਂ ਸਬੰਧਿਤ ਵਿਭਾਗਾਂ ਨੂੰ ਭੇਜੀਆਂ ਗਈਆਂ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਹਦਾਇਤ ਕੀਤੀ ਕਿ ਉਹ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਪੀਸ ਕਮੇਟੀ ਵਿਚ ਸ਼ਾਮਿਲ ਕਰਨ ਨੂੰ ਯਕੀਨੀ ਬਣਾਉਣ।
ਇਸ ਮੌਕੇ ਸ੍ਰੀ ਗੁਰਮੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਲੰਧਰ ਨੇ ਦੱਸਿਆ ਕਿ ਕਬਰਸਤਾਨਾਂ ਲਈ ਜ਼ਿਲ੍ਹਾ ਜਲੰਧਰ ਵਿਚ 58 ਪਿੰਡਾਂ ਦੀ ਸ਼ਨਾਖਤ ਕੀਤੀ ਗਈ ਹੈ ਤੇ ਇਨ੍ਹਾਂ ਨੂੰ ਕਬਰਸਤਾਨਾਂ ਲਈ ਜਲਦੀ ਹੀ ਸਰਕਾਰੀ ਜਮੀਨ ਜਾਂ ਜ਼ਮੀਨ ਖਰੀਦ ਕੇ ਮੁਹੱਈਆ ਕਰਵਾ ਦਿੱਤੀ ਜਾਵੇਗੀ। ਇਸ ਮੌਕੇ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਕਮਿਸ਼ਨਰ ਨਗਰ ਨਿਗਮ ਜਲੰਧਰ, ਪੁਲਿਸ ਅਧਿਕਾਰੀ ਸ੍ਰੀ ਹਰਮੀਤ ਸਿੰਘ, ਸ੍ਰੀ ਯਕੂਬ ਮਸੀਹ ਮੈਂਬਰ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ , ਐਸ.ਡੀ.ਐਮ.ਜਲੰਧਰ-2 ਸ੍ਰੀ ਵਰਿੰਦਰਪਾਲ ਸਿੰਘ ਬਾਜਵਾ, ਸ੍ਰੀ ਰਾਜਿੰਦਰ ਸਿੰਘ ਜ਼ਿਲ੍ਹਾ ਭਲਾਈ ਅਫਸਰ, ਬੀ.ਡੀ.ਪੀ.ਓ.ਭੋਗਪੁਰ ਸ੍ਰੀ ਨੀਰਜ ਕੁਮਾਰ ਤੋਂ ਇਲਾਵਾ ਘੱਟ ਗਿਣਤੀ ਭਾਈਚਾਰੇ ਦੇ ਹੋਰ ਨੁਮਾਇੰਦੇ ਹਾਜ਼ਰ ਸਨ।

print
Share Button
Print Friendly, PDF & Email