Mon. Mar 30th, 2020

550 ਸਾਲਾ ਅਰਧ ਸਤਾਬਦੀ ਪ੍ਰਕਾਸ਼ ਪੁਰਬ, ਬਾਬੇ ਕੇ ਤੇ ਬਾਬਰ ਕੇ

550 ਸਾਲਾ ਅਰਧ ਸਤਾਬਦੀ ਪ੍ਰਕਾਸ਼ ਪੁਰਬ, ਬਾਬੇ ਕੇ ਤੇ ਬਾਬਰ ਕੇ

ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆ ਰਹੇ ਪੰਜ ਸੌ ਪੰਜਾਹ ਸਾਲਾ ਅਰਧ ਸਤਾਬਦੀ ਸਮਾਗਮਾਂ ਨੂੰ ਜੇਕਰ ਪਿਛਲੀਆਂ ਸਤਾਬਦੀਆਂ ਨਾਲ ਮੇਲ਼ ਕੇ ਦੇਖੀਏ ਤਾਂ ਕਹਿ ਸਕਦੇ ਹਾਂ ਕਿ ਪਹਿਲਾਂ ਦੇ ਮੁਕਾਬਲੇ ਇਸ ਵਾਰ ਸਿੱਖ ਸੰਗਤਾਂ ਵਿੱਚ ਕਿਤੇ ਜਿਆਦਾ ਜਾਗਰੂਕਤਾ ਆਈ ਹੈ।ਗੁਰੂ ਦੇ ਦਿਹਾੜੇ ਮਨਾਉਣ ਲਈ ਉਤਸਾਹ ਤਾਂ ਸਿੱਖ ਸੰਗਤਾਂ ਵਿੱਚ ਹਮੇਸਾਂ ਹੀ ਰਿਹਾ ਹੈ,ਪਰ ਜਾਗਰੂਕਤਾ ਤੋ ਬਿਨਾ ਪਹਿਲੀਆਂ ਸਤਾਬਦੀਆਂ ਮੌਕੇ ਸਿੱਖ ਕੋਈ ਖਾਸ ਪਰਾਪਤੀਆਂ ਨਹੀ ਕਰ ਸਕੇ,ਇਸ ਦਾ ਕਾਰਨ ਜਿੱਥੇ ਸਿੱਖਾਂ ਵਿੱਚ ਜਾਗਰੂਕਤਾ ਦੀ ਘਾਟ ਸਮਝੀ ਜਾਂਦੀ ਹੈ,ਓਥੇ ਕੌਂਮ ਦੇ ਆਗੂਆਂ ਦਾ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡਣਾ ਵੀ ਮੁੱਖ ਕਾਰਨ ਰਿਹਾ ਹੈ। ਗੁਰੂ ਨਾਨਕ ਸਾਹਿਬ ਦੀ 550 ਸਾਲਾ ਅਰਧ ਸਤਾਬਦੀ ਨੂੰ ਮਨਾਉਣ ਲਈ ਇਸ ਵਾਰ ਤਿੰਨ ਪਰਮੁੱਖ ਧਿਰਾਂ ਵੱਖ ਵੱਖ ਤੌਰ ਤੇ ਯਤਨਸ਼ੀਲ ਹਨ।ਪਹਿਲੀ ਧਿਰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ,ਜਿਸ ਦੀ ਜੁੰਮੇਵਾਰੀ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ,ਸਿੱਖੀ ਸਿਧਾਂਤਾਂ ਦੀ ਰਾਖੀ ਕਰਨ ਅਤੇ ਸਿੱਖੀ ਦੇ ਪਰਚਾਰ ਪਾਸਾਰ ਦੀ ਬਣਦੀ ਹੈ,ਪਰੰਤੂ ਸਿੱਖ ਕੌਂਮ ਦੀ ਇਹ ਸਿਰਮੌਰ ਸੰਸਥਾ ਤੇ ਲੰਮੇ ਸਮੇ ਤੋਂ ਉਹ ਹੀ ਲੋਕ ਕਾਬਜ ਹਨ,ਜਿਹੜੇ ਉੱਪਰ ਲਿਖਿਆ ਜਾ ਚੁੱਕਾ ਹੈ ਕਿ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਦੇ ਖਿਲਾਉਣੇ ਬਣਕੇ ਸਿੱਖ,ਸਿੱਖੀ ਅਤੇ ਸਿੱਖੀ ਸਿਧਾਤਾਂ ਨੂੰ ਤਹਿਸ ਨਹਿਸ ਕਰਨ ਲੱਗੇ ਹੋਏ ਹਨ।ਇਹ ਬੜੇ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿਰਫ ਨਾਮ ਦੀ ਸਿਰਮੌਰ ਸੰਸਥਾ ਰਹਿ ਗਈ ਹੈ,ਉਹਦੀ ਸਭ ਤੋ ਵੱਡੀ ਜੁੰਮੇਵਾਰੀ ਸਿੱਖੀ ਸਿਧਾਤਾਂ ਨੂੰ ਸਾਂਭਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਅਤੇ ਮਰਿਯਾਦਾ ਨੂੰ ਲਾਗੂ ਕਰਨ ਦੀ ਬਣਦੀ ਸੀ,ਉਹ ਸੰਸਥਾ ਤੇ ਕਾਬਜ ਲੋਕਾਂ ਨੇ ਖੁਦ ਮਰਿਯਾਦਾ ਅਤੇ ਸਿਧਾਂਤਾਂ ਦਾ ਸਭ ਤੋ ਵੱਧ ਨੁਕਸਾਨ ਕੀਤਾ ਹੈ।
ਇਹ ਗੱਲ ਪਹਿਲਾਂ ਵੀ ਬਹੁਤ ਵਾਰ ਲਿਖੀ ਜਾ ਚੁੱਕੀ ਹੈ ਕਿ ਕਿਸੇ ਵੀ ਇਤਹਾਸਿਕ ਗੁਰਦੁਆਰਾ ਸਾਹਿਬ ਅੰਦਰ ਕਿਧਰੇ ਵੀ ਗੁਰੂ ਦੀ ਸਿੱਖਿਆ ਤੇ ਪਹਿਰਾ ਨਹੀ ਦਿੱਤਾ ਜਾ ਰਿਹਾ,ਬਲਕਿ ਜਿਆਦਾਤਰ ਗੁਰਦੁਆਰਿਆਂ ਅੰਦਰ ਮਨਮੱਤਾਂ ਦਾ ਬੋਲਬਾਲਾ ਹੈ,ਕਰਮਕਾਂਡ ਹੋ ਰਹੇ ਹਨ,ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਇਹ ਅਵੱਗਿਆਵਾਂ ਕਰਵਾਉਣ ਵਿੱਚ ਮੋਹਰੀ ਭੂਮਿਕਾ ਅਦਾ ਕਰਦੀ ਹੈ।ਤਖਤ ਸਹਿਬਾਨਾਂ ਦੇ ਜਥੇਦਾਰ ਅਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਹਰ ਗਲਤ ਕਾਰਵਾਈ ਤੇ ਸਹੀ ਪਾ ਪਾ ਕੇ ਅਪਣੇ ਰੁਤਬਿਆਂ ਨੂੰ ਵੱਡੀ ਢਾਹ ਲਾ ਚੁੱਕੇ ਹਨ,ਜਿਸ ਦਾ ਨਤੀਜਾ ਇਹ ਹੈ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੋਈ ਵੀ ਹੁਕਮ ਮੰਨਣ ਤੋ ਕੌਮ ਇਨਕਾਰੀ ਹੋ ਚੁੱਕੀ ਹੈ।ਅਜਿਹੇ ਹਾਲਾਤਾਂ ਦੇ ਮੱਦੇਨਜਰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਾਬਦੀ ਸਮਾਗਮਾਂ ਨੂੰ ਮਨਾਉਣਾ ਕਿੰਨਾ ਕੁ ਸਾਰਥਿਕ ਨਤੀਜੇ ਦੇ ਸਕਦਾ ਹੈ,ਇਹ ਉਹਨਾਂ ਵੱਲੋਂ ਅਕਾਲੀ ਦਲ ਬਾਦਲ ਦੇ ਇਸਾਰਿਆਂ ਤੇ ਸਮਾਗਮਾਂ ਨੂੰ ਸਿੱਖ ਵਿਰੋਧੀ ਤਾਕਤਾਂ ਮੁਤਾਬਿਕ ਢਾਲਣ ਅਤੇ ਕੇਂਦਰੀ ਹਾਕਮਾਂ ਦੀ ਸਮਾਗਮਾਂ ਚ ਸਿਰਕਤ ਨੂੰ ਯਕੀਨੀ ਬਨਾਉਣ ਦੇ ਕੀਤੇ ਜਾ ਰਹੇ ਯਤਨਾਂ ਤੋ ਦੇਖਿਆ ਜਾ ਸਕਦਾ ਹੈ।ਇਸ ਮੌਕੇ ਸਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ, ਸਿੱਖੀ ਨੂੰ ਪਰਫੁੱਲਤ ਕਰਨ ਅਤੇ ਕੌਂਮ ਨੂੰ ਇੱਕ ਮੰਚ ਤੇ ਇਕੱਤਰ ਕਰਨ ਦੇ ਯਤਨ ਕਰਨ ਦੀ ਵਜਾਏ,ਪੂਰੀ ਤਨਦੇਹੀ ਨਾਲ ਇਹ ਯਤਨ ਕਰ ਰਹੀ ਹੈ ਕਿ ਇਹਨਾਂ ਸਮਾਗਮਾਂ ਤੋ ਅਕਾਲੀ ਦਲ ਬਾਦਲ ਨੂੰ ਸਿਆਸੀ ਲਾਭ ਕਿਵੇਂ ਦਿਵਾਇਆ ਜਾ ਸਕਦਾ ਹੈ।ਪੰਜਾਬ ਸਰਕਾਰ ਇਹ ਸਤਾਬਦੀ ਨੂੰ ਸਰੋਮਣੀ ਕਮੇਟੀ ਨਾਲ ਮਿਲਕੇ ਮਨਾਉਣਾ ਚਾਹੁੰਦੀ ਸੀ,ਪਰ ਦੋਹਾਂ ਧਿਰਾਂ ਦੀ ਸਿਆਸੀ ਲਾਹਾ ਲੈਣ ਦੀ ਖਿੱਚੋਤਾਣ ਕਾਰਨ ਇਹ ਸਮਾਗਮਾਂ ਨੂੰ ਇਕੱਠੇ ਮਨਾਉਣ ਦਾ ਪਰੋਗਰਾਮ ਸਿਰੇ ਨਾ ਚੜ ਸਕਿਆ।ਪਿਛਲੇ ਦਿਨੀ ਸਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਇਹਨਾਂ ਸਮਾਗਮਾਂ ਤੋਂ ਲਾਂਭੇ ਕਰ ਦਿੱਤਾ ਹੈ।
ਇੱਥੇ ਹੀ ਬੱਸ ਨਹੀ ਸਰੋਮਣੀ ਕਮੇਟੀ ਨੇ ਜਿਹੜੇ ਗੁਰੂ ਸਾਹਿਬ ਦਾ ਸਤਾਬਦੀ ਪ੍ਰਕਾਸ਼ ਪੁਰਬ ਮਨਾਉਣ ਲਈ ਪੱਬਾਂ ਭਾਰ ਹਈ ਫਿਰਦੀ ਹੈ,ਉਹਨਾਂ ਨੇ ਉਹ ਹੀ ਗਰੂ ਨਾਨਕ ਸਾਹਿਬ ਦੀ ਅਣਸ ਬੰਸ ਦੀ ਸਤਾਰਵੀ ਪੀਹੜੀ ਚੋਂ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਸੱਦਾ ਪੱਤਰ ਦੇਣਾ ਵੀ ਮਨਾਸਿਬ ਨਹੀ ਸਮਝਿਆ,ਜਦੋ ਕਿ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਸੱਦਾ ਦਿੱਤਾ ਗਿਆ ਹੈ।ਇਹਨਾਂ ਕੇਂਦਰੀ ਆਗੂਆਂ ਨੂੰ ਖੁਸ਼ ਕਰਨ ਖਾਤਰ ਹੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰਫ ਸਮਾਗਮਾਂ ਦੀ ਤਿਆਰੀ ਵਾਸਤੇ ਹੀ ਦਿੱਤੇ ਗਏ ਟੈਂਡਰ ਤੇ ਗੁਰੂ ਕੀ ਗੋਲਕ ਦੇ 10 ਕਰੋੜ ਰੁਪਏ ਖਰਚ ਕਰ ਦਿੱਤੇ ਹਨ,ਜਦੋਕਿ ਹੋਣਾ ਇਹ ਚਾਹੀਦਾ ਸੀ ਕਿ ਇਸ ਵਾਰ ਕੌਂਮ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਅਤੇ ਆਰਥਕ ਮੰਦਹਾਲੀ ਦੇ ਚੱਲਦਿਆਂ ਸਮੁੱਚੀਆਂ ਨਾਨਕ ਨਾਮਲੇਵਾ ਸਿਖ ਸੰਗਤਾਂ ਨੂੰ ਨਾਲ ਲੈਕੇ ਸਮਾਗਮ ਸਾਦੇ ਰੂਪ ਚ ਮਨਾ ਕੇ ਗੁਰੂ ਵੱਲੋਂ ਦਿੱਤੀ ਮੱਤ ਤੇ ਅਮਲ ਕੀਤਾ ਜਾਂਦਾ।ਗੁਰੂ ਕੀ ਗੋਲਕ ਗਰੀਬ ਦਾ ਮੂੰਹ ਵਾਲੇ ਗੁਰੂ ਦੇ ਕਥਨ ਤੇ ਪਹਿਰਾ ਦਿੰਦੇ ਹੋਏ ਇਹ ਪੈਸਾ ਕੌਂਮ ਦੀ ਭਲਾਈ,ਸਿੱਖਿਆ ਅਤੇ ਸਿਹਤ ਸਹੂਲਤਾਂ ਤੇ ਖਰਚ ਕੀਤਾ ਜਾਂਦਾ,ਪ੍ਰੰਤੂ ਅਜਿਹਾ ਨਹੀ ਕੀਤਾ ਜਾਵੇਗਾ,ਕਿਉਕਿ ਜਿਹੜੀਆਂ ਤਾਕਤਾਂ ਦੇ ਹੱਥਾਂ ਵਿੱਚ ਸਰੋਮਣੀ ਕਮੇਟੀ ਦਾ ਨਿਯੰਤਰਣ ਹੈ ਉਹ ਅਜਿਹਾ ਹਰਗਿਜ ਵੀ ਪਸੰਦ ਨਹੀ ਕਰਦੀਆਂ।ਅਜਿਹੇ ਹਾਲਾਤਾਂ ਵਿੱਚ ਸਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਜਾ ਰਹੇ ਸਤਾਬਦੀ ਸਮਾਗਮ ਕਿਵੇਂ ਸਾਰਥਕ ਨਤੀਜੇ ਦੇ ਸਕਦੇ ਹਨ।ਦੂਜੀ ਧਿਰ ਪੰਜਾਬ ਸਰਕਾਰ ਹੈ,ਜਿਸਨੇ ਗੁਰੂ ਸਾਹਿਬ ਦੇ ਸਤਾਬਦੀ ਸਮਾਗਮ ਸਰੋਮਣੀ ਕਮੇਟੀ ਨਾਲ ਮਿਲ ਕੇ ਵੱਡੇ ਪੱਧਰ ਤੇ ਮਨਾਉਣ ਦਾ ਟੀਚਾ ਮਿਥਿਆ ਸੀ,ਪਰ ਐਨ ਮੌਕੇ ਤੇ ਸਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਸਤਾਬਦੀ ਸਮਾਗਮ ਮਨਾਉਣ ਤੋ ਕੋਰਾ ਜਵਾਬ ਦੇ ਦਿੱਤਾ ਹੈ।ਤੀਜੀ ਪਰਮੁੱਖ ਧਿਰ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਵਾਲੀ ਗੁਰਮਤਿ ਪ੍ਰਚਾਰਕ ਸੰਤ ਸਭਾ ਹੈ,ਜਿਸ ਨੇ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਜਦੀਕ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਤਾਬਦੀ ਸਮਾਗਮ ਮਨਾਉਣ ਦਾ ਫੈਸਲਾ ਕੀਤਾ ਹੈ,ਜਿਹੜੇ ਅੱਠ ਨਵੰਬਰ ਤੋਂ 12 ਨਵੰਬਰ ਤੱਕ ਚੱਲਣਗੇ। ਗੁਰਮਤਿ ਪ੍ਰਚਾਰਕ ਸੰਤ ਸਭਾ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਰੋਜਾਨਾ ਆਉਣ ਵਾਲੀਆਂ ਸੰਗਤਾਂ ਲਈ ਪੰਜ ਨਵੰਬਰ ਤੋ ਗੁਰੂ ਕੇ ਲੰਗਰ ਵੀ ਲਾਏ ਜਾ ਰਹੇ ਹਨ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸਤਾਬਦੀ ਸਮਾਗਮਾਂ ਚੋ ਕੌਂਮ ਖੱਟਣ ਕੀ ਜਾ ਰਹੀ ਹੈ।ਜਿਵੇਂ ਉੱਪਰ ਲਿਖਿਆ ਵੀ ਜਾ ਚੁੱਕਾ ਹੈ ਕਿ ਹੁਣ ਕੌਂਮ ਅੰਦਰ ਜਾਗਰੂਕਤਾ ਦੀ ਕੋਈ ਕਮੀ ਨਹੀ ਹੈ,ਹਰ ਮਾਮਲੇ ਤੇ ਲੋਕ ਹੁਣ ਆਗੂਆਂ ਤੋ ਜਵਾਬ ਮੰਗਣ ਦੀ ਹਿੰਮਤ ਰੱਖਦੇ ਹਨ।ਇਸ ਵਾਰ ਸਤਾਬਦੀ ਸਮਾਗਮਾਂ ਨੂੰ ਸਿਆਸੀ ਲਾਹਾ ਲੈਣ ਲਈ ਵਰਤਣ ਵਾਲਿਆਂ ਨੂੰ ਇਸ ਗੱਲ ਦਾ ਧਿਆਨ ਜਰੂਰ ਰੱਖਣਾ ਪਵੇਗਾ ਕਿ ਜੇਕਰ ਇਹ ਸਤਾਬਦੀ ਵੀ ਪਿਛਲੀਆਂ ਸਤਾਬਦੀਆਂ ਦੀ ਤਰਾਂ ਸਿਆਸਤ ਦੀ ਭੇਟ ਚੜ੍ਹ ਗਈ,ਤਾਂ ਕੌਂਮ ਜਵਾਬ ਜਰੂਰ ਮੰਗੇਗੀ।
ਗੁਰਮਤਿ ਪ੍ਰਚਾਰਕ ਸੰਤ ਸਭਾ ਨੂੰ ਵੀ ਇਹ ਧਿਆਨ ਰੱਖਣਾ ਪਵੇਗਾ ਕਿ ਇਹ ਸੰਤ ਸਭਾ ਮਹਿਜ ਸੰਤ ਬਾਬਿਆਂ ਅਤੇ ਬੁੱਧੀਜੀਵੀਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਜਥੇਬੰਦੀ ਹੀ ਨਹੀ,ਬਲਕਿ ਇਹ ਦੀ ਅਗਵਾਈ ਗੁਰੂ ਨਾਨਕ ਸਾਹਿਬ ਸਾਹਿਬ ਦੀ ਕੁਲ ਦੇ ਵਾਰਸ ਬਾਬਾ ਸਰਬਜੋਤ ਸਿੰਘ ਬੇਦੀ ਵੱਲੋਂ ਕੀਤੀ ਜਾ ਰਹੀ ਹੈ,ਜਿਸ ਦਾ ਪਹਿਲਾ ਉਦੇਸ਼ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਸਿੱਖ ਸੰਗਤਾਂ ਤੱਕ ਪਹੁੰਚਾਉਣਾ ਹੋਣਾ ਚਾਹੀਦਾ ਹੈ। ਉਹਨਾਂ ਨੂੰ ਸਿਆਸਤ ਦੀਆਂ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਕੌਂਮ ਨੂੰ ਦਰਪੇਸ ਸਮੱਸਿਆਵਾਂ ਜਿਵੇਂ ਗੁਰਦੁਆਰਾ ਪ੍ਰਬੰਧ ਵਿੱਚ ਆਏ ਨਿਘਾਰ ਦਾ ਨਿਵਾਰਣ ਕਰਨ ਲਈ ਪ੍ਰਬੰਧ ਸੱਚੇ ਸੁੱਚੇ ਗੁਰਸਿਖਾਂ ਦੇ ਹੱਥ ਦੇਣ ਦੇ ਸੁਹਿਰਦਤਾ ਨਾਲ ਯਤਨ ਕਰਨੇ,ਗੁਰਬਾਣੀ ਦਾ ਸੰਦੇਸ਼ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦੇ ਯੋਗ ਪ੍ਰਬੰਧ ਕਰਨੇ ਪੈਣਗੇ ਤਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਮਲੀ ਰੂਪ ਵਿੱਚ ਜਗਤ ਗੁਰੂ ਵਜੋਂ ਪਰਵਾਨ ਹੋਣ,ਸੋ ਅਜਿਹੇ ਕੌਂਮੀ ਕਾਰਜਾਂ ਲਈ ਜੇਕਰ ਠੋਸ ਪਰੋਗਰਾਮ ਉਲੀਕੇ ਜਾਣਗੇ,ਫਿਰ ਹੀ ਗੁਰੂ ਨਾਨਕ ਸਾਹਿਬ ਦੇ ਸਤਾਬਦੀ ਪ੍ਰਕਾਸ਼ ਪੁਰਬ ਨੂੰ ਸਾਰਥਿਕ ਮੰਨਿਆ ਜਾਵੇਗਾ। ਉਪਰੋਕਤ ਦੇ ਮੱਦੇਨਜਰ ਇਹ ਸਪੱਸਟ ਹੈ ਕਿ ਇਹਨਾਂ ਇਤਿਹਾਸਿਕ ਦਿਹਾੜਿਆਂ ਨੂੰ ਮਨਾਉਣ ਲਈ ਦੋ ਧਿਰਾਂ ਪਰਮੁੱਖ ਰੂਪ ਚ ਸਾਹਮਣੇ ਹਨ,ਇੱਕ ਉਹ ਧਿਰ ਹੈ,ਜਿਹੜੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਮਲੀਆਮੇਟ ਕਰਨ ਵਾਲਿਆਂ ਨਾਲ ਸਾਂਝ ਰੱਖਦੀ ਹੈ ਅਤੇ ਦੂਜੀ ਧਿਰ ਉਹ ਹੈ,ਜਿਸ ਨੂੰ ਗੁ੍ਰੂ ਸਾਹਿਬ ਦੀ ਕੁਲ ਦੇ ਵਾਰਸ ਹੋਣ ਦਾ ਮਾਣ ਹਾਸਲ ਹੈ।ਇੱਕ ਪਾਸੇ ਬਾਬੇ ਕੇ ਹਨ ਤੇ ਦੂਜੇ ਪਾਸੇ ਬਾਬਰ ਕੇ ਧਰਮ ਦਾ ਮਖੌਟਾ ਪਾਕੇ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ,ਹੁਣ ਦੇਖਣਾ ਇਹ ਵੀ ਹੋਵੇਗਾ ਕਿ ਕੈਪਟਨ ਸਰਕਾਰ ਸਿੱਖ ਵਿਰੋਧੀ ਤਾਕਤਾਂ ਨਾਲ ਰਲਕੇ ਸਮਾਗਮ ਕਰਵਾਉਣ ਵਾਲਿਆਂ ਨਾਲ ਹੱਥ ਮਿਲਾ ਕੇ ਇੱਕ ਹੋਰ ਗੁਨਾਹ ਦਾ ਭਾਰ ਅਪਣੇ ਸਿਰ ਲਵੇਗੀ ਜਾਂ ਗੁਰੂ ਦੇ ਵਾਰਸਾਂ ਦਾ ਸਾਥ ਦੇ ਕੇ ਸੱਚੇ ਤੇ ਨਿਮਾਣੇ ਸਿੱਖ ਹੋਣ ਦਾ ਸਬੂਤ ਦੇਵੇਗੀ।ਚੰਗਾ ਹੋਵੇ ਜੇ ਕੈਪਟਨ ਸਰਕਾਰ ਸਮੁੱਚੇ ਰੂਪ ਚ ਸਿਆਸੀ ਲਾਭ ਲੈਣ ਦੀ ਲਾਲਸਾ ਦਾ ਤਿਆਗ ਕਰਕੇ ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੇ ਸਤਾਬਦੀ ਸਮਾਗਮਾਂ ਵਿੱਚ ਸਹਿਯੋਗ ਦੇਵੇ।

ਬਘੇਲ ਸਿੰਘ ਧਾਲੀਵਾਲ
99142-58142

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: