85% ਸਿਹਤ ਚਿਤਾਵਨੀ ਵਾਲੇ ਤੰਬਾਕੂ ਉਤਪਾਦ ਹੀ ਵੇਚਣ ਦੁਕਾਨਦਾਰ : ਸਿਵਲ ਸਰਜਨ

ss1

85% ਸਿਹਤ ਚਿਤਾਵਨੀ ਵਾਲੇ ਤੰਬਾਕੂ ਉਤਪਾਦ ਹੀ ਵੇਚਣ ਦੁਕਾਨਦਾਰ : ਸਿਵਲ ਸਰਜਨ

11-30 (4)
ਗੁਰੂਹਰਸਹਾਏ, 11 ਮਈ (ਦੀਪਕ ਵਧਵਾਨ) : ਸੰਸਾਰ ਤੰਬਾਕੂ ਵਿਰੋਧੀ ਦਿਵਸ ਦੇ ਸਬੰਧ ਵਿਚ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਅਤੇ ਸਿਹਤ ਵਿਭਾਗ ਫਿਰੋਜ਼ਪੁਰ ਦੀ ਮੀਟਿੰਗ ਸਿਵਲ ਸਰਜਨ ਡਾ: ਪ੍ਰਦੀਪ ਚਾਵਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਡਾ.ਪ੍ਰਦੀਪ ਚਾਵਲਾ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਸਰਕਾਰ ਦੁਆਰਾ ਜਾਰੀ ਕੀਤੇ ਨਵੇ ਨੋਟੀਫ਼ਿਕੇਸ਼ਨ ਅਨੁਸਾਰ 85% ਸਿਹਤ ਚਿਤਾਵਨੀ ਵਾਲੇ ਤੰਬਾਕੂ ਉਤਪਾਦ ਹੀ ਵੇਚਣ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਉਨਾਂ ਦੱਸਿਆ ਕਿ ਤੰਬਾਕੂ ਸਾਡੇ ਅਜੋਕੇ ਸਮਾਜ ਲਈ ਗੰਭੀਰ ਸਮੱਸਿਆ ਹੈ ਅਤੇ ਤੰਬਾਕੂ ਵਿਰੋਧੀ ਮੁਹਿੰਮ ਵਿੱਚ ਹਰੇਕ ਵਿਅਕਤੀ ਹਿੱਸੇਦਾਰ ਹੋਣਾ ਚਾਹੀਦਾ ਏ । ਉਨਾਂ ਕਿਹਾ ਕਿ ਰੋਜ਼ਾਨਾ ਸਾਡੇ ਦੇਸ਼ ਵਿੱਚ ਕਰੀਬ 2200 ਵਿਅਕਤੀ ਤੰਬਾਕੂ ਕਾਰਣ ਹੋਣ ਵਾਲੀਆਂ ਬਿਮਾਰੀਆਂ ਤੋਂ ਮਰ ਰਹੇ ਹਨ। ਉਨਾਂ ਦਾਅਵਾ ਕੀਤਾ ਕਿ ਗਲੋਬਲ ਅਡਲਟ ਤੰਬਾਕੂ ਸਰਵੇ 2009-10 ਅਨੁਸਾਰ ਸਾਡੇ ਦੇਸ਼ ਵਿੱਚ ਰੋਜ਼ਾਨਾ 5500 ਲੋਕ ਤੰਬਾਕੂ ਖਾਣਾ ਸ਼ੁਰੂ ਕਰਦੇ ਹਨ, ਜਿੰਨਾਂ ਨੂੰ ਰੋਕਣਾ ਸਾਡੀ ਜ਼ਿੰਮੇਵਾਰੀ ਹੈ। ਉਨਾਂ ਕਿਹਾ ਕਿ ਕੋਟਪਾ ਦੀ ਧਾਰਾ-6 ਤਹਿਤ ਕੋਈ ਵੀ ਤੰਬਾਕੂ ਵਿਕਰੇਤਾ ਤੰਬਾਕੂ ਉਤਪਾਦਾਂ ਨੂੰ ਸਜਾ ਕੇ ਨਹੀਂ ਰੱਖ ਸਕਦਾ। ਉਨਾਂ ਇਹ ਵੀ ਕਿਹਾ ਕਿ 90 ਫ਼ੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਹੀ ਤੰਬਾਕੂ ਹੈ। ਉਨਾਂ ਕਿਹਾ ਕਿ ਪੈਸਿਵ ਸਮੋਕਿੰਗ ਦਾ ਵੀ ਓਨਾ ਹੀ ਨੁਕਸਾਨ ਹੈ ਜਿੰਨਾ ਕਿ ਸਿਗਰਟ ਪੀਣ ਵਾਲੇ ਨੂੰ। ਇਸ ਮੌਕੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਮੋਹਾਲੀ ਦੇ ਨੁਮਾਇੰਦੇ ਸ੍ਰੀ ਵਿਨੇੈ ਗਾਂਧੀ ਨੇ ਸਰਕਾਰ ਦੁਆਰਾ ਜਾਰੀ ਕੀਤੇ ਨਵੇਂ ਨੋਟੀਫ਼ਿਕੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਪ੍ਰੈਲ 2016 ਤੋਂ ਬਾਅਦ ਹਰ ਦੁਕਾਨਦਾਰ 85% ਸਿਹਤ ਚਿਤਾਵਨੀ ਵਾਲੇ ਤੰਬਾਕੂ ਉਤਪਾਦ ਹੀ ਵੇਚ ਸਕਦਾ ਹੈ। ਜੇਕਰ ਕੋਈ ਦੁਕਾਨਦਾਰ ਇਸ ਨੋਟੀਫ਼ਿਕੇਸ਼ਨ ਦੀ ਉਲੰਘਣਾ ਕਰਦਾ ਹੈ ਤਾਂ ਤੰਬਾਕੂ ਵਿਰੋਧੀ ਐੈਕਟ ਦੀ ਧਾਰਾ 7 ਅਨੁਸਾਰ ਉਸ ਉਪਰ ਕਾਰਵਾਈ ਕੀਤੀ ਜਾਵੇਗੀ। ਸ੍ਰੀ ਪ੍ਰਕਾਸ਼ ਸਿੰਘ ਇੰਸਪੈਕਟਰ ਲੀਗਲ ਮੈਟਰੋਲੋਜ਼ੀ ਨੇ ਤੰਬਾਕੂ ਵਿਕਰੇਤਾਵਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਤੰਬਾਕੂ ਵਿਕਰੇਤਾ ਬਾਹਰਲੇ ਦੇਸ਼ਾਂ ਤੋਂ ਸਮਗਲ ਹੋ ਕੇ ਆਏ ਤੰਬਾਕੂ ਉਤਪਾਦ ਨਾ ਵੇਚਣ ਕਿਉਂਕਿ ਇਹਨਾਂ ਉਤਪਾਦਾਂ ਉਪਰ ਅੰਕਿਤ ਮੁੱਲ ,ਬਣਾਉਣ ਦੀ ਮਿਤੀ,ਨਿਰਮਾਤਾ ਦਾ ਨਾਮ ਆਦਿ ਦੀ ਜਾਣਕਾਰੀ ਨਹੀ ਹੁੰਦੀ ਜੋ ਕਿ ਇੱਕ ਕਾਨੂੰਨੀ ਉਲੰਘਣਾ ਹੈ। ਏ.ਐਸ.ਆਈ. ਬਲਵੰਤ ਸਿੰਘ ਨੇ ਸਮੂਹ ਦੁਕਾਨਦਾਰਾਂ ਨੂੰ ਬੇਨਤੀ ਕਰਦਿਆਂ ਹੋਇਆ ਕਿਹਾ ਕਿ ਸਾਰੇ ਦੁਕਾਨਦਾਰ ਉਹੀ ਉਤਪਾਦ ਵੇਚਣ ਜਿੰਨਾ ਨੂੰ ਸਰਕਾਰ ਵੱਲੋਂ ਵੇਚਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਹੀ ਤੰਬਾਕੂ ਮੁਕਤ ਸਮਾਜ ਸਿਰਜਣ ਵਿਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਇਸ ਮੀਟਿੰਗ ਦੌਰਾਨ ਜ਼ਿਲਾ ਸਿਹਤ ਅਫਸਰ ਡਾ: ਸੁਰਿੰਦਰ ਕੁਮਾਰ ਨੇ ਮੀਟਿੰਗ ਵਿਚ ਹਾਜ਼ਰ ਹੋਏ ਨੁਮਾਇੰਦਿਆਂ/ਮੈਂਬਰਾਂ ਨੂੰ ਦੱਸਿਆ ਕਿ ਤੰਬਾਕੂ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ ਨਹੀ ਕੀਤੀ ਜਾ ਸਕਦੀ ਹੈ ਅਤੇ ਇਸ ਦੇ ਨਾਲ ਹੀ ਸਬੰਧਤ ਮਸਾਲੇਦਾਰ ਅਤੇ ਚੱਬਣ ਵਾਲੇ ਤੰਬਾਕੂ ਉਤਪਾਦਾਂ ਉਪਰ ਪੰਜਾਬ ਸਰਕਾਰ ਦੁਆਰਾ ਪਾਬੰਦੀ ਲਗਾਈ ਗਈ ਹੈ।ਉਨਾਂ ਦੁਕਾਨਦਾਰ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਉਤਪਾਦਾਂ ਨੂੰ ਵੀ ਨਾ ਵੇਚਣ।
ਇਸ ਮੌਕੇ ਡਾ:ਯੁਵਰਾਜ ਨਾਰੰਗ, ਡਾ.ਰਾਜੇਸ਼ ਭਾਸਕਰ ਜਿਲਾ ਟੀ.ਬੀ.ਅਫਸਰ, ਸੀ੍ਰ .ਆਰ.ਕੇ.ਅਹੂਜਾ ਈ.ਟੀ.ਓ, ਤੰਬਾਕੂ ਵਿਕਰੇਤਾ ਸ੍ਰੀ ਸੁਮੀਤ ਕੁਮਾਰ, ਪੰਕਜ ਕੁਮਾਰ, ਅਨੁਜ ਗੋਇਲ, ਅਰੁਣ ਕੁਮਾਰ, ਵਿਕਾਸ ਗੋਇਲ ਵਿਜੇ ਕੁਮਾਰ ਸਮੇਤ ਟਾਸਕ ਫੋਰਸ ਦੇ ਨੁਮਾਇੰਦੇ ਹਾਜਰ ਸਨ।

Share Button

Leave a Reply

Your email address will not be published. Required fields are marked *