6 ਸਾਲਾਂ ਬੱਚੇ ਦਾ ਗਲਾ ਕਟਕੇ ਲਾਸ਼ ਹਵੇਲੀ ਵਿਚ ਸੁੱਟੀ, ਮੁੱਖ ਆਰੋਪੀ ਗ੍ਰਿਫਤਾਰ

ss1

6 ਸਾਲਾਂ ਬੱਚੇ ਦਾ ਗਲਾ ਕਟਕੇ ਲਾਸ਼ ਹਵੇਲੀ ਵਿਚ ਸੁੱਟੀ, ਮੁੱਖ ਆਰੋਪੀ ਗ੍ਰਿਫਤਾਰ

ਜੰਡਿਆਲਾ ਗੁਰੂ 12 ਸਤੰਬਰ ਵਰਿੰਦਰ ਸਿੰਘ :- ਅਜੇ ਗੁਰੂਗ੍ਰਾਮ ਵਿਚ ਹੋਏ ਮਾਸੂਮ ਬੱਚੇ ਦੀ ਸਕੂਲ ਵਿਚ ਹੋਈ ਹਤਿਆ ਦੀ ਖਬਰ ਮੀਡੀਆ ਵਿਚ ਮੱਧਮ ਨਹੀਂ ਪਈ ਸੀ ਕਿ ਇਕ ਹੋਰ ਛੇ ਸਾਲਾ ਮਾਸੂਮ ਬੱਚੇ ਦੇ ਕਤਲ ਦੀਆਂ ਖਬਰਾਂ ਨੇ ਪਿੰਡ ਮਲਕਪੁਰ ਜਿਲ੍ਹਾ ਅੰਮ੍ਰਿਤਸਰ ਇਲਾਕੇ ਵਿਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਦਿੱਤਾ । ਮਿਰਤਕ ਬੱਚੇ ਦੇ ਪਿਤਾ ਗੁਰਮੀਤ ਸਿੰਘ ਉਰਫ ਰਾਣਾ ਪੁੱਤਰ ਕਸ਼ਮੀਰ ਸਿੰਘ ਪਿੰਡ ਮਲਕਪੁਰ ਥਾਣਾ ਜੰਡਿਆਲਾ ਗੁਰੂ ਨੇ ਪੁਲਿਸ ਨੂੰ ਦਿਤੀ ਜਾਣਕਾਰੀ ਵਿਚ ਦੱਸਿਆ ਕਿ ਉਹ ਦੋਨੋ ਪਤੀ ਪਤਨੀ ਮੇਹਨਤ ਮਜ਼ਦੂਰੀ ਕਰਦੇ ਹਨ । ਉਹਨਾਂ ਦੱਸਿਆ ਕਿ ਸਾਡਾ ਲੜਕਾ ਸ਼ੁਭਪ੍ਰੀਤ ਸਿੰਘ ਉਮਰ ਕਰੀਬ ਛੇ ਸਾਲ ਜੋ ਕਿ ਪਹਿਲੀ ਕਲਾਸ ਵਿਚ ਪੜ੍ਹਦਾ ਸੀ ਹਰ ਰੋਜ ਦੀ ਤਰ੍ਹਾਂ ਸ਼ਾਮ ਨੂੰ 7 ਵਜੇ ਖੇਡਣ ਤੋਂ ਬਾਅਦ ਘਰ ਜਦ ਵਾਪਿਸ ਨਾ ਆਇਆ ਤਾਂ ਪਿੰਡ ਵਿਚ ਲੱਭਣ ਤੋਂ ਬਾਅਦ ਉਹਨਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚੋਂ ਅਨਾਊਸਮੈਂਟ ਵੀ ਕਰਵਾਈ । ਦੇਰ ਰਾਤ ਲਗਾਤਾਰ ਲੱਭਣ ਤੋਂ ਬਾਅਦ ਰਾਤ ਕਰੀਬ 12.30 ਵਜੇ ਗੁਰਮੇਜ ਸਿੰਘ ਪੁੱਤਰ ਕਰਤਾਰ ਸਿੰਘ ਦੀ ਹਵੇਲੀ ਵਿਚ ਪਈ ਤੂੜੀ ਦੇ ਢੇਰ ਵਿਚੋਂ ਸ਼ੁਭਪ੍ਰੀਤ ਦੀ ਲਾਸ਼ ਮਿਲੀ । ਹਵੇਲੀ ਦੀ ਕੋਈ ਵੀ ਚਾਰਦੀਵਾਰੀ ਨਹੀਂ ਸੀ । ਮੌਕੇ ਤੇ ਅੰਮ੍ਰਿਤਸਰ ਤੋਂ ਪਹੁੰਚੀ ਪੁਲਿਸ ਦੀ ਟੀਮ ਵਿਚ ਸ਼ਾਮਿਲ ਡੀ ਐਸ ਪੀ ਲਖਵਿੰਦਰ ਸਿੰਘ ਨੇ ਲਾਸ਼ ਨੂੰ ਪੋਸਟਮਾਰਟਮ ਲਈ ਅੰਮ੍ਰਿਤਸਰ ਭੇਜ ਦਿੱਤਾ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 302,201 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ । ਦੇਰ ਸ਼ਾਮ ਪੁਲਿਸ ਕੋਲੋ ਮਿਲੀ ਜਾਣਕਾਰੀ ਅਨੁਸਾਰ ਕਤਲ ਦੇ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਜ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ । ਕਾਤਿਲ ਨੇ ਦੱਸਿਆ ਕਿ ਕਤਲ ਕਰਨ ਦੀ ਵਜ੍ਹਾ ਬੱਚੇ ਵਲੋਂ ਉਸਦੇ ਟਰੈਕਟਰ ਤੇ ਲਕੀਰਾਂ ਪਾਨਾ ਦੱਸਿਆ ਗਿਆ ਹੈ । ਪੁਲਿਸ ਵਲੋਂ ਦੋਸ਼ੀ ਕੋਲੋ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ।

Share Button

Leave a Reply

Your email address will not be published. Required fields are marked *