Thu. Jun 20th, 2019

500-1000 ਦੇ ਨੋਟਾਂ ‘ਤੇ ਮੋਦੀ ਸਰਕਾਰ ਵੱਲੋਂ ਲਏ ਫੈਸਲੇ ਤੋਂ ਬਾਅਦ ਲੋਕਾਂ ਵਿੱਚ ਹੱੜਕੰਪ

500-1000 ਦੇ ਨੋਟਾਂ ‘ਤੇ ਮੋਦੀ ਸਰਕਾਰ ਵੱਲੋਂ ਲਏ ਫੈਸਲੇ ਤੋਂ ਬਾਅਦ ਲੋਕਾਂ ਵਿੱਚ ਹੱੜਕੰਪ
ਦੁਕਾਨਦਾਰਾਂ ਨੇ ਲਗਾਏ ਨੋਟ ਬੰਦ ਹੋਣ ਦੇ ਨੋਟਿਸ, ਲੈਣ-ਦੇਣ ਕੀਤਾ ਬੰਦ
ਨੌਜਵਾਨ ਅਤੇ ਆਮ ਵਰਗ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਫੈਸਲੇ ਦੀ ਸ਼ਲਾਘਾ, ਧਨਾਢਾਂ ਨੂੰ ਪਿਆ ਫ਼ਿਕਰ

vikrant-bansalਭਦੌੜ 09 ਨਵੰਬਰ (ਵਿਕਰਾਂਤ ਬਾਂਸਲ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦੇ ਐਲਾਨ ਨਾਲ ਪੂਰੇ ਦੇਸ਼ ਦੇ ਲੋਕਾਂ ‘ਚ ਹੱੜਕੰਪ ਮੱਚਿਆ ਪਿਆ ਹੈ ਅਤੇ ਆਮ ਲੋਕਾਂ ਸਾਹਮਣੇ ਆਰਥਿਕ ਐਂਮਰਜੈਂਸੀ ਵਰਗੇ ਹਾਲਾਤ ਪੈਦਾ ਹੋ ਗਏ ਹਨ ਲੋਕਾਂ ਦੇ ਮਨਾਂ ਵਿੱਚ ਭਾਰੀ ਡਰ ਪਾਇਆ ਜਾ ਰਿਹਾ ਹੈ ਕਿ ਉਹਨਾਂ ਕੋਲ ਪਏ 500 ਅਤੇ 1000 ਦੇ ਕੈਸ਼ ਦਾ ਹੁਣ ਕੀ ਬਣੇਗਾ ਕਿਉਂਕਿ ਇਲਾਕੇ ਦੇ ਦੁਕਾਨਦਾਰਾਂ ਅਤੇ ਹੋਰ ਪ੍ਰਾਈਵੇਟ ਅਦਾਰਿਆਂ ਵੱਲੋਂ 500 ਅਤੇ 1000 ਦੇ ਨੋਟ ਲੈਣੇ ਬਿਲਕੁਲ ਬੰਦ ਕਰ ਦਿੱਤੇ ਗਏ ਹਨ ਅਤੇ ਕਈ ਦੁਕਾਨਦਾਰਾਂ ਨੇ ਤਾਂ ਆਪਣੀਆਂ ਦੁਕਾਨਾਂ ‘ਤੇ ਬਕਾਇਦਾ ਇਸ ਸਬੰਧੀ ਨੋਟਿਸ ਤੱਕ ਲਗਾ ਦਿੱਤੇ ਹਨ। ਵਿਆਹਾਂ ਦਾ ਸੀਜ਼ਨ ਹੋਣ ਕਰਕੇ ਵਿਆਹਾਂ ਲਈ ਕੀਤੀ ਜਾਣ ਵਾਲੀ ਖ਼ਰੀਦਦਾਰੀ ਵਿੱਚ ਵੀ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹਨਾਂ ਨੂੰ ਹੁਣ ਇਹ ਸਮਝ ਨਹੀਂ ਆ ਰਿਹਾ ਕਿ ਉਹ ਹੁਣ ਖ਼ਰੀਦਦਾਰੀ ਕਿਵੇਂ ਕਰਨਗੇ ਕਿਉਂਕਿ ਦੁਕਾਨਦਾਰ 500 ਅਤੇ 1000 ਦੇ ਨੋਟ ਲੈਣ ਤੋਂ ਜਵਾਬ ਦੇ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਹਲਵਾਈ, ਟੈਂਟ ਵਾਲਿਆਂ ਅਤੇ ਪੈਲੇਸ ਮਾਲਕਾਂ ਨੂੰ ਵੀ ਅਦਾਇਗੀ ਦੇਣ ਦਾ ਫ਼ਿਕਰ ਸਤਾ ਰਿਹਾ ਹੈ। ਕਈ ਲੋਕਾਂ ਦੇ ਅੱਜ ਵਿਆਹ ਹੋਣੇ ਹਨ ਪਰ ਉਨਾਂ ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਉਨਾਂ ਨੇ ਜਿਹੜਾ ਸਮਾਨ ਲੈਣਾ ਹੈ, ਉਸ ਦੀ ਪੇਮੈਂਟ ਕਿਵੇਂ ਕਰਨਗੇ ਲੋਕਾਂ ਦਾ ਕਹਿਣਾ ਹੈ ਕਿ ਮੋਦੀ ਦੇ ਇਸ ਫੈਸਲੇ ਨਾਲ ਉਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੈਂਕ ਅਤੇ ਏ. ਟੀ. ਐੱਮ. ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਆਮ ਵਰਗ ਅਤੇ ਗਰੀਬ ਵਰਗ ਦੇ ਲੋਕ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਲੱਗਦੇ ਨਜ਼ਰ ਆ ਰਹੇ ਹਨ, ਓਥੇ ਹੀ ਵੱਡੇ ਕਾਰੋਬਾਰੀ ਇਸ ਫੈਸਲੇ ਤੋਂ ਬਾਅਦ ਸਦਮੇ ਵਿਚ ਹਨ ਉਕਤ ਨੋਟਾਂ ਦੀ ਭਾਰੀ ਗਿਣਤੀ ਦਾ ਸਟਾਕ ਕਰੀ ਬੈਠੇ ਸੇਠ ਲੋਕ ਚਿੰਤਾ ਵਿਚ ਹਨ ਦੁਕਾਨਦਾਰ ਵਰਗ ਨੂੰ ਸਰਕਾਰ ਦੇ ਐਲਾਨ ਤੋਂ ਅਗਲੇ ਦਿਨ ਬੁੱਧਵਾਰ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਲੋਕ ਅਪਣੇ ਕੋਲ ਪਏ ਨੋਟ ਦੁਕਾਨਦਾਰਾਂ ਨੂੰ ਦੇਣ ਲਈ ਬਹਿਸ ਕਰਦੇ ਨਜ਼ਰ ਆਏ ਗਾਹਕਾਂ ਦੀ ਬਹਿਸ ਤੋਂ ਤੰਗ ਆਏ ਕੁਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ‘ਤੇ ਉਕਤ ਨੋਟ ਬੰਦ ਹੋਣ ਸੰਬਧੀ ਨੋਟਿਸ ਵੀ ਲਗਾ ਦਿੱਤੇ ਇੱਥੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਮੋਦੀ ਸਰਕਾਰ ਦੇ ਲਏ ਫੈਸਲੇ ਅਨੁਸਾਰ 10 ਨਵੰਬਰ ਤੋਂ 30 ਦਸੰਬਰ ਤੱਕ ਬੈਂਕਾਂ ‘ਚ ਕਰੰਸੀ ਜਮਾਂ ਕਰਾਈ ਜਾ ਸਕਦੀ ਹੈ।
ਕੀ ਕਹਿਣਾ ਹੈ ਆਰਥਿਕ ਅਤੇ ਬੈਂਕ ਮਾਹਿਰਾਂ ਦਾ ??
ਇਸ ਸਬੰਧੀ ਆਰਥਿਕ ਅਤੇ ਬੈਂਕ ਮਾਹਿਰਾਂ ਨੇ ਲੋਕਾਂ ਨੂੰ ਬਿਲਕੁਲ ਘਬਰਾਹਟ ਨਾ ਮੰਨਣ ਦੀ ਸਲਾਹ ਦਿੰਦਿਆਂ ਕਿਹਾ ਕਿ ਤੁਹਾਡੇ ਬੈਂਕ ਖਾਤੇ ਵਿਚ ਪਏ ਪੈਸੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਇਹ ਸਾਰਾ ਪੈਸਾ ਇਕ ਨੰਬਰ ਦਾ ਹੈ ਤੁਸੀਂ ਕਿਸੇ ਵੀ ਸਮੇਂ ਚੈਕ ਰਾਹੀਂ ਕਿਸੇ ਨੂੰ ਵੀ ਪੇਮੇਂਟ ਕਰ ਸਕਦੇ ਹੋ ਅਤੇ ਆਪਣੇ ਖਾਤੇ ‘ਚੋਂ ਪੈਸੇ ਕਢਵਾ ਵੀ ਸਕਦੇ ਹੋ ਸਰਕਾਰ ਨੇ ਕੁਝ ਸਮੇਂ ਲਈ ਪੈਸੇ ਕਢਾਉਣ ‘ਤੇ ਲਿਮਟ ਤੈਅ ਕਰ ਦਿੱਤੀ ਹੈ ਜੇਕਰ ਤੁਹਾਡੇ ਖਾਤੇ ਵਿਚ 10 ਲੱਖ ਰੁਪਿਆ ਵੀ ਪਿਆ ਹੈ ਤਾਂ ਤੁਸੀਂ ਇਕ ਦਿਨ 4 ਹਜ਼ਾਰ ਤੋਂ ਜ਼ਿਆਦਾ ਕੈਸ਼ ਨਹੀਂ ਕਢਵਾ ਸਕੋਗੇ ।
ਉਹਨਾਂ ਅੱਗੇ ਕਿਹਾ ਕਿ ਜੇਕਰ ਤੁਹਾਨੂੰ 4 ਹਜ਼ਾਰ ਤੋਂ ਜ਼ਿਆਦਾ ਕੈਸ਼ ਦੀ ਲੋੜ ਹੈ ਤਾਂ ਤੁਸੀਂ ਸੈਲਫ ਚੈੱਕ ਜਾਂ ਪੇਅ ਸਲਿੱਪ ਦੇ ਰਾਹੀਂ 10 ਹਜ਼ਾਰ ਰੁਪਏ ਤੱਕ ਇਕ ਦਿਨ ਵਿਚ ਕਢਵਾ ਸਕਦੇ ਹੋ ਪਰ ਅਜਿਹਾ ਕਰਨ ਲਈ ਤੁਹਾਨੂੰ ਹਫਤੇ ਵਿਚ ਦੋ ਦਿਨ ਹੀ ਮੌਕਾ ਮਿਲੇਗਾ ਯਾਨੀ ਕਿ ਤੁਸੀਂ ਇਕ ਹਫਤੇ ਵਿਚ ਜ਼ਿਆਦਾ ਤੋਂ ਜ਼ਿਆਦਾ 20 ਹਜ਼ਾਰ ਰੁਪਿਆ ਕੱਢਵਾ ਸਕਦੇ ਹੋ ਇਸ 20 ਹਜ਼ਾਰ ਰੁਪਏ ਵਿਚ ਤੁਹਾਡੇ ਵੱਲੋਂ ਏ. ਟੀ. ਐੱਮ. ਰਾਹੀਂ ਕਢਵਾਏ ਜਾਣ ਵਾਲੇ ਪੈਸੇ ਵੀ ਸ਼ਾਮਲ ਹੋਣਗੇ।
ਸ਼ੋਸ਼ਲ ਮੀਡੀਆ ‘ਤੇ ਚਰਚਾ ਬਣਿਆ ਨੋਟ ਬੰਦ ਹੋਣ ਦਾ ਵਿਸ਼ਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦੇ ਐਲਾਨ ਦਾ ਫੈਸਲਾ ਸ਼ੋਸ਼ਲ ਮੀਡੀਆ ‘ਤੇ ਬਾਖੂਬ ਸੁਰਖ਼ੀਆ ਬਟੋਰ ਰਿਹਾ ਹੈ। ਜ਼ਿਆਦਾਤਰ ਨੌਜਵਾਨ ਵਰਗ ਪ੍ਰਧਾਨ ਮੰਤਰੀ ਮੋਦੀ ਦੇ ਇਸ ਫੈਸਲੇ ਦੀ ਸ਼ਲਾਘਾ ਕਰ ਰਿਹਾ ਹੈ ਅਤੇ ਕਾਲਾਧਨ ਜਮਾਂ ਕਰਕੇ ਰੱਖਣ ਵਾਲਿਆਂ ਅਤੇ ਪਤੀ-ਪਤਨੀ ਸਬੰਧੀ ਤਰਾਂ-ਤਰਾਂ ਦੇ ਚੁਟਕਲੇ ਵੀ ਸ਼ੋਸ਼ਲ ਮੀਡੀਆਂ ਦੇ ਖੂਬ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

Leave a Reply

Your email address will not be published. Required fields are marked *

%d bloggers like this: