Wed. Jul 24th, 2019

8 ਮਾਰਚ ਬਰਸੀ ਤੇ ਵਿਸ਼ੇਸ: ਗਾਇਕੀ , ਗੀਤਕਾਰੀ ਤੇ ਸੰਗੀਤ ਦਾ ਸੁਮੇਲ ਸੀ ਅਮਰ ਸਿੰਘ ਚਮਕੀਲਾ

8 ਮਾਰਚ ਬਰਸੀ ਤੇ ਵਿਸ਼ੇਸ: ਗਾਇਕੀ , ਗੀਤਕਾਰੀ ਤੇ ਸੰਗੀਤ ਦਾ ਸੁਮੇਲ ਸੀ ਅਮਰ ਸਿੰਘ ਚਮਕੀਲਾ

21 ਜੁਲਾਈ 1961 ਨੂੰ ਲੁਧਿਆਣਾ ਜਿਲ੍ਹੇ ਦੇ ਪਿੰਡ ਦੁੱਗਰੀ ਦੇ ਗਰੀਬ ਰਵਿਦਾਸੀਆ ਪਰਿਵਾਰ ਵਿੱਚ ਮਾਤਾ ਕਰਤਾਰ ਕੌਰ ਅਤੇ ਪਿਤਾ ਹਰੀ ਸਿੰਘ ਦੇ ਘਰ ਜਦੋਂ ਇੱਕ ਬਾਲਕ ਨੇ ਜਨਮ ਲਿਆ ਤਾਂ ਮਾਪਿਆਂ ਨੇ ਆਪਣੇ ਇਸ ਸਭ ਤੋਂ ਛੋਟੇ ਅਤੇ ਲਾਡਲੇ ਬਾਲਕ ਦਾ ਨਾਂ ‘ ਧਨੀ ਰਾਮ ‘ ਰੱਖਿਆ । ‘ ਧਨੀ ਰਾਮ ‘ ਦੇ ਮਾਪਿਆਂ ਦਾ ਸੁਪਨਾਂ ਆਪਣੇ ਇਸ ਬਾਲਕ ਨੂੰ ਅਫਸਰ ਲੱਗਿਆ ਦੇਖਣ ਦਾ ਸੀ । ਜਿਸ ਕਾਰਨ ਇਸ ਸੁਪਨੇ ਦੀ ਪੂਰਤੀ ਲਈ ਬਾਲਕ ‘ਧਨੀ ਰਾਮ’ ਨੂੰ ਉੱਥੋਂ ਦੇ ਗੁਜ਼ਰ ਖਾਨ ਪ੍ਰਾਇਮਰੀ ਸਕੂਲ਼ ਵਿੱਚ ਪੜ੍ਹਨ ਲਈ ਭੇਜਿਆ ਗਿਆ । ਪਰ ਘਰ ਵਿੱਚ ਅਤਿ ਦੀ ਗਰੀਬੀ ਹੋਣ ਕਾਰਨ ‘ਧਨੀ ਰਾਮ’ ਦੀ ਪੜ੍ਹਾਈ ਅੱਧਵਾਟੇ ਹੀ ਦਮ ਤੋੜ ਗਈ । ਪਰਿਵਾਰ ਨੇ ਮੰਦਹਾਲੀ ਵਿੱਚੋਂ ਨਿਕਲਣ ਲਈ ਆਪਣੇ ਲਾਡਲੇ ‘ਧਨੀਏ’ ਨੂੰ ਬਿਜ਼ਲੀ ਦਾ ਕੰਮ ਸਿੱਖਣ ਲਾ ਦਿੱਤਾ । ਪਰ ਇਹ ਕੰਮ ਵੀ ਪਰਿਵਾਰ ਦੀ ਗਰੀਬੀ ਅੱਗੇ ਗੋਡੇ ਟੇਕ ਗਿਆ । ਪਰਿਵਾਰਕ ਲੋੜਾਂ ਦੀ ਪੂਰਤੀ ਲਈ ਫਿਰ ‘ਧਨੀ ਰਾਮ’ ਇੱਕ ਕੱਪੜਾ ਮਿੱਲ ਵਿੱਚ ਦਿਹਾੜੀ ਕਰਨ ਲੱਗ ਪਿਆ । ਇਨਾਂ੍ਹ ਤੰਗੀਆਂ ਤੁਰਸੀਆਂ ਨਾਲ ਜੂਝਦੇ ਧਨੀ ਰਾਮ ਦਾ ਵਿਆਹ ਗੁਰਮੇਲ ਕੌਰ ਨਾਲ ਕਰ ਦਿੱਤਾ ਗਿਆ ਜਿਸਦੇ ਪੇਟੋਂ ਦੋ ਬੇਟੀਆਂ ਅਮਨਦੀਪ ਅਤੇ ਕਮਲਦੀਪ ਨੇ ਜਨਮ ਲਿਆ । ਗਰੀਬੀ ਦੇ ਸਾਏ ਹੇਠ ਪਲ ਰਹੇ ਇਸ ਆਦਮ ਦੇ ਸ਼ੀਨੇ ਅੰਦਰ ਧੜਕਦੇ ਕਲਾਕਾਰ ਨੇ ਇੱਕ ਦਿਨ ਉਸਦਾ ਮੁਹਾਂਦਰਾ ਸਮੇਂ ਦੇ ਪ੍ਰਸਿੱਧ ਗਾਇਕ ਸੁਰਿੰਦਰ ਛਿੰਦੇ ਦੇ ਦਫਤਰ ਵੱਲ ਮੋੜ ਦਿੱਤਾ । ਜਦੋਂ ‘ਧਨੀ ਰਾਮ’ ਨੇ ਆਪਣੀ ਗੀਤਾਂ ਵਾਲੀ ਕਾਪੀ ਛਿੰਦੇ ਦੇ ਸਾਹਮਣੇ ਪੇਸ਼ ਕੀਤੀ ਤਾਂ ਸਬਦਾਂ ਦੇ ਜੜਤ ਦੇਖ ਕੇ ਛਿੰਦੇ ਨੇ ਉਸਦੇ ਅੰਦਰ ਛਿਪੇ ਕਲਾਕਾਰ ਨੂੰ ਪਛਾਣ ਲਿਆ । ਧਨੀ ਰਾਮ ਨੂੰ ਛਿੰਦੇ ਨੇ ਸੰਗੀਤਕ ਬਰੀਕੀਆਂ ਤੋਂ ਵੀ ਜਾਣੂ ਕਰਵਾਇਆ । ਫਿਰ ਇੱਕ ਦਿਨ ਧਨੀ ਰਾਮ ਦੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਇਆ ਜਦੋਂ ਛਿੰਦੇ ਨੇ ਉਸਦੀ ਲਗਨ ਅਤੇ ਮਿਹਨਤ ਦੇਖ ਕੇ ਉਸਨੂੰ ਆਪਣੇ ਸੰਗੀਤਕ ਗਰੁੱਪ ਵਿੱਚ ਢੋਲਕੀ , ਤੂੰਬੀ ਤੇ ਹਰਮੋਨੀਅਮ ਮਾਸਟਰ ਵਜੋਂ ਸਾਮਿਲ ਕਰ ਲਿਆ । ਧਨੀ ਰਾਮ ਜ਼ਿੰਦਗੀ ਦੀ ਦੂਜੀ ਅਤੇ ਅਹਿਮ ਘਟਨਾਂ ਚੰਡੀਗੜ੍ਹ ਨੇੜਲੇ ਕਸਬੇ ਬੂੜੈਲ ਵਿਖੇ ਲੱਗੀ ਰਾਮ ਲੀਲਾ ਮੌਕੇ ਵਾਪਰੀ ਜਦੋਂ ਸਮੇਂ ਦੇ ਪ੍ਰਸਿੱਧ ਗੀਤਕਾਰ ਸਨਮੁੱਖ ਸਿੰਘ ਅਜ਼ਾਦ ਨੇ ਧਨੀ ਰਾਮ ਨੂੰ ਅਮਰ ਸਿੰਘ ਚਮਕੀਲਾ ਦਾ ਨਾਮ ਦੇ ਦਿੱਤਾ । ਜੋ ਥੋੜ੍ਹੇ ਸਮੇਂ ਬਾਅਦ ਹੀ ਪੰਜਾਬ ਦੀ ਫਿਜ਼ਾ ਅੰਦਰ ਅਮਰ ਸਿੰਘ ਚਮਕੀਲੇ ਦੇ ਰੂਪ ਵਿੱਚ ਪ੍ਰਵਾਨ ਚੜ੍ਹਨ ਲੱਗਿਆ । ਅਮਰ ਸਿੰਘ ਚਮਕੀਲੇ ਦੇ ਨਾਮ ਦੀ ਚਰਚਾ ਚਾਰ ਚੁਫੇਰੇ ਹੋਣ ਲੱਗ ਪਈ । ਫਿਰ ਹੌਲੀ-ਹੌਲੀ ਚਮਕੀਲੇ ਦੀ ਅਵਾਜ਼ ਗਾਹੇ-ਵਗਾਹੇ ਸੁਰਿੰਦਰ ਛਿੰਦੇ ਦੀਆਂ ਸਟੇਜ਼ਾ ਤੇ ਸੁਣਾਈ ਦੇਣ ਲੱਗੀ । ਪਰ ਚਮਕੀਲੇ ਦੀ ਗੀਤਕਾਰੀ ਦੇ ਸਬਦਾਂ ਦੀ ਬਾਕਮਾਲ ਜੜਤ ਨੇ ਸਮੇਂ ਦਾ ਸਾਰੇ ਗਾਇਕਾਂ ਦਾ ਧਿਆਨ ਇੱਕ ਵਾਰ ਚਮਕੀਲੇ ਵੱਲ ਮੋੜ ਦਿੱਤਾ । ਪਰ ਗੀਤਕਾਰੀ ਚਮਕੀਲੇ ਦੇ ਪਰਿਵਾਰ ਦਾ ਗੁਜਾਰਾ ਨਾ ਤੋਰ ਸਕੀ । ਜਿਸ ਕਾਰਨ ਉਸਨੇ ਉਸਤਾਦ ਛਿੰਦੇ ਨਾਲ ਸਟੇਜ਼ਾ ਤੇ ਗਾਉਣਾ ਸੁਰੂ ਕਰ ਦਿੱਤਾ । 1979 ਵਿੱਚ ਚਮਕੀਲੇ ਨੇ ਸੁਰਿੰਦਰ ਛਿੰਦੇ ਨਾਲ ਗਾਉਂਦੀ ਸਹਿ ਗਾਇਕਾ ਸੁਰਿੰਦਰ ਸੋਨੀਆ ਨਾਲ ਆਪਣਾ ਪਹਿਲਾ ਐਲ. ਪੀ. ‘ਟਕੂਏ ਤੇ ਟਕੂਆ ਖੜਕੇ ‘ ਐਚ.ਐੱਮ ਵੀ ਕੰਪਨੀ ਵਿੱਚ ਰਿਕਾਰਡ ਕਰਵਾਇਆ । ਇਸ ਐੱਲ. ਪੀ. ਨੂੰ ਸੰਗੀਤ ਸਮਰਾਟ ਚਰਨਜੀਤ ਅਹੂਜਾ ਦੇ ਸੰਗੀਤ ਦੀ ਗੁੜ੍ਹਤੀ ਦਿੱਤੀ ਗਈ ।

ਪਰ ਹੈਰਾਨੀ ਦੀ ਗੱਲ੍ਹ ਇਹ ਸੀ ਕਿ ਇਸ ਐਲ.ਪੀ. ਦੇ ਅੱਠੇ ਗੀਤ ਚਮਕੀਲੇ ਨੇ ਖੁਦ ਲਿਖੇ , ਖੁਦ ਗਾਏ ਤੇ ਖੁਦ ਕੰਪੋਜ ਕੀਤੇ ਸਨ । ਆਪਣੇ ਪਹਿਲੇ ਐਲ.ਪੀ. ਨਾਲ ਹੀ ਚਮਕੀਲਾ ਰਾਤੋ-ਰਾਤ ਸੁਪਰ ਸਟਾਰ ਬਣ ਗਿਆ । ਪਰ ਸੁਰਿੰਦਰ ਸੋਨੀਆਂ ਨਾਲ ਚਮਕੀਲੇ ਦੀ ਜੋੜੀ ਇੱਕ ਸਾਲ ਬਾਅਦ ਹੀ ਟੁੱਟ ਗਈ । ਇਸ ਤੋਂ ਬਾਅਦ ਉਸਨੇ ਮਿਸ ਊਸ਼ਾ ਨਾਲ ਜੋੜੀ ਬਣਾਈ ਪਰ ਊਸ਼ਾ ਦੀ ਪਤਲੀ ਅਤੇ ਕਮਜੋਰ ਅਵਾਜ਼ ਕਾਰਨ ਚਮਕੀਲੇ ਦਾ ਉਸ ਨਾਲ ਅਵਾਜ਼ੀ ਸੰਤੁਲਨ ਠੀਕ ਨਹੀਂ ਬੈਠਿਆ । ਫਿਰ ਚਮਕੀਲੇ ਨੇ 1980 ਵਿੱਚ ਆਪਣੀ ਤੀਜੀ ਜੋੜੀ ਫਰੀਦਕੋਟ ਦੀ ਜੰਮਪਲ ਅਮਰਜੋਤ ਕੌਰ ਨਾਲ ਬਣਾਈ । ਅਮਰਜੋਤ ਉਸ ਸਮੇਂ ਕਲੀਆਂ ਦੇ ਬਾਦਸਾਹ ਕੁਲਦੀਪ ਮਾਣਕ ਨਾਲ ਗਾ ਰਹੀ ਸੀ । ਅਮਰਜੋਤ ਅਤੇ ਚਮਕੀਲੇ ਦੀ ਅਵਾਜ਼ ਦਾ ਫਿਰ ਅਜਿਹਾ ਸੁਮੇਲ ਬੈਠਿਆ ਕਿ ਇਹ ਅਵਾਜ਼ ਦਾ ਸੁਮੇਲ ਸਰੀਰਕ ਸੁਮੇਲ ਵਿੱਚ ਬਦਲ ਗਿਆ । ਭਾਵ ਕਿ ਦੋਹਾਂ ਨੇ ਵਿਆਹ ਵੀ ਕਰਵਾ ਲਿਆ ਸੀ । ਅਮਰਜੋਤ ਦੇ ਪੇਟੋਂ ਇੱਕ ਬੱਚੇ ਨੇ ਜਨਮ ਲਿਆ ਜਿਸਦਾ ਨਾਮ ਜੈਮਨ ਸਿੰਘ ਰੱਖਿਆ ਗਿਆ । ਅਮਰਜੋਤ ਅਤੇ ਚਮਕੀਲੇ ਦਾ ਸਪੁੱਤਰ ਜੈਮਨ ਸਿੰਘ ਚਮਕੀਲਾ ਵੀ ਗਾਇਕੀ ਦੇ ਖੇਤਰ ਵਿੱਚ ਸਥਾਪਿਤ ਹੋਣ ਲਈ ਯਤਨਸ਼ੀਲ ਹੈ । ਅਮਰਜੋਤ ਅਤੇ ਚਮਕੀਲੇ ਦੀ ਅਵਾਜ਼ ਵਿੱਚ 10-12 ਟੇਪਾਂ ਮਾਰਕੀਟ ਵਿੱਚ ਆਈਆਂ ਜੋ ਸਮੁੱਚੇ ਰੂਪ ਵਿੱਚ ਖੇਤਾਂ ਦੀਆਂ ਮੋਟਰਾਂ , ਢਾਬਿਆਂ , ਟਰੱਕਾਂ ਦੀਆਂ ਕੈਬਿਨਾਂ ਅਤੇ ਵਿਆਹਾਂ ਵਾਲੇ ਘਰਾਂ ਦੇ ਬਨੇਰਿਆਂ ਤੇ ਖੂਬ ਗੂੰਜੀਆਂ । ਪੰਜਾਬ ਵਿੱਚ ਚਾਰ ਚੁਫੇਰੇ ਚਮਕੀਲੇ ਦੀ ਟੁਣਕਵੀਂ ਅਵਾਜ਼ ਸੁਣਾਈ ਦੇਣ ਲੱਗੀ । ਚਮਕੀਲੇ ਨੇ ਸਮਾਜਿਕ ਰਿਸਤਿਆਂ ਤੇ ਸਮਾਜਿਕ ਬੁਰਾਈਆਂ ਨੂੰ ਆਪਣੇ ਗੀਤਕਾਰੀ ਦੇ ਸ਼ਬਦਾਂ ਵਿੱਚ ਅਜਿਹਾ ਪਰੋਇਆ ਕਿ ਉਸਦੀ ਚਾਰੇ ਪਾਸੇ ਚਰਚਾ ਹੋਣ ਲੱਗ ਪਈ । ਫਿਰ ਚਮਕੀਲਾ ਅਜਿਹਾ ਚੱਲਿਆ ਕਿ ਲੋਕ ਵਿਆਹਾਂ ਦੇ ਦਿਨ ਵੀ ਚਮਕੀਲੇ ਤੋਂ ਤਰੀਕਾਂ ਪੁੱਛ ਕੇ ਰੱਖਣ ਲੱਗ ਪਏ । ਚਮਕੀਲੇ ਦੀ ਡਾਇਰੀ ਦੇ ਤਿੰਨ ਸੌ ਪੈਂਹਟ ਪੰਨੇ ਪ੍ਰੋਗਰਾਮਾਂ ਦੀ ਬੁਕਿੰਗ ਨਾਲ ਭਰੇ ਰਹਿੰਦੇ ਸਨ । ਸਾਲ ਦਾ ਕੋਈ ਵੀ ਅਜਿਹਾ ਦਿਨ ਨਹੀਂ ਸੀ ਜਿਸ ਦਿਨ ਚਮਕੀਲੇ ਦਾ ਪ੍ਰੋਗਰਾਮ ਬੁੱਕ ਨਾ ਹੋਵੇ । ਚਮਕੀਲੇ ਦੀ ਪਾਰਖੂ ਅੱਖ ਦਿਮਾਗ ਰਾਂਹੀ ਸਮਾਜਿਕ ਤਾਣੇ ਬਾਣੇ ਨੂੰ ਆਪਣੇ ਸ਼ਬਦਾ ਵਿੱਚ ਪਰੋ ਲੈਦੀਂ ਸੀ । ਭਾਵੇਂ ਚਮਕੀਲਾ ਪੜ੍ਹਾਈ ਪੱਖੋਂ ਬਹੁਤਾ ਪੜਿਆਂ ਲਿਖਿਆ ਨਹੀਂ ਸੀ ਫਿਰ ਵੀ ਉਸਨੇ ਆਪਣੇ ਗੀਤਾਂ ਵਿੱਚ ਆਮ ਬੋਲ ਚਾਲ ਦੀ ਭਾਸ਼ਾ , ਮੁਹਾਵਰੇ , ਅਤੇ ਅਖਾਣਾ ਨੂੰ ਅਜਿਹਾ ਫਿੱਟ ਕੀਤਾ ਕਿ ਉਸਦੇ ਗੀਤ ਆਮ ਲੋਕਾਂ ਦੀ ਜ਼ੁਬਾਨ ਤੇ ਆ ਗਏ । ਭਾਵੇਂ ਕਿ ਚਮਕੀਲੇ ਤੇ ਲੱਚਰ ਗੀਤ ਗਾਉਣ ਦਾ ਧੱਬਾ ਵੀ ਵੱਡੇ ਰੂਪ ਵਿੱਚ ਲੱਗਿਆ । ਪਰ ਫਿਰ ਉਸਦੇ ਗੀਤਾਂ ਵਿੱਚ ਸਮਾਜਿਕ ਬੁਰਾਈਆਂ ਦੇ ਵਿਰੁੱਧ ਵੱਡਾ ਉਭਾਰ ਸੀ । ਜਿਸ ਨੂੰ ਉਸਨੇ ਆਪਣੀ ਗੀਤਕਾਰੀ ਅਤੇ ਗਾਇਕੀ ਰਾਂਹੀ ਪੇਸ਼ ਕੀਤਾ । ਜਿਵੇਂ ਅਣਜੋੜ ਵਿਆਹ ਦੀ ਬੁਰਾਈ ਨੂੰ ਉਸਨੇ ਆਪਣੇ ਗੀਤ ( ਆਹ ਕੀ ਕਰਤੂਤ ਖਿੰਡਾ ਦਿੱਤੀ ਵੇ ਦਾਦੇ ਮਘਾਉਣਿਆਂ ) ਰਾਂਹੀ ਪੇਸ਼ ਕੀਤਾ , ਬਾਲ ਵਿਆਹ ਦੇ ਸੰਤਾਪ ਨੂੰ ਉਸਨੇ ਆਪਣੇ ਗੀਤ ( ਕੰਤ ਨਿਆਂਣੇ ਨੇ ਮੈਂ ਰੀਠੇ ਖੇਡਣ ਲਾ ਲਈ ) ਰਾਂਹੀ ਉਭਾਰਿਆ , ਡੇਰਾਵਾਦ ਦੇ ਪਾਜ਼ ਨੂੰ ਉਸਨੇ ਆਪਣੇ ਗੀਤ ( ਸੰਤਾਂ ਨੇ ਪਾਈ ਫੇਰੀ ) ਰਾਂਹੀ ਉਧੇੜਿਆ , ਸਮਾਜਿਕ ਧੋਖੇਬਾਜੀਆਂ ਨੂੰ ( ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ ) , ਸਮਾਜਿਕ ਆਰਥਿਕ ਨਾ ਬਰਾਬਰਤਾ ਨੂੰ (ਕੀ ਜੋਰ ਗਰੀਬਾਂ ਦਾ) , ਨਸ਼ਾਖੋਰੀ ਨੂੰ ਆਪਣੇ ਗੀਤ (ਅਮਲੀ ਦੇ ਲੜ੍ਹ ਲਾ ਕੇ ਬੇੜੀ ਰੋੜ੍ਹਤੀ ) ਰਾਂਹੀ ਲੋਕ ਕਚਹਿਰੀ ਵਿੱਚ ਪੇਸ਼ ਕੀਤਾ । ਧਾਰਮਿਕ ਗੀਤਕਾਰੀ ਅਤੇ ਗਾਇਕੀ ਪੱਖੋਂ ਵੀ ਚਮਕੀਲੇ ਦੀ ਕਲਮ ਅਤੇ ਜ਼ੁਬਾਨ ਨੇ ਅਜਿਹੇ ਧਾਰਮਿਕ ਗੀਤਾਂ ਨੂੰ ਜਨਮ ਦਿੱਤਾ ਜਿਸ ਨੂੰ ਸੁਣਕੇ ਅੱਜ ਵੀ ਰੂਹ ਕੰਬ ਜਾਂਦੀ ਹੈ । ਸਵਰਨ ਸੀਵੀਏ ਦੇ ਲਿਖੇ ਧਾਰਮਿਕ ਗੀਤ ‘ ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾਂ ‘ ‘ ਨੀ ਤੂੰ ਨਰਕਾਂ ਨੂੰ ਜਾਂਵੇ ਸਰਹਿੰਦ ਦੀ ਦੀਵਾਰੇ ‘ ਵਰਗੇ ਅਮਰ ਗੀਤਾਂ ਨੂੰ ਚਮਕੀਲੇ ਨੇ ਆਪਣੀ ਜ਼ੁਬਾਨ ਦਿੱਤੀ । ਇਸ ਤੋਂ ਇਲਾਵਾ ‘ ਨਾਮ ਜੱਪ ਲੈ ਨਿਮਾਣੀ ਜਿੰਦੇ ਮੇਰੀਏ’ , , ‘ਤਲਵਾਰ ਮੈਂ ਕਲਗੀਧਰ ਦੀ ਹਾਂ’ , ਤੁਰ ਚੱਲੀ ਜ਼ਿੰਦੜੀਏ , ਐਵੇਂ ਨਾ ਜਿੰਦੇ ਮਾਣ ਕਰੀਂ ਅਤੇ ‘ਪਾਣੀ ਦਿਆ ਬੁਲਬਲਿਆ ਕੀ ਮੁਨਿਆਦਾਂ ਤੇਰੀਆਂ’ ਵਰਗੇ ਧਾਰਮਿਕ ਗੀਤ ਵੀ ਚਮਕੀਲੇ ਦੀ ਕਲਮ ਅਤੇ ਜ਼ੁਬਾਨ ਦਾ ਸਿੰਗਾਰ ਬਣੇ । ਪਰ 8 ਮਾਰਚ 1988 ਨੂੰ 27 ਸਾਲ ਦੀ ਉਮਰ ਵਿੱਚ ਸ਼ਬਦਾ ਦੀ ਜੜ੍ਹਤ ਦੇ ਹੀਰੇ ਬਣਾਉਣ ਵਾਲੇ ਇਸ ਗਾਇਕ ਅਤੇ ਗੀਤਕਾਰ ਦਾ ਕਤਲ ਜਲੰਧਰ ਜਿਲੇ ਦੇ ਪਿੰਡ ਮਹਿਸਮਪੁਰ ਨੇੜੇ ਕਰ ਦਿੱਤਾ ਗਿਆ । ਜਿਸ ਵਿੱਚ ਉਸਦੀ ਸਹਿ ਗਾਇਕਾਂ ਅਮਰਜੋਤ ਕੌਰ ਤੋਂ ਇਲਾਵਾ ਉਸਦੇ ਸਜਿੰਦੇ ਵੀ ਮਾਰੇ ਗਏ । ਪਰ ਚਮਕੀਲੇ ਦਾ ਇਹ ਕਤਲ ਅੱਜ ਤੱਕ ਇੱਕ ਬੁਝਰਤ ਬਣਿਆ ਹੋਇਆ ਹੈ । ਭਾਵੇਂ ਕਿ ਸਰੀਰਕ ਰੂਪ ਵਿੱਚ ਚਮਕੀਲਾ ਅੱਜ ਇਸ ਦੁਨੀਆਂ ਵਿੱਚ ਨਹੀਂ । ਪਰ ਗੀਤਾਂ ਦੇ ਰੂਪ ਵਿੱਚ ਚਮਕੀਲਾ ਅੱਜ ਵੀ ਪੰਜਾਬੀਆਂ ਦੇ ਚੇੱਤਿਆਂ ਵਿੱਚੋਂ ਨਹੀਂ ਵਿਸਰਿਆ । ਜਿਸ ਕਰਕੇ ਉਸਨੂੰ ਪਿਆਰ ਕਰਨ ਵਾਲੇ ਲੋਕ ਚਮਕੀਲੇ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਹਰ ਸਾਲ 8 ਮਾਰਚ ਨੂੰ ਪਿੰਡ ਦੁੱਗਰੀ ਵਿੱਚ ਚਮਕੀਲੇ ਦੀ ਬਰਸੀ ਮਨਾਉਦੇ ਹਨ ।

ਸੁਖਵੀਰ ਘੁਮਾਣ ਦਿੜ੍ਹਬਾ
9815590209

Leave a Reply

Your email address will not be published. Required fields are marked *

%d bloggers like this: