ਡਿਪਟੀ ਕਮਿਸ਼ਨਰ ਅਤੇ ਐੱਸ. ਡੀ. ਐੱਮਜ਼ ਵੱਲੋਂ ਅਚਾਨਕ ਛਾਪਾਮਾਰੀ ਦੌਰਾਨ 54 ਗੈਰ ਹਾਜ਼ਰ ਤੇ 12 ਲੇਟ ਲਤੀਫ਼ ਮਿਲੇ

ss1

ਡਿਪਟੀ ਕਮਿਸ਼ਨਰ ਅਤੇ ਐੱਸ. ਡੀ. ਐੱਮਜ਼ ਵੱਲੋਂ ਅਚਾਨਕ ਛਾਪਾਮਾਰੀ ਦੌਰਾਨ 54 ਗੈਰ ਹਾਜ਼ਰ ਤੇ 12 ਲੇਟ ਲਤੀਫ਼ ਮਿਲੇ

ਡਿਊਟੀ ਪ੍ਰਤੀ ਲਾਪਰਵਾਹੀ ਅਤੇ ਬਿਜਲੀ ਪਾਣੀ ਦੀ ਦੁਰਵਰਤੋਂ ਬਰਦਾਸ਼ਤ ਨਹੀਂ-ਡਿਪਟੀ ਕਮਿਸ਼ਨਰ29-10

ਲੁਧਿਆਣਾ, 29 ਅਪ੍ਰੈਲ (ਪ੍ਰੀਤੀ ਸ਼ਰਮਾ)-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਵੱਲੋਂ ਅੱਜ ਸਵੇਰੇ 9.00 ਵਜੇ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਚੱਲਦੇ ਦਫ਼ਤਰਾਂ ਅਤੇ ਵੱਖ-ਵੱਖ ਐੱਸ. ਡੀ. ਐੱਮ. ਸਾਹਿਬਾਨ ਵੱਲੋਂ ਆਪਣੀਆਂ ਸਬ-ਡਵੀਜ਼ਨਾਂ ਦੇ ਸਰਕਾਰੀ ਦਫ਼ਤਰਾਂ ਦੀ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ 54 ਅਧਿਕਾਰੀ ਅਤੇ ਕਰਮਚਾਰੀ ਗੈਰ-ਹਾਜ਼ਰ ਪਾਏ ਗਏ, ਜਦਕਿ 12 ਅਧਿਕਾਰੀ ਅਤੇ ਕਰਮਚਾਰੀ ਸਮੇਂ ਤੋਂ ਦੇਰੀ ਨਾਲ ਦਫ਼ਤਰ ਪੁੱਜੇ। ਜਿਸ ਬਾਰੇ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਡਿਊਟੀ ਪ੍ਰਤੀ ਲਾਪਰਵਾਹੀ ਅਤੇ ਬਿਜਲੀ ਪਾਣੀ ਦੁਰਵਰਤੋਂ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਅੱਜ ਸਵੇਰੇ ਡਿਪਟੀ ਕਮਿਸ਼ਨਰ ਜਿਉਂ ਹੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਇਮਾਰਤ ਵਿੱਚ ਪੁੱਜੇ ਤਾਂ ਉਨਾਂ ਸਾਰੀ ਇਮਾਰਤ ਦੇ ਦਰਵਾਜੇ ਬੰਦ ਕਰਵਾ ਕੇ ਸਾਰੇ ਹਾਜਰੀ ਰਜਿਸਟਰ ਆਪਣੇ ਕਬਜ਼ੇ ਵਿੱਚ ਲੈ ਲਏ। ਚੈਕਿੰਗ ਦੌਰਾਨ ਪਾਇਆ ਗਿਆ ਕਿ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਰਮਵਾਰ 5 ਅਤੇ 8 ਕਰਮਚਾਰੀ ਗੈਰ ਹਾਜ਼ਰ ਅਤੇ ਲੇਟ ਲਤੀਫ਼ ਪਾਏ ਗਏ। ਇਸੇ ਤਰਾਂ ਉੱਪ ਮੰਡਲ ਮੈਜਿਸਟ੍ਰੇਟ ਦਫ਼ਤਰ ਦੇ 6 ਕਰਮਚਾਰੀ ਗੈਰ ਹਾਜ਼ਰ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਦਫ਼ਤਰ ਦੇ 2 ਕਰਮਚਾਰੀ ਗੈਰ ਹਾਜ਼ਰ, ਦਫ਼ਤਰ ਉੱਪ ਮੰਡਲ ਇੰਜੀਨੀਅਰ (ਬਿਜਲੀ ਵਿਭਾਗ) ਦੇ 2 ਕਰਮਚਾਰੀ ਗੈਰ ਹਾਜ਼ਰ, ਸੁਵਿਧਾ ਕੇਂਦਰ ਦਾ 1 ਮੁਲਾਜ਼ਮ ਗੈਰ ਹਾਜ਼ਰ, ਜ਼ਿਲਾ ਵਿਕਾਸ ਅਤੇ ਪੰਚਾਇਤ ਦਫ਼ਤਰ ਦੇ 7 ਮੁਲਾਜ਼ਮ ਗੈਰ ਹਾਜ਼ਰ ਅਤੇ ਚੋਣ ਤਹਿਸੀਲਦਾਰ ਦਫ਼ਤਰ ਦੇ 9 ਮੁਲਾਜ਼ਮ ਗੈਰ ਹਾਜ਼ਰ ਪਾਏ ਗਏ।

ਇਸੇ ਤਰਾਂ ਉੱਪ ਮੰਡਲ ਮੈਜਿਸਟ੍ਰੇਟ ਦਫ਼ਤਰ ਜਗਰਾਉਂ ਦੇ 9 ਮੁਲਾਜ਼ਮ ਗੈਰ ਹਾਜ਼ਰ, ਰਾਏਕੋਟ ਦੇ 5 ਮੁਲਾਜ਼ਮ ਗੈਰ ਹਾਜ਼ਰ, ਖੰਨਾ ਦੇ 2 ਗੈਰ ਹਾਜ਼ਰ ਅਤੇ 4 ਲੇਟ ਲਤੀਫ਼, ਪਾਇਲ ਦੇ 2 ਗੈਰ ਹਾਜ਼ਰ, ਸਮਰਾਲਾ ਦੇ 3 ਗੈਰ ਹਾਜ਼ਰ ਪਾਏ ਗਏ। ਇਸ ਮੌਕੇ ਹੋਰ ਦੇਖਿਆ ਗਿਆ ਕਿ ਕਈ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਕੋਈ ਵੀ ਵਿਅਕਤੀ ਮੌਜੂਦ ਨਾ ਹੋਣ ਦੀ ਸੂਰਤ ਵਿੱਚ ਵੀ ਬਿਜਲੀ, ਪੱਖੇ ਅਤੇ ਏ. ਸੀ. ਚੱਲ ਰਹੇ ਸਨ, ਜਿਸ ਦਾ ਸ੍ਰੀ ਭਗਤ ਨੇ ਗੰਭੀਰ ਨੋਟਿਸ ਲਿਆ। ਉਨਾਂ ਇਨਾਂ ਕਮਰਿਆਂ ਵਿੱਚ ਖੁਦ ਜਾ ਕੇ ਸਵਿੱਚ ਆਫ਼ ਕੀਤੇ। ਉਨਾਂ ਹਦਾਇਤ ਕੀਤੀ ਕਿ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਅਜਿਹੀਆਂ ਅਣਗਹਿਲੀਆਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਲੋੜ ਨਾ ਹੋਣ ’ਤੇ ਬਿਜਲੀ ਅਤੇ ਪਾਣੀ ਦੀ ਨਜਾਇਜ਼ ਵਰਤੋਂ ਨਾ ਕੀਤੀ ਜਾਵੇ। ਸ੍ਰੀ ਭਗਤ ਨੇ ਦੱਸਿਆ ਕਿ ਜਿਹੜੇ ਅਧਿਕਾਰੀ ਜਾਂ ਕਰਮਚਾਰੀ ਗੈਰਹਾਜ਼ਰ ਪਾਏ ਗਏ ਹਨ ਉਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ ਜਦਕਿ ਜੋ ਲੇਟ ਲਤੀਫ਼ ਪਾਏ ਗਏ ਹਨ, ਉਨਾਂ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ। ਜੇਕਰ ਭਵਿੱਖ ਵਿੱਚ ਇਹ ਦੁਬਾਰਾ ਗੈਰਹਾਜ਼ਰ ਜਾਂ ਲੇਟ ਪਾਏ ਜਾਣਗੇ ਤਾਂ ਇਨਾਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਇਕੱਤਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਭਗਤ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰੀ ਦਫ਼ਤਰਾਂ ਵਿੱਚ ਸਮੇਂ ਸਿਰ ਡਿਊਟੀ ’ਤੇ ਆਉਣ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਾਰ ਕਰਾਉਣ ਵਿੱਚ ਕਿਸੇ ਵੀ ਤਰਾਂ ਦੀ ਮੁਸ਼ਕਿਲ ਜਾਂ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਜੇ ਸੂਦ, ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਜੇ. ਕੇ. ਜੈਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *