60 ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਦੌਰਾਨ ਪੁਲਿਸ ਨੇ 20 ਫਰਜੀ ਏਜੰਟਾਂ ਨੂੰ ਕੀਤਾ ਕਾਬੂ

ss1

60 ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਦੌਰਾਨ ਪੁਲਿਸ ਨੇ 20 ਫਰਜੀ ਏਜੰਟਾਂ ਨੂੰ ਕੀਤਾ ਕਾਬੂ

ਪੰਜਾਬ ‘ਚ ਫੈਲੇ ਫਰਜ਼ੀ ਟਰੈਵਲ ਏਜੰਟਾਂ ਦੇ ਜਾਲ ਨੂੰ ਤੋੜਦਿਆਂ ਪੰਜਾਬ ਪੁਲਿਸ ਸੂਬੇ ਭਰ ਵਿੱਚ ਵੱਡੀ ਕਾਰਵਾਈ ਕਰ ਰਹੀ ਹੈ। ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਸਨ ਕਿ ਉਹ ਸੂਬੇ ਵਿੱਚ ਜਿੰਨੇ ਵੀ ਫਰਜ਼ੀ ਕਬੂਤਰਬਾਜ਼ ਹਨ ਓਹਨਾਂ ‘ਤੇ ਸ਼ਿਕੰਜਾ ਕੱਸਿਆ ਜਾਵੇ। ਪੰਜਾਬ ਸਰਕਾਰ ਨੇ ਵੀ ਹੁਣ ਟਰੈਵਲ ਏਜੇਂਟਾਂ ਵਿਰੁੱਧ ਕਰੜੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਹਨਾਂ ਹੁਕਮਾਂ ‘ਤੇ ਪਹਿਰਾ ਦਿੰਦਿਆਂ ਪੰਜਾਬ ਪੁਲਿਸ ਨੇ ਹੁਣ ਸੂਬੇ ਦੇ ਹਰ ਸ਼ਹਿਰ ਵਿੱਚ ਏਜੰਟਾਂ ਦੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਿਸ ਦੇ ਚਲਦਿਆਂ ਪਿਛਲੇ ਦਿਨੀਂ ਲੁਧਿਆਣਾ ਵਿੱਚ ਵੱਡੀ ਕਾਰਵਾਈ ਕੀਤੀ ਗਈ ਸੀ ਅਤੇ ਅੱਧਾ ਦਰਜਨ ਤੋਂ ਵੱਧ ਟਰੈਵਲ ਏਜੰਟਾਂ ਵਿਰੁੱਧ ਧੋਖਾਧੜੀ ਦੇ ਮਾਮਲੇ ਦਰਜ ਕੀਤੇ ਹਨ। ਇਸੇ ਕਾਰਵਾਈ ਨੂੰ ਅੱਗੇ ਜਾਰੀ ਰੱਖਦਿਆਂ ਅੱਜ ਜਲੰਧਰ ਵਿੱਚ ਛਾਪੇਮਾਰੀ ਕੀਤੀ ਗਈ। ਅੱਜ ਦੀ ਛਾਪੇਮਾਰੀ ਵਿੱਚ ਜਲੰਧਰ ਪੁਲਿਸ ਨੇ 60 ਦੇ ਕਰੀਬ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਕਰਦਿਆਂ 20 ਨੂੰ ਗ੍ਰਿਫਤਾਰ ਕੀਤਾ ਹੈ। ਜੋ ਫਰਜ਼ੀ ਕੰਮ ਕਰਦੇ ਸਨ। ਛਾਪੇਮਾਰੀ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ’ਤੇ ਪੰਜ ਟੀਮਾਂ ਬਣਾਈਆਂ ਗਈਆਂ ਸਨ।
ਪੁਲਿਸ ਟੀਮ ਵੱਲੋਂ 20 ਟਰੈਵਲ ਏਜੰਟਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 406, 420, 120 ਬੀ ਤੇ ਪੀ.ਟੀ.ਪੀ.ਆਰ. ਐਕਟ 2014/12 ਅਤੇ ਪਾਸਪੋਰਟ ਐਕਟ ਤਹਿਤ ਐਫ.ਆਈ.ਆਰ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾ 20 ਤੋਂ ਇਲਾਵਾ 40 ਤੋਂ ਵੱਧ ਟਰੈਵਲ ਏਜੰਟਾਂ ਦੇ ਦਫ਼ਤਰਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ ਹੈ। ਪੁਲਿਸ ਕੋਲ 100 ਤੋਂ ਵੱਧ ਟਰੈਵਲ ਏਜੰਟਾਂ ਦੀ ਸੂਚੀ ਦੱਸੀ ਜਾ ਰਹੀ ਹੈ, ਜਿਨ੍ਹਾਂ ਬਾਰੇ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਹੋਈਆਂ ਸਨ।
ਪੁਲਿਸ ਨੇ ਬੱਸ ਅੱਡੇ ਦੇ ਆਲੇ-ਦੁਆਲੇ ਦੇ ਟਰੈਵਲ ਏਜੰਟਾਂ ਵਿਰੁੱਧ ਜਦੋਂ ਕਾਰਵਾਈ ਕੀਤੀ ਤਾਂ ਉਕਤ ਏਰੀਆ ਵਿੱਚ ਭਾਜੜਾਂ ਪੈ ਗਈਆਂ। ਕਈ ਟਰੈਵਲ ਏਜੰਟਾਂ ਨੂੰ ਛਾਪਾ ਪੈਣ ਦੀ ਸੂਹ ਮਿਲਣ ਕਾਰਨ ਉਹ ਆਪਣੇ ਦਫ਼ਤਰਾਂ ਨੂੰ ਜਿੰਦੇ ਲਾ ਕੇ ਫ਼ਰਾਰ ਹੋ ਗਏ। ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਜਿਹੜੇ ਟਰੈਵਲ ਏਜੰਟਾਂ ਵਿਰੁੱਧ ਸ਼ਿਕੰਜਾ ਕੱਸਿਆ ਹੈ, ਉਨ੍ਹਾਂ ਵਿੱਚ ਜ਼ਿਆਦਾ ਸਟੱਡੀ ਵੀਜ਼ਾ, ਆਈਲਸ, ਇਮੀਗ੍ਰੇਸ਼ਨ ਦੀਆਂ ਸਲਾਹਾਂ ਦੇਣ ਵਾਲੇ ਸ਼ਾਮਲ ਸਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਦਫ਼ਤਰਾਂ ਦੇ ਮਾਲਕ ਦੂਜੇ ਸੂਬਿਆਂ ਤੋਂ ਇਥੇ ਆਏ ਹਨ। ਉਨ੍ਹਾਂ ਨੇ ਕੰਮ ਕਰਨ ਲਈ ਇੱਥੋਂ ਦੇ ਬੰਦਿਆਂ ਨੂੰ ਭਰਤੀ ਕੀਤਾ ਹੋਇਆ ਸੀ।
ਆਪ ਇਥੇ ਰੁਪਏ ਇਕੱਠੇ ਕਰਨ ਆਉਂਦੇ ਸਨ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਟਰੈਵਲ ਏਜੰਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਉਨ੍ਹਾਂ ਵਿੱਚ ਸੁਰਜੀਤ ਸਿੰਘ, ਬਲਰਾਜ ਸਿੰਘ, ਬਲਵਿੰਦਰ ਸਿੰਘ, ਮੀਨੂੰ, ਜਤਿੰਦਰ ਕੁਮਾਰ, ਰਾਜਾ ਠਾਕੁਰ, ਵਿਜੇ ਕੁਮਾਰ, ਸੰਦੀਪ ਸਿੰਘ, ਸੋਮ ਨਾਥ, ਮਨੀਸ਼ ਕੁਮਾਰ, ਪਰਮਜੀਤ ਲਾਲ, ਤਰੁਣ, ਰਵੀ ਪਾਲ, ਨਰੇਸ਼ ਕੁਮਾਰ ਸ਼ਰਮਾ, ਪ੍ਰਦੀਪ ਪੁਰੀ, ਸੰਜੇ ਸ਼ਰਮਾ, ਲਵਜੀਤ ਸਿੰਘ, ਰਮਨਦੀਪ ਸਿੰਘ, ਵਰਿੰਦਰ ਕੁਮਾਰ ਤੇ ਗੁਰਲੀਨ ਬਹਿਲ ਸ਼ਾਮਲ ਹਨ।
ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਇਸ ਛਾਪੇਮਾਰੀ ਦਾ ਫਾਇਦਾ ਇਹ ਹੈ ਕਿ ਸੂਬੇ ਵਿੱਚ ਫਰਜੀ ਟਰੈਵਲ ਏਜੰਟਾਂ ਦਾ ਜਾਲ ਮੁੱਕੇਗਾ ਅਤੇ ਲੋਕ ਸਹੀ ਤਰੀਕੇ ਨਾਲ ਪੈਸੇ ਦੀ ਬਰਬਾਦੀ ਕੀਤੇ ਬਿਨਾ ਹੀ ਆਪਣੇ ਸੁਫ਼ਨੇ ਵੱਲ ਵੱਧ ਸਕਦੇ ਹਨ।

Share Button

Leave a Reply

Your email address will not be published. Required fields are marked *