ਵਿਦਿਆਰਥੀਆਂ ਦੀਆਂ ਵਿੱਦਿਅਕ ਲੋੜਾਂ ਦੀ ਪੂਰਤੀ ਲਈ ਸਿੱਖਿਆ ਵਿਭਾਗ ‘‘ਵਿੱਦਿਆ ਚੈਨਲ” ਆਰੰਭ ਕਰੇਗਾ-ਡੀਪੀਆਈ

ss1

ਵਿਦਿਆਰਥੀਆਂ ਦੀਆਂ ਵਿੱਦਿਅਕ ਲੋੜਾਂ ਦੀ ਪੂਰਤੀ ਲਈ ਸਿੱਖਿਆ ਵਿਭਾਗ ‘‘ਵਿੱਦਿਆ ਚੈਨਲ” ਆਰੰਭ ਕਰੇਗਾ-ਡੀਪੀਆਈ
ਨੌਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਨੂੰ ਸਾਇੰਸ ਸਿਟੀ ਵਿਖਾਉਣ ਲਈ ਮੁੱਖ ਮੰਤਰੀ ਵਿਗਿਆਨ ਯਾਤਰਾ ਦਾ ਦੂਜਾ ਪੜਾਅ ਆਰੰਭ

4 ਅਗਸਤ ਤੱਕ ਹਰ ਜ਼ਿਲ੍ਹੇ ਵਿੱਚੋਂ ਰੋਜ਼ਾਨਾ ਇੱਕ ਬੱਸ ਮੁਫ਼ਤ ਮੁਹੱਈਆ ਕਰਾਏਗੀ ਸਰਕਾਰ

12-27

ਬਨੂੜ, 11 ਜੁਲਾਈ (ਰਣਜੀਤ ਸਿੰਘ ਰਾਣਾ):ਪੰਜਾਬ ਦੇ ਸਕੂਲੀ ਵਿਦਿਆਰਥੀਆਂ ਦੀਆਂ ਵਿੱਦਿਅਕ ਲੋੜਾਂ ਦੀ ਪੂਰਤੀ ਲਈ ਸਿੱਖਿਆ ਵਿਭਾਗ ਜਲਦੀ ਹੀ ‘‘ਵਿੱਦਿਆ ਚੈਨਲ” ਆਰੰਭ ਕਰੇਗਾ। ਇਹ ਪ੍ਰਗਟਾਵਾ ਪੰਜਾਬ ਦੇ ਡੀਪੀਆਈ (ਸੈਕੰਡਰੀ) ਸਕੂਲਜ਼ ਸ੍ਰੀ ਬਲਬੀਰ ਸਿੰਘ ਢੋਲ ਨੇ ਅੱਜ ਸਵੇਰੇ ਨਜ਼ਦੀਕੀ ਪਿੰਡ ਗੀਗੇਮਾਜਰਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਉਹ ਅੱਜ ਪਿੰਡ ਗੀਗੇਮਾਜਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਵਿੱਚ ਪੰਜਾਬ ਵਿਚ ਨੌਵੀਂ ਅਤੇ ਦਸਵੀਂ ਸ਼ਰੇਣੀ ਦੇ ਸਕੂਲੀ ਵਿਦਿਆਰਥੀਆਂ ਨੂੰ ਮੁਫ਼ਤ ਸਾਇੰਸ ਸਿਟੀ ਵਿਖਾਉਣ ਲਈ ਦੂਜੇ ਪੜਾਅ ਅਧੀਨ ਆਰੰਭ ਕੀਤੀ ਮੁੱਖ ਮੰਤਰੀ ਵਿਗਿਆਨ ਯਾਤਰਾ ਦੇ ਦੂਜੇ ਪੜਾਅ ਅਧੀਨ ਜਾਣ ਵਾਲੀ ਬੱਸ ਨੂੰ ਹਰੀ ਝੰਡੀ ਵਿਖਾਉਣ ਆਏ ਸਨ।

ਸ੍ਰੀ ਢੋਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਐਜੂਸੈੱਟ ਸਕੀਮ ਰਾਹੀਂ ਭਾਵੇਂ ਸਕੂਲਾਂ ਵਿਚ ਪਹਿਲਾਂ ਹੀ ਵਿੱਦਿਅਕ ਮਾਹਿਰਾਂ ਦੇ ਭਾਸ਼ਨ ਤੇ ਹੋਰ ਵਿੱਦਿਅਕ ਵਿਚਾਰ ਵਟਾਂਦਰੇ ਵਿਖਾਏ ਜਾਂਦੇ ਹਨ। ਹੁਣ ਇਸ ਸਕੀਮ ਵਿਚ ਹੋਰ ਵਾਧਾ ਕਰਦਿਆਂ ਘਰਾਂ ਵਿੱਚ ਬੈਠੇ ਵਿਦਿਆਰਥੀਆਂ ਦੀਆਂ ਵਿੱਦਿਅਕ ਲੋੜਾਂ ਦੀ ਪੂਰਤੀ ਲਈ ਆਪਣੇ ਵਿਸ਼ੇਸ਼ ਚੈਨਲ ਰਾਹੀਂ ਵਿੱਦਿਅਕ ਪ੍ਰੋਗਰਾਮਾਂ ਦਾ ਪ੍ਰਸਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਚੈਨਲਾਂ ਨੇ ਸਿੱਖਿਆ ਵਿਭਾਗ ਦੇ ਪ੍ਰੋਗਰਾਮ ਵਿਖਾਉਣ ਲਈ ਹਾਮੀ ਭਰੀ ਹੈ ਤੇ ਜਲਦੀ ਹੀ ਇਸ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਚੈਨਲ ਦੇ ਆਰੰਭ ਹੋਣ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਪੁੱਜੇਗਾ ਤੇ ਉਨ੍ਹਾਂ ਦੀ ਪੜਾਈ ਵਿਚ ਦਿਲਚਸਪੀ ਹੋਰ ਵਧੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਇਸੇ ਵਰ੍ਹੇ ਇਹ ਚੈਨਲ ਚਾਲੂ ਹੋ ਜਾਵੇਗਾ।

ਡੀਪੀਆਈ ਨੇ ਦੱਸਿਆ ਕਿ ਅੱਜ ਤੋਂ ਪੰਜਾਬ ਵਿਚ ਮੁੱਖ ਮੰਤਰੀ ਵਿਗਿਆਨ ਯਾਤਰਾ ਦਾ ਦੂਜਾ ਪੜਾਅ ਆਰੰਭ ਹੋ ਗਿਆ ਹੈ। ਇਸ ਲੜ੍ਹੀ ਅਧੀਨ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਨੌਵੀਂ ਅਤੇ ਦਸਵੀਂ ਦੇ ਸਮੁੱਚੇ ਵਿਦਿਆਰਥੀਆਂ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦੀ ਮੁਫ਼ਤ ਯਾਤਰਾ ਕਰਾਈ ਜਾਵੇਗੀ। ਸ੍ਰੀ ਢੋਲ ਨੇ ਦੱਸਿਆ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਰੋਜ਼ਾਨਾ ਪੰਜਾਹ ਵਿਦਿਆਰਥੀਆਂ ਵਾਲੀ ਇੱਕ ਬੱਸ ਸਾਇੰਸ ਸਿਟੀ ਜਾਵੇਗੀ ਤੇ ਹਰ ਬੱਸ ਨਾਲ ਸਾਇੰਸ ਵਿਸ਼ੇ ਦੇ ਦੋ ਅਧਿਆਪਕ ਵੀ ਜਾਣਗੇ, ਜਿਹੜੇ ਵਿਦਿਆਰਥੀਆਂ ਨੂੰ ਸਾਇੰਸ ਸਿਟੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਾਉਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 22 ਜ਼ਿਲ੍ਹਿਆਂ ਦੇ ਗਿਆਰਾਂ ਸੌ ਵਿਦਿਆਰਥੀਆਂ ਨੂੰ ਰੋਜ਼ਾਨਾ ਇਹ ਯਾਤਰਾ ਬਿਲਕੁੱਲ ਮੁਫ਼ਤ ਕਰਾਈ ਜਾਵੇਗੀ। ਉਨ੍ਹਾਂ ਕਿਹਾ ਕਿ ਦੂਜੇ ਪੜਾਅ ਅਧੀਨ 4 ਅਗਸਤ ਤੱਕ ਇਹ ਪ੍ਰੋਗਰਾਮ ਜਾਰੀ ਰਹੇਗਾ।

ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਢੋਲ ਨੇ ਗੀਗੇਮਾਜਰਾ ਦੇ ਅਪਰਗੇਡ ਹੋਏ ਸਕੂਲ ਬਾਰੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ ਤੇ ਉਨ੍ਹਾਂ ਨੂੰ ਗਿਆਰਵੀਂ ਸ਼ਰੇਣੀ ਵਿਚ ਆਪਣੇ ਬੱਚਿਆਂ ਦੇ ਦਾਖਲੇ ਕਰਾਉਣ ਦੀ ਅਪੀਲ ਕੀਤੀ। ਉਨ੍ਹਾਂ ਨਵੇਂ ਅਪਗਰੇਡ ਹੋਏ ਸਕੂਲ ਲਈ ਜਲਦੀ ਹੀ ਸਮੁੱਚਾ ਸਟਾਫ਼ ਮੁਹੱਈਆ ਕਰਾਉਣ ਦਾ ਵੀ ਭਰੋਸਾ ਦਿਵਾਇਆ। ਇਸ ਮੌਕੇ ਪਿੰਡ ਦੇ ਸਰਪੰਚ ਬਹਾਦਰ ਸਿੰਘ, ਸਕੂਲ ਮਨੇਜਮੈਂਟ ਕਮੇਟੀ ਦੇ ਮੁਖੀ ਹਰਨੇਕ ਸਿੰਘ ਤੇ ਸਕੂਲ ਮੁਖੀ ਸਤਿੰਦਰ ਕੁਮਾਰ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਬਲਬੀਰ ਸਿੰਘ ਢੋਲ ਦਾ ਸਨਮਾਨ ਵੀ ਕੀਤਾ। ਇਸ ਮੌਕੇ ਸਿੱਖਿਆ ਵਿਭਾਗ ਦੇ ਐਸ ਪੀ ਡੀ ਵਿਜੇ ਕੁਮਾਰ, ਜਸਵਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰ ਸਿੰਘ ਸਿੱਧੂ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ, ਮਾਨ ਸਿੰਘ, ਮਦਨ ਸਿੰਘ, ਗੱਜਣ ਸਿੰਘ, ਪਲਵਿੰਦਰ ਸਿੰਘ ਮੱਲੀ, ਯੂਥ ਆਗੂ ਭਗਵੰਤ ਸਿੰਘ, ਅਮਰੀਕ ਸਿੰਘ, ਜਸਵੰਤ ਕੌਰ, ਰੀਨਾ ਰਾਣੀ, ਗੁਰਦੀਪ ਸਿੰਘ, ਰੁਚੀ ਬਾਲਾ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਸਕੂਲ ਸਟਾਫ਼ ਮੌਜੂਦ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *