4 ਸਾਲ ਬੀਤਣ ਦੇ ਬਾਵਜੂਦ ਸਬ ਤਹਿਸੀਲ ਬਾਲਿਆਂਵਾਲੀ ਦੀ ਬਿਲਡਿੰਗ ਦੀ ਉਸਾਰੀ ਸ਼ੁਰੂ ਨਾ ਹੋਣ ਕਾਰਨ 2 ਦਰਜਨ ਪਿੰਡਾਂ ਦੇ ਲੋਕ ਸਹਿਮ ‘ਚ

ss1

4 ਸਾਲ ਬੀਤਣ ਦੇ ਬਾਵਜੂਦ ਸਬ ਤਹਿਸੀਲ ਬਾਲਿਆਂਵਾਲੀ ਦੀ ਬਿਲਡਿੰਗ ਦੀ ਉਸਾਰੀ ਸ਼ੁਰੂ ਨਾ ਹੋਣ ਕਾਰਨ 2 ਦਰਜਨ ਪਿੰਡਾਂ ਦੇ ਲੋਕ ਸਹਿਮ ‘ਚ
ਸਰਕਾਰ ਵਲੋਂ ਦਿੱਤੀ ਸਹੂਲਤ ਖੁੱਸ ਜਾਣ ਦਾ ਜਤਾਇਆ ਜਾ ਰਿਹੈ ਖਦਸ਼ਾ
ਖਸਤਾ ਹਾਲ ਇਮਾਰਤ ‘ਚ ਕੰਮ ਕਰਨ ਲਈ ਮਜਬੂਰ ਕਰਮਚਾਰੀ
ਪ੍ਰਪੋਜਲ ਭੇਜਿਆ ਹੋਇਐ, ਪਰ ਹਜੇ ਗ੍ਰਾਂਟ ਨਹੀਂ ਆਈ:- ਐਸ.ਡੀ.ਐਮ. ਮੌੜ
ਹਲਕਾ ਮੌੜ ‘ਚ ਬਣ ਸਕਦੈ ਵੱਡਾ ਚੁਣਾਵੀ ਮੁੱਦਾ

ਚਾਉਕੇ(ਬਠਿੰਡਾ), 20 ਦਸੰਬਰ (ਦਲਜੀਤ ਸਿੰਘ ਸਿਧਾਣਾ): ਸਬ ਤਹਿਸੀਲ ਬਾਲਿਆਂਵਾਲੀ ਦੀ ਬਿਲਡਿੰਗ ਲਈ ਗ੍ਰਾਂਟ ਦਾ ਐਲਾਨ ਹੋਏ ਨੂੰ 4 ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਉਸਾਰੀ ਦਾ ਕੰਮ ਸ਼ੁਰੂ ਨਾ ਹੋਣ ਕਾਰਨ ਇਲਾਕੇ ਦੇ 23 ਪਿੰਡਾਂ ਦੇ ਲੋਕ ਭੰਬਲਭੂਸੇ ਵਿਚ ਹਨ। ਲੋਕਾਂ ਵਿਚ ਇਹ ਡਰ ਬਣਿਆ ਹੋਇਆ ਹੈ ਕਿ ਕਿਤੇ ਸਬ ਤਹਿਸੀਲ ਨੂੰ ਇਥੋਂ ਖਤਮ ਨਾ ਕਰ ਦਿੱਤਾ ਜਾਵੇ ਅਤੇ ਇਨਾਂ ਪਿੰਡਾਂ ਨੂੰ ਮਿਲੀ ਇਹ ਵੱਡੀ ਸਹੂਲਤ ਸਰਕਾਰ ਖੋਹ ਨਾ ਲਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ 23 ਪਿੰਡਾਂ ਦੇ ਲੋਕ ਪ੍ਰਭਾਵਿਤ ਹੋਣਗੇ ਅਤੇ ਇਹ ਮੁੱਦਾ ਹਲਕਾ ਮੌੜ ਦਾ ਸਭ ਤੋਂ ਵੱਡਾ ਚੁਣਾਵੀ ਮੁਦਾ ਬਣ ਸਕਦਾ ਹੈ।
ਜਿਕਰਯੋਗ ਹੈ ਕਿ 4 ਸਾਲ ਪਹਿਲਾਂ ਕੈਬਨਿਟ ਮੰਤਰੀ ਜਨਮੇਜਾ ਸੇਖੋਂ ਵਲੋਂ ਤਹਿਸੀਲ ਕੰਪਲੈਕਸ ਮੌੜ ਅਤੇ ਸਬ ਤਹਿਸੀਲ ਕੰਪਲੈਕਸ ਬਾਲਿਆਂਵਾਲੀ ਦੀ ਬਿਲਡਿੰਗ ਲਈ ਗ੍ਰਾਂਟਾਂ ਦਾ ਐਲਾਨ ਕੀਤਾ ਗਿਆ ਸੀ। ਜਿਥੇ ਮੌੜ ਵਿਖੇ ਬਿਲਡਿੰਗ ਦਾ ਕੰਮ ਮੁਕੰਮਲ ਹੋਣ ਦੀ ਕਗਾਰ ‘ਤੇ ਹੈ ਉਥੇ ਬਾਲਿਆਂਵਾਲੀ ਦੀ ਬਿਲਡਿੰਗ ਲਈ ਹਾਲੇ ਗ੍ਰਾਂਟ ਵੀ ਨਹੀਂ ਭੇਜੀ ਗਈ। ਜਦ ਕਿ ਨਗਰ ਪੰਚਾਇਤ ਬਾਲਿਆਂਵਾਲੀ ਵਲੋਂ 9-10 ਮਹੀਨੇ ਪਹਿਲਾਂ ਹੀ ਸਬ ਤਹਿਸੀਲ ਲਈ ਜਮੀਨ ਦੇਣ ਵਾਸਤੇ ਮੌਜੂਦਾ ਬਿਲਡਿੰਗ ਵਾਲੇ ਸਥਾਨ ਦੀਆਂ 14 ਕਨਾਲਾਂ ਦੇਣ ਦਾ ਮਤਾ ਪਾਕੇ ਭੇਜ ਦਿੱਤਾ ਗਿਆ ਸੀ।
ਮੌਜੂਦਾ ਇਮਾਰਤ ਖਸਤਾ ਹਾਲ, ਜਮੀਨ ‘ਤੇ ਹੋ ਰਹੇ ਨੇ ਨਜਾਇਜ ਕਬਜੇ:-
ਸਬ ਤਹਿਸੀਲ ਦੀ ਮੌਜੂਦਾ ਬਿਲਡਿੰਗ ਦੀ ਹਾਲਤ ਇੰਨੀ ਜਿਆਦਾ ਖਸਤਾ ਹਾਲ ਕਿ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਇਮਾਰਤ ਦੀਆਂ ਕੰਧਾਂ ਵਿਚ ਥਾਂ-ਥਾਂ ਤੋਂ ਤਰੇੜਾਂ ਆਈਆਂ ਹੋਈਆਂ ਹਨ ਅਤੇ ਛੱਤਾਂ ਵਿਚ ਵੀ ਮਘੋਰੇ ਹੋ ਚੁਕੇ ਹਨ ਜਿਸ ਕਾਰਨ ਇਥੇ ਕੰਮ ਕਰਨ ਵਾਲੇ ਕਰਮਚਾਰੀ ਹਰ ਵੇਲੇ ਖੌਫ ਦੇ ਸਾਏ ‘ਚ ਕੰਮ ਕਰਨ ਲਈ ਮਜਬੂਰ ਹਨ। ਇਹੀ ਨਹੀਂ ਇਸ ਇਮਾਰਤ ਦੇ ਆਸ-ਪਾਸ ਲੋਕਾਂ ਵਲੋਂ ਨਜਾਇਜ ਕਬਜੇ ਕਰ ਲਏ ਗਏ ਹਨ ਜਿਨਾਂ ‘ਤੇ ਕਾਰਵਾਈ ਕਰਨ ਬਾਰੇ ਨਗਰ ਪੰਚਾਇਤ ਵਲੋਂ ਐਸ.ਡੀ.ਐਮ ਮੌੜ ਅਤੇ ਡੀ.ਸੀ. ਬਠਿੰਡਾ ਨੂੰ ਲਿਖਤੀ ਪੱਤਰ ਵੀ ਭੇਜੇ ਗਏ ਹਨ। ਪਰ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਕੀ ਕਹਿੰਦੇ ਹਨ ਨਗਰ ਪ੍ਰਧਾਨ:-
ਇਸ ਬਾਰੇ ਨਗਰ ਪੰਚਾਇਤ ਬਾਲਿਆਂਵਾਲੀ ਦੇ ਪ੍ਰਧਾਨ ਸੁਖਪਾਲ ਸਿੰਘ ਹੈਪੀ ਨੇ ਦੱਸਿਆ ਕਿ ਉਨਾਂ ਵਲੋਂ ਬਿਲਡਿੰਗ ਬਣਵਾਉਣ ਲਈ 14 ਕਨਾਲਾਂ ਜਮੀਨ ਦਾ ਮਤਾ ਪਾਕੇ ਦਿੱਤਾ ਹੋਇਆ ਹੈ ਅਤੇ ਸਬ ਤਹਿਸੀਲ ਨੂੰ ਇਥੋਂ ਤਬਦੀਲ ਕਰਨ ਦੀਆਂ ਗੱਲਾਂ ਬੇਬੁਨਿਆਦ ਹਨ ਕਿਉਂਕਿ ਜਨਮੇਜਾ ਸੇਖੋਂ ਆਪਣੀ ਕਹਿਣੀ ਤੇ ਕਰਨੀ ਦੇ ਪੱਕੇ ਹਨ ਜੋ ਜਲਦ ਇਹ ਬਿਲਡਿੰਗ ਬਣਵਾ ਦੇਣਗੇ।
ਕੀ ਕਹਿੰਦੇ ਹਨ ਐਸ.ਡੀ.ਐਮ.:-
ਇਸ ਸਬੰਧੀ ਐਸ.ਡੀ.ਐਮ. ਮੌੜ ਮੁਹੰਮਦ ਤੈਅਬ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਬਿਲਡਿੰਗ ਦਾ ਪ੍ਰਪੋਜਲ ਭੇਜਿਆ ਹੋਇਆ ਹੈ ਪਰ ਹਾਲੇ ਤੱਕ ਸਰਕਾਰ ਵਲੋਂ ਕੋਈ ਗ੍ਰਾਂਟ ਨਹੀਂ ਆਈ।
ਦੂਜੇ ਪਾਸੇ ਐਡ. ਧਰਮਪਾਲ ਸਿੰਘ ਧਰਮੀ ਬਾਲਿਆਂਵਾਲੀ ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਜੇਕਰ ਉਨਾਂ ਤੋਂ ਸਬ ਤਹਿਸੀਲ ਖੋਹੀ ਗਈ ਜਾਂ ਇਸ ਬਿਲਡਿੰਗ ਦਾ ਕੰਮ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਲੋਕਾਂ ਨੂੰ ਲਾਮਬੰਦ ਕਰਕੇ ਤਿੱਖਾ ਸੰਘਰਸ਼ ਵਿੱਢਨਗੇ।

Share Button

Leave a Reply

Your email address will not be published. Required fields are marked *