6060 ਅਧਿਆਪਕਾਂ ਦੀ ਭਰਤੀ ਨੂੰ ਬਾਦਲ ਵੱਲੋਂ ਹਰੀ ਝੰਡੀ

ss1

6060 ਅਧਿਆਪਕਾਂ ਦੀ ਭਰਤੀ ਨੂੰ ਬਾਦਲ ਵੱਲੋਂ ਹਰੀ ਝੰਡੀ

ਚੰਡੀਗੜ੍ਹ 13 ਦਸ਼ੰਬਰ (ਪ੍ਰਿੰਸ): ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਪਾਸ ਬੇਰਜ਼ੁਗਾਰ ਬੀ. ਐੱਡ ਤੇ ਈ. ਟੀ. ਟੀ. ਅਧਿਆਪਕਾਂ ਦੇ ਅੰਦੋਲਨ ਨੂੰ ਸਫਲਤਾ ਮਿਲਦੀ ਦਿਖਾਈ ਦੇ ਰਹੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 6060 ਅਸਾਮੀਆਂ ਦੀ ਭਰਤੀ ਸਮੇਂ ਖਾਲੀ ਰਹਿ ਗਈਆਂ ਪੋਸਟਾਂ ਭਰਨ ਲਈ ਸਹਿਮਤ ਹੋ ਗਏ ਹਨ। ਇਸ ਦੌਰਾਨ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਬੇਰੁਜ਼ਗਾਰ ਅਧਿਆਪਕਾਂ ਦੀ ਯੂਨੀਅਨ ਨਾਲ ਕੀਤੀ ਇਕ ਮੀਟਿੰਗ ਦੌਰਾਨ ਖਾਲੀ ਰਹਿ ਗਈਆਂ ਅਸਾਮੀਆਂ ਭਰਨ ਲਈ ਪ੍ਰਕ੍ਰਿਆ ਸ਼ੁਰੂ ਕਰ ਕੇ 14 ਦਸੰਬਰ ਨੂੰ ਵੇਟਿੰਗ ਵਾਲੇ ਸਮੂਹ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਜਿਥੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਆਗੂਆਂ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਅਮਰਜੀਤ ਸਿੰਘ ਕੰਬੋਜ ਦੀ ਅਗਵਾਈ ਹੇਠ ਗੱਲਬਾਤ ਹੋਈ ਹੈ , ਉਥੇ ਬੇਰੁਜ਼ਗਾਰ ਬੀ. ਐੱਡ. ਅਧਿਆਪਕ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਪੂਨਮ ਰਾਣੀ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ, ਮੀਤ ਪ੍ਰਧਾਨ ਹਰਪਾਲ ਖਨੌਰੀ ਤੇ ਸਲਾਹਕਾਰ ਤਜਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਮੁੱਖ ਮੰਤਰੀ ਨੇ ਬੇਰੁਜ਼ਗਾਰ ਅਧਿਆਪਕਾਂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਖਾਲੀ ਅਸਾਮੀਆਂ ਤੁਰੰਤ ਭਰਨ ਦੀ ਹਦਾਇਤ ਕੀਤੀ। ਇਸ ਦੇ ਮੱਦੇ ਨਜ਼ਰ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਮੀਟਿੰਗ ਰਘਵੀਰ ਸਿੰਘ ਭਵਾਨੀਗੜ੍ਹ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨਾਲ ਹੋਈ।
ਮੀਟਿੰਗ ‘ਚ ਯੂਨੀਅਨ ਆਗੂਆਂ ਨੇ ਮੰਗ ਰੱਖੀ ਕਿ 6060 ਮਾਸਟਰ ਕੇਡਰ ਅਸਾਮੀਆਂ ‘ਚ ਦੋ-ਦੋ ਵਿਸ਼ਿਆਂ ਦੀ ਮੈਰਿਟ ਸੂਚੀ ਆਉਣ ਕਾਰਨ ਡਬਲਿੰਗ ਹੋਣ ਕਰ ਕੇ ਤੇ ਰਿਜ਼ਰਵੇਸ਼ਨ ਕੋਟੇ ਦੇ ਉਮੀਦਵਾਰ ਉਪਲਬਧ ਨਾ ਹੋਣ ਕਾਰਨ ਜੋ ਅਸਾਮੀਆਂ ਖਾਲੀ ਰਹਿ ਗਈਆਂ ਸਨ, ਉਨ੍ਹਾਂ ਦੀ ਡੀ-ਰਿਜ਼ਰਵੇਸ਼ਨ ਕਰ ਕੇ ਵੇਟਿੰਗ ਸੂਚੀ ਤੁਰੰਤ ਵੈਬਸਾਈਟ ‘ਤੇ ਪਾ ਕੇ ਅਗਲੇ ਉਮੀਦਵਾਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ, ਵੱਖ-ਵੱਖ ਵਿਸ਼ਿਆਂ ਦੇ ਇਤਰਾਜ਼ਾਂ ਵਾਲੇ ਉਮੀਦਵਾਰਾਂ ਦੇ ਇਤਰਾਜ਼ ਤੁਰੰਤ ਦੂਰ ਕਰ ਕੇ ਉਨ੍ਹਾਂ ਨੂੰ ਵੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਤੇ 6060 ਅਸਾਮੀਆਂ ਦੀ ਗਿਣਤੀ ‘ਚ ਵਾਧਾ ਕੀਤਾ ਜਾਵੇ। ਵਿਚਾਰ ਵਟਾਂਦਰੇ ਤੋਂ ਬਾਅਦ ਡਾ. ਚੀਮਾ ਨੇ ਐਲਾਨ ਕੀਤਾ ਕਿ ਵੇਟਿੰਗ ਵਾਲੇ ਸਮੂਹ ਉਮੀਦਵਾਰਾਂ ਨੂੰ 14 ਦਸੰਬਰ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ ਤੇ ਅਸਾਮੀਆਂ ‘ਚ ਵਾਧਾ ਵੀ ਕੀਤਾ ਜਾਏਗਾ। ਇਸ ਦੌਰਾਨ ਚੰਡੀਗੜ੍ਹ ਪੰਜਾਬ ਭਵਨ ‘ਚ ਟਾਵਰ ‘ਤੇ ਚੜ੍ਹੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਮਿਲ ਜਾਣ ਤੋਂ ਬਾਅਦ ਹੀ ਹੇਠਾਂ ਉਤਰਨਗੇ।

Share Button

Leave a Reply

Your email address will not be published. Required fields are marked *