8 ਧੀਆਂ ਅਤੇ 1 ਪੁੱਤਰ ਨੂੰ ਦਿਨ ਰਾਤ ਮਿਹਨਤ ਕਰ ਕੇ ਪਾਲ ਰਹੇ ਹਨ ਗ਼ਰੀਬ ਮਾਪੇ

ss1

8 ਧੀਆਂ ਅਤੇ 1 ਪੁੱਤਰ ਨੂੰ ਦਿਨ ਰਾਤ ਮਿਹਨਤ ਕਰ ਕੇ ਪਾਲ ਰਹੇ ਹਨ ਗ਼ਰੀਬ ਮਾਪੇ
-ਪੱਤਰਕਾਰ ਗੁਲਜ਼ਾਰ ਮਦੀਨਾ ਨੇ ਕੀਤੀ ਵਿਸ਼ੇਸ਼ ਗੱਲਬਾਤ-

22-8 (2)
ਦੋਸਤੋ ਜੇਕਰ ਅੱਜ ਦੇ ਜ਼ਮਾਨੇ ਅਤੇ ਮਹਿੰਗਾਈ ਮੁਤਾਬਿਕ ਵੇਖਿਆ ਜਾਵੇ ਤਾਂ ਗਰੀਬ ਵਿਅਕਤੀ ਨੂੰ ਦੋ ਬੱਚੇ ਹੀ ਪਾਲਣੇ ਔਖੇ ਹੋ ਜਾਂਦੇ ਹਨ ਕਿਉਂਕਿ ਦਿਨੋਂ ਦਿਨ ਵਧ ਰਹੀ ਮਹਿੰਗਾਈ ਨੇ ਗਰੀਬ ਇੰਨਸਾਨ ਦਾ ਕਚੂੰਬਰ ਕੱਢ ਕੇ ਰੱਖਿਆ ਹੋਇਆ ਹੈ ਪਰ ਸਮੇਂ ਦੀਆਂ ਸਰਕਾਰਾਂ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀਆਂ ਕਿ ਆਮ ਜਨਤਾ ਦਾ ਕੀ ਹਾਲ ਹੰੁਦਾ ਹੋਣਾ ਪਰ ਕਈ ਮਿਹਨਤੀ ਅਤੇ ਦਿਲ ਦੇ ਸਾਫ਼-ਸੁਥਰੇ ਅਤੇ ਆਪਣੀ ਦਸਾਂ ਨੌਹਾਂ ਦੀ ਕੀਤੀ ਹੱਡਭੰਨਵੀਂ ਕਮਾਈ ਨਾਲ ਗਰੀਬੀ ਦਾ ਡਟ ਕੇ ਮੁਕਾਬਲਾ ਕਰਦੇ ਹਨ। ਇਸੇ ਹੀ ਲੜੀ ਤਹਿਤ ਅੱਜ ਮੈਂ ਜਿਸ ਪਰਿਵਾਰ ਦੀ ਗੱਲ ਕਰਨ ਜਾ ਰਿਹਾ ਹਾਂ ਉਹ ਵੀ ਬੇਹੱਦ ਮਿਹਨਤੀ ਅਤੇ ਸਿਰੜੀ ਹੈ ਜੋ ਮਜ਼ਦੂਰੀ ਕਰਕੇ ਆਪਣੀਆਂ 8 ਧੀਆਂ ਅਤੇ 1 ਪੁੱਤਰ ਦਾ ਢਿੱਡ ਭਰਨ ਦੇ ਨਾਲ-ਨਾਲ ਆਪਣੀ ਹੈਸੀਅਤ ਮੁਤਾਬਿਕ ਉਨਾਂ ਨੂੰ ਪੜਾਈ ਵੀ ਕਰਵਾ ਰਿਹਾ ਹੈ। ਅੱਜ ਗੱਲ ਕਰਾਂਗੇ ਜ਼ਿਲਾ ਫ਼ਰੀਦਕੋਟ ਦੇ ਕਸਬਾ ਸਾਦਿਕ ਤੋਂ ਕੁਝ ਕੁ ਮੀਲ ਦੀ ਦੂਰੀ ’ਤੇ ਪੈਂਦੇ ਪਿੰਡ ਜੰਡਵਾਲਾ ਦੇ ਵਸਨੀਕ ਹਰਪਾਲ ਸਿੰਘ ਅਤੇ ਉਨਾਂ ਦੀ ਪਤਨੀ ਮਨਜੀਤ ਕੌਰ ਦੀ। ਦੋਸਤੋ ਮੈਨੂੰ ਵੀ ਕੁਝ ਕੁ ਦਿਨ ਪਹਿਲਾਂ ਹੀ ਇਸ ਪਰਿਵਾਰ ਬਾਰੇ ਪਤਾ ਚੱਲਿਆ ਤੇ ਸੋਚਿਆ ਕਿਉਂ ਨਾ ਆਪਣੇ ‘ਰੋਜ਼ਾਨਾ ਪੰਜਾਬ ਟਾਇਮਜ਼’ ਅਖ਼ਬਾਰ ਜ਼ਰੀਏ ਅਜਿਹੇ ਮਿਹਨਤੀ ਪਰਿਵਾਰ ਨੂੰ ਦੁਨੀਆਂ ਦੇ ਸਾਹਮਣੇ ਲਿਆਂਦਾ ਜਾਵੇ। ਇਸ ਪਰਿਵਾਰ ਦੇ ਘਰ ਜਾ ਕੇ ਘਰ ਦੀ ਹਾਲਤ ਨੂੰ ਵੇਖਿਆ ਤਾਂ ਦਿਲ ਵਿੱਚ ਧੂਹ ਜਿਹੀ ਪੈ ਗਈ। ਇਹ ਪਰਿਵਾਰ ਛੋਟੇ-ਛੋਟੇ ਦੋ ਕਮਰੇ ਜੋ ਅੱਧੇ ਕੱਚੇ ਅਤੇ ਅੱਧੇ ਪੱਕੇ ਵਰਗੀ ਹਾਲਤ ਦੇ ਸੀ, ਵਿੱਚ ਸਾਰਾ ਪਰਿਵਾਰ ਗੁਜ਼ਾਰਾ ਕਰ ਰਿਹਾ ਸੀ। ਇਸ ਹਾਲਤ ਨੂੰ ਦੇਖ਼ ਕੇ ਜਦ ਹਰਪਾਲ ਸਿੰਘ ਅਤੇ ਉਨਾਂ ਦੀ ਪਤਨੀ ਮਨਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਉਨਾਂ 2 ਵੱਡੀਆਂ ਬੇਟੀਆਂ ਪਰਮਜੀਤ ਕੌਰ ਅਤੇ ਰਾਜਵਿੰਦਰ ਕੌਰ ਦੀ ਸ਼ਾਦੀ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਦਾਨੀ ਸੱਜਣਾਂ ਦੀ ਮੱਦਦ ਨਾਲ ਕਰ ਚੁੱਕੇ ਹਨ ਅਤੇ ਹਾਲੇ ਵੀ 6 ਧੀਆਂ ਵਰਿੰਦਰ ਕੌਰ, ਚਰਨਜੀਤ ਕੌਰ, ਮਨਪ੍ਰੀਤ ਕੌਰ, ਗੁਰਜੀਤ ਕੌਰ, ਰਮਨਦੀਪ ਕੌਰ, ਬਬਲਦੀਪ ਕੌਰ ਕੁਆਰੀਆਂ ਹਨ। ਦੱਸਣਯੋਗ ਹੈ ਕਿ ਇਸ ਪਰਿਵਾਰ ਵਿੱਚ ਇਨਾਂ 8 ਧੀਆਂ ਦਾ ਇੱਕੋ-ਇੱਕ ਲਾਡਲਾ ਵੀਰ ਹੈ ਜੋ ਕਰੀਬ 10 ਵਰੇ ਦਾ ਹੈ ਅਤੇ ਪੜਾਈ ਕਰ ਰਿਹਾ ਹੈ।

ਦੋਸਤੋ ਇੱਥੇ ਦੱਸਣਾ ਚਾਵਾਂਗਾ ਕਿ ਜਿੱਥੇ ਅੱਜਕੱਲ ਆਪਣੇ-ਆਪ ਨੂੰ ਸੂਝਵਾਨ ਅਤੇ ਪੜੇ ਲਿਖੇ ਕਹਾਉਣ ਵਾਲੇ ਮਾਪੇ ਪਹਿਲਾ ਬੱਚਾ ਹੋਣ ਤੋਂ ਪਹਿਲਾਂ ਹੀ ਜਾਂ ਇਕ ਦੋ ਧੀਆਂ ਪੈਦਾ ਹੋਣ ਤੋ ਬਾਅਦ ਟੈਸਟ ਕਰਵਾਉਣ ਲੱਗ ਜਾਂਦੇ ਹਨ ਤੇ ਪਤਾ ਲੱਗਣ ’ਤੇ ਲੜਕੀ ਹੈ ਤਾਂ ਕੁੱਖ ਵਿੱਚ ਹੀ ਕਤਲ ਕਰਾ ਦਿੱਤਾ ਜਾਂਦਾ ਹੈ, ਪਰ ਇਸ ਪਰਿਵਾਰ ਨੇ ਅੱਜ ਤੱਕ ਕੋਈ ਟੈਸਟ ਨਹੀਂ ਕਰਵਾਇਆ ਅਤੇ ਜੋ ਮਾਲਿਕ ਨੇ ਭੇਜ ਦਿੱਤਾ ਹੈ ਉਸ ਨੂੰ ਰੱਬੀ ਦਾਤ ਮੰਨ ਕੇ ਖਿੜੇ ਮੱਥੇ ਪ੍ਰਵਾਨ ਕੀਤਾ ਹੈ। ਇਨਾਂ ਬੱਚਿਆਂ ਨੂੰ ਪੜਾਈ ਦਾ ਬਹੁਤ ਸ਼ੌਂਕ ਹੈ ਪਰ ਘਰ ਵਿੱਚ ਅੰਤਾਂ ਦੀ ਗਰੀਬੀ ਨੇ ਸਾਰੇ ਹੀ ਸੁਪਨੇ ਚਕਨਾ ਚੂਰ ਕਰਕੇ ਰੱਖ ਦਿੱਤੇ ਹਨ ਅਤੇ ਦਿਲ ਦੀਆਂ ਰੀਝਾਂ ਤੇ ਪਾਣੀ ਫੇਰ ਕੇ ਦਿੱਤਾ ਹੈ ਅਤੇ ਇਹ ਬੇਵੱਸ ਬੱਚੀਆਂ ਆਪਣੇ ਦਿਲ ਅੰਦਰ ਲੰਮਾਂ ਜਿਹਾ ਹਾਉਂਕਾ ਭਰਕੇ ਬੈਠ ਜਾਂਦੀਆਂ ਹਨ ਪਰ ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਨਾਂ ਬੱਚੀਆਂ ਨੂੰ ਤਰਸ ਦੇ ਆਧਾਰ ’ਤੇ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਬਜ਼ੁਰਗ ਮਾਂ-ਬਾਪ ਨੂੰ ਪੈਨਸ਼ਨ ਦਿੱਤੀ ਜਾਵੇ ਤਾਂ ਜੋ ਇਹ ਬੱਚੀਆਂ ਆਪਣੇ ਪੈਰਾਂ ਉੱਪਰ ਆਪ ਖੜੀਆਂ ਹੋ ਸਕਣ ਤਾਂ ਜੋ ਧੀਆਂ ਨੂੰ ਆਪਣੇ ਸਿਰ ’ਤੇ ਬੋਝ ਸਮਝਣ ਵਾਲੇ ਕੁਝ ਲੋਕਾਂ ਨੂੰ ਸਮਝ ਆ ਸਕੇ ਕਿ ਧੀਆਂ ਸਿਰ ਦਾ ਬੋਝ ਨਹੀਂ ਬਲਕਿ ਸਿਰ ਦਾ ਤਾਜ ਹੁੰਦੀਆਂ ਹਨ। ਦੋਸਤੋ ਮੈਂ ਆਪਣੇ ਵੱਲੋਂ ਉਸ ਸੱਚੇ ਮਾਲਿਕ ਅੱਗੇ ਹੱਥ ਜੋੜ ਕੇ ਇਸ ਮਾਂ-ਬਾਪ ਅਤੇ ਨੰਨੀਆਂ ਪਰੀਆਂ ਲਈ ਦੁਆ ਕਰਦਾ ਹਾਂ ਕਿ ਇਸ ਪੂਰੇ ਪਰਿਵਾਰ ’ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਅਤੇ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਅਜਿਹੇ ਪਰਿਵਾਰਾਂ ਦੀ ਮਾਲੀ ਸਹਾਇਤਾ ਦੇ ਯੋਗ ਪ੍ਰਬੰਧ ਕਰਕੇ ਇਨਾਂ ਪਰਿਵਾਰਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਚੁੱਕੇ।

22-8 (1)

ਪੱਤਰਕਾਰ ਗੁਲਜ਼ਾਰ ਮਦੀਨਾ, ਸਾਦਿਕ, ਫ਼ਰੀਦਕੋਟ। ਸੰਪਰਕ: 94174-48786

Share Button

Leave a Reply

Your email address will not be published. Required fields are marked *