550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਪਤੀ ਸਮਾਰੋਹ ਨੂੰ ਸਮਰਪਿਤ ‘ਸ੍ਰੀ ਗੁਰੂ ਨਾਨਕ ਦੇਵ ਜੀ : ਅੰਤਰ-ਧਰਮ ਸੂਝ ਤੇ ਸਹਿਹੋਂਦ ਦਾ ਹਰਕਾਰਾ’ ਵਿਸ਼ੇ ‘ਤੇ ਅੰਤਰਰਾਸ਼ਟਰੀ ਵੈਬੀਨਾਰ ਕਰਵਾਇਆ

550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਪਤੀ ਸਮਾਰੋਹ ਨੂੰ ਸਮਰਪਿਤ ‘ਸ੍ਰੀ ਗੁਰੂ ਨਾਨਕ ਦੇਵ ਜੀ : ਅੰਤਰ-ਧਰਮ ਸੂਝ ਤੇ ਸਹਿਹੋਂਦ ਦਾ ਹਰਕਾਰਾ’ ਵਿਸ਼ੇ ‘ਤੇ ਅੰਤਰਰਾਸ਼ਟਰੀ ਵੈਬੀਨਾਰ ਕਰਵਾਇਆ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ੇਸ਼ ਅੰਤਰ-ਰਾਸ਼ਟਰੀ ਵੈਬੀਨਾਰ ਦਾ ਆਯੋਜਨ ਇਤਿਹਾਸ ਵਿਭਾਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਲੋਂ ਸਾਂਝੇ ਰੂਪ ਵਿਚ ਕੀਤਾ ਗਿਆ।ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਏ ਗਏ ਇਸ ਵੈਬੀਨਾਰ ਦੇ ਮੁੱਖ ਵਿਸ਼ੇ ‘ਸ੍ਰੀ ਗੁਰੂ ਨਾਨਕ ਦੇਵ ਜੀ : ਅੰਤਰ-ਧਰਮ ਸੂਝ ਤੇ ਸਹਿਹੋਂਦ ਦਾ ਹਰਕਾਰਾ’ ਸਬੰਧੀ ਪ੍ਰੋ. ਗੁਰਿੰਦਰ ਸਿੰਘ ਮਾਨ ਨਿਊਯਾਰਕ, ਪ੍ਰੋ. ਜਗਬੀਰ ਸਿੰਘ ਦਿੱਲੀ, ਸ. ਚਿਰੰਜੀਵ ਸਿੰਘ ਆਈ.ਏ.ਐਸ ਸਾਬਕਾ ਅੰਬੈਸਡਰ ਯੂਨੈਸਕੋ ਨੇ ਆਪਣੇ ਵਿਚਾਰ ਪ੍ਰਸਤੁਤ ਕੀਤੇ।
ਸੈਮੀਨਾਰ ਦੀ ਅਰੰਭਤਾ ਕਰਦਿਆਂ ਇਤਿਹਾਸ ਵਿਭਾਗ ਦੇ ਮੁਖੀ ਪ੍ਰੋਫੈਸਰ ਅਮਨਦੀਪ ਬਲ ਨੇ ਵੈਬੀਨਾਰ ਦੇ ਮੁਖ ਵਿਸ਼ੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੈਬੀਨਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਪਤੀ ਸਮਾਰੋਹ ਨੂੰ ਸਮਰਪਿਤ ਹੈ ਤੇ ਗੁਰੂ ਸਾਹਿਬ ਨੇ ਅੰਤਰ-ਧਰਮ ਸੂਝ, ਸਹਿਹੋਂਦ, ਸਹਿਣਸ਼ੀਲਤਾ ਤੇ ਸਾਂਝੀਵਾਲਤਾ ਨਾਲ ਸਬੰਧਿਤ ਸਿਖਿਆਵਾਂ ਦਾ ਪ੍ਰਚਾਰ ਵੱਖ-ਵੱਖ ਸਥਾਨਾਂ ਉਤੇ ਜਾ ਕੇ ਕੀਤਾ।ਗੁਰੂ ਸਾਹਿਬ ਦੀਆਂ ਇਹ ਸਿਖਿਆਵਾਂ ਅੱਜ ਵੀ ਸਾਰਥਕ ਹਨ ਜਿਨ੍ਹਾਂ ਉਤੇ ਅਮਲ ਕਰਨ ਨਾਲ ਵਿਰਾਟ ਸਮੱਸਿਆਵਾਂ ਦਾ ਸਮਾਧਾਨ ਕੀਤਾ ਜਾ ਸਕਦਾ ਹੈ।ਵੈਬੀਨਾਰ ਦੇ ਪਹਿਲੇ ਵਕਤੇ ਪ੍ਰੋ. ਗੁਰਿੰਦਰ ਸਿੰਘ ਮਾਨ ਨੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਸੰਦੇਸ਼ ਦਿਤਾ ਉਹ ਕਈ ਪੱਖਾਂ ਤੋਂ ਨਿਵੇਕਲਾ ਸੀ।ਗੁਰੂ ਸਾਹਿਬ ਨੇ ਰਸਮਾਂ-ਰੀਤਾਂ ਦੇ ਕਠੋਰ ਜੰਜਾਲ ਦੀ ਥਾਂ ਸੱਚ ਅਚਾਰ ਨੂੰ ਵਿਸ਼ੇਸ਼ ਮਹੱਤਵ ਦਿਤਾ।ਉਨ੍ਹਾਂ ਨੇ ਧਰਮ ਪ੍ਰਤੀ ਸੰਕੀਰਨ ਸੋਚ ਰੱਖਣ ਦੀ ਥਾਂ ਸਭਨਾਂ ਨਾਲ ਪਿਆਰ, ਮੁਹੱਬਤ, ਅਮਨ ਨਾਲ ਰਹਿਣ ਦਾ ਸੰਦੇਸ਼ ਦ੍ਰਿੜ ਕਰਵਾਇਆ।ਪ੍ਰੋ. ਜਗਬੀਰ ਸਿੰਘ ਨੇ ਇਸ ਗੱਲ ਉਤੇ ਜੋਰ ਦਿੱਤਾ ਕਿ ਹਰ ਧਰਮ ਕੋਲ ਕੁਝ ਵਿਸ਼ੇਸ਼ ਖੂਬੀਆਂ ਹੁੰਦੀਆਂ ਹਨ।ਇਸ ਕਰਕੇ ਧਰਮਾਂ ਦੇ ਪੈਰੋਕਾਰਾਂ ਨੂੰ ਖੁਲ੍ਹੇ ਮਨ ਨਾਲ ਇਸ ਸਚਾਈ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ।
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਇਸ ਪੱਖ ਉਤੇ ਵਧੇਰੇ ਬਲ ਦਿੰਦੀਆਂ ਹਨ।ਉਨ੍ਹਾ ਨੇ ਦੱਸਿਆ ਕਿ ਗੁਰੂ ਸਾਹਿਬ ਨੇ ਹਰ ਧਰਮ ਨਾਲ ਸੰਵਾਦ ਰਚਾਇਆ ਤੇ ਸਾਂਝੀਵਾਲਤਾ ਦਾ ਸੰਦੇਸ਼ ਦ੍ਰਿੜ ਕਰਵਾਇਆ। ਵੈਬੀਨਾਰ ਦੇ ਤੀਜੇ ਵਕਤੇ ਚਿਰੰਜੀਵ ਸਿੰਘ ਆਈ.ਏ.ਐਸ ਨੇ ਕਿਹਾ ਕਿ ਅੰਤਰ-ਧਰਮ ਸੰਵਾਦ ਤੇ ਸੂਝ ਨਾਲ ਸਬੰਧਿਤ ਬਹੁਤ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਹਨ ਜੋ ਕਿ ਇਕ ਚੰਗਾ ਉਪਰਾਲਾ ਹੈ ਪਰੰਤੂ ਇਨ੍ਹਾਂ ਯਤਨਾਂ ਦੇ ਸਾਰਥਕ ਨਤੀਜੇ ਤਾਂ ਹੀ ਹਾਸਲ ਹੋ ਸਕਦੇ ਹਨ ਜੇਕਰ ਸਮਰਥ ਧਿਰਾਂ ਸੁਹਿਰਦਤਾ ਤੇ ਇਮਾਨਦਾਰੀ ਨਾਲ ਪਰਸਪਰ ਪਿਆਰ ਤੇ ਭਾਈਚਾਰਕ ਸਾਂਝ ਵਧਾਉਣ ਲਈ ਸਰਗਰਮ ਹੋਣ।ਉਨ੍ਹਾਂ ਨੇ ਗੁਰੂ ਸਾਹਿਬ ਵਲੋਂ ਦਰਸਾਏ ਧਰਮ ਦੇ ਮਾਰਗ ਦੀ ਧਾਰਨੀ ਹੋਣ ਅਤੇ ਦੂਜਿਆਂ ਪ੍ਰਤੀ ਸਨੇਹਪੂਰਵਕ ਵਤੀਰਾ ਅਪਣਾਉਣ ਦਾ ਸੁਨੇਹਾ ਦਿੱਤਾ ਤਾਂ ਜੋ ਈਰਖਾ ਤੇ ਨਫਰਤ ਦੀਆਂ ਉਸਰ ਰਹੀਆਂ ਦੀਵਾਰਾਂ ਨੂੰ ਖਤਮ ਕੀਤਾ ਜਾ ਸਕੇ।ਵੈਬੀਨਾਰ ਦੇ ਅਖੀਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਅਮਰਜੀਤ ਸਿੰਘ ਨੇ ਵੈਬੀਨਾਰ ਨਾਲ ਦੇਸ਼-ਵਿਦੇਸ਼ ਤੋਂ ਜੁੜਣ ਵਾਲੇ ਵਿਦਵਾਨਾਂ, ਖੋਜਾਰਥੀਆਂ ਤੇ ਹੋਰ ਸਖਸ਼ੀਅਤਾਂ ਦਾ ਧੰਨਵਾਦ ਕੀਤਾ।