’84 ਦੀ ਗਲਤ ਫੌਜੀ ਕਾਰਵਾਈ ਪ੍ਰਤੀ ਪਸ਼ਚਾਤਾਪ ਦਾ ਹੈ ਵੇਲਾ : ਡਾ: ਸੁਬਰਾਮਨੀਅਨ ਸਵਾਮੀ

ss1

’84 ਦੀ ਗਲਤ ਫੌਜੀ ਕਾਰਵਾਈ ਪ੍ਰਤੀ ਪਸ਼ਚਾਤਾਪ ਦਾ ਹੈ ਵੇਲਾ : ਡਾ: ਸੁਬਰਾਮਨੀਅਨ ਸਵਾਮੀ

ਆਪਣੀ ਬੇਬਾਕ ਤੇ ਦਲੇਰਾਨਾ ਕਾਰਜ ਸ਼ੈਲੀ ਲਈ ਜਾਣੇ ਜਾਂਦੇ ਭਾਜਪਾ ਆਗੂ ਅਤੇ ਮੈਂਬਰ ਪਾਰਲੀਮੈਂਟ ਡਾ: ਸੁਬਰਾਮਨੀਅਨ ਸਵਾਮੀ ਨੇ ਕਿਹਾ ਕਿ ਜੂਨ ’84 ਦੌਰਾਨ ਸ੍ਰੀ ਦਰਬਾਰ ਸਾਹਿਬ ’ਤੇ ਇੰਦਰਾ ਗਾਂਧੀ ਹਕੂਮਤ ਵੱਲੋਂ ਫੌਜੀ ਕਾਰਵਾਈ ਕਰਨੀ ਬਿਲਕੁਲ ਗਲਤ ਸੀ ਜਿਸ ਨੂੰ ਸਵੀਕਾਰ ਕਰਦਿਆਂ ਸਿੱਖ ਕੌਮ ਤੋਂ ਪਸ਼ਚਾਤਾਪ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਸਿੱਖ ਹਿਰਦਿਆਂ ਨੂੰ ਸ਼ਾਂਤ ਕਰਦਿਆਂ ਉਹਨਾਂ ਦਾ ਭਰੋਸਾ ਮੁੜ ਜਿੱਤਿਆ ਜਾ ਸਕੇ।
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ’ਚ ਗਏ ਇੱਕ ਵਫ਼ਦ ਜਿਨ੍ਹਾਂ ’ਚ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ, ਭਾਈ ਅਜੈਬ ਸਿੰਘ ਅਭਿਆਸੀ ਮੈਂਬਰ ਸ਼੍ਰੋਮਣੀ ਕਮੇਟੀ, ਸੰਤ ਚਰਨਜੀਤ ਸਿੰਘ ਜੱਸੋਵਾਲ ਮੁੱਖ ਬੁਲਾਰਾ ਦਮਦਮੀ ਟਕਸਾਲ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਸ਼ਾਮਿਲ ਸਨ ਨਾਲ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਪ੍ਰਤੀ ਡੂੰਘੀਆਂ ਵਿਚਾਰਾਂ ਕਰਨ ਉਪਰੰਤ ਡਾ: ਸਵਾਮੀ ਨੇ ਕਿਹਾ ਕਿ ਉਹ ਸੰਸਦ ਦੇ ਅੰਦਰ ਅਤੇ ਬਾਹਰ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਪ੍ਰਤੀ ਗੰਭੀਰਤਾ ਨਾਲ ਵਕਾਲਤ ਕਰਨ ਦਾ ਬੀੜਾ ਉਠਾਉਂਦੇ ਹਨ ਅਤੇ ਯਕੀਨ ਦਿਵਾਉਂਦੇ ਹਨ ਕਿ ਜਦ ਤਕ ਇਹ ਕਾਰਜ ਪੂਰਾ ਨਹੀਂ ਹੋ ਜਾਂਦਾ ਉਹ ਪਿੱਛਾ ਨਹੀਂ ਛੱਡੇਗਾ। ਉਹਨਾਂ ਕਿਹਾ ਕਿ ਉਹ ਨਵੰਬਰ ’84 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਪ੍ਰਤੀ ਕੋਈ ਕਸਰ ਨਹੀਂ ਛੱਡਣਗੇ।
ਪਿਛਲੇ ਚਾਲੀ ਵਰ੍ਹਿਆਂ ਤੋਂ ਭਾਰਤੀ ਰਾਜਨੀਤੀ ਵਿੱਚ ਸਰਗਰਮ ਭਾਜਪਾ ਆਗੂ ਡਾ: ਸਵਾਮੀ ਨੇ ਜ਼ੋਰ ਦੇ ਕੇ ਕਿਹਾ ਕਿ ਇੰਦਰਾ ਗਾਂਧੀ ਦੀ ਸੰਤ ਭਿੰਡਰਾਂਵਾਲਿਆਂ ਅਤੇ ਗਾਂਧੀ ਪਰਿਵਾਰ ਦੀ ਸਿੱਖਾਂ ਪ੍ਰਤੀ ਗਲਤ ਅਤੇ ਗੈਰ ਵਾਜਬ ਦਿ੍ਰਸ਼ਟੀਕੋਣ ਨੇ ਪੰਜਾਬੀਆਂ ਅਤੇ ਸਿੱਖਾਂ ਨੂੰ ਨਾ ਕੇਵਲ ਤ੍ਰਾਸਦੀ ਦਾ ਸ਼ਿਕਾਰ ਬਣਾਇਆ ਸਗੋਂ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਗਏ ਹਮਲੇ ਅਤੇ ’84 ਦੇ ਸਿੱਖ ਨਸਲਕੁਸ਼ੀ ਨਾਲ ਭਾਰਤ ਨੂੰ ਵੱਡੀ ਨਮੋਸ਼ੀ ਵੀ ਸਹਿਣੀ ਪਈ। ਉਹਨਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨਾਲ ਬਿਤਾਏ ਪਲਾਂ ਨੂੰ ਵਫ਼ਦ ਨਾਲ ਸਾਂਝਿਆਂ ਕਿਹਾ ਕਿ ਉਹਨਾਂ ਦੇ ਦਿਲ ਵਿੱਚ ਅੱਜ ਵੀ ਸੰਤ ਜੀ ਅਤੇ ਸਿੱਖ ਕੌਮ ਪ੍ਰਤੀ ਅਥਾਹ ਸਤਿਕਾਰ ਹੈ।ਉਹਨਾਂ ਕਿਹਾ ਕਿ ਸਿੱਖ ਕੌਮ ਦੀ ਕਾਬਲੀਅਤ ਅਤੇ ਕਦਰ ਪਛਾਣੇ ਬਿਨਾ ਭਾਰਤ ਨੂੰ ਇੱਕ ਤਾਕਤਵਰ ਮੁਲਕ ਬਣਾਉਣ ਦਾ ਤਸੱਵਰ ਨਹੀਂ ਕੀਤਾ ਜਾ ਸਕਦਾ।
ਉਹਨਾਂ ਕਿਹਾ ਕਿ ਸਿੱਖ ਭਾਈਚਾਰਾ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਰਹੇਗਾ।ਉਹਨਾਂ ਭਾਰਤ ਦੀ ਆਜ਼ਾਦੀ, ਇਸ ਦੀ ਤਰੱਕੀ ਅਤੇ ਖੁਸ਼ਹਾਲੀ ਤੋਂ ਇਲਾਵਾ ਦੇਸ਼ ਦੀ ਸੁਰੱਖਿਆ ਪ੍ਰਤੀ ਸਿੱਖ ਕੌਮ ਦੀ ਵੱਡੀ ਅਤੇ ਸ਼ਾਨਦਾਰ ਭੂਮਿਕਾ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਸਿੱਖ ਕੌਮ ਦੇ ਭਾਰਤ ’ਤੇ ਬਹੁਤ ਵੱਡੇ ਅਹਿਸਾਨ ਹਨ। ਉਹਨਾਂ ਅਤੀਤ ਨੂੰ ਯਾਦ ਕਰਦਿਆਂ ਕਿਹਾ ਕਿ ਕੁੱਝ ਵਿਦੇਸ਼ੀ ਤਾਕਤਾਂ ਭਾਰਤ ਨੂੰ ਕਮਜ਼ੋਰ ਹੋਇਆ ਦੇਖਣਾ ਚਾਹੁੰਦੀਆਂ ਸਨ, ਉਹ ਚਾਹੁੰਦੇ ਸਨ ਕਿ ਭਾਰਤ ਵਿੱਚ ਸਿੱਖ ਰੋਸ ਵਿੱਚ ਆਵੇ ਅਤੇ ਦੇਸ਼ ਦੇ ਹਾਲਾਤ ਅਣਸੁਖਾਵੇਂ ਹੋਣ, ਜਿਸ ਨਾਲ ਉਹਨਾਂ ਦਾ ਭਾਰਤ ’ਤੇ ਕੰਟਰੋਲ ਕਰਨਾ ਆਸਾਨ ਹੋ ਸਕੇ। ਜਿਸ ਪ੍ਰਤੀ ਗਾਂਧੀ ਪਰਿਵਾਰ ਕਦੀ ਵੀ ਸੁਚੇਤ ਨਹੀਂ ਸੀ ਰਹੀ।
ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਿੱਖ ਕੈਦੀਆਂ ਦੀ ਤੁਰੰਤ ਰਿਹਾਈ, ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ, ਪਾਰਲੀਮੈਂਟ ਵਿੱਚ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਪ੍ਰਤੀ ਨਿਖੇਧੀ ਦਾ ਪ੍ਰਸਤਾਵ ਲਿਆਉਣ, ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਤਮਾਮ ਰਸਤਿਆਂ ਨੂੰ ਚੌੜੇ ਅਤੇ ਸੁੰਦਰ ਬਣਾਉਣ, ਆਨੰਦ ਕਾਰਜ ਐਕਟ ਨੂੰ ਪਾਰਲੀਮੈਂਟ ਤੋਂ ਪਾਸ ਕਰਵਾ ਕੇ ਪੂਰੇ ਦੇਸ਼ ਵਿੱਚ ਲਾਗੂ ਕਰਨ, ਗੁਰਦਵਾਰਾ ਗਿਆਨ ਗੋਦੜੀ ਨੂੰ ਮੁੜ ਮੂਲ ਅਸਥਾਨ ’ਤੇ ਸਥਾਪਿਤ ਕਰਨ, ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ, ਪੀੜਤਾਂ ਪਰਿਵਾਰਾਂ ਦਾ ਮੁੜ ਵਸੇਬਾ ਕਰਨ, ’84 ਦੇ ਘੱਲੂਘਾਰੇ ਦੌਰਾਨ ਫੌਜ ਵੱਲੋਂ ਉਠਾਇਆ ਗਿਆ ਸਿੱਖ ਰੈਫਰੰਸ ਲਾਇਬਰੇਰੀ ਦਾ ਅਨਮੋਲ ਖ਼ਜ਼ਾਨਾ ਅਤੇ ਸੰਤ ਭਿੰਡਰਾਂ ਵਾਲਿਆਂ ਦੇ ਤੀਰ ਅਤੇ ਕਿਰਪਾਨ ਸਿੱਖ ਕੌਮ ਨੂੰ ਵਾਪਸ ਕਰਾਉਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਬੇਅਦਬੀ ਕਰਨ ’ਤੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਵਾਲੇ ਬਿਲ ਨੂੰ ਮਨਜ਼ੂਰ ਕਰ ਕੇ ਲਾਗੂ ਕਰਨ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬਾਰੇ ਦੇਸ਼ ਦੇ ਵਿੱਦਿਅਕ ਅਦਾਰਿਆਂ ਵਿੱਚ ਮਾਤਰ ਭਾਸ਼ਾਵਾਂ ਵਿੱਚ ਛਪਵਾ ਕੇ ਲਾਗੂ ਕਰਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਮੌਕੇ ਕੌਮੀ ਗਜ਼ਟਿਡ ਛੁੱਟੀ ਐਲਾਨ ਕਰਨ, ਬੈਰਕਾਂ ਛੱਡਣ ਵਾਲੇ ਧਰਮੀ ਫੌਜੀਆਂ ਨਾਲ ਇਨਸਾਫ ਕਰਨ, ਯੂ. ਪੀ. ਦੇ ਕੁੱਝ ਧਾਰਮਿਕ ਡੇਰਿਆਂ ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁਰਾਤਨ ਸਰੂਪਾਂ ਪ੍ਰਤੀ ਮਰਿਆਦਾ ਅਨੁਸਾਰ ਬਣਦਾ ਸਤਿਕਾਰ ਨਹੀਂ ਹੋ ਰਹੇ ਹਨ, ਨੂੰ ਗੁਰ ਅਸਥਾਨਾਂ ਵਿੱਚ ਸਥਾਪਿਤ ਕਰਨ, ਮੱਧ ਪ੍ਰਦੇਸ਼ ਵਿੱਚ ਸਿਕਲੀਗਰ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਅੰਡੇਮਾਨ ਨਿਕੋਬਾਰ ਦੀਪ ਦੇ ਸੈਲੂਲਰ ਜੇਲ੍ਹ ਦੇ ਮਿਊਜ਼ੀਅਮ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਦਰਸਾਉਣ ਲਈ ਢੁਕਵੇਂ ਪ੍ਰਬੰਧ ਕਰਨ ਦੀਆਂ ਮੰਗਾਂ ਰੱਖੀਆਂ। ਉਹਨਾਂ ਇੱਕ ਯਾਦ-ਪੱਤਰ ਦਿੰਦਿਆਂ ਡਾ: ਸਵਾਮੀ ਤੋਂ ਉਮੀਦ ਜਤਾਇਆ ਕਿ ਉਹ ਸਿੱਖ ਪੰਥ ਨੂੰ ਦਰਪੇਸ਼ ਉਕਤ ਮਸਲਿਆਂ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਹਨਾਂ ਨੂੰ ਹਲ ਕਰਨ ਪ੍ਰਤੀ ਅਹਿਮ ਭੂਮਿਕਾ ਨਿਭਾਉਗੇ। ਇਸ ਮੌਕੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਅਜੈਬ ਸਿੰਘ ਅਭਿਆਸੀ ਮੈਂਬਰ ਸ਼੍ਰੋਮਣੀ ਕਮੇਟੀ, ਸੰਤ ਚਰਨਜੀਤ ਸਿੰਘ ਜੱਸੋਵਾਲ ਮੁੱਖ ਬੁਲਾਰਾ ਦਮਦਮੀ ਟਕਸਾਲ ਅਤੇ ਪ੍ਰੋ: ਸਰਚਾਂਦ ਸਿੰਘ ਤੋਂ ਇਲਾਵਾ ਸ: ਹਰਵਿੰਦਰ ਸਿੰਘ ਖੁਰਾਣਾ, ਭਾਈ ਹੀਰਾ ਸਿੰਘ ਕੈਨੇਡਾ, ਭਾਈ ਗੁਰਪ੍ਰੀਤ ਸਿੰਘ ਪੀ ਏ, ਭਾਈ ਰਘਬੀਰ ਸਿੰਘ ਯੂ. ਕੇ., ਭਾਈ ਸ਼ਮਸ਼ੇਰ ਸਿੰਘ, ਭਾਈ ਹਰਨੂਰ ਸਿੰਘ, ਭਾਈ ਪ੍ਰਣਾਮ ਸਿੰਘ, ਭਾਈ ਹਰਮਨ ਦੀਪ ਸਿੰਘ, ਅਤੇ ਭਾਈ ਸਤਨਾਮ ਸਿੰਘ ਆਦਿ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *