ਕਸੌਲੀ ਸੈਰਗਾਹ ਦੇ ਨਾਲ-ਨਾਲ ਧਾਰਮਿਕ ਸਥੱਲ ਵੀ

ss1

(ਮੇਰੀ ਨਿੱਜੀ ਡਾਇਰੀ)

ਕਸੌਲੀ ਸੈਰਗਾਹ ਦੇ ਨਾਲ-ਨਾਲ ਧਾਰਮਿਕ ਸਥੱਲ ਵੀ

ਬੇਸ਼ੱਕ ਪਹਾੜੀ ਏਰੀਏ ਸੈਰਗਾਹਾਂ ਅਤੇ ਗ਼ਰਮੀ ਦੀਆਂ ਛੁੱਟੀਆਂ ਮਨਾਉਣ ਤੇ ਜ਼ਿੰਦਗੀ ਦਾ ਲੁਤਫ਼ ਲੈਣ ਲਈ ਮਸ਼ਹੂਰ ਨੇ। ਜਦੋਂ ਕਿ ਮੈਦਾਨੀ ਇਲਾਕਿਆਂ ਵਿੱਚ ਮਈ-ਜੂਨ ਮਹੀਨਿਆਂ ਵਿੱਚ ਅੰਤਾਂ ਦੀ ਗਰਮੀ ਪੈਂਦੀ ਹੈ ‘ਤੇ ਗ਼ਰਮੀ ਦੀਆਂ ਛੁੱਟੀਆਂ ਵਿੱਚ ਜਿਆਦਾਤਰ ਲੋਕ ਪਹਾੜਾਂ ਵਿੱਚ ਠੰਡੇ ਮੌਸਮ ਦਾ ਅਨੰਦ ਲੈਣ ਲਈ ਜਾਂਦੇ ਹਨ ਕਿਉਂਕਿ ਛੁੱਟੀਆਂ ਕਰਕੇ ਬੱਚੇ ਵੀ ਫ਼੍ਰੀ ਹੁੰਦੇ ਹਨ ਅਤੇ ਗ਼ਰਮੀ ਤੋਂ ਰਾਹਤ ਪਾਉਣ ਲਈ ਆਪਣੀ ਜੇਬ ਮੁਤਾਬਕ ਹਰ ਇਨਸਾਨ ਹੀ ਸ਼ਿਮਲਾ, ਕੁਫ਼ਰੀ, ਕਸੌਲੀ, ਹਰਿਦੁਆਰ, ਰਿਸ਼ੀਕੇਸ, ਬਦਰੀਨਾਥ ‘ਤੇ ਹੋਰ ਵੀ ਕਈ ਲੁਭਾਵਣੀਆਂ ਥਾਵਾਂ ਵੱਲ ਮੂੰਹ ਕਰਦੇ ਹਨ। ਇਹਨਾਂ ਸਥਾਨਾਂ ਵਿੱਚੋਂ ਹੀ ਇਕ ਸਥਾਨ ਹੈ ਕਸੌਲੀ। ਜੋ ਕਿ ਸੈਰਗਾਹ ਦੇ ਨਾਲ-ਨਾਲ ਧਾਰਮਿਕ ਸਥੱਲ ਵੀ ਹੈ।  ਇਸ ਵਾਰ ਦਾਸ ਨੂੰ ਵੀ 20 ਅਕਤੂਬਰ ਤੋਂ 24 ਅਕਤੂਬਰ, 2017 ਭਾਵ ਪੰਜ ਦਿਨ ਇਸ ਜਗਾ ਤੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਕਸੌਲੀ ਦੀ ਸਮੁੰਦਰ ਤਲ ਤੋਂ ਉਚਾਈ 3647 ਮੀ: ਹੈ। ਇਥੋਂ ਦਾ ਸੁਭਾਵਨਾ ਮੌਸਮ ਹਰਇੱਕ ਨੂੰ ਅਨੰਦਤ ਕਰਦਾ ਹੈ। ਠੰਡੀਆਂ ਹਵਾਵਾਂ ਮਨਮੋਹਕ ਦ੍ਰਿਸ਼। ਉਚੇ-ਉਚੇ ਚੀਲ਼ ਤੇ ਦੇਵਦਾਰ ਦੇ ਦਰੱਖਤ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ। ਵਲਵਲੇਵੇਂ ਖਾਂਦੀਆਂ ਸੜਕਾਂ ਮਨ ਨੂੰ ਸਕੂਨ ਬਖ਼ਸ਼ਦੀਆਂ ਹਨ। ਜੇਕਰ ਇਸਨੂੰ ਏਸ਼ੀਆ ਦਾ ਸਰਬਉੱਤਮ ਖੁਸ਼ਨੁਮਾ ਸਟੇਸ਼ਨ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਬਿਮਾਰੀ ਗ੍ਰਸਤ ਇਸਨਾਨ ਏਥੇ ਪਹੁੰਚ ਕੇ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰਨ ਲੱਗਦਾ ਹੈ। ਮੈਦਾਨੀ ਹਲਕਿਆਂ ਦੇ ਭਾਰੀ ਪ੍ਰਦੂਸ਼ਣ ਤੋਂ ਅੰਤਾਂ ਦੀ ਰਾਹਤ ਮਹਿਸੂਸ ਕਰਦਾ ਹੈ ਇਨਸਾਨ। ਕਸੌਲੀ ਹਿੱਲ ਸਟੇਸ਼ਨ, ਚੰਡੀਗੜ ਤੋਂ ਪਿੰਜੌਰ, ਕਾਲਕਾ ਤੇ ਧਰਮਪੁਰ ਹੁੰਦੇ ਹੋਏ ਕਰੀਬ 80 ਕਿਲੋਮੀਟਰ ਸੜਕੀ ਸਫ਼ਰ ਤੇ ਧਰਮਪੁਰ ਤੋਂ ਮੁੜਕੇ 15 ਕਿਲੋਮੀਟਰ ਖੱਬੇ ਪਾਸੇ ਬਹੁਤ ਹੀ ਰਮਨੀਕ ਸਥਾਨ ਤੇ ਵਸਿਆ ਹੋਇਆ ਹੈ। ਦਿੱਲੀ ਤੋਂ ਚੰਡੀਗੜ ਅਤੇ ਚੰਡੀਗੜ ਤੋਂ ਸ਼ਿਮਲੇ ਜਾਣ ਵਾਲੀਆਂ ਰੇਲਗੱਡੀਆਂ ਰਾਹੀਂ ਵੀ ਇਥੇ ਪਹੁੰਚਿਆ ਜਾ ਸਕਦਾ ਹੈ।  ਕਸੌਲੀ ਖ਼ੇਤਰ ਦੇ ਨਾਮ ਬਾਰੇ ਵੀ ਕਈ ਚਰਚਾਵਾਂ ਸੁਨਣ ਨੂੰ ਮਿਲਦੀਆਂ ਹਨ। ਏਥੇ ਕੁਸ਼ਲ ਨਾਮ ਦਾ ਰਾਜਪੂਤ ਰਾਜਾ 17ਵੀਂ ਸਦੀ ਵਿੱਚ ਆ ਵਸਿਆ ਕਰਕੇ, ਤੇ ਜਾਬਲੀ ਦੇ ਨੇੜੇ ਕੁਸ਼ੱਲਿਆ ਨਦੀ ਵਗਦੀ ਕਰਕੇ ਹੀ ਇਸਦਾ ਨਾਮ ਬਦਲਦਾ-ਬਦਲਦਾ ਕਸੌਲੀ ਬਣਿਆ, ਇਹ ਇਥੇ ਰਹਿਣ ਵਾਲੇ ਬਜ਼ੁਰਗਾਂ ਦਾ ਕਹਿਣਾ ਹੈ। ਏਥੇ ਆਉਣ ਵਾਲੇ ਸੈਲਾਨੀਆਂ ਲਈ ਕਰਾਈਸਟ ਚਰਚ, ਬਾਬਾ ਬਾਲਕ ਨਾਥ ਮੰਦਰ, ਏਅਰ ਫ਼ੋਰਸ ਸਟੇਸ਼ਨ, ਏਸ਼ੀਆ ਦਾ ਸਭ ਤੋਂ ਵੱਡਾ ਟੀ.ਵੀ ਟਾਵਰ, ਲਾਰੰਸ ਸਕੂਲ, ਪਾਈਨ ਗ੍ਰੋ ਸਕੂਲ, ਸੈਂਟ ਮੈਰੀ ਕਾਨਵੈਂਟ ਸਕੂਲ ਇਥੋਂ ਦੇ 100 ਸਾਲ ਤੋਂ ਵੀ ਪੁਰਾਣੀਆਂ ਇਮਾਰਤਾ ਵੇਖਣਯੋਗ ਹਨ। ਮੈਦਾਨੀ ਹਲਕਿਆਂ ਦੇ ਆਮ ਹੀ ਅਮੀਰ ਸਹਿਬਜਾਦੇ ਇਥੇ ਪੜਦੇ ਹਨ ਅਤੇ ਵਧੀਆ ਵਾਤਾਵਰਨ ਮੁਤਾਬਕ ਢਲ ਕੇ ਵਧੀਆ ਪੜਾਈ ਕਰਕੇ ਚੰਗੀਆਂ ਪੋਸਟਾਂ ਤੇ ਲੱਗੇ ਹੋਏ ਹਨ।  ਕਸੌਲੀ ਦੇ ਫ਼ੌਜੀ ਏਰੀਏ ਵਿੱਚ ਸਥਿਤ ਮੌਂਕੀ ਪੁਆਇੰਟ (ਹਨੂੰਮਾਨ ਮੰਦਰ) ਬਹੁਤ ਹੀ ਮਾਨਤਾ ਵਾਲਾ ਅਤੇ ਵਧੀਆ ਦਿੱਖ ਵਾਲਾ ਮੰਦਰ ਹੈ, ਜਿੱਥੇ ਜਾ ਕੇ ਦਾਸ ਵੀ ਦਰਸ਼ਨ ਕਰਕੇ ਆਇਆ ਹੈ। ਇਸ ਮੰਦਰ ਦੀਆਂ 399 ਪੌੜੀਆਂ ਤੇ ਵਿੱਚ-ਵਿੱਚ ਰੇਪਰ ਤੇ ਟੇਪਰ ਬਹੁਤ ਔਖੀ ਚੜਾਈ ਚੜਕੇ ਇਸ ਮੰਦਰ ਵਿੱਚ ਪਹੁੰਚਿਆ ਜਾਂਦਾ ਹੈ। ਪੌੜੀਆਂ ਦੇ ਨਾਲ-ਨਾਲ ਪਾਈਪਾਂ ਦੀ ਰੇਲਿੰਗ ਚੜਾਈ ਚੜਨ ਵੇਲੇ ਅਤੇ ਉਤਰਨ ਵੇਲੇ ਅਤਿਅੰਤ ਸਹਾਈ ਹੁੰਦੀ ਹੈ।

ਇਤਿਹਾਸ ਮੁਤਾਬਕ ਜਦ ਰਾਮ ਚੰਦਰ ਅਤੇ ਰਾਵਣ ਦਾ ਯੁੱਧ ਹੋਇਆ ਤੇ ਲਛਮਣ ਜੰਗ ਦੇ ਮੈਦਾਨ ਵਿੱਚ ਮੁਰਸ਼ਿਤ ਹੋਏ ਤਾਂ ਰਾਮ ਚੰਦਰ ਨੇ ਆਪਣੇ ਅਨਿਨ ਭਗਤ ਹਨੂੰਮਾਨ ਨੂੰ ਹਿਮਾਲਿਆ ਪਰਬਤ ਤੋਂ ਸੰਜੀਵਨੀ ਬੂਟੀ ਲੈਣ ਭੇਜਿਆ। ਹਨੂੰਮਾਨ ਨੇ ਬੂਟੀ ਦੀ ਬਹੁਤ ਭਾਲ ਕੀਤੀ ਪਰ ਉਸਨੂੰ ਬੂਟੀ ਦੀ ਪਛਾਣ ਨਾ ਆਈ ਕਰਕੇ ਹੀ ਉਹਨਾਂ ਨੇ ਪਹਾੜ ਹੀ ਚੁੱਕ ਲਿਆਂਦਾ ਸੀ। ਇਸਦੀ ਹਾਮੀ ਹਿੰਦੂ ਧਾਰਮਿਕ ਗ੍ਰੰਥ ਵੀ ਭਰਦੇ ਹਨ। ਵਾਪਸੀ ਆਉਂਦੇ ਹੋਏ ਪਵਨ ਪੁੱਤਰ ਹਨੂੰਮਾਨ ਦਾ ਖੱਬਾ ਪੈਰ ਏਸੇ ਜਗਾ (ਮੌਂਕੀ ਪੁਆਇੰਟ) ਤੇ ਟਿਕਿਆ ਸੀ। ਏਥੇ ਹੀ ਇਹ ਧਾਰਮਿਕ ਸਥਲ ਮੰਦਰ ਸੁਸ਼ੋਭਿਤ ਹੈ। ਇਸ ਮੰਦਰ ਦੀ ਉਚਾਈ ਸਮੁੰਦਰ ਤਲ ਤੋਂ 6430 ਫੁੱਟ ਉੱਚੀ ਹੈ, ਜੋ ਕਿ ਉਥੋਂ ਦੇ ਪੁਜਾਰੀ ਦੱਸਦੇ ਹਨ। ਦਾਸ ਨੇ ਵੀ ਇਸ ਮੰਦਰ ਦੇ ਦਰਸ਼ਨ 23 ਅਕਤੂਬਰ, 2017 ਨੂੰ ਕੀਤੇ। ਇਸ ਸਥਾਨ ਤੇ ਬਾਂਦਰਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਗਰਮੀ ਜਾਂ ਸਰਦੀ ਭਾਂਵੇ ਕੋਈ ਵੀ ਸੀਜ਼ਨ ਹੋਵੇ ਇਥੇ ਹਜ਼ਾਰਾਂ ਦੇ ਹਿਸਾਬ ਨਾਲ ਸ਼ਰਧਾਲੂ ਹਰ ਰੋਜ਼ ਦਰਸ਼ਨ ਕਰਨ ਲਈ ਜਾਂਦੇ ਹਨ। ਹਿਮਾਚਲ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਇਥੇ ਕਿਸੇ ਕਿਸਮ ਦੀ ਕੋਈ ਐਂਟਰੀ ਫੀਸ ਨਹੀਂ ਹੈ ਪਰ ਸ਼ਨਾਖ਼ਤੀ ਕਾਰਡ ਜਰੂਰੀ ਹੈ। ਕੈਮਰਾ, ਮੋਬਾਇਲ, ਲੈਪਟੋਪ ਆਦਿ ਉੱਪਰ ਲਿਜਾਣ ਦੀ ਇਜਾਜਤ ਨਹੀਂ ਹੈ। ਕੋਈ ਅੱਧਾ ਕਿਲੋਮੀਟਰ ਦਾ ਸਫ਼ਰ ਬਹੁਤ ਹੀ ਔਖਾ ਤਹਿ ਹੁੰਦਾ ਹੈ ਪਰ ਫਿਰ ਵੀ ਬੱਚੇ, ਬੁੱਢੇ, ਮਰਦ ਅਤੇ ਔਰਤਾਂ ਜਾਂਦੇ ਹਨ ਦਰਸ਼ਨ ਕਰਦੇ ਹਨ ਅਤੇ ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੇ ਹਨ। ਇਹ ਦਾਸ ਨੇ ਚਾਰ ਦਿਨ ਉਥੇ ਰਹਿ ਕੇ ਸਭ ਕੁਝ ਆਪਣੇ ਅੱਖੀਂ ਵੇਖਿਆ ਹੈ। ਗੱਲ ਕੀ ਇਸ ਸਮੇਂ ਕਸੌਲੀ ਹਿੱਲ ਸਟੇਸ਼ਨ ਦੇ ਨਾਲ-ਨਾਲ ਆਪਣੀ ਦਿੱਖ ਧਾਰਮਿਕ ਸਥੱਲ ਲਈ ਵੀ ਬਣਾ ਚੁੱਕਿਆ ਹੈ। ਮੇਰੀ ਪਾਠਕਾਂ ਨੂੰ ਇਹੀ ਬੇਨਤੀ ਹੈ ਕਿ ਜਦੋਂ ਵੀ ਕਸੌਲੀ ਜਾਣਾ ਹੋਵੇ ਤਾਂ ਮੌਕੀਂ ਪੁਆਇੰਟ ਮੰਦਰ ਦੇ ਨਾਲ-ਨਾਲ ਹੋਰ ਵੀ ਵੇਖਣਯੋਗ ਥਾਵਾਂ ਨਾ ਭੁੱਲਣੀਆਂ। ਏਥੋਂ ਸਾਫ਼ ਸੁੱਥਰੀ ਆਬੋ-ਹਯਾਤ ਹਵਾ ਬੀਮਾਰ ਇਨਸਾਨਾਂ ਨੂੰ ਤੰਦਰੁਸਤ ਕਰਨ ਦਾ ਜਜ਼ਬਾ ਆਪਣੇ ਅੰਦਰ ਸਮੋਈ ਬੈਠੀ ਹੈ।

ਜਸਵੀਰ ਸ਼ਰਮਾ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

ਮੋਬਾ : 94176-22046

Share Button

Leave a Reply

Your email address will not be published. Required fields are marked *