Fri. Jul 19th, 2019

8 ਸਾਲ ਦੀ ਲੰਬੀ ਉਡੀਕ ਤੋਂ ਬਾਅਦ ਈ-3 ਯੂ.ਕੇ.ਐਂਡ ਇਵੈਂਟਿੰਮ ਕੰਪਨੀ ਨਾਲ ਇੰਗਲੈਂਡ ਦੀ ਧਰਤੀ ਤੇ ਮੁੜ ਰਖੇਗਾ ਪੈਰ

ਮਿੱਠੀ ਅਵਾਜ਼ ਅਤੇ ਵੱਖਰੇ ਅੰਦਾਜ਼ ਦੇ ਨਾਲ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਗਾਇਕ ਗੈਰੀ ਸੰਧੂ
8 ਸਾਲ ਦੀ ਲੰਬੀ ਉਡੀਕ ਤੋਂ ਬਾਅਦ ਈ-3 ਯੂ.ਕੇ.ਐਂਡ ਇਵੈਂਟਿੰਮ ਕੰਪਨੀ ਨਾਲ ਇੰਗਲੈਂਡ ਦੀ ਧਰਤੀ ਤੇ ਮੁੜ ਰਖੇਗਾ ਪੈਰ

ਇੱਕ ਤੇਰਾ ਸਹਾਰਾ ਮਿਲਜੇ ਦਾਤਾ ਦੁਨੀਆ ਦੀ ਪ੍ਰਵਾਹ ਨੀ ਕਰਦਾ, ਜਿਸ ਨੇ ਰੱਬ ਤੇ ਡੋਰੀਆਂ ਸੁੱਟੀਆਂ ਹੋਣ ਤਾਂ ਉਸ ਇਨਸਾਨ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਪੈਂਦੀ ।ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਦੁਨੀਆ ਵਿੱਚ ਜਾਣਿਆ ਪਹਿਚਾਣਿਆ ਨਾਂ ਜਿਸ ਨੂੰ ਮਿਊਜ਼ਿਕ ਨਾਲ ਪਿਆਰ ਕਰਨ ਵਾਲੇ ਲੋਕ ਹਰੇਕ ਕੋਨੇ ਵਿੱਚ ਜਾਣਦੇ ਨੇ ।ਆਪਣੀ ਮਿੱਠੀ ਅਵਾਜ਼ ਅਤੇ ਵੱਖਰੇ ਅੰਦਾਜ਼ ਦੇ ਨਾਲ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਤੁਹਾਡਾ ਆਪਣਾ ਗਾਇਕ ਗੈਰੀ ਸੰਧੂ ਇੱਕ ਵਾਰ ਫਿਰ ਯੂ.ਕੇ ਦੀ ਧਰਤੀ ਤੇ ਮੁੜੇਗਾ ।

ਬੱਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਣ ਵਾਲੇ ਗੈਰੀ ਸੰਧੂ ਨੇ ਤਕਰੀਬਨ 12 ਸਾਲ ਦੀ ਉਮਰ ਵਿੱਚ ਕਵੀਸ਼ਰੀ ਤੋਂ ਆਪਣੇ ਸੰਗੀਤਕ ਭਵਿੱਖ ਦੀ ਸ਼ੁਰੂਆਤ ਕੀਤੀ। ਕਵੀਸ਼ਰੀ ਗਾਉਂਦਾ-ਗਾਉਂਦਾ ਗੈਰੀਇੰਗਲੈਂਡ ਦੀ ਧਰਤੀ ਤੇ ਆ ਪਹੁੰਚਾ ਅਤੇ ਯੂ.ਕੇ ਦੀ ਧਰਤੀ ਤੇ ਪਹੁੰਚ ਗੈਰੀ ਨੇ ਹੱਡ ਭੰਨਵੀਂ ਮਿਹਨਤ ਦੇ ਨਾਲ-ਨਾਲ ਆਪਣੀ ਗਾਇਕੀ ਦੇ ਸ਼ੌਂਕ ਨੂੰ ਵੀ ਜਿਊਂਦਾ ਰੱਖਿਆ।

ਗੈਰੀ ਸੰਧੂ ਨੇ ਯੂ.ਕੇ ਵਿੱਚ ਰਹਿੰਦਿਆਂ ਹੋਇਆਂ ਉਥੇ ਦੇ ਲੋਕਾਂ ਲਈ ਇੱਕ ਗੀਤ ਗਾਇਆ “ਕੋਈ ਮੋੜ ਲਿਆਵੋ ਨੀ ਫਰੈਸ਼ੀ ਮੇਰਾ ਭੱਜ ਗਿਆ” ਇਸ ਗੀਤ ਨੇ ਯੂ.ਕੇ ਵਿੱਚ ਗੈਰੀ ਸੰਧੂ ਦੀ ਵੱਖਰੀ ਪਹਿਚਾਣ ਬਣਾ ਦਿੱਤੀ ਤੇ ਗੈਰੀ ਸੰਧੂ ਯੂ.ਕੇ ਵਿੱਚ ਰਹਿੰਦੇ ਹੋਏ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲੱਗ ਪਿਆ। ਉਸ ਤੋਂ ਬਾਅਦ ਗੈਰੀ ਸੰਧੂ ਦੀ ਮਹਿਨਤ ਹੋਰ ਰੰਗ ਲਿਆਈ
ਤੇ ਉਸ ਨੇ ਕਈ ਹੋਰ ਗੀਤ ਰਿਕਾਰਡ ਕੀਤੇ “ਸਾਹਾਂ ਤੋਂ ਪਿਆਰਿਆ” “ਟੌਹਰ” “ਦਿਲ ਦੇਦੇ” ਇਹਨਾਂ ਗੀਤਾਂ ਨਾਲ ਯੂ.ਕੇ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਗੈਰੀ ਸੰਧੂ ਨੂੰ ਬਹੁਤ ਪਿਆਰ ਮਿਲਿਆ।ਹਰ ਇੱਕ ਨੂੰ ਖਿੜੇ ਮੱਥੇ ਮਿਲਣ ਵਾਲੇ ਗੈਰੀ ਸੰਧੂ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ ਜਦੋਂ 2011 ਵਿੱਚ ਗੈਰੀ ਸੰਧੂ ਨੂੰ ਯੂ.ਕੇ ਦੀ ਸਰਕਾਰ ਨੇ ਗੈਰ-ਕਾਨੂੰਨੀ ਤੌਰ ਤੇ ਯੂ.ਕੇ ਆਣ ਕਰਕੇ ਯੂ.ਕੇ ਤੋਂ ਡਿਪੋਰਟ ਕਰ ਦਿੱਤਾ ।

ਪਰ ਗੈਰੀ ਨੇ ਉਸ ਰੱਬ ਤੇ ਡੋਰੀਆਂ ਸੁੱਟੀਆਂ ਸੀ ਯੂ.ਕੇ ਤੋਂ ਇੰਡੀਆ ਆਉਂਦੇ ਸਮੇਂ ਗੈਰੀ ਸੰਧੂ ਦੇ ਦਿੱਲ ਵਿੱਚ ਇੱਕ ਹੀ ਗੱਲ ਸੀ ਕਿ “ਇੱਕ ਤੇਰਾ ਸਹਾਰਾ ਮਿਲਜੇ ਦਾਤਾ ਦੁਨੀਆ ਦੀ ਪ੍ਰਵਾਹ ਨੀ ਕਰਦਾ” ਗੈਰੀ ਸੰਧੂ ਰੱਬ ਤੇ ਭਰੋਸਾ ਰੱਖਦਾ ਹੋਇਆ ਇੰਡੀਆ ਆਗਿਆ।ਇੰਡੀਆ ਵਿੱਚ ਗੈਰੀ ਸੰਧੂ ਨੂੰ ਸਰੋਤਿਆਂ ਹੱਥੀ ਛਾਵਾਂ ਕੀਤੀਆਂ ਤੇ ਗੈਰੀ ਦੇ ਗੀਤਾਂ ਨੂੰ ਬਹੁਤ ਪਿਆਰ ਦਿੱਤਾ। ਗੈਰੀ ਸੰਧੂ ਨੇ ਆਪਣੀ ਮਿਹਨਤ ਜਾਰੀ ਰੱਖੀ ਤੇ ਉਸ ਪ੍ਰਮਾਤਮਾ ਤੇ ਭਰੋਸਾ ਰੱਖਿਆ ਗੈਰੀ ਸੰਧੂ ਸਮੇਂ-ਸਮੇਂ ਸਿਰ ਆਪਣੇ ਗੀਤ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰਦਾ ਰਿਹਾ ਜਿੰਨ੍ਹਾਂ ਨੂੰ ਸਰੋਤਿਆਂ ਨੇ ਭਰਪੂਰ ਹੁੰਗਾਰਾ ਦਿੱਤਾ ਤੇ ਗੈਰੀ ਪੰਜਾਬੀ ਪੋਪ ਜਗਤ ਦਾ ਸਿਤਾਰਾ ਬਣ ਗਿਆ।

ਗੈਰੀ ਸੰਧੂ ਦਾ ਕਹਿਣਾ ਹੈ ਕਿ ਮੈਂ ਆਪਣੇ ਇਤਿਹਾਸ ਨੂੰ ਬਦਲ ਤਾਂ ਨਹੀਂ ਸਕਦਾ ਪਰ ਮੈਂ ਇਹਨਾਂ 8 ਸਾਲਾਂ ਵਿੱਚ ਬਹੁਤ ਕੁੱਝ ਸਿਖਿਆ ਹਾਂ।ਜ਼ਿੰਦਗੀ ਜਿਸ ਮੋੜ ‘ਤੇ ਅੱਜ ਤੋਂ 8 ਸਾਲ ਪਹਿਲਾਂ ਰੁੱਕ ਗਈ ਸੀ ਅੱਜ ਉਸੇ ਮੋੜ ‘ਤੇ ਕਿਸਮਤ ਮੈਨੂੰ ਵਾਪਸ ਲੈ ਆਈ ਹੈ। ਇੰਗਲੈਂਡ ਮੇਰੀ ਮਿਊਜ਼ਿਕ ਦੀ ਸ਼ੁਰੂਆਤ,ਮੇਰੀ ਪਛਾਣ, ਮੇਰਾ ਘਰ ਸੀ 8 ਸਾਲ ਜ਼ਿੰਦਗੀ ਦਾ ਇਹ ਸਫਰ ਤੈਅ ਤਾਂ ਕੀਤਾ ਪਰ ਜ਼ਿੰਦਗੀ ਅਧੂਰੀ ਜਿਹੀ ਜਾਪਦੀ ਸੀ। ਪਰ ਹੁਣ ਮੇਰਾ ਸੁਪਨਾ ਪੂਰਾ ਹੋ ਰਿਹਾ ਹੈ ਕਿਉਂਕਿ ਮੈਂ ਆਪਣੇ ਘਰ ਵਾਪਸ ਪਰਤ ਰਿਹਾ ਹਾਂ, ਜਿਸ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ।

ਗੈਰੀ ਸੰਧੂ ਨੇ ਆਪਣੀ ਕਲਾ ਦਿਖਾਉਣ ਲਈ ਆਸਟ੍ਰੇਲੀਆ, ਕਨੇਡਾ ਅਤੇ ਯੂਰਪ ਦੇ ਟੂਰ ਕੀਤੇ ।ਗੈਰੀ ਸੰਧੂ ਨੇ ਆਪਣੀ ਮਿਹਨਤ ਸਦਕਾ ਇੱਕ ਆਪਣੀ ਮਿਊਜ਼ਿਕ ਕੰਪਨੀ ਲੌਂਚ ਕੀਤੀ “ ਫ੍ਰੈਸ਼ ਮਿਡੀਆ” ਜਿਸ ਵਿੱਚ ਗੈਰੀ ਸੰਧੂ ਨੇ ਬਹੁਤ ਸਾਰੇ ਨਵੇਂ ਗੀਤ ਕੀਤੇ ਜਿਸ ਕਰਕੇ ਹੁਣ ਗੈਰੀ ਸੰਧੂ ਨੂੰ ਦੁਨੀਆ ਦੇ ਹਰ ਕੋਨੇ ਦੇ ਲੋਕ ਜਾਣਦੇ ਹਨ। ਗੈਰੀ ਸੰਧੂ ਹੁਣ ਬਾਲੀਵੁੱਡ ਵਿੱਚ ਵੀ ਆਪਣੇ ਪੈਰ ਰੱਖ ਚੁੱਕਿਆ ਹੈ । ਗੈਰੀ ਸੰਧੂ ਦਾ ਗੀਤ “ਹੌਲੀ ਹੌਲੀ” ਅਜੇ ਦੇਵਗਨ ਦੀ ਫਿਲਮ “ਦੇ ਦੇ ਪਿਆਰ ਦੇ” ਵਿੱਚ ਨੇਹਾ ਕੱਕੜ ਦੇ ਨਾਲ ਆਇਆ ਹੈ।

ਗੈਰੀ ਸੰਧੂ ਦੀ ਯੂ.ਕੇ. ਫੇਰੀ ਨੂੰ ਲੈਕੇ ਗੱਲਬਾਤ ਕਰਦਿਆਂ ਗੀਤਕਾਰ ਪਵਨ ਚੋਟੀਆਂ ਨੇ ਕਿਹਾਕਿ ਸੱਚ ਹੀ ਕਿਹਾ ਗਿਆ ਹੈ ਕਿ ਮਿਹਨਤ ਕਰਨ ਵਾਲੇ ਦੀ ਕਦੀ ਹਾਰ ਨਹੀਂ ਹੁੰਦੀ ਸੋ 8 ਸਾਲ ਦੀ ਲੰਮੀ ਉਡੀਕ ਤੋਂ ਬਾਅਦ ਈ-3 ਯੂ.ਕੇ.ਐਂਡ ਇਵੈਂਟਿੰਮ ਕੰਪਨੀ ਦੀ ਮਿਹਨਤ ਸਦਕਾ ਗੈਰੀ ਸੰਧੂ ਇੱਕ ਵਾਰ ਫਿਰ ਆਪਣੇ ਉਹਨਾਂ ਪਿਆਰ ਕਰਨ ਵਾਲਿਆਂ ਸਰੋਤਿਆਂ ਨੂੰ ਮਿਲਣ ਜਾ ਰਿਹਾ ਹੈ ਜੋ ਕਾਫੀ ਲੰਮੇ ਸਮੇਂ ਤੋਂ ਗੈਰੀ ਸੰਧੂ ਦੀ ਉਡੀਕ ਕਰ ਰਹੇ ਨੇ।ਸੋ ਆਪਣੇ ਚਾਹੁਣ ਵਾਲੇ ਸਰੋਤਿਆਂ ਦੇ ਉਡੀਕ ਦੇ ਪਲਾਂ ਨੂੰ ਵਿਸ਼ਰਾਮ ਦਿੰਦਿਆਂ ਗੈਰੀ ਸੰਧੂ ਇਸ ਸਾਲ ਈ-3 ਯੂ.ਕੇ. ਕੰਪਨੀ ਦੇ ਨਾਲ ਮਿਲਕੇ 2 ਨਵੰਬਰ ਨੂੰ ਇੰਗਲੈਂਡ ਦੇ ਸੱਭ ਤੋਂ ਵੱਡੇ ਭੰਗੜਾ ਫੈਸਟਿਵਲ ਈ-3 ਯੂ.ਕੇ.ਲਾਈਵ 2019 ਤੇ ਬਹੁਤ ਹੀ ਜਲਦ ਰੋਣਕਾਂ ਲਾਵੇਗਾ ।

ਇਵੈਂਟਿੰਮ ਕੰਪਨੀ 2007 ਤੋਂ ਮਨੋਰੰਜਨ ਇੰਡਸਟਰੀ ਲਈ ਵਰਕ ਵੀਜ਼ਾ ਦਾ ਕੰਮ ਕਰ ਰਹੀ ਹੈ ।ਇਵੈਂਟਿੰਮ ਕੰਪਨੀ ਨੇ ਅੰਤਰ-ਰਾਸ਼ਟਰੀ ਪੱਧਰ ਤੇ ਮਸ਼ਹੂਰ ਕਲਾਕਾਰ ਜਿਵੇਂ ਕਿ ਸਲਮਾਨ ਖਾਨ, ਪ੍ਰਿਅੰਕਾ ਚੋਪੜਾ,ਅਕਸ਼ੇ ਕੁਮਾਰ, ਕਪਿਲ ਸ਼ਰਮਾ,ਸੋਨਾਕਸ਼ੀ ਸਿਨਹਾ, ਫਰ੍ਹਾਨ ਅਖਤਰ, ਏ ਆਰ ਰਿਹਮਾਨ, ਆਸ਼ਾ ਭੋਂਸਲੇ, ਅਦਨਾਨ ਸਾਮੀ, ਆਤਿਫ ਅਸਲਮ,ਬਾਦਸ਼ਾਹ, ਸੁਖਵਿੰਦਰ ਸਿੰਘ, ਜਾਵੇਦ ਅਖਤਰ ਲਈ ਕੰਮ ਕੀਤਾ ਹੈ ।

ਇਵੈਂਟਿੰਮ ਕੰਪਨੀ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਇੱਕ ਦੂਜਾ ਮੌਕਾ ਮਿਲਣਾ ਚਾਹੀਦਾ ਹੈ।ਇਹ ਸਫਰ ਬਹੁਤ ਹੀ ਲੰਬਾ ਪਰ ਫਲਦਾਇਕ ਰਿਹਾ।ਸਹੀ ਸਹਿਜੋਗ ਤੇ ਮਾਰਗਦਰਸ਼ਨ ਨਾਲ ਬੰਦਾ ਕੁੱਝ ਵੀ ਹਾਸਲ ਕਰ ਸਕਦਾ ਹੈ।

ਪੇਸ਼ਕਸ਼: ਗੁਰਪ੍ਰੀਤ ਬੱਲ ਰਾਜਪੁਰਾ

Leave a Reply

Your email address will not be published. Required fields are marked *

%d bloggers like this: