Thu. Aug 22nd, 2019

ਨਵੇਂ ਬਣੇ ਅਕਾਲੀ ਦਲ ਟਕਸਾਲੀ ਨੇ ਭਾਜਪਾ ‘ਤੇ ਭਰੋਸਾ ਪ੍ਰਗਟ ਕੀਤਾ

ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਬਣੇ ਅਕਾਲੀ ਦਲ ਟਕਸਾਲੀ ਨੇ ਭਾਜਪਾ ਤੇ ਭਰੋਸਾ ਪ੍ਰਗਟ ਕੀਤਾ ਹੈ , ਪਰ ਨਾਲ ਹੀ ਨਵੇਂ ਦਲ ਨੇ ਕਿਹਾ ਹੈ ਕਿ ਜਦ ਤੱਕ ਭਾਜਪਾ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਾਂਝ ਹੈ , ਤਦ ਤੱਕ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਸਮਝੌਤਾ ਭਾਜਪਾ ਨਾਲ ਸੰਭਵ ਨਹੀਂ ਹੈ ।ਪਰ ਇਨ੍ਹਾਂ ਦਿਨਾਂ ਵਿੱਚ ਭਾਜਪਾ ਨਾਲ ਨੇੜਤਾ ਦੀਆਂ ਚਰਚਾਵਾਂ ਵਿੱਚ ਚੱਲ ਰਹੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਪ੍ਰਮੁੱਖ ਵਕੀਲ ਐੱਚ ਐੱਸ ਫੂਲਕਾ ਨਾਲ ਸਮਝੌਤਾ ਕਰਨ ਦੇ ਸਪੱਸ਼ਟ ਸੰਕੇਤ ਦਿੱਤੇ ਹਨ ।ਟਕਸਾਲੀ ਦਲ ਦੇ ਆਗੂ ਅਤੇ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਫੂਲਕਾ ਅਤੇ ਹੋਰ ਹਮ ਖਿਆਲੀ ਪਾਰਟੀਆਂ ਨਾਲ ਮਿਲ ਕੇ ਲੜੀਆਂ ਜਾਣਗੀਆਂ ।ਬ੍ਰਹਮਪੁਰਾ ਨੇ ਇਹ ਵੀ ਭਰੋਸਾ ਪ੍ਰਗਟ ਕੀਤਾ ਹੈ ਕਿ ਛੇਤੀ ਹੀ ਆਮ ਆਦਮੀ ਪਾਰਟੀ ਅਤੇ ਪੰਜਾਬੀ ਏਕਤਾ ਪਾਰਟੀ ਉਨ੍ਹਾਂ ਦੇ ਸਾਂਝੇ ਗੱਠਜੋੜ ਵਿੱਚ ਸ਼ਾਮਿਲ ਹੋਣਗੀਆਂ। ‌ਪਾਰਟੀ ਨੇ ਚੰਡੀਗੜ੍ਹ ਵਿਖੇ ਇੱਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ, ਜਿਸ ਦਾ ਮਕਸਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਆਪਣੇ ਸਾਥੀਆਂ ਸਮੇਤ ਟਕਸਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰਨਾ ਸੀ ।ਇਸ ਕਾਨਫਰੰਸ ਦੇ ਵਿੱਚ ਸੰਸਦ ਮੈਂਬਰ ਬ੍ਰਹਮਪੁਰਾ ਤੋਂ ਇਲਾਵਾ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ , ਸਾਬਕਾ ਮੰਤਰੀ ਡਾ. ਰਤਨ ਸਿੰਘ ਅਜਨਾਲਾ , ਸ਼੍ਰੋਮਣੀ ਕਮੇਟੀ ਮੈਂਬਰ ਮਹਿੰਦਰ ਸਿੰਘ ਹੁਸੈਨਪੁਰ, ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ , ਪਾਰਟੀ ਦੇ ਜਨਰਲ ਸਕੱਤਰ ਮੱਖਣ ਸਿੰਘ ਸਮੇਤ ਹੋਰ ਆਗੂ ਸ਼ਾਮਿਲ ਸਨ ।ਪੱਤਰਕਾਰਾਂ ਵੱਲੋਂ ਪੁੱਛੇ ਪ੍ਰਸ਼ਨਾਂ ਦਾ ਜਵਾਬ ਦਿੰਦਿਆਂ ਟਕਸਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਕਿਉਂਕਿ ਫੂਲਕਾ ਅਤੇ ਉਨ੍ਹਾਂ ਦਾ ਮਿਸ਼ਨ ਲਗਭਗ ਇੱਕੋ ਜਿਹਾ ਹੈ , ਇਸ ਲਈ ਦੋਹੇਂ ਇੱਕ ਦੂਜੇ ਦਾ ਸਾਥ ਦੇਣਗੇ ।ਬ੍ਰਹਮਪੁਰਾ ਅਤੇ ਸੇਖਵਾਂ ਨੇ ਖੁਦ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਪਣੀਆਂ ਹੋਰ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਸੂਬੇ ਦੀਆਂ ਤਮਾਮ ਲੋਕ ਸਭਾ ਚੋਣਾਂ ਸੀਟਾਂ ਤੇ ਚੋਣ ਲੜੇਗੀ ।ਬ੍ਰਹਮਪੁਰਾ ਨੇ ਦਾਅਵਾ ਕੀਤਾ ਕਿ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨਾਲ ਉਨ੍ਹਾਂ ਦੀ ਹੋਈ ਮੁਲਾਕਾਤ ਵਿੱਚ ਖਹਿਰਾ ਨੇ ਇੱਕ ਝੰਡੇ ਹੇਠ ਰਲ ਕੇ ਸੰਘਰਸ਼ ਕਰਨ ਤੇ ਆਪਣੀ ਸਹਿਮਤੀ ਦੇ ਦਿੱਤੀ ਹੈ ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਾਂਝੇ ਗੱਠਜੋੜ ਵਿੱਚ ਸ਼ਾਮਿਲ ਹੋਣ ਲਈ ਮਨਾ ਲਿਆ ਜਾਵੇਗਾ ।ਸ਼੍ਰੋਮਣੀ ਅਕਾਲੀ ਦਲ ਨਾਲ ਹੁਣ ਕਿਸੇ ਤਰ੍ਹਾਂ ਦੇ ਗਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਆਗੂ ਬ੍ਰਹਮਪੁਰਾ ਨੇ ਕਿਹਾ ਕਿ ਹੁਣ ਗੱਲਬਾਤ ਦਾ ਵਕਤ ਖ਼ਤਮ ਹੋ ਚੁੱਕਿਆ ਹੈ ।ਉਨ੍ਹਾਂ ਦਾਅਵਾ ਕੀਤਾ ਕਿ ਛੇਤੀ ਹੀ ਸ਼੍ਰੋਮਣੀ ਅਕਾਲੀ ਦਲ ਦੇ ਦੂਜੀ ਅਤੇ ਤੀਜੀ ਕਤਾਰ ਦੇ ਕਈ ਆਗੂ ਟਕਸਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ ।ਬ੍ਰਹਮਪੁਰਾ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੀ ਉਨ੍ਹਾਂ ਦੀਆਂ ਨੀਤੀਆਂ ਨਾਲ ਸਹਿਮਤ ਹਨ , ਪਰ ਫਿਲਹਾਲ ਉਹ ਟਕਸਾਲੀ ਦਲ ਨਾਲ ਖੁੱਲ੍ਹੇ ਤੌਰ ਤੇ ਆਉਣ ਤੋਂ ਝਿਜਕ ਰਹੇ ਹਨ ।ਬ੍ਰਹਮਪੁਰਾ ਨੇ ਇਹ ਵੀ ਦਾਅਵਾ ਕੀਤਾ ਕਿ ਟੌਹੜਾ ਪਰਿਵਾਰ ਵੀ ਛੇਤੀ ਹੀ ਟਕਸਾਲੀ ਦਲ ਨਾਲ ਜੁੜਨ ਜਾ ਰਿਹਾ ਹੈ ।ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਨੈਤਿਕਤਾ ਦੇ ਆਧਾਰ ਤੇ ਅਕਾਲੀ ਦਲ ਦੀ ਟਿਕਟ ਤੇ ਬਣੇ ਲੋਕ ਸਭਾ ਮੈਂਬਰ ਦੀ ਮੈਂਬਰੀ ਤੋਂ ਇਹ ਕਹਿ ਕੇ ਅਸਤੀਫਾ ਦੇਣੋਂ ਇਨਕਾਰ ਕਰ ਦਿੱਤਾ ਕਿ ਹੁਣ ਲੋਕ ਸਭਾ ਚੋਣਾਂ ਲਈ ਦੋ ਤਿੰਨ ਮਹੀਨੇ ਹੀ ਬਾਕੀ ਰਹਿ ਗਏ ਹਨ ਅਤੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਦਾ ਇਹ ਵਿਚਾਰ ਸੀ ਕਿ ਹੁਣ ਅਸਤੀਫ਼ਾ ਨਾ ਦਿੱਤਾ ਜਾਵੇ ਇਸ ਮੌਕੇ ਉਨ੍ਹਾਂ ਨੇ ਕਰਨੈਲ ਸਿੰਘ ਪੀਰ ਮੁਹੰਮਦ ਦੀ ਟਕਸਾਲੀ ਦਲ ਵਿੱਚ ਸ਼ਮੂਲੀਅਤ ਦਾ ਸਵਾਗਤ ਕਰਦਿਆਂ ਕਿਹਾ ਪੀਰ ਮੁਹੰਮਦ ਨੂੰ ਪਾਰਟੀ ਵਿਚ ਯੋਗ ਸਥਾਨ ਦਿੱਤਾ ਜਾਵੇਗਾ । ‌

Leave a Reply

Your email address will not be published. Required fields are marked *

%d bloggers like this: