ਸਿਵਲ ਹਸਪਤਾਲ ਮਲੋਟ ਪੁੱਜਦੀਆਂ ਲਾਸ਼ਾਂ ਨੂੰ ਫਰਿਜ ਦੀ ਥਾਂ ਖੁੱਲੇ ਅਸਮਾਨ ਹੇਠ ਰੱਖਣ ਨਾਲ ਕੀਤੀ ਜਾ ਰਹੀ ਹੈ ਬੇਅਦਬੀ

ss1

ਸਿਵਲ ਹਸਪਤਾਲ ਮਲੋਟ ਪੁੱਜਦੀਆਂ ਲਾਸ਼ਾਂ  ਨੂੰ ਫਰਿਜ ਦੀ ਥਾਂ ਖੁੱਲੇ ਅਸਮਾਨ ਹੇਠ ਰੱਖਣ ਨਾਲ ਕੀਤੀ ਜਾ ਰਹੀ ਹੈ ਬੇਅਦਬੀ

 

4-18 (6)

ਮਲੋਟ, 4 ਮਈ (ਆਰਤੀ ਕਮਲ) : ਮਲੋਟ ਦਾ ਸਰਕਾਰੀ ਹਸਪਤਾਲ ਜੋ ਆਪਣੇ ਕਾਰਨਾਮਿਆਂ ਕਾਰਨ ਸਮੇਂ ਸਮੇਂ ਉੱਪਰ ਅਖਬਾਰਾਂ ਦੀਆਂ ਸੁਰਖੀਆਂ ਹਾਸਿਲ ਕਰਦਾ ਰਹਿੰਦਾ ਹੈ ਅੱਜ ਇੱਕ ਵਾਰੀ ਫਿਰ ਆਪਣੇ ਕਾਰਨਾਮੇ ਕਾਰਨ ਸੁਰਖੀਆਂ ਵਿੱਚ ਆ ਗਿਆ ਹੈ। ਸਰਕਾਰੀ ਹਸਪਤਾਲ ਮਲੋਟ ਵਿੱਚ ਆਸ-ਪਾਸ ਦੇ ਖੇਤਰ ਤੋ ਅਣਸੁਖਾਵੀ ਘਟਨਾਵਾਂ ਵਿੱਚ ਮੌਤ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀਆਂ ਮ੍ਰਿਤਕ ਦੇਹਾਂ ਪੋਸਟਮਾਰਟਮ ਲਈ ਆਉਂਦੀਆਂ ਹਨ। ਪਰ ਜਿਹਨਾ ਦੇ ਮਿੱਤਰ ਪਿਆਰੇ ਮੌਤ ਦਾ ਸ਼ਿਕਾਰ ਹੋਏ ਹੁੰਦੇ ਹਨ ਉਹਨਾਂ ਨੂੰ ਨਹੀ ਪਤਾ ਲੱਗਦਾ ਕਿ ਉਹਨਾ ਦੇ ਪਿਆਰਿਆਂ ਦੀਆਂ ਮ੍ਰਿਤਕ ਦੇਹਾਂ ਇਸ ਸਰਕਾਰੀ ਹਸਪਤਾਲ ਵਿੱਚ ਕਿਸ ਬੇਕਦਰੀ ਦਾ ਸ਼ਿਕਾਰ ਹੁੰਦੀਆਂ ਹਨ।

ਅੱਜ ਇਸ ਬੇਕਦਰੀ ਦੀ ਜਿੰਦਾ ਮਿਸਾਲ ਪੱਤਰਕਾਰਾਂ ਨੂੰ ਉਸ ਸਮੇ ਦੇਖਣ ਨੂੰ ਮਿਲੀ ਜਦ ਉਹ ਇੱਕ ਖਬਰ ਦੀ ਰਿਪੋਟਿੰਗ ਲਈ ਸਰਕਾਰੀ ਹਸਪਤਾਲ ਪੁੱਜੇ ਤਾਂ ਹਸਪਤਾਲ ਦੇ ਖੁਲੇ ਥਾਂ ਵਿੱਚ ਇੱਕ ਲਾਸ਼ ਗਰਮੀ ਵਿੱਚ ਪਈ ਸੀ ਅਤੇ ਉਸ ਲਾਸ਼ ਨੂੰ ਫਰਿੱਜ ਵਾਲੇ ਕਮਰੇ ਵਿੱਚ ਰੱਖਣ ਦੀ ਥਾਂ ਲਾਸ਼ ਨੂੰ ਖੁੱਲੇ ਵਿੱਚ ਰੱਖ ਕੇ ਉਸ ਉੱਪਰ ਬਰਫ ਦੇ ਕੁੱਝ ਟੁੱਕੜੇ ਰੱਖੇ ਹੋਏ ਸਨ। ਪੱਤਰਕਾਰਾਂ ਨੂੰ ਸੂਚਨਾ ਮਿਲੀ ਸੀ ਕਿ ਬੀਤੀ ਰਾਤ ਪਿੰਡ ਮਿੱਡਾ ਦੇ ਛਿੰਦਰਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਜੋ ਕਿ ਪੰਜਾਬ ਪੁਲਸ ਵਿੱਚ ਹਵਲਦਾਰ ਸਨ ਦੀ ਮੌਤ ਹੋ ਗਈ ਸੀ ਅਤੇ ਉਹਨਾ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਲਿਆਂਦੀ ਗਈ ਹੈ। ਮੀਡੀਆਂ ਕਰਮੀਆਂ ਨੇ ਇਸ ਖਬਰ ਦੀ ਜਾਣਕਾਰੀ ਹਾਸਿਲ ਕਰਨ ਲਈ ਜਦ ਸਰਕਾਰੀ ਹਸਪਤਾਲ ਵਿਖੇ ਪੁੱਜੇ ਤਾਂ ਉਹ ਉਕਤ ਮ੍ਰਿਤਕ ਦੇਹ ਨੂੰ ਬਾਹਰ ਪਈ ਵੇਖ ਕੇ ਹੈਰਾਨ ਹੋ ਗਏ। ਜਦ ਮੀਡੀਆਂ ਕਰਮੀਆਂ ਨੇ ਇਸ ਮ੍ਰਿਤਕ ਦੇਹ ਦੇ ਬਾਹਰ ਪਏ ਹੋਣ ਬਾਰੇ ਜਾਣਕਾਰੀ ਹਾਸਿਲ ਕੀਤੀ ਤਾਂ ਪਤਾ ਲੱਗਾ ਕਿ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਲੱਗੇ ਫਰਿੱਜ ਖਰਾਬ ਹਨ ਜਿਸ ਕਾਰਨ ਇਹ ਮ੍ਰਿਤਕ ਦੇਹ ਬਾਹਰ ਰੱਖੀ ਹੋਈ ਸੀ। ਇਸ ਸਬੰਧ ਦੇ ਵਿੱਚ ਜਦ ਸਰਕਾਰੀ ਹਸਪਤਾਲ ਦੇ ਐਸ.ਐਮ.ਓ ਡਾ. ਸੰਦੀਪ ਗਲਹੋਤਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾ ਨੇ ਇਸ ਗੱਲ ਤੋ ਇਨਕਾਰ ਕਰ ਦਿੱਤਾ ਕਿ ਮੁਰਦਾ ਘਰ ਦੇ ਫਰਿੱਜ ਖਰਾਬ ਹਨ। ਉਹਨਾ ਦਾਅਵਾ ਕੀਤਾ ਕਿ ਫਰਿੱਜ ਬਿਲਕੁੱਲ ਠੀਕ ਹਨ ਅਤੇ ਲਾਸ਼ ਕੁੱਝ ਸਮੇ ਪਹਿਲਾਂ ਹੀ ਹਸਪਤਾਲ ਵਿੱਚ ਲਿਆਂਦੀ ਗਈ ਹੈ ਅਤੇ ਇਸ ਕਰਕੇ ਇਸ ਨੂੰ ਬਾਹਰ ਰੱਖਿਆ ਗਿਆ ਹੈ। ਬੇਸ਼ੱਕ ਮੀਡੀਆਂ ਕਰਮੀਆਂ ਨੂੰ ਆਸਪਾਸ ਦੇ ਲੋਕਾਂ ਵੱਲੋ ਦੱਸਿਆ ਗਿਆ ਸੀ ਕਿ ਇਹ ਮ੍ਰਿਤਕ ਦੇਹ ਕਰੀਬ ਸਵੇਰੇ 8.30 ਵਜੇ ਹਸਪਤਾਲ ਵਿੱਚ ਲਿਆਦੀ ਗਈ ਸੀ ਅਤੇ ਮੀਡੀਆ ਕਰਮੀ ਉੱਥੇ ਕਰੀਬ 9.30 ਵਜੇ ਪੁੱਜੇ ਸਨ।

ਮੀਡੀਆਂ ਕਰਮੀ ਹਸਪਤਾਲ ਪ੍ਰਸ਼ਾਸ਼ਨ ਦੇ ਭਰੋਸੇ ਉੱਪਰ ਵਿਸ਼ਵਾਸ਼ ਕਰਕੇ ਵਾਪਿਸ ਪਰਤ ਆਏ ਪਰ ਕਰੀਬ 2 ਘੰਟਾ ਮਗਰੋ ਉਹਨਾਂ ਨੂੰ ਸੂਚਨਾ ਮਿਲੀ ਕਿ ਫਰਿੱਜ ਖਰਾਬ ਹੀ ਹਨ ਅਤੇ ਇੱਥੋ ਤੱਕ ਕਿ ਹਸਪਤਾਲ ਵਿੱਚ ਇੱਕ ਦਿਨ ਪਹਿਲਾਂ ਪੁੱਜੀ ਮ੍ਰਿਤਕ ਦੇਹ ਵੀ ਫਰਿੱਜ ਦੀ ਥਾਂ ਉਸਦੇ ਨਾਲ ਵਾਲੇ ਕਮਰੇ ਵਿੱਚ ਪਈ ਹੈ। ਇਹ ਸੂਚਨਾ ਮਿਲਣ ਤੇ ਮੀਡੀਆ ਕਰਮੀ ਇੱਕ ਵਾਰੀ ਫਿਰ ਕਰੀਬ 11.30 ਵਜੇ ਹਸਪਤਾਲ ਪੁੱਜੇ ਤਾਂ ਉਕਤ ਮ੍ਰਿਤਕ ਦੇਹ ਉਸੇ ਥਾਂ ਉੱਪਰ ਹੀ ਪਈ ਸੀ। ਜਦ ਕਿ ਮੁਰਦਾਘਰ ਦੇ ਫਰਿੱਜ ਵਾਲੇ ਕਮਰੇ ਨੂੰ ਤਾਲਾ ਲੱਗਾ ਹੋਇਆ ਸੀ ਜਿਸ ਕਾਰਨ ਇਹ ਸਪੱਸ਼ਟ ਨਹੀ ਸੀ ਕਿ ਉਸ ਕਮਰੇ ਦੇ ਫਰਿੱਜ ਚੱਲ ਰਹੇ ਹਨ ਜਾਂ ਨਹੀ ਅਤੇ ਸੋਮਵਾਰ ਮਿਲੀ ਇੱਕ ਲਾਸ਼ ਮੁਰਦਾਘਰ ਦੇ ਨਾਲ ਵਾਲੇ ਕਮਰੇ ਵਿੱਚ ਰੱਖੀ ਹੋਈ ਸੀ।

ਇਸ ਸਬੰਧ ਵਿੱਚ ਜਦ ਸਰਕਾਰੀ ਹਸਪਤਾਲ ਦੇ ਡਾ. ਸੁਨੀਲ ਬਾਂਸਲ ਤੋ ਹੋਰ ਵਧੇਰੇ ਜਾਣਕਾਰੀ ਲਈ ਸੰਪਰਕ ਕੀਤਾ ਤਾਂ ਉਹਨਾ ਦੱਸਿਆ ਕਿ ਜਦ ਤੱਕ ਪੁਲਸ ਮ੍ਰਿਤਕ ਦੇਹ ਨੂੰ ਹਸਪਤਾਲ ਦੇ ਹਵਾਲੇ ਨਹੀ ਕਰਦੀ ਤਾਂ ਉਸ ਤੋ ਪਹਿਲਾਂ ਇਸ ਦੀ ਜਿੰਮੇਦਾਰੀ ਉਹਨਾ ਦੀ ਹੁੰਦੀ ਹੈ। ਉਹਨਾ ਇਹ ਵੀ ਦਾਅਵਾ ਕੀਤਾ ਕਿ ਦੂਸਰੇ ਕਮਰੇ ਵਿੱਚ ਰੱਖੀ ਗਈ ਅਣਪਛਾਤੀ ਲਾਸ਼ ਜੋ ਪੁਰਾਣੀ ਹੋਣ ਕਾਰਨ ਖਰਾਬ ਹੋ ਚੁੱਕੀ ਹੈ ਉਸ ਵਿੱਚੋ ਆ ਰਹੀ ਬਦਬੂ ਕਾਰਨ ਨਵੀ ਮ੍ਰਿਤਕ ਦੇਹ ਨੂੰ ਕਮਰੇ ਵਿੱਚ ਨਹੀ ਰੱਖਿਆ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *