ਸਾਬਕਾ ਡੀ ਜੀ ਪੀ ਸ਼ਸ਼ੀ ਕਾਂਤ ਨੇ ਅਪਣੀ ਨਸ਼ਾ ਵਿਰੋਧੀ ਟੀਮ ਦੀ ਕਰਵਾਈ ਬਸਪਾ ‘ਚ ਸਮੂਲੀਅਤ

ss1

ਸਾਬਕਾ ਡੀ ਜੀ ਪੀ ਸ਼ਸ਼ੀ ਕਾਂਤ ਨੇ ਅਪਣੀ ਨਸ਼ਾ ਵਿਰੋਧੀ ਟੀਮ ਦੀ ਕਰਵਾਈ ਬਸਪਾ ‘ਚ ਸਮੂਲੀਅਤ
ਸੱਤਾ ਵਿੱਚ ਆਉਣ ਤੇ ਬਸਪਾ ਸ਼ਰਾਬ ਸਮੇਤ ਹਰ ਪ੍ਰਕਾਰ ਦੇ ਨਸ਼ੇ ਤੇ ਲਾਵੇਗੀ ਪਾਬੰਧੀ : ਕਰੀਮਪੁਰੀ
2017 ‘ਚ ਕੋਈ ਵੀ ਨਸ਼ੇ ਦਾ ਸੌਦਾਗਰ ਚੋਣ ਲੜਿਆ ਤਾਂ ਕਰਾਂਗੇ ਵਿਰੋਧ : ਸ਼ਸ਼ੀ ਕਾਂਤ

ਲੁਧਿਆਣਾ, 5 ਮਈ (ਪ੍ਰੀਤੀ ਸ਼ਰਮਾ): ਬਹੁਜਨ ਸਮਾਜ ਪਾਰਟੀ ਦੇ ਪੰਜਾਬ ਇੰਚਾਰਜ ਡਾ: ਮੇਘਰਾਜ ਸਿੰਘ ਅਤੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਸਰਕਟ ਹਾਊਸ ਵਿਖੇ ਪੱਤਰਕਾਰ ਵਾਰਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਸ਼ੇਸ ਤੌਰ ਤੇ ਪਹੁੰਚੇ ਪੰਜਾਬ ਦੇ ਸਾਬਕਾ ਡੀ ਸੀ ਪੀ ਸ਼ਸ਼ੀ ਕਾਂਤ ਜੋ ਪੰਜਾਬ ‘ਚ ਫੈਲੇ ਨਸ਼ਿਆਂ ਕਾਰਨ ਬਰਬਾਦ ਹੋ ਰਹੀ ਜਵਾਨੀ ਤੋਂ ਕਾਫੀ ਸਮੇਂ ਤੋਂ ਚਿੰਤਤ ਹਨ ਅਤੇ ਨਸ਼ਿਆਂ ਦੇ ਖਾਤਮੇ ਲਈ ਸੂਬੇ ਭਰ ‘ਚ ਸਰਗਰਮੀਆਂ ਚਲਾ ਰਹੇ ਹਨ, ਨੇ ਰਾਮ ਸਿੰਘ ਅਜਾਦ ਦੀ ਅਗਵਾਈ ‘ਚ ਅਪਣੀ ਐਨ ਜੀ ਓ ‘ਦ ਪਾਵਰ ਆਫ਼ ਯੂਥ ਐਸੋਸੀਏਸ਼ਨ ਪੰਜਾਬ (ਯੁਵਾ ਸ਼ਕਤੀ)’ ਦੀ ਬਸਪਾ ‘ਚ ਸਮੂਲੀਅਤ ਕਰਵਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਕਰੀਮਪੁਰੀ ਨੇ ਕਿਹਾ ਕਿ ਬਸਪਾ ਨੇ ਸੱਭ ਤੋਂ ਪਹਿਲਾਂ ਨਸ਼ਿਆਂ ਸਮੇਤ ਪੰਜਾਬ ਦੇ ਹੋਰਨਾਂ ਭੱਖਦੇ ਮਸਲਿਆ ਨੂੰ ਲੈ ਕੇ ਨਵੰਬਰ 2014 ਤੋਂ ਜੋ ‘ਪੰਜਾਬ ਬਚਾਓ’ ਮੁਹਿੰਮ ਸੁਰੂ ਕੀਤੀ ਸੀ ਜਿਸ ਦੇ ਨਤੀਜੇ ਆਏ ਅਤੇ ਸੂਬੇ ਦੀ ਜਨਤਾ ਨੂੰ ਯਕੀਨ ਹੋ ਗਿਆ ਕਿ ਇਨਾਂ ਮੁੱਦਿਆਂ ਦਾ ਹੱਲ ਬਸਪਾ ਕਰ ਸਕਦੀ ਹੈ। ਲੋਕ ਅਕਾਲੀ ਭਾਜਪਾ ਗਠਜੋੜ, ਕਾਂਗਰਸ ਅਤੇ ਲੋਕਾਂ ਨੂੰ ਗੁੰਮਰਾਹ ਕਰਨ ‘ਚ ਸੱਭ ਤੋਂ ਅੱਗੇ ਚੱਲ ਰਹੀ ‘ਆਪ’ ਦਾ ਖਹਿੜਾ ਛੱਡ ਆਪ ਮੁਹਾਰੇ ਬਸਪਾ ਨਾਲ ਜੁੜਨ ਲੱਗੇ ਜਿਸਦੇ ਚੱਲਦਿਆਂ ਬਸਪਾ ਵੱਲੋਂ ਬੰਗਾਂ ਅਤੇ ਨਵਾਂ ਸ਼ਹਿਰ ਵਿਖੇ ਕੀਤੀਆਂ ਮਹਾਂਰੈਲੀਆਂ ‘ਚ ਲੱਖਾਂ ਲੋਕਾਂ ਦੇ ਜੁੜਨ ਕਾਰਨ ਏਹ ਇਤਿਹਾਸਕ ਬਣੀਆਂ।

ਉਨਾਂ ਅੱਗੇ ਕਿਹਾ ਕਿ ਨਸ਼ਿਆਂ ਕਾਰਨ ਪੰਜਾਬ ਦੇ ਹਾਲਾਤ ਬੜੇ ਗੰਭੀਰ ਹੋ ਗਏ ਹਨ ਅਤੇ ਕਈ ਘਰਾਂ ਵਿੱਚ ਤਿੰਨ ਤਿੰਨ ਔਰਤਾਂ ਵਿਧਵਾਵਾਂ ਬਣ ਗਈਆਂ ਹਨ ਇਸ ਤੋਂ ਇਲਾਵਾ ਹਰ ਰੋਜ ਔਸਤਨ ਤਿੰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਉਨਾਂ ਕਿਹਾ ਕਿ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਪੰਜਾਬ ‘ਚ ਕੋਈ ਨਸ਼ਾ ਪੀੜਤ ਨਹੀ ਜਦਕਿ ਸਰਕਾਰ ਅਧੀਨ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਅੱਜ ਢਾਈ ਲੱਖ ਨਸ਼ਿਆਂ ਦਾ ਮਰੀਜ ਜੇਰੇ ਇਲਾਜ ਹੈ। ਉਨਾਂ ਕਿਹਾ ਕਿ ਨਸ਼ਿਆਂ ਦੇ ਅਜਿਹੇ ਵਿਕਰਾਲ ਰੂਪ ਨੂੰ ਦੇਖਦਿਆਂ ਬਸਪਾ ਦੀ ਸਰਕਾਰ ਆਉਣ ਤੇ ਸ਼ਰਾਬ ਸਮੇਤ ਹਰ ਪ੍ਰਕਾਰ ਦੇ ਨਸ਼ੇ ਤੇ ਪੂਰਨ ਪਾਬੰਧੀ ਲਗਾ ਦਿੱਤੀ ਜਾਵੇਗੀ। ਉਨਾਂ ਇਸ ਗੱਲ ਤੇ ਵੀ ਚਿੰਤਾ ਪ੍ਰਗਟ ਕੀਤੀ ਕਿ ਸਰਕਾਰ ਦੇ ਇਸਾਰੇ ਤੇ ਪੁਲਿਸ ਵੱਲੋਂ ਰੇਤੇ ਦੀ ਭਰੀ ਟਰਾਲੀ ਤੇ ਤਾਂ ਪਰਚਾ ਦਰਜ ਕੀਤਾ ਜਾ ਰਿਹਾ ਹੈ ਪਰ ਭੁੱਕੀ ਨਾਲ ਭਰੀਆਂ ਗੱਡੀਆਂ ਨੂੰ ਛੱਡਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲੋਕਾਂ ਨੂੰ ਗੁੰਮਰਾਹ ਕਰਨ ਲਈ ਨਸ਼ਾ ਤਸ਼ਕਰਾਂ ਨੂੰ ਗ੍ਰਿਫਤਾਰ ਕਰਕੇ ਉਨਾਂ ਦੀਆਂ ਜਾਇਦਾਦਾਂ ਜਬਤ ਕਰਨ ਅਤੇ ਨਸ਼ੇ ਦੇ ਸੌਦਾਗਰਾਂ ਦੀ ਸੂਚਨਾ ਦੇਣ ਵਾਲੇ ਨੂੰ ਨਕਦ ਇਨਾਮ ਦੇਣ ਦੀਆਂ ਹਦਾਇਤਾਂ ਜਾਰੀ ਕਰਨ ਦੇ ਬਿਆਨ ਦੇ ਰਿਹਾ ਹੈ। ਇਸ ਤੋਂ ਬਿਨਾਂ ਉਨਾਂ ਦੱਸਿਆ ਕਿ ਬਸਪਾ ਵੱਲੋਂ ਸੁਰੂ ਕੀਤੀ ‘ਪਿੰਡ ਪਿੰਡ ਚੱਲੋ, ਘਰ-ਘਰ ਚੱਲੋ, ਮੁਹਿੰਮ ਦੇ ਤਹਿਤ ਉਨਾਂ ਸਾਬਕਾ ਡੀ ਜੀ ਪੀ ਸ਼ਸ਼ੀ ਕਾਂਤ ਦੇ ਘਰ ਜਾ ਕੇ ਸਹਿਯੋਗ ਦੀ ਮੰਗ ਕੀਤੀ ਸੀ। ਨਸ਼ਿਆਂ ਪ੍ਰਤੀ ਸਾਡਾ ਨਿਸ਼ਾਨਾ ਇੱਕ ਹੋਣ ਕਾਰਨ ਉਨਾਂ ਖੁਦ ਰਾਜਨੀਤੀ ਤੋਂ ਦੂਰ ਰਹੇ ਕੇ ਸਿਰਫ ਅਪਣੀ ਐਨ ਜੀ ਓ ਦੀ ਬਸਪਾ ‘ਚ ਸਮੂਲੀਅਤ ਕਰਵਾਈ ਹੈ। ਇਸ ਮੌਕੇ ਸ੍ਰੀ ਕਾਂਤ ਨੇ ਦੱਸਿਆ ਕਿ ਬਸਪਾ ਤੋਂ ਪਹਿਲਾਂ ਭਾਜਪਾ, ਕਾਂਗਰਸ ਅਤੇ ਆਪ ਦੇ ਦੁਰਗੇਸ ਪਾਠਕ ਨੇ ਵੀ ਉਨਾਂ ਨਾਲ ਸਪੰਰਕ ਕੀਤਾ ਸੀ। ਉਨਾਂ ਕਿਹਾ ਕਿ ਖੁਦ ਰਾਜਨੀਤਿਕ ਤੌਰ ਤੇ ਵਿਚਰਨ ਦੀ ਬਜਾਏ ਉਨਾਂ ਦੀ ਐਨ ਜੀ ਬਸਪਾ ਦੀ ਮੁਹਿੰਮ ‘ਚ ਪੂਰੀ ਸਰਗਰਮੀ ਨਾਲ ਭਾਗ ਲਵੇਗੀ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਹੜੀ ਵੀ ਪਾਰਟੀ ਨਸ਼ੇ ਦੇ ਸੌਦਾਗਰਾਂ ਨੂੰ ਟਿਕਟਾਂ ਦੇ ਕੇ ਚੋਣ ਮੈਦਾਨ ਵਿੱਚ ਉਤਾਰੇਗੀ ਸਾਡੇ ਵੱਲੋਂ ਉਸ ਪਾਰਟੀ ਅਤੇ ਉਮੀਦਵਾਰ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਲੋਕਾਂ ਵਿੱਚ ਜਾ ਕੇ ਉਸ ਨਸ਼ਾ ਸੌਦਾਗਰ ਦੀ ਪੋਲ ਖੋਲੀ ਜਾਵੇਗੀ। ਡਾ: ਮੇਘਰਾਜ ਸਿੰਘ ਨੇ ਪਾਰਟੀ ‘ਚ ਸ਼ਾਮਿਲ ਹੋਏ ਰਾਮ ਸਿੰਘ ਅਜਾਦ ਨੂੰ ਪਟਿਆਲਾ ਜੋਨ ਦਾ ਕੋਆਡੀਨੇਟਰ ਲਗਾਉਣ ਦਾ ਐਲਾਨ ਕੀਤਾ। ਇਸ ਮੌਕੇ ਬਲਵਿੰਦਰ ਬਿੱਟਾ, ਜੀਤ ਰਾਮ ਬਸਰਾ, ਪ੍ਰਗਣ ਬਿਲਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਨ ਜੀ ਓ ਦੇ ਵਲੰਟੀਅਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *