5 ਦਸੰਬਰ ਕੌਮਾਂਤਰੀ ਮਿੱਟੀ ਦਿਵਸ ਤੇ ਵਿਸ਼ੇਸ਼

ss1

5 ਦਸੰਬਰ ਕੌਮਾਂਤਰੀ ਮਿੱਟੀ ਦਿਵਸ ਤੇ ਵਿਸ਼ੇਸ਼

soil-dayਵਿਸ਼ਵ ਮਿੱਟੀ ਦਿਵਸ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਸੰਯੁਕਤ ਰਾਸ਼ਟਰ ਵੱਲੋਂ ਹਰ ਸਾਲ 5 ਦਸੰਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਤਾਂ ਕਿ ਕਿਸਾਨਾ ਅਤੇ ਹੋਰਨਾਂ ਲੋਕਾਂ ਅੰਦਰ ਜਾਗਰੁਕਤਾ ਪੈਦਾ ਕੀਤੀ ਜਾ ਸਕੇ। ਸੰਯੁਕਤ ਰਾਸ਼ਟਰ ਸੰਘ ਦੀ 68ਵੀਂ ਮਹਾਂ ਸਭਾ ਵੱਲੋਂ ਸਾਲ 2013 ਵਿੱਚ ਮਿੱਟੀ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਹਰ ਸਾਲ ਇਸ ਦਿਨ ਮਿੱਟੀ ਦੀ ਮਨੁੱਖੀ ਜ਼ਿੰਦਗੀ ਵਿੱਚ ਬੁਨਿਆਦੀ ਭੂਮਿਕਾ ਨੂੰ ਪਛਾਨਣ ਅਤੇ ਇਸ ਦੀ ਸੁਚੱਜੀ ਸਾਂਭ-ਸੰਭਾਲ ਲਈ ਆਪਣੇ-ਆਪ ਨੂੰ ਸਮਰਪਿਤ ਕਰਨ ਵਾਸਤੇ ਜਾਗਰੂਕਤਾ ਪੈਦਾ ਕਰਨ ਲਈ ਉਪਰਾਲੇ ਕੀਤੇ ਜਾਂਦੇ ਹਨ ਕਿਉਂਕਿ ਮਿੱਟੀ ਮਨੁੱਖਤਾ ਨੂੰ ਉਪਲਬਧ ਕੁਦਰਤੀ ਸੋਮਿਆਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ। ਇਹ ਸਾਨੂੰ ਖਾਧ-ਅੰਨ, ਪਾਣੀ ਅਤੇ ਊਰਜਾ ਸੁਰੱਖਿਆ ਪ੍ਰਦਾਨ ਕਰਨ ਵਿੱਚ ਸਹਾਈ ਹੁੰਦੀ ਹੈ। ਵਿਸ਼ਵ ਦੇ ਬਹੁਤੇ ਹਿੱਸਿਆਂ ਵਿੱਚ ਜਰਖੇਜ਼ ਮਿੱਟੀ ਬੰਜਰ ਬਨਣ ਦੇ ਨੇੜੇ ਪਹੁੰਚ ਗਈ ਹੈ।ਜੇਕਰ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਸਾਨੂੰ ਮਿੱਟੀ ਦੀ ਮਹੱਤਤਾ ਨੂੰ ਸਮਝਣਾ ਪਵੇਗਾ। ਰਸਾਇਣਕ ਖਾਦਾਂ ਦੀ ਲਗਾਤਾਰ ਅਤੇ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਨਾਲ ਮਿੱਟੀ ਦੇ ਭੌਤਿਕੀ, ਰਸਾਇਣਕ ਅਤੇ ਜੈਵਿਕ ਗੁਣਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਕਿਸਾਨਾਂ ਦੁਆਰਾ ਫਸਲਾ ਤੋਂ ਵਧੇਰੇ ਮੁਨਾਫੇ ਦੇ ਲਾਲਚ ਕਰ ਕੇ ਖੇਤਾਂ ਵਿੱਚ ਅੰਨੇ ਵਾਹ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਕਾਰਨ ਪ੍ਰਦੂਸ਼ਿਤ ਹੋ ਚੁੱਕੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਪੁਜੀ ਸਾਹਿਬ ਦੇ ਆਖ਼ਰ ‘ਤੇ ਲਿਖਿਆ ਸਲੋਕ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।’ ਸਾਨੂੰ ਜੀਵਨ ਵਿੱਚ ਕੁਦਰਤ ਦੀਆਂ ਵੱਡਮੁੱਲੀਆਂ ਦਾਤਾਂ ਭਾਵ ਹਵਾ, ਪਾਣੀ ਅਤੇ ਧਰਤੀ ਦੇ ਮਹੱਤਵ ਨੂੰ ਦ੍ਰਿੜ ਕਰਵਾਉਂਦਾ ਹੈ। ਜਿਵੇਂ ਹਵਾ ਅਤੇ ਪਾਣੀ ਤੋਂ ਬਿਨਾ ਜੀਵਨ ਸੰਭਵ ਨਹੀਂ ਹੈ ਉਸੇ ਤਰ੍ਹਾਂ ਹੀ ਧਰਤੀ ਵੀ ਮਾਂ ਦੀ ਤਰ੍ਹਾਂ ਹਰ ਇੱਕ ਦੀ ਬਰਾਬਰ ਸੰਭਾਲ ਕਰਦੀ ਹੈ ਅਤੇ ਬਿਨਾ ਗਿਲਾ-ਸ਼ਿਕਵਾ ਕਰੇ ਸਭ ਨੂੰ ਵਧਣ-ਫੁੱਲਣ ਦੇ ਬਰਾਬਰ ਮੌਕੇ ਪ੍ਰਦਾਨ ਕਰਦੀ ਹੈ ਪਰ ਮਨੁੱਖ ਆਪਣੀਆਂ ਲੋੜਾਂ ਅਤੇ ਵਧਦੀ ਲਾਲਸਾ ਦੀ ਪੂਰਤੀ ਲਈ ਇਨ੍ਹਾਂ ਕੁਦਰਤੀ ਸੋਮਿਆਂ ਦੀ ਅੰਧਾ-ਧੁੰਦ ਵਰਤੋਂ ਅਤੇ ਦੁਰਵਰਤੋਂ ਕਰ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਕੁਦਰਤੀ ਸਮਤੋਲ ਵਿਗੜਨਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਸੋਮਿਆਂ ਦੀ ਮੁੜ ਭਰਪਾਈ ਨਾ ਹੋਣ ਕਾਰਨ ਕਈ ਕਿਸਮ ਦੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਬਰਸਾਤ ਦਾ ਮੌਸਮ ਅਤੇ ਮਿਜ਼ਾਜ ਗੜਬੜਾ ਗਿਆ ਹੈ ਜ਼ਮੀਨਦੋਸ਼ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਡਿੱਗ ਰਿਹਾ ਹੈ ਅਤੇ ਰਸਾਇਣਾਂ ਦੀ ਵਰਤੋਂ ਨਾਲ ਧਰਤੀ ਅਤੇ ਪਾਣੀ ਜ਼ਹਿਰੀਲੇ ਹੋ ਰਹੇ ਹਨ। ਆਮ ਆਦਮੀ ਸ਼ੁੱਧ ਪਾਣੀ ਦੀ ਘੁੱਟ ਲਈ ਤਰਸਣ ਲੱਗਿਆ ਹੈ ਕਿਉਂਕਿ ਨਲਕਿਆਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ। ਬੰਦਿਆਂ ਦੇ ਨਾਲ-ਨਾਲ ਧਰਤੀ ਨੂੰ ਵੀ ਕੈਂਸਰ ਹੋ ਰਿਹਾ ਹੈ। ਮਨੁੱਖ ਦੀ ਇਸ ਵਿਕਾਸਮਈ ਲਾਲਸਾ ਨੇ ਧਰਤੀ ਤੇ ਉਸ ਦੀ ਆਪਣੀ ਹੀ ਹੋਂਦ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ।

ਵਿਸ਼ਵ ਦੇ ਕੁੱਲ ਰਕਬੇ ਦਾ ਤਕਰੀਬਨ 29 ਫ਼ੀਸਦੀ ਹਿੱਸਾ ਹੀ ਭੂਮੀ ਹੈ ਜਿਸ ਵਿੱਚੋਂ ਤਕਰੀਬਨ 38 ਫ਼ੀਸਦੀ ਹੀ ਖੇਤੀ ਯੋਗ ਰਕਬਾ ਹੈ। ਸਾਲ 2050 ਤਕ ਦੁਨੀਆਂ ਦੀ ਆਬਾਦੀ ਤਕਰੀਬਨ 900 ਕਰੋੜ ਹੋ ਜਾਣ ਦਾ ਅੰਦਾਜ਼ਾ ਹੈ ਅਤੇ ਇਸ ਆਬਾਦੀ ਲਈ ਖਾਣ ਦੀ ਲੋੜ ਪੂਰੀ ਕਰਨਾ ਇੱਕ ਬਹੁਤ ਵੱਡੀ ਚਣੌਤੀ ਹੋਵੇਗੀ। ਪੰਜਾਬ ਦੇਸ਼ ਦੀ ਕਣਕ ਤੇ ਚਾਵਲ ਦੀ ਪੈਦਾਵਾਰ ਦਾ ਤਕਰੀਬਨ 19 ਫ਼ੀਸਦੀ ਅਤੇ ਦੁਨੀਆਂ ਦੀ ਪੈਦਾਵਾਰ ਦਾ ਤਕਰੀਬਨ 5 ਫ਼ੀਸਦੀ ਪੈਦਾ ਕਰਦਾ ਹੈ ਅਤੇ ਇਸ ਖਿੱਤੇ ਵਿੱਚ ਮਿੱਟੀ ਦੀ ਦਿਨ ਪ੍ਰਤੀ ਦਿਨ ਵਿਗੜ ਰਹੀ ਸਿਹਤ ਦੀ ਸਮੱਸਿਆ ਇੱਕ ਮਹੱਤਵਪੂਰਨ ਚੁਣੌਤੀ ਹੈ। ਇਸ ਸਮੱਸਿਆ ‘ਤੇ ਕਾਬੂ ਪਾਉਣ ਲਈ ਮਿੱਟੀ ਦੀ ਤਸੀਰ ਨੂੰ ਸਮਝਣ ਅਤੇ ਇਸ ਦੀ ਸੰਭਾਲ ਲਈ ਇੱਕ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ ਨਹੀਂ ਤਾਂ ਇਸ ਦੀ ਲਗਾਤਾਰ ਦੁਰਵਰਤੋਂ ਕਰਕੇ ਜ਼ਮੀਨ ਬੰਜਰ ਹੋਣ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ। ਮਿੱਟੀ ਦੀ ਅਹਿਮੀਅਤ ਦਰਸਾਉਂਦੀਆਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸਰਦਾਰ ਅੰਜ਼ੁਮ ਦੀਆਂ ਇਹ ਸਤਰਾਂ ਸਾਨੂੰ ਮਿੱਟੀ ਦੀ ਸੁਚੱਜੀ ਵਰਤੋਂ ਤੇ ਸਾਂਭ-ਸੰਭਾਲ ਦਾ ਸੰਦੇਸ਼ ਦਿੰਦੀਆਂ ਹਨ:

‘ਇਹ ਦਾ ਰੰਗ ਸੰਧੂਰੀ ਹੈ,

ਇਹ ਗੋਰੀ ਚਿੱਟੀ ਹੈ।

ਇਸ ਨੂੰ ਮੈਲੀ ਨਾ ਕਰਿਓ,

ਮੇਰੇ ਪੰਜਾਬ ਦੀ ਮਿੱਟੀ ਹੈ।’

ਇਸ ਲਈ ਆਓ, ਸਭ ਮਿਲਕੇ ਮਿੱਟੀ ਦੀ ਸੁਚੱਜੀ ਸਾਂਭ-ਸੰਭਾਲ ਅਤੇ ਇਸ ਦੇ ਕੁਦਰਤੀ ਸੰਤੁਲਨ ਅਤੇ ਸੁਹੱਪਣ ਨੂੰ ਬਣਾਈ ਰੱਖਣ ਵਿੱਚ ਦ੍ਰਿੜਤਾ ਨਾਲ ਆਪਣਾ-ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਕਰੀਏ ਤਾਂ ਜੋ ਅਸੀਂ ਖ਼ੁਸ਼ਹਾਲ ਅਤੇ ਸਵੱਛ ਜੀਵਨ ਜਿਉਣਯੋਗ ਕੁਦਰਤੀ ਸੋਮੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਹਵਾਲੇ ਕਰ ਸਕੀਏ। ਜੈ ਹਿੰਦ !!

vijay-2ਵਿਜੈ ਗੁਪਤਾ, ਸ.ਸ. ਅਧਿਆਪਕ

ਸੰਪਰਕ : 977 990 3800

ਸ੍ਰੋਤ – ਇੰਟਰਨੈੱਟ

Share Button

Leave a Reply

Your email address will not be published. Required fields are marked *