84′ ਕਤਲੇਆਮ ਵਿਚ ਰਾਜੀਵ ਗਾਂਧੀ ਦੀ ਭੂਮਿਕਾ ਦੀ ਜਾਂਚ ਹੋਵੇ : ਸੁਖਬੀਰ ਸਿੰਘ ਬਾਦਲ

ss1

84′ ਕਤਲੇਆਮ ਵਿਚ ਰਾਜੀਵ ਗਾਂਧੀ ਦੀ ਭੂਮਿਕਾ ਦੀ ਜਾਂਚ ਹੋਵੇ : ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ 1984 ‘ਚ ਦਿੱਲੀ ਵਿਖੇ ਹੋਏ ਸਿੱਖਾਂ ਦੇ ਕਤਲੇਆਮ ਦੌਰਾਨ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀਆਂ ਰਹੱਸਮਈ ਗਤੀਵਿਧੀਆਂ ਬਾਰੇ ਦੁਬਾਰਾ ਤੋਂ ਮੁਕੰਮਲ ਜਾਂਚ ਕੀਤੀ ਜਾਣੀ ਚਾਹੀਦੀ ਹੈ।ਸਰਦਾਰ ਬਾਦਲ ਨੇ ਇੱਥੇ ਸਖ਼ਤ ਸ਼ਬਦਾਂ ਵਿਚ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ 1984 ਕਤਲੇਆਮ ਦੌਰਾਨ ਦਿੱਲੀ ਦੀਆਂ ਗਲੀਆਂ ਵਿਚ ਰਾਜੀਵ ਗਾਂਧੀ ਦੀ ਰਹੱਸਮਈ ਮੌਜੂਦਗੀ ਬਾਰੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ ਕੀਤੇ ਖੁਲਾਸਿਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਕਤਲੇਆਮ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਨ, ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਯੋਜਨਾਬੱਧ ਤਰੀਕੇ ਨਾਲ ਅੰਜ਼ਾਮ ਦਿੱਤਾ ਗਿਆ ਸੀ।   ਟਾਈਟਲਰ ਦੇ ਸਨਸਨੀਖੇਜ਼ ਖੁਲਾਸੇ ਇਹ ਵੀ ਸਾਬਿਤ ਕਰਦੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਪਾਰਟੀ ਇੰਨੇ ਸਾਲਾਂ ਤੋਂ ਉਹਨਾਂ ਦਿਨਾਂ ਦੌਰਾਨ ਰਾਜੀਵ ਗਾਂਧੀ ਦੀ ਸਮਾਂ-ਸਾਰਣੀ ਬਾਰੇ ਇਹ ਕਹਿੰਦਿਆਂ ਝੂਠ ਬੋਲਦੇ ਆ ਰਹੇ ਸਨ ਕਿ ਉਹ ਸਾਰਾ ਸਮਾਂ ਆਪਣੀ ਮਾਤਾ ਦੀ ਮ੍ਰਿਤਕ ਦੇਹ ਦੇ ਕੋਲ ਰਿਹਾ ਸੀ। ਪਰ ਟਾਈਟਲਰ ਦੇ ਖੁਲਾਸਿਆਂ ਨੇ ਬਿੱਲੀ ਥੈਲੇ ਵਿਚੋਂ ਬਾਹਰ ਕੱਢ ਦਿੱਤੀ ਹੈ। ਇਸ ਮਾਮਲੇ ਦੀ ਉੱਚ-ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਅਕਾਲੀ ਆਗੂ ਨੇ ਕਿਹਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਦੀ ਲਾਸ਼ ਦੁਆਲੇ ਨਿਰਦੋਸ਼ ਸਿੱਖਾਂ ਤੋਂ ਬਦਲਾ ਲੈਣ ਦੇ ਗਰਜਵੇਂ ਨਾਅਰੇ ਵਾਰ ਵਾਰ ਸੁਣੇ ਗਏ ਸਨ। ਬਦਲੇ ਲਈ ਅਜਿਹੇ ਚੀਕਵੇਂ ਸੱਦੇ ਦੇਣ ਪਿੱਛੇ ਕੌਣ ਸੀ ਅਤੇ ਅਜਿਹੇ ਸੱਦੇ ਸ਼ਰੇਆਮ ਟੈਲੀਵੀਜ਼ਨ ਦੇ ਕੈਮਰਿਆਂ ਦੇ ਸਾਹਮਣੇ ਹੋ ਕੇ ਕਿਵੇਂ ਦਿੱਤੇ ਜਾ ਰਹੇ ਸਨ? ਪਾਰਟੀ ਦੀ ਹਾਈਕਮਾਨ ਵਿੱਚੋਂ ਕਿਸੇ ਨੇ ਇਹਨਾਂ ਨਾਅਰਿਆਂ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ?ਅਕਾਲੀ ਦਲ ਦੇ ਪ੍ਰਧਾਨ ਨੇ ਅੱਗੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਰਾਜੀਵ ਨੇ ਕਦੇ ਵੀ ਉਸ ਦੇ ਗੁੰਡਿਆਂ ਵੱਲੋਂ ਮਾਰੇ ਗਏ ਹਜ਼ਾਰਾਂ ਨਿਰਦੋਸ਼ਾਂ ਦੀ ਮੌਤ ਉੱਤੇ ਕੋਈ ਪਛਤਾਵਾ ਜ਼ਾਹਿਰ ਨਹੀਂ ਸੀ ਕੀਤਾ।

ਉਹਨਾਂ ਕਿਹਾ ਕਿ ਰਾਜੀਵ ਨੇ ਨਾ ਤਾਂ ਇਸ ਪਾਗਲਪਣ ਨੂੰ ਰੋਕਣ ਲਈ ਕੋਈ ਅਪੀਲ ਕੀਤੀ ਜਾਂ ਨਿਰਦੇਸ਼ ਜਾਰੀ ਕੀਤਾ ਅਤੇ ਨਾ ਹੀ ਇਹ ਜਰੂਰੀ ਸਮਝਿਆ ਕਿ ਹਿੰਸਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਪਰਿਵਾਰਾਂ ਅਤੇ ਖੇਤਰਾਂ ਦਾ ਦੌਰਾ ਕਰਕੇ ਦਹਿਲੇ ਹੋਏ ਪੀੜਤਾਂ ਦੇ ਮਨਾਂ ਨੂੰ ਢਾਰਸ ਬੰਨਾਇਆ ਜਾਵੇ। ਉਸ ਨੇ ਦਰਅਸਲ ਬਹੁਤ ਹੀ ਸਾਫ ਅਤੇ ਸਪੱਸ਼ਟ ਸੁਨੇਹਾ ਦਿੱਤਾ ਸੀ ਕਿ ਉਸ ਨੂੰ ਨਿਰਦੋਸ਼ ਪੀੜਤਾਂ ਨਾਲ ਕੋਈ ਹਮਦਰਦੀ ਨਹੀਂ। ਅਜਿਹਾ ਕਿਉਂ?ਸਾਬਕਾ ਉਪ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕਿੰਨੀ ਅਜੀਬ ਅਤੇ ਅਫਸੋਸਨਾਕ ਗੱਲ ਹੈ ਕਿ ਰਾਜੀਵ ਗਾਂਧੀ ਦੀ ਮੌਤ ਤੋਂ ਬਹੁਤ ਸਾਲਾਂ ਮਗਰੋਂ ਜਦੋਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਨੂੰ ਇਸ ‘ਮਨੁੱਖਤਾ ਦੇ ਘਾਣ’ ਉੱਤੇ ਅਫਸੋਸ ਪ੍ਰਗਟ ਕਰਨ ਲਈ ਮਜ਼ਬੂਰ ਕੀਤਾ ਗਿਆ ਤਾਂ ਅਜਿਹਾ ਕਰਨ ਦੀ ਜ਼ਿੰਮੇਵਾਰੀ ਇੱਕ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉੱਤੇ ਸੁੱਟ ਦਿੱਤੀ ਗਈ ਜਿਵੇਂ ਕਿ ਉਹ ਨਿੱਜੀ ਤੌਰ ਤੇ ਇਸ ਅਣਮਨੁੱਖੀ ਕਾਰੇ ਲਈ ਦੋਸ਼ੀ ਰਹੇ ਹੋਣ। ਉਹਨਾਂ ਕਿਹਾ ਕਿ ਅਸਲੀ ਦੋਸ਼ੀਆਂ ਨਹਿਰੂ-ਗਾਂਧੀ ਪਰਿਵਾਰ ਵਿਚੋਂ ਹੁਣ ਤਕ ਕਿਸੇ ਨੇ ਵੀ ਨਿਰਦੋਸ਼ਾਂ ਦੇ ਇਸ ਕਤਲੇਆਮ ਅਜੇ ਤਕ ਮੁਆਫੀ ਨਹੀਂ ਮੰਗੀ। ਸਰਦਾਰ ਬਾਦਲ ਨੇ ਕਿਹਾ ਕਿ ਟਾਈਟਲਰ ਵੱਲੋਂ ਕੀਤੇ ਖੁਲਾਸਿਆਂ ਦੀ ਰੋਸ਼ਨੀ ਵਿਚ ਮੁਲਕ ਨੂੰ ਉਸ ਸਮੇਂ ਰਾਜੀਵ ਗਾਂਧੀ ਦੀ ਭੂਮਿਕਾ ਅਤੇ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਲੈਣ ਦਾ ਅਧਿਕਾਰ ਹੈ। ਉਹਨਾਂ ਕਿਹਾ ਕਿ ਉਹ ਗਲੀਆਂ ਵਿਚ ਕੀ ਕਰ ਰਿਹਾ ਸੀ?ਕਿਸੇ ਨੇ ਉਸ ਨੂੰ ਕਾਂਗਰਸੀ ਦੰਗਾਕਾਰੀਆਂ ਨੂੰ ਸ਼ਾਂਤ ਜਾਂ ਕੰਟਰੋਲ ਕਰਦੇ ਨਹੀਂ ਵੇਖਿਆ, ਨਾ ਹੀ ਉਸ ਨੇ ਰਾਜਧਾਨੀ ਵਿਚ ਸਥਿਤੀ ਉੱਤੇ ਕਾਬੂ ਪਾਉਣ ਲਈ ਕੀਤੀ ਗਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ। ਇਸ ਤੋਂ ਇਹੀ ਨਿਚੋੜ ਨਿਕਲਦਾ ਹੈ ਕਿ ਉਹ ਨਿੱਜੀ ਤੌਰ ਤੇ ਨਿਰਦੋਸ਼ ਸਿੱਖਾਂ ਦੇ ਹੋ ਰਹੇ ਕਤਲੇਆਮ ਦੀ ਨਿਗਰਾਨੀ ਕਰ ਰਿਹਾ ਸੀ ਅਤੇ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦੇ ਰਿਹਾ ਸੀ ਕਿ ਇੰਦਰਾ ਗਾਂਧੀ  ਵਰਗੇ ਵੱਡੇ ਦਰੱਖਤ ਦੇ ਡਿੱਗਣ ਮਗਰੋਂ ਧਰਤੀ ਪੂਰੀ ਤਰ੍ਹਾਂ ਕੰਬਣੀ ਚਾਹੀਦੀ ਹੈ। ਇਹ ਬਹੁਤ ਹੀ ਭਿਆਨਕ ਖੁਲਾਸੇ ਹਨ, ਜਿਹਨਾਂ ਨੂੰ ਨਾ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਭੁਲਾਇਆ ਜਾ ਸਕਦਾ ਹੈ।

Share Button

Leave a Reply

Your email address will not be published. Required fields are marked *