’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣਾ ਗਾਂਧੀ ਪਰਿਵਾਰ ਤੇ ਕਾਂਗਰਸ ਦੀ ਮਜਬੂਰੀ -ਮਜੀਠੀਆ

ss1

ਕੱਥੂਨੰਗਲ ਵਿਖੇ ਸੈਂਕੜੇ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਵੰਡੇ ਗਏ

’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣਾ ਗਾਂਧੀ ਪਰਿਵਾਰ ਤੇ ਕਾਂਗਰਸ ਦੀ ਮਜਬੂਰੀ -ਮਜੀਠੀਆ

ਕੱਥੂਨੰਗਲ :ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣਾ ਕਾਂਗਰਸ ਪਾਰਟੀ ਦੀ ਮਜਬੂਰੀ ਹੈ, ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇਣ ਸੰਬੰਧੀ ਬਿਆਨ ਦੇ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਗਾਂਧੀ ਪਰਿਵਾਰ ਦੀ ਰਣਨੀਤੀ ‘ਤੇ ਅਮਲ ਕੀਤਾ ਹੈ।
ਸ: ਮਜੀਠੀਆ ਅੱਜ ਇੱਥੇ ਸਰਕਲ ਕੱਥੂਨੰਗਲ ਵਿਖੇ ਸੈਂਕੜੇ ਕਿਸਾਨਾਂ ਨੂੰ ਸਰਕਾਰ ਵੱਲੋਂ ਜਾਰੀ ਟਿਊਬਵੈੱਲ ਕੁਨੈਕਸ਼ਨ ਵੰਡਣ ਆਏ ਸਨ, ਨੇ ਕਿਹਾ ਕਿ ਦੁਨੀਆ ਭਰ ਦੇ ਸੂਝਵਾਨ ਲੋਕਾਂ ਨੂੰ ਪਤਾ ਹੈ ਕਿ ’84 ਦੇ ਕਤਲੇਆਮ ‘ਚ ਦੋਸ਼ੀ ਕੌਣ ਹਨ ਤੇ ਕਿਨ੍ਹਾਂ ਦੇ ਇਸ਼ਾਰਿਆਂ ‘ਤੇ ਉਸ ਵਕਤ ਮਨੁੱਖਤਾ ਨੂੰ ਕਲੰਕਿਤ ਕਰਨ ਵਾਲਾ ਨਾ ਬਖ਼ਸ਼ੇ ਜਾਣ ਯੋਗ ਘਿਣਾਉਣਾ ਜੁਰਮ ਹੋਇਆ। ਉਹਨਾਂ ਕਿਹਾ ਕਿ ਰਾਜੀਵ ਗਾਂਧੀ ਹੋਵੇ ਸੋਨੀਆ ਗਾਂਧੀ ਤੇ ਰਾਹੁਲ, ਸਿੱਖ ਕਤਲੇਆਮ ਦੇ ਦੋਸ਼ੀ ਐੱਚ ਕੇ ਐੱਲ ਭਗਤ, ਸੱਜਣ ਕੁਮਾਰ, ਜਗਦੀਸ਼ ਟਾਈਟਲਰ ਸਮੇਤ ਹੋਰਨਾਂ ਕਸੂਰਵਾਰਾਂ ਦੀ ਨਾ ਕੇਵਲ ਪੁਸ਼ਤ ਪਨਾਹੀ ਕੀਤੀ, ਸਗੋਂ ਇਨ੍ਹਾਂ ਦੋਸ਼ੀਆਂ ਨੂੰ ਪਾਰਟੀ ‘ਚ ਅਹਿਮ ਅਹੁਦੇ ਅਤੇ ਸਰਕਾਰੀ ਰੁਤਬਿਆਂ ਨਾਲ ਵੀ ਨਿਵਾਜਦੇ ਰਹੇ ਹਨ। ਇਹਨਾਂ ਦੋਸ਼ੀਆਂ ਨੂੰ ਬਾਰ ਬਾਰ ਐੱਮ ਪੀ ਅਤੇ ਵਜ਼ੀਰ ਆਦਿ ਬਣਾਉਣ ਤੋਂ ਹੀ ਅੰਦਰ ਦੀ ਗਲ ਜਗ ਜ਼ਾਹਿਰ ਹੋ ਜਾਂਦੀ ਹੈ, ਕਿ ਕਤਲੇਆਮ ‘ਚ ਵੱਡਾ ਰੋਲ ਅਦਾ ਕਰਨ ਵਾਲਿਆਂ ਦੇ ਪਿੱਛੇ ਕੌਣ ਸਨ । ਇਹੀ ਕਾਰਨ ਹੈ ਕਿ ਇਹਨਾਂ ਅਨਸਰਾਂ ਨੂੰ ਬਚਾਉਣਾ ਗਾਂਧੀ ਪਰਿਵਾਰ ਅਤੇ ਕਾਂਗਰਸ ਪਾਰਟੀ ਦੀ ਵੱਡੀ ਜ਼ਿੰਮੇਵਾਰੀ ਬਣ ਗਈ ਹੈ। ਕਾਂਗਰਸ ਨੂੰ ਇਹੀ ਡਰ ਹੈ ਕਿ ਜੇ ਇਹਨਾਂ ਦੋਸ਼ੀਆਂ ਨੂੰ ਨਾ ਬਚਾਇਆ ਗਿਆ ਤਾਂ ਇਹ ਲੋਕ ਦੁਨੀਆ ਨੂੰ ਤਲਖ਼ ਹਕੀਕਤ ਦਸ ਹੀ ਨਾ ਦੇਣ।
ਸ: ਮਜੀਠੀਆ ਨੇ ਅੱਗੇ ਕਿਹਾ ਕਿ ਜੋ ਲੋਕ ਉਕਤ ਕਤਲੇਆਮ ਅਤੇ ਇਸ ਦੇ ਕਾਰਨਾਂ ਨੂੰ ਡੂੰਘਾਈ ‘ਚ ਵਾਚ ਤੇ ਖੋਜ ਕਰ ਚੁੱਕੇ ਹਨ, ਉਹ ਇਸ ਗਲ ਤੋਂ ਭਲੀ ਭਾਂਤ ਜਾਣੂ ਹਨ ਕਿ ਕਾਂਗਰਸ ਦੇ ਸਤਾ ਵਿੱਚ ਲੰਮਾ ਸਮਾਂ ਰਹਿਣ ਦੌਰਾਨ ਉਕਤ ਦੋਸ਼ੀਆਂ ਨੂੰ ਬਚਾਏ ਜਾਣ ਕਾਰਨ ਹੀ 32 ਸਾਲ ਬੀਤ ਜਾਣ ‘ਤੇ ਵੀ ’84 ਦੇ ਸਿੱਖ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਉਹਨਾਂ ਕਿਹਾ ਕਿ ਕਾਂਗਰਸ ਦੀ ਪੰਜਾਬ ਅਤੇ ਸਿੱਖਾਂ ਪ੍ਰਤੀ ਸ਼ੁਰੂ ਤੋਂ ਨਾਕਾਰਾਤਮਕ ਸੋਚ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਹੀ ਦੇਸ਼ ਭਰ ਵਿੱਚ ਇਸ ਦਾ ਤੇਜੀ ਨਾਲ ਸਫਾਇਆ ਹੋ ਰਿਹਾ ਹੈ।
ਇਸ ਮੌਕੇ ਸਮਾਗਮ ਵਿੱਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ  ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਦੀ ਸੋਚ ਸਦਕਾ ਅੱਜ ਪੰਜਾਬ ਬਿਜਲੀ ਸਰਪਲੱਸ ਸੂਬਾ ਬਣਿਆ ਹੈ। ਉਹਨਾਂ ਦੱਸਿਆ ਕਿ ਝੋਨੇ ਦੀ ਲੁਆਈ ਲਈ ਕਿਸਾਨਾਂ ਨੂੰ 15 ਜੂਨ ਤੋਂ ਰੋਜ਼ਾਨਾ 8 ਘੰਟੇ ਤਿੰਨ ਫੇਸ ਬਿਜਲੀ ਨਿਰਵਿਘਨ ਸਪਲਾਈ ਦੇਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਸ. ਮਜੀਠੀਆ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਰਕਾਰ ਵੱਲੋਂ ਵੱਖ-ਵੱਖ ਕੰਮਾਂ ਲਈ ਆਈਆਂ ਗਰਾਂਟਾਂ ਦੀ ਠੀਕ ਵਰਤੋਂ ਕਰਨ ਦੀ ਹਦਾਇਤ ਦਿੰਦੇ ਕਿਹਾ ਕਿ ਜੋ ਵੀ ਸਰਪੰਚ-ਪੰਚ ਸਰਕਾਰੀ ਗਰਾਂਟ ਦੀ ਸੁਚੱਜੀ ਵਰਤੋਂ ਕਰਕੇ ਮਿਆਰੀ ਕੰਮ ਕਰਵਾਉਣਗੇ, ਉਨ੍ਹਾਂ ਨੂੰ ਪਿੰਡ ਦੇ ਵਿਕਾਸ ਲਈ ਹੋਰ ਗਰਾਂਟ ਜਾਰੀ ਕੀਤੀ ਜਾਵੇਗੀ। ਸ. ਮਜੀਠੀਆ ਨੇ ਹਾਲ ਹੀ ਵਿੱਚ ਜਾਰੀ ਕੀਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਬਾਰੇ ਵੀ ਪਿੰਡ ਦੀਆਂ ਪੰਚਾਇਤਾਂ ਅਤੇ ਮੋਹਤਬਰਾਂ ਨੂੰ ਆਮ ਲੋਕਾਂ ਤੱਕ ਜਾਣੂੰ ਕਰਵਾਉਣ ਦੀ ਸਲਾਹ ਦਿੱਤੀ, ਤਾਂ ਜੋ ਲੋੜ ਵੇਲੇ ਕੋਈ ਬਿਮਾਰ ਵਿਅਕਤੀ ਖੱਜਲ ਨਾ ਹੋਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਰਣਜੀਤ ਸਿੰਘ ਵਰਿਆਮ ਨੰਗਲ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਸ. ਜੋਧ ਸਿੰਘ ਸਮਰਾ, ਸੁਖਵਿੰਦਰ ਸਿੰਘ ਗੋਲਡੀ, ਮੀਡੀਆ ਸਲਾਹਕਾਰ ਪ੍ਰੋ. ਸਰਚਾਂਦ ਸਿੰਘ, ਪਾਵਰਕਾਮ ਦੇ ਡਾਇਰੈਕਟਰ ਸ੍ਰੀ ਕੇਵਲ ਸ਼ਰਮਾ, ਬਾਰਡਰ ਜ਼ੋਨ ਦੇ ਚੀਫ਼ ਇੰਜੀਨੀਅਰ ਸ. ਸੁੱਚੂ, ਐਡਵੋਕੇਟ ਰਾਕੇਸ਼ ਪਰਾਸ਼ਰ, ਜ਼ੈਲ ਸਿੰਘ ਗੋਪਾਲ ਪੁਰਾ ਚੇਅਰਮੈਨ, ਗੁਰਜੰਟ ਸਿੰਘ ਟਪਈਆਂ, ਗੁਰਵੇਲ ਸਿੰਘ ਅਲਕੜੇ, ਡਾ: ਤਰਸੇਮ ਸਿੰਘ ਸਿਆਲਕਾ, ਦਿਲਬਾਗ ਸਿੰਘ ਲਹਿਰਕਾ, ਗਗਨਦੀਪ ਸਿੰਘ ਭਕਨਾ, ਬੱਬੀ ਭੰਗਵਾਂ, ਗੌਰਵ ਬਬਾ, ਕੈਪਟਨ ਰੰਧਾਵਾ, ਬਾਬਾ ਚਰਨ ਸਿੰਘ, ਮਲਕੀਤ ਸਿੰਘ ਸ਼ਾਮਨਗਰ, ਬਲਦੇਵ ਸਿੰਘ ਮੀਆਂ ਪੰਧੇਰ, ਰਾਜਾ ਮੀਆਂ ਪੰਧੇਰ, ਬੰਨੀ ਸੰਧੂ, ਸੰਨੀ ਬਰਾੜ, ਬਲਕਾਰ ਸਿੰਘ ਕੋਟਲੀ, ਕਾਰਜ ਸਿੰਘ ਭੰਗਾਲੀ, ਸਰਵਨ ਸਿੰਘ ਮੁਨੀਮ, ਸਰਵਨ ਸਿੰਘ ਰਾਮਦਿਵਾਲੀ, ਪ੍ਰਮਜੀਤ ਸਿੰਘ ਜੈਂਤੀਪੁਰ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *