Sun. Jul 14th, 2019

5 ਅਪ੍ਰੈਲ ਨੂੰ ਰਿਲੀਜ਼ ਨਹੀਂ ਹੋਵੇਗੀ ਫ਼ਿਲਮ ‘ਪੀਐੱਮ ਨਰੇਂਦਰ ਮੋਦੀ’

5 ਅਪ੍ਰੈਲ ਨੂੰ ਰਿਲੀਜ਼ ਨਹੀਂ ਹੋਵੇਗੀ ਫ਼ਿਲਮ ‘ਪੀਐੱਮ ਨਰੇਂਦਰ ਮੋਦੀ’

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਜੀਵਨੀ ਉੱਤੇ ਬਣੀ ਫ਼ਿਲਮ ‘ਪੀਐੱਮ ਨਰੇਂਦਰ ਮੋਦੀ’ (PM Narendra Modi) ਨੂੰ ਲੈ ਕੇ ਮੁਸੀਬਤਾਂ ਵਧ ਰਹੀਆਂ ਹਨ। ਇੱਕ ਪਾਸੇ ਜਿੱਥੇ ਸਿਆਸੀ ਪਾਰਟੀਆਂ ਇਸ ਫ਼ਿਲਮ ਦਾ ਜ਼ੋਰਦਾਰ ਵਿਰੋਧ ਕਰ ਰਹੀਆਂ ਹਨ, ਉੱਥੇ ਦੂਜੇ ਪਾਸੇ ਇਸ ਫ਼ਿਲਮ ਦੇ ਰਿਲੀਜ਼ ਕੀਤੇ ਜਾਣ ਨੂੰ ਲੈ ਕੇ ਫ਼ਿਲਮ ਨਿਰਮਾਤਾਵਾਂ ਨੂੰ ਵਾਰ–ਵਾਰ ਹਾਈ ਕੋਰਟ ਦੇ ਚੱਕਰ ਕੱਟਣੇ ਪੈ ਰਹੇ ਹਨ।

ਇੱਥੇ ਵਰਨਣਯੋਗ ਹੈ ਕਿ ਫ਼ਿਲਮ ਦੀ ਰਿਲੀਜ਼ ਉੱਤੇ ਰੋਕ ਲਾਉਣ ਲਈ ਬੌਂਬੇ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ ਪਰ ਅਦਾਲਤ ਨੇ ਫ਼ਿਲਮ ਨੂੰ ਹਰੀ ਝੰਡੀ ਵਿਖਾਈ। ਪਹਿਲਾਂ ਇਹ ਫ਼ਿਲਮ 5 ਅਪ੍ਰੈਲ ਨੂੰ ਵੱਡੇ ਪਰਦੇ ਉੱਤੇ ਰਿਲੀਜ਼ ਹੋਣ ਜਾ ਰਹੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ।

ਸੁਪਰੀਮ ਕੋਰਟ ਵਿੰਚ ਬੌਂਬੇ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਫ਼ਿਲਮ ਦੀ ਰਿਲੀਜ਼ ਉੱਤੇ ਰੋਕ ਲਾਉਣ ਲਈ ਇੱਕ ਵਿਸ਼ੇਸ਼ ਲੀਵ ਪਟੀਸ਼ਨ (SPL – Special Leave Petition) ਦਾਇਰ ਕੀਤੀ ਗਈ ਹੈ।

ਇਸ ਤੋਂ ਬਾਅਦ ਫ਼ਿਲਮ ਦੇ ਨਿਰਮਾਤਾ ਸੰਦੀਪ ਸਿੰਘ ਨੇ ਟਵੀਟ ਕਰ ਕੇ ਦੱਸਆ ਕਿ – ‘ਇਹ ਤੈਅ ਹੈ ਕਿ ਸਾਡੀ ਫ਼ਿਲਮ ‘ਪੀਐੱਮ ਨਰੇਂਦਰ ਮੋਦੀ’ 5 ਅਪ੍ਰੈਲ ਨੂੰ ਰਿਲੀਜ਼ ਨਹੀਂ ਹੋਵੇਗੀ। ਅਗਲੀ ਜਾਣਕਾਰੀ ਛੇਤੀ ਦੇਵਾਂਗੇ।’

ਹੁਣ ਤੱਕ ਪ੍ਰਾਪਤ ਜਾਣਕਾਰੀ ਮੁਤਾਬਕ 8 ਅਪ੍ਰੈਲ ਨੂੰ ਸੁਪਰੀਮ ਕੋਰਟ ਵਿੱਚ ਇਸ ਫ਼ਿਲਮ ਨੂੰ ਲੈ ਕੇ ਸੁਣਵਾਈ ਹੋਵੇਗੀ। ਹੁਣ ਵੇਖਣਾ ਹੋਵੇਗਾ ਕਿ ਕੀ ਇਹ ਫ਼ਿਲਮ ਵੱਡੇ ਪਰਦੇ ਤੱਕ ਪੁੱਜਣ ਵਿੱਚ ਸਫ਼ਲ ਹੁੰਦੀ ਹੈ ਜਾਂ ਨਹੀਂ।

ਤੁਹਾਨੂੰ ਇਹ ਵੀ ਦੱਸ ਦੇਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲੇ ਗੇੜ (11 ਅਪ੍ਰੈਲ) ਦੀ ਵੋਟਿੰਗ ਤੋਂ ਇੱਕ ਹਫ਼ਤਾ ਪਹਿਲਾਂ 5 ਅਪ੍ਰੈਲ ਨੂੰ ਫ਼ਿਲਮ ਪ੍ਰਦਰਸ਼ਿਤ ਕੀਤੇ ਜਾਣ ਨੂੰ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ। ਕਾਂਗਰਸ ਸਮੇਤ ਵਿਰੋਧੀ ਧਿਰਾਂ ਨੇ ਦੋਸ਼ ਲਾਇਆ ਸੀ ਕਿ ਇਹ ਫ਼ਿਲਮ ਭਾਜਪਾ ਨੂੰ ਚੋਣਾਂ ਦੌਰਾਨ ਫ਼ਾਇਦਾ ਦੇਵੇਗੀ ਤੇ ਇਸ ਦਾ ਪ੍ਰਦਰਸ਼ਨ ਚੋਣਾਂ ਖ਼ਤਮ ਹੋਣ ਤੱਕ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ।

ਫ਼ਿਲਮ ‘ਪੀਐੱਮ ਨਰੇਂਦਰ ਮੋਦੀ’ ਵਿੱਚ ਵਿਵੇਕ ਓਬਰਾਏ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਉਂਦੇ ਦਿਸਣਗੇ। ਉਮੰਗ ਕੁਮਾਰ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ। ਸੁਰੇਸ਼ ਓਬਰਾਏ, ਸੰਦੀਪ ਸਿੰਘ ਤੇ ਆਨੰਦ ਪੰਡਤ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ।

Leave a Reply

Your email address will not be published. Required fields are marked *

%d bloggers like this: