Sun. Apr 5th, 2020

50 ਸਾਲਾ ਸਥਾਪਨਾ ‘ਤੇ ਵਿਸ਼ੇਸ਼: ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦਾ ਇਤਿਹਾਸ ਤੇ ਯੋਗਦਾਨ

50 ਸਾਲਾ ਸਥਾਪਨਾ ‘ਤੇ ਵਿਸ਼ੇਸ਼: ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦਾ ਇਤਿਹਾਸ ਤੇ ਯੋਗਦਾਨ

ਆਦਿ ਕਾਲ ਤੋਂ ਹੀ ਸੰਸਾਰ ਵਿਚ ਵੱਖ ਵੱਖ ਦੁਨਿਆਵੀ ਅਤੇ ਧਾਰਮਿਕ ਆਗੂਆਂ ਵੱਲੋਂ ਆਪਣੇ ਸੰਦਰਭੀਂ ਵਰਗਾਂ ਨੂੰ ਇਕ ਕੇਂਦਰ ਬਿੰਦੂ ਦੇਣ ਲਈ ਕੇਂਦਰੀ ਅਸਥਾਨ ਸਥਾਪਿਤ ਕੀਤੇ ਜਾਂਦੇ ਰਹੇ ਹਨ। ਜਿਨ੍ਹਾਂ ਦੁਆਰਾ ਸਮਾਜ ਨੂੰ ਧਾਰਮਿਕ ਰਾਜਨੀਤਿਕ ਅਤੇ ਸਮਾਜਕ ਅਗਵਾਈ ਦਿਤੀ ਜਾਂਦੀ ਰਹੀ ਹੈ।

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰੋਸਾਈ ਦਮਦਮੀ ਟਕਸਾਲ ਦੇ ਮੌਜੂਦਾ ਕੇਂਦਰੀ ਅਸਥਾਨ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵੀਹਵੀਂ ਸਦੀ ਦਾ ਅਧਿਆਤਮਵਾਦ ਅਤੇ ਸਿੱਖ ਸੰਘਰਸ਼ ਦਾ ਕੇਂਦਰ ਬਿੰਦੂ ਰਿਹਾ ਹੈ। ਇੱਥੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਨੇ ਸਿੱਖੀ ਪ੍ਰਚਾਰ ਪ੍ਰਸਾਰ ਲਈ ਅਜਿਹੀ ਲਹਿਰ ਆਰੰਭ ਕੀਤੀ ਜਿਸ ਵਿਚ ਲੱਖਾਂ ਪ੍ਰਾਣੀਆਂ ਨੂੰ ਉਨ੍ਹਾਂ ਨੇ ਸਿੱਖੀ ਦੀ ਮੁਖ ਧਾਰਾ ਵਿਚ ਲਿਆਂਦਾ ਅਤੇ ਦੇਹਧਾਰੀ ਗੁਰੂ ਡੰਮ੍ਹ ਨਕਲੀ ਨਿਰੰਕਾਰੀਆਂ ਦੇ ਖ਼ਿਲਾਫ਼ ਜੱਦੋਜਹਿਦ ਕੀਤੀ । ਸਮੇਂ ਦੀ ਹਕੂਮਤ ਵੱਲੋਂ ਭਾਰਤ ਵਿਚ ਲਗਾਈ ਗਈ ਐਮਰਜੈਂਸੀ ਨੂੰ ਤੋੜਨ ਵਾਸਤੇ ਆਪ ਜੀ ਵੱਲੋਂ ਫ਼ੈਸਲੇ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ੩੦੦ ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ੩੭ ਵਡੇ ਨਗਰ ਕੀਰਤਨ ਧਾਰਮਿਕ ਜਲੂਸ ਪੂਰੇ ਦੇਸ਼ ‘ਚ ਕਢੇ ਗਏ। ਇਸੇ ਅਸਥਾਨ ਤੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਸਿੱਖ ਪੰਥ ਅਤੇ ਸਿੱਖ ਸੰਘਰਸ਼ ਨੂੰ ਨਵੀਂ ਦਿਸ਼ਾ ਦਿਤੀ। ਉਨ੍ਹਾਂ ਦੀ ਅਗਵਾਈ ‘ਚ ਜੂਨ ‘੮੪ ਦੌਰਾਨ ਸਾਥੀ ਸਿੰਘਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਮਤ, ਪੰਥ ਅਤੇ ਪੰਜਾਬ ਦੇ ਹੱਕਾਂ ਲਈ ਜੂਝਦਿਆਂ ਗੌਰਵਮਈ ਇਤਿਹਾਸ ਦੀ ਮੁੜ ਸਿਰਜਣਾ ਵਾਲੇ ਸ਼ਹੀਦੀ ਵਰਤਾਰੇ ਕਾਰਨ ਦਮਦਮੀ ਟਕਸਾਲ ਅਤੇ ਇਸ ਅਸਥਾਨ ਨੂੰ ਸਮੁੱਚੀ ਕੌਮ ਅਤੇ ਵਿਸ਼ਵ ਭਰ ‘ਚ ਕਬੂਲੀਅਤ ਮਿਲੀ।

ਇਸ ਤੋਂ ਪਹਿਲਾਂ ਦਮਦਮੀ ਟਕਸਾਲ ਦਾ ਹੈੱਡ ਕੁਆਟਰ ਪਹਿਲੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਮੇਂ ਤਖਤ ਸ੍ਰੀ ਦਮਦਮਾ ਸਾਹਿਬ, ਦੂਜੇ ਮੁਖੀ ਅਮਰ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਸਮੇਂ ਸ੍ਰੀ ਅਨੰਦਪੁਰ ਸਾਹਿਬ, ਤੀਸਰੇ ਮੁਖੀ ਸੰਤ ਗਿਆਨੀ ਸੂਰਤ ਸਿੰਘ ਜੀ ਨੇ ਚੰਨਯੋਟ ਪਾਕਿਸਤਾਨ ਅਤੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕੇਂਦਰੀ ਅਸਥਾਨ ਬਣਾਇਆ, ਜਿੱਥੇ ਨੌਵੇਂ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਬੇਦੀ ਤਕ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਕੇਂਦਰ ਰਖਿਆ ਅਤੇ ਨਾਲ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਸੰਭਾਲ ਵੀ ਕਰਦੇ ਰਹੇ। ਜਥੇਬੰਦੀ ਦੇ ਦਸਵੇਂ ਮੁਖੀ ਸੰਤ ਬਾਬਾ ਬਿਸ਼ਨ ਸਿੰਘ ਜੀ ਦਾ ਪ੍ਰਚਾਰ ਕੇਂਦਰ ‘ਮੁਰਾਲੇ’ ( ਗੁ: ਸੰਤ ਪੁਰਾ) ਜ਼ਿਲ੍ਹਾ ਗੁਜਰਾਤ ਪਾਕਿਸਤਾਨ ਰਿਹਾ। ਗਿਆਰ੍ਹਵੇਂ ਮੁਖੀ ਸੰਤ ਗਿਆਨੀ ਸੁੰਦਰ ਸਿੰਘ ਜੀ ਅਤੇ ਬਾਰ੍ਹਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਗੁਰਦਵਾਰਾ ਅਖੰਡ ਪ੍ਰਕਾਸ਼ ‘ਭਿੰਡਰ ਕਲਾਂ’ ਜ਼ਿਲ੍ਹਾ ਮੋਗਾ ਨੂੰ ਕੇਂਦਰੀ ਅਸਥਾਨ ਬਣਾਈ ਰਖਿਆ। ਜਿਸ ਕਾਰਨ ਉਨ੍ਹਾਂ ਅਤੇ ਬਾਅਦ ‘ਚ ਆਉਣ ਵਾਲੇ ਮੁਖੀਆਂ ਦੇ ਨਾਮ ਨਾਲ ‘ਭਿੰਡਰਾਂਵਾਲਾ’ ਲਕਬ ਚਲਿਆ।
ਮੌਜੂਦਾ ਅਸਥਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਦੇ ਸੱਚਖੰਡ ਗਮਨ ਦਾ ਅਸਥਾਨ ਹੈ। ਜਿਸ ਨੂੰ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਨੇ ਹੈੱਡਕੁਆਟਰ ਵਜੋਂ ਸਥਾਪਿਤ ਕੀਤਾ ।

ਮਹਿਤਾ ਨਗਰ ਵਿਚ ੧੩ ਜੂਨ ਤੋਂ ਲੈ ਕੇ ੨੮ ਜੂਨ ੧੯੬੯ ਤਕ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਜਥੇ ਸਮੇਤ ਗੁਰਮਤਿ ਦੇ ਪ੍ਰਚਾਰ ਹਿਤ ਹਰ ਸਾਲ ਦੀ ਤਰਾਂ ਆਏ ਹੋਏ ਸਨ। ਆਪ ਜੀ ਦਾ ਉਤਾਰਾ ਬਾਬਾ ਭਾਨ ਸਿੰਘ ਜੀ ‘ਚੀਨੀਆ’ ਦੇ ਗ੍ਰਹਿ ਵਿਖੇ ਕੀਤਾ ਹੋਇਆ ਸੀ। ਜਿੱਥੇ ੨੮ ਜੂਨ ਦੀ ਸਵੇਰ ੨ ਵਜ ਕੇ ੧੦ ਮਿੰਟ ‘ਤੇ ਆਪ ਜੀ ਸੱਚਖੰਡ ਪਿਆਨਾ ਕਰ ਗਏ। ਆਪ ਜੀ ਦੇ ਸੱਚਖੰਡ ਗਮਨ ਤੋਂ ਬਾਅਦ ਇਸੇ ਨਗਰ ਦੇ ਰਹਿਣ ਵਾਲੇ ਭਾਈ ਦਲੀਪ ਸਿੰਘ ਜੀ ਸ਼ਾਹ ਅਤੇ ਨਗਰ ਨਿਵਾਸੀਆਂ ਵੱਲੋਂ ਪਿੰਡ ਭਿੰਡਰ ਕਲਾਂ ਵਿਖੇ ਸੰਤਾਂ ਦੇ ਅੰਤਿਮ ਦੁਸਹਿਰੇ ਦੇ ਸਮਾਗਮਾਂ ਵਿਚ ਹਾਜ਼ਰੀ ਭਰਨ ਗਏ ਹੋਏ ਸਨ, ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਨੂੰ ਬੇਨਤੀ ਕਰ ਕੇ ਜਥੇ ਸਮੇਤ ਆਪਣੇ ਨਾਲ ਮਹਿਤੇ ਲੈ ਆਂਦਾ। ਜਿੱਥੇ ਸੰਤਾਂ ਵੱਲੋਂ ਮਹਾਂਪੁਰਖਾਂ ਦੀ ਯਾਦ ‘ਚ ੧੧੦ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਸੰਗਤਾਂ ਦੇ ਭਾਰੀ ਇਕੱਠ ‘ਚ ਵਡੇ ਮਹਾਂਪੁਰਖਾਂ ਦੇ ਬਚਨਾਂ ਦੀ ਤਾਮੀਰ ਕਰਦਿਆਂ ਸਮੁੱਚਿਆਂ ਜਥੇਬੰਦੀਆਂ ਵੱਲੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਦੀ ਦਸਤਾਰਬੰਦੀ ਕੀਤੀ ਗਈ।

ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਤਾਮੀਰ ਕਰਨੀ :
ਆਪ ਜੀ ਵੱਲੋਂ ਇੱਥੇ ਇਕ ਸੁੰਦਰ ਆਲੀਸ਼ਾਨ ਗੁਰਦਵਾਰਾ ਤਾਮੀਰ ਕਰਨ ਦਾ ਫ਼ੈਸਲਾ ਲਿਆ, ਜਿਸ ਦਾ ਨਕਸ਼ਾ ਠੇਕੇਦਾਰ ਸ: ਨਿਰਮਲ ਸਿੰਘ ਜੋ ਕਿ ਚੀਫ਼ ਖ਼ਾਲਸਾ ਦੀਵਾਨ ਦੇ ਮੌਜੂਦਾ ਪ੍ਰਧਾਨ ਹਨ ਤੋਂ ਤਿਆਰ ਕਰਾਇਆ ਗਿਆ ਅਤੇ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਅਤੇ ਸੰਤ ਬਾਬਾ ਸੋਹਣ ਸਿੰਘ ਜੀ ਸੁਰਸਿੰਘ ਵਾਲਿਆਂ ਦੀ ਰਾਏ ਨਾਲ ਪਾਸ ਕੀਤਾ ਗਿਆ। ਉਪਰੰਤ ਸਤੰਬਰ ਅਕਤੂਬਰ ੧੯੬੯ ਨੂੰ ਇਸ ਅਸਥਾਨ ਦੀਆਂ ੬-੬ ਫੁੱਟ ਚੌੜੀਆਂ ਤੇ ਡੂੰਘੀਆਂ ਨੀਂਹਾਂ ਭਰੀਆਂ ਗਈ। ਗੁਰਦਵਾਰਾ ਸਾਹਿਬ ਦੇ ਪਾਸ ਹੀ ੨੫ ਫੁੱਟ ਡੂੰਘੇ ਛੱਪੜ ਨੂੰ ਸੰਗਤਾਂ ਵੱਲੋਂ ਸਖ਼ਤ ਮਿਹਨਤ ਨਾਲ ਪੂਰ ਦਿਤਾ ਗਿਆ। ਜਿਸ ਕਾਰਨ ਆਲੇ ਦੁਆਲੇ ਦੀ ਸਾਰੀ ਥਾਂ ਨੂੰ ਗੁਰਦਵਾਰਾ ਸਾਹਿਬ ‘ਚ ਸ਼ਾਮਿਲ ਕੀਤਾ ਗਿਆ।

ਮਹਾਪੁਰਖਾਂ ਵੱਲੋਂ ਗੁਰਮਤਿ ਪ੍ਰਚਾਰ ਦੇ ਨਾਲ ਨਾਲ ਇਸ ਕੇਂਦਰੀ ਅਸਥਾਨ ਦੀ ਉਸਾਰੀ ਮੌਕੇ ਜੂਨ ਜੁਲਾਈ ਦੇ ਤਿੱਖੜ ਦੁਪਹਿਰਿਆਂ ‘ਚ ਆਪ ਹੱਥੀਂ ਸੇਵਾ ਕਰਦੇ ਰਹੇ। ਇਸ ਦੀ ਉਸਾਰੀ ‘ਚ ਦਮਦਮੀ ਟਕਸਾਲ ਦੇ ਚਾਰ ਮੁਖੀ ਮਹਾਂਪੁਰਸ਼ਾਂ ਸੰਤ ਬਾਬਾ ਕਰਤਾਰ ਸਿੰਘ ਜੀ ਖ਼ਾਲਸਾ , ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ, ਸੰਤ ਬਾਬਾ ਠਾਕੁਰ ਸਿੰਘ ਜੀ ਤੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਤੋਂ ਇਲਾਵਾ ‘੭੮ ਦੇ ਸਾਕੇ ਦੇ ਸ਼ਹੀਦ ਫ਼ੌਜੀ ਰਣਬੀਰ ਸਿੰਘ ਜੀ, ਬਾਬਾ ਠਾਹਰਾ ਸਿੰਘ ਅਤੇ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਮੇਤ ‘੮੪ ਦੇ ਘੱਲੂਘਾਰੇ ‘ਚ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਿੰਘਾਂ ਨੇ ਆਪਣੇ ਹੱਥੀਂ ਰੋੜੀ ਕੁੱਟਣ, ਸਿਰਾਂ ਉੱਪਰ ਇੱਟਾਂ ਅਤੇ ਟੋਕਰੀਆਂ ਢੋਣ ਅਤੇ ਕਹੀਆਂ ਚਲਾਉਣ ਦੀ ਸੇਵਾ ਨਿਭਾਈ। ਇਹ ਵੀ ਜ਼ਿਕਰਯੋਗ ਹੈ ਕਿ ਸੀਮਤ ਸਾਧਨਾਂ ਦੇ ਬਾਵਜੂਦ ਉਸਾਰੀ ਲਈ ੮੦ ਫ਼ੀਸਦੀ ਮਾਇਆ ਦਮਦਮੀ ਟਕਸਾਲ ਦੇ ਸਿੰਘਾਂ ਵੱਲੋਂ ਕਥਾ- ਕੀਰਤਨ ਕਰਨ ਅਤੇ ਅਖੰਡ ਪਾਠਾਂ ਦੀਆਂ ਇਕੋਤਰੀਆਂ ਤੋਂ ਇਲਾਵਾ ਆਪਣੇ ਘਰ ਪਰਿਵਾਰਾਂ ਤੋਂ ਮਾਇਆ ਲਿਆ ਕੇ ਸੇਵਾ ਵਿਚ ਲਾਈ।

ਸਮੇਂ ਸਮੇਂ ਦੇ ਮੁਖੀ ਮਹਾਂਪੁਰਖਾਂ ਵੱਲੋਂ ਇਸ ਕੇਂਦਰੀ ਅਸਥਾਨ ਦਾ ਵਿਸਥਾਰ ਕਰਦਿਆਂ ਲੰਗਰ ਹਾਲ, ਸਿੰਘਾਂ ਦੀ ਰਿਹਾਇਸ਼ ਲਈ ਬਿਲਡਿੰਗ, ਇਸ਼ਨਾਨ ਘਰ, ਲੋੜਵੰਦ ਮਰੀਜ਼ਾਂ ਲਈ ਹਸਪਤਾਲ, ਖ਼ਾਲਸਾ ਅਕੈਡਮੀ ਅਤੇ ਵਿਸ਼ਾਲ ਦੀਵਾਨ ਹਾਲ ਆਦਿ ਦੀ ਉਸਾਰੀ ਤੋਂ ਇਲਾਵਾ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਪ੍ਰੋਫੈਸ਼ਨਲ ਕਾਲਜ ਆਫ਼ ਗੁਰਮਤਿ ਦਮਦਮੀ ਟਕਸਾਲ ਵਿਦਿਆਲਾ ਅਤੇ ਹੁਣ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਯਾਦ ਵਿਚ ਛੇ ਮੰਜ਼ਲੀ ਸ਼ਾਨਦਾਰ ਦਰਸ਼ਨੀ ਡਿਉੜੀ ਦੀ ਉਸਾਰੀ ਕਰਾਈ ਗਈ।

ਇੱਥੋਂ ਹੀ ਸਿਖੀ ਪ੍ਰਚਾਰ ਲਈ ਦਮਦਮੀ ਟਕਸਾਲ ਦੀਆਂ ਬਰਾਂਚਾਂ ਵਜੋਂ ੧੭ ਗੁਰਦੁਆਰਿਆਂ ਦਾ ਪ੍ਰਬੰਧ (ਵਿਦੇਸ਼ਾਂ ‘ਚ ੫ ਅਤੇ ਪੰਜਾਬ ਦੇ ੧੨) ਅਤੇ ੫ ਵਿੱਦਿਅਕ ਅਦਾਰਿਆਂ ਤੋਂ ਇਲਾਵਾ ਇਕ ਹਸਪਤਾਲ ਲੋਕ ਸੇਵਾ ਹਿਤ ਚਲਾਏ ਜਾ ਰਹੇ ਹਨ। ਅਤੇ ਨਾਲ ਨਾਲ ਅੰਮ੍ਰਿਤ ਸੰਚਾਰ ਲਈ ਵਡੇ ਉਪਰਾਲਿਆਂ ਤੋਂ ਇਲਾਵਾ ਦੇਸ਼ ਅਤੇ ਵਿਦੇਸ਼ਾਂ ਵਿਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕਾਰਜ ਕੀਤੇ ਜਾ ਰਹੇ ਹਨ। ਵਿਦਿਆਰਥੀਆਂ ਨੂੰ ਗੁਰਮਤਿ ਵਿਦਿਆ, ਸੰਥਿਆ, ਕਥਾ, ਕੀਰਤਨ,ਦੂਸਰੇ ਧਰਮਾਂ ਦੀ ਜਾਣਕਾਰੀ ਤੋਂ ਇਲਾਵਾ ਕਾਲਜ ਤੇ ਯੂਨੀਵਰਸਿਟੀ ਤਕ ਦੀ ਆਧੁਨਿਕ ਵਿਦਿਆ ਮੁਫ਼ਤ ਪੜਾਈ ਜਾ ਰਹੀ ਹੈ।

ਸੰਤ ਕਰਤਾਰ ਸਿੰਘ ਜੀ ਖ਼ਾਲਸਾ ਦੇ ਸੱਚਖੰਡ ਪਿਆਨੇ ਉਪਰੰਤ ੨੫ ਅਗਸਤ ੧੯੭੭ ਨੂੰ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਇਸੇ ਅਸਥਾਨ ‘ਤੇ ਦਮਦਮੀ ਟਕਸਾਲ ਦੇ ਚੌਧ੍ਹਵੇ ਮੁਖੀ ਵਜੋਂ ਦਸਤਾਰਬੰਦੀ ਕੀਤੀ ਗਈ। ਜਿਨ੍ਹਾਂ ਇਸ ਅਸਥਾਨ ਨੂੰ ਕੇਂਦਰੀ ਧੁਰਾ ਬਣਾ ਕੇ ਦੇਸ਼ ਭਰ ‘ਚ ਸਿੱਖੀ ਦਾ ਜੋਰ ਸ਼ੋਰ ਨਾਲ ਪ੍ਰਚਾਰ ਕਰਨ ਤੋਂ ਇਲਾਵਾ ਇਕ ਕੌਮੀ ਜਰਨੈਲ ਵਜੋਂ ਇੱਥੋਂ ਹੀ ਕਈ ਵਡੇ ਕੌਮੀ ਅਤੇ ਧਾਰਮਿਕ ਫ਼ੈਸਲੇ ਲਏ।

ਸੰਤ ਬਾਬਾ ਠਾਕੁਰ ਸਿੰਘ ਜੀ ਨੇ ਦਮਦਮੀ ਟਕਸਾਲ ਦੇ ਪੰਦ੍ਹਰਵੇਂ ਮੁਖੀ ਵਜੋਂ ੨੧ ਸਾਲ ਲਗਾਤਾਰ ਇਸ ਅਸਥਾਨ ਨੂੰ ਕੇਂਦਰੀ ਧੁਰਾ ਬਣਾ ਕੇ ਦੇਸ਼ਾਂ ਵਿਦੇਸ਼ਾਂ ਵਿਚ ਸਿਖੀ ਦੇ ਪ੍ਰਚਾਰ ਪ੍ਰਸਾਰ ਲਈ ਖ਼ਾਸ ਉਪਰਾਲੇ ਕੀਤੇ। ਸ੍ਰੀ ਅਕਾਲ ਤਖਤ ਸਾਹਿਬ ਦੀ ਮੁੜ ਉਸਾਰੀ ਦੀ ਕਾਰਸੇਵਾ ਕਰਵਾਈ ।

ਆਪ ਜੀ ਦੇ ਸੱਚਖੰਡ ਪਿਆਨੇ ਉਪਰੰਤ ਸਮੁੱਚੀ ਜਥੇਬੰਦੀ ਅਤੇ ਸਮੁੱਚੇ ਖ਼ਾਲਸਾ ਪੰਥ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ੧੬ਵੇਂ ਮੁਖੀ ਵਜੋਂ ੨ ਜਨਵਰੀ ੨੦੦੫ ਨੂੰ ਦਸਤਾਰਬੰਦੀ ਕੀਤੀ ਗਈ। ਜਿਨ੍ਹਾਂ ਨੂੰ ਸੰਤ ਭਿੰਡਰਾਂਵਾਲਿਆਂ ਵੱਲੋਂ ੧੦ ਸਾਲ ਦੀ ਉਮਰੇ ਜਥੇ ਵਿਚ ਲਿਆਂਦਾ ਗਿਆ ਸੀ। ਆਪ ਨੇ ਧਰਮਯੁੱਧ ਮੋਰਚੇ ਦੌਰਾਨ ਗ੍ਰਿਫ਼ਤਾਰੀ ਦਿਤੀ ਅਤੇ ਬਾਅਦ ‘ਚ ਅਣਮਨੁੱਖੀ ਤਸ਼ੱਦਦ ਸਹਿਣ ਤੋਂ ਇਲਾਵਾ ਨਾਭਾ ਜੇਲ੍ਹ ਵਿਚ ਵੀ ਨਜ਼ਰਬੰਦ ਰਹੇ। ਉਪਰੰਤ ਬਾਬਾ ਠਾਕੁਰ ਸਿੰਘ ਜੀ ਨੇ ਆਪ ਨੂੰ ਅਮਰੀਕਾ ਭੇਜ ਦਿਤਾ ਜਿੱਥੇ ਉਨ੍ਹਾਂ ਭਜਨ ਸਿਮਰਨ ਦਾ ਅਭਿਆਸ ਕੀਤਾ ਅਤੇ ਹਜ਼ਾਰਾਂ ਪ੍ਰਾਣੀਆਂ ਨੂੰ ਗੁਰੂ ਘਰ ਨਾਲ ਜੋੜਿਆ। ਆਪ ਜੀ ਨੇ ਜਥੇਬੰਦੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਦਮਦਮੀ ਟਕਸਾਲ ਅਤੇ ਸਿੱਖ ਪੰਥ ਵਿਚ ਇਤਿਹਾਸਕ ਕਾਰਜ ਕੀਤੇ । ਉਨ੍ਹਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸ਼ਹੀਦੀ ਦਾ ਐਲਾਨ ਕਰਦਿਆਂ ਕੌਮ ‘ਚ ਪਾਈ ਜਾ ਰਹੀ ਦੁਬਿਧਾ ਦੂਰ ਕੀਤੀ।

ਕੌਮ ‘ਚ ਜਾਗ੍ਰਿਤੀ ਪੈਦਾ ਕਰਨ ਲਈ ਫਰਵਰੀ ੨੦੦੬ ‘ਚ ਫ਼ਤਿਹਗੜ੍ਹ ਸਾਹਿਬ ‘ਚ ਵਿਸ਼ਾਲ ਵਿਰਸਾ ਸੰਭਾਲ ਵਿਸ਼ਵ ਸਿੱਖ ਸੰਮੇਲਨ ਅਤੇ ਅਗਸਤ ੨੦੦੬ ਦੌਰਾਨ ਦਮਦਮੀ ਟਕਸਾਲ ਦੀ ੩੦੦ ਸਾਲਾ ਸਥਾਪਨਾ ਦਿਵਸ ਵਿਸ਼ਾਲ ਪੱਧਰ ‘ਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਏ। ਸਿੱਖ ਇਤਿਹਾਸ ਨੂੰ ਸੰਭਾਲਣ ਦੇ ਸਿਰਤੋੜ ਯਤਨ ਵਜੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਸੰਤ ਭਿੰਡਰਾਂਵਾਲਿਆਂ ਸਮੇਤ ‘੮੪ ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ‘ਚ ਗੁਰਦਵਾਰਾ ਯਾਦਗਾਰ ਸ਼ਹੀਦਾਂ ਦੀ ਉਸਾਰੀ ਕਰਾਈ ਗਈ ਅਤੇ ਹੁਣ ਸ਼ਹੀਦੀ ਗੈਲਰੀ ਦਾ ਕੰਮ ਜਾਰੀ ਹੈ। ਗੁ: ਥੜ੍ਹਾ ਸਾਹਿਬ ਦੀ ਸ਼ਾਨਦਾਰ ਉਸਾਰੀ, ਸੰਤ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ‘ਤੇ ਸ਼ਾਨਦਾਰ ਗੁਰਦਵਾਰਾ ਸੰਤ ਖ਼ਾਲਸਾ ਦਾ ਨਿਰਮਾਣ ਕੀਤਾ ਅਤੇ ਦਿੱਲੀ ਦੇ ਗੁ: ਬੰਗਲਾ ਸਾਹਿਬ ਵਿਖੇ ਸੇਵਾਵਾਂ ਜਾਰੀ ਹਨ।

ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦਾ ੫੦ ਸਾਲਾ ਸਥਾਪਨਾ ਦਿਹਾੜਾ ੨੩, ੨੪ ਅਤੇ ੨੫ ਅਕਤੂਬਰ ੨੦੧੯ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।

ਸਰਚਾਂਦ ਸਿੰਘ
9781355522

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: