Sun. Jul 21st, 2019

31 ਦਸੰਬਰ ਬਰਸ਼ੀ ‘ਤੇ ਵਿਸ਼ੇਸ਼: ਅਲਬੇਲਾ ਤੇ ਸ਼ਾਇਰਾਨਾ ਫ਼ਨਕਾਰ

31 ਦਸੰਬਰ ਬਰਸ਼ੀ ‘ਤੇ ਵਿਸ਼ੇਸ਼: ਅਲਬੇਲਾ ਤੇ ਸ਼ਾਇਰਾਨਾ ਫ਼ਨਕਾਰ
ਗਾਇਕ, ਗੀਤਕਾਰ ਤੇ ਅਦਾਕਾਰ ਰਾਜ ਬਰਾੜ ਨੂੰ ਚੇਤੇ ਕਰਦਿਆਂ..

ਸ਼ਾਡੇ ਤੋਂ ਵਿਛੜਿਆ ਗਾਇਕ, ਗੀਤਕਾਰ ਤੇ ਅਦਾਕਾਰ ਰਾਜ ਬਰਾੜ ਨੁੰ ਭਾਵੇ ਦੋ ਸਾਲ ਹੋ ਗਏ ਹਨ, ਪਰ ਅੱਜ ਵੀ ਉਸ ਦੇ ਲਿਖੇ ਤੇ ਗਾਏ ਗੀਤ ਸੁਣ ਕੇ ਇੰਝ ਲੱਗਦਾ ਹੈ ਜਿਵੇਂ ਉਹ ਸਾਡੇ ਕੋਲ ਹੀ ਹੋਵੇ ਸਾਲ ੨੦੧੬ ਦੇ ਅਖੀਰਲੇ ਦਿਨ ਇਸ ਅਲਬੇਲੇ ਤੇ ਸ਼ਾਇਰਾਨਾ ਫ਼ਨਕਾਰ ਨੇ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਦਿੱਤਾ ਸੀ ਭਰ ਜਵਾਨੀ ਵਿੱਚ ਹੋਈ ਰਾਜ ਬਰਾੜ ਦੀ ਮੌਤ ਅੱਜ ਵੀ ਉਸ ਦੇ ਪ੍ਰਸ਼ੰਸਕਾਂ ਦੇ ਮਨਾਂ ਅੰਦਰ ਚੀਸ ਪੈਦਾ ਕਰਦੀ ਹੈ ਗੁਣਾਂ ਦੀ ਗੁਥਲੀ ਰਾਜ ਬਰਾੜ ਨੂੰ ਉਸ ਦਾ ਇੱਕੋ ਔਗੁਣ ਲੈ ਬੈਠਾ ਉਸ ਨੇ ਹੋਰਨਾਂ ਕਲਾਕਾਰਾਂ ਵਾਂਗ ਕਦੇ ਦੂਹਰਾ ਕਿਰਦਾਰ ਨਹੀਂ ਨਿਭਾਇਆ ਸੀ ਉਹ ਜੋ ਸੀ, ਜਿਵੇਂ ਦਾ ਸੀ, ਲੋਕਾਂ ਦੇ ਸਾਹਮਣੇ ਸੀ ਇਹੀ ਕਾਰਨ ਹੈ ਕਿ ਅੱਜ ਵੀ ਉਸ ਦੇ ਚਾਹੁੰਣ ਵਾਲਿਆ ਦੇ ਦਿਲਾਂ ‘ਚ ਉਸ ਲਈ ਇੱਕ ਖਾਸ ਜਗਾਂ ਕਾਇਮ ਐ
੦੩ ਜਨਵਰੀ ੧੯੭੨ ਨੂੰ ਪਿੰਡ ਮੱਲਕੇ, ਜਿਲਾ ਮੋਗਾ ਵਿਖੇ ਜਨਮੇ ਰਾਜ ਬਰਾੜ ਨੇ ਆਪਣੇ ਕੈਰੀਅਰ ਦੀ ਸੁਰੂਆਤ ਗੀਤਕਾਰੀ ਤੋਂ ਕੀਤੀ ਰਾਜ ਬਰਾੜ ਦਾ ਅਸਲੀ ਨਾਂ ਰਾਜਬਿੰਦਰ ਸਿੰਘ ਬਰਾੜ ਸੀ ਉਸ ਦੇ ਲਿਖੇ ਗੀਤਾਂ ਨੂੰ ਪੰਜਾਬ ਦੇ ਪ੍ਰਸਿੱਧ ਗਾਇਕਾ ਨੇ ਅਵਾਜ਼ ਦਿੱਤੀ, ਜਿੰਨਾਂ ‘ਚ ਜਨਾਬ ਕੁਲਦੀਪ ਮਾਣਕ, ਮੁਹੰਮਦ ਸਦੀਕ, ਇੰਦਰਜੀਤ ਨਿੱਕੂ, ਹਰਭਜਨ ਮਾਨ ਤੇ ਸੁਰਜੀਤ ਬਿੰਦਰਖੀਆ ਆਦਿ ਦੇ ਨਾਂ ਸ਼ਾਮਿਲ ਹਨ ਗੀਤਕਾਰੀ ਵਿੱਚ ਮਿਲੀ ਪ੍ਰਸਿੱਧੀ ਤੋਂ ਬਾਅਦ ਰਾਜ ਬਰਾੜ ਨੇ ਗਾਇਕੀ ਖੇਤਰ ‘ਚ ਆਪਣਾ ਹੱਥ ਅਜਮਾਉਣ ਬਾਰੇ ਸੋਚਿਆ ਦਰਦ ਭਰੀ ਅਵਾਜ਼ ਅਤੇ ਪੀੜਾਂ ‘ਚ ਪਰੋਏ ਗੀਤਾਂ ਦੀ ਬਦੌਲਤ ਬਹੁਤ ਜਲਦੀ ਹੀ ਰਾਜ ਬਰਾੜ ਦਾ ਨਾਂ ਨਾਮਵਰ ਗਾਇਕਾ ਦੀ ਸੂਚੀ ‘ਚ ਸ਼ੁਮਾਰ ਹੋ ਗਿਆ ਰਾਜ ਬਰਾੜ ਨੇ ਆਪਣੇ ਗੀਤਾਂ ਵਿੱਚ ਹਰ ਤਬਕੇ ਦੇ ਦਰਦ ਨੂੰ ਬਾਖੂਬੀ ਬਿਆਨ ਕੀਤਾ ਹੈ ਸੋਲੋ ਗਾਇਕੀ ਵਿੱਚ ਸਥਾਪਿਤ ਹੋਣ ਤੋਂ ਬਾਅਦ ਉਸ ਨੇ ਦੋਗਾਣਾ ਗਾਇਕੀ ਵੱਲ ਰੁੱਖ ਕਰਿਆ ਤਾਂ ਉਸ ਦੀ ਸੋਲੋ ਗਾਇਕੀ ਵਾਂਗ ਹੀ ਉਸ ਦੇ ਗਾਏ ਦੋਗਾਣੇ ਵੀ ਸਰੋਤਿਆਂ ਨੇ ਖੂਬ ਪਸੰਦ ਕੀਤੇ, ਜੋ ਮੀਲ ਪੱਥਰ ਬਣ ਸਾਬਿਤ ਹੋਏ ਰਾਜ ਬਰਾੜ ਦੇ ਗਾਏ ਸਾਰੇ ਹੀ ਗੀਤਾਂ ਨੂੰ ਉਸ ਦੇ ਸਰੋਤਿਆਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ, ਪਰ ਫਿਰ ਵੀ ਕੁਝ ਖਾਸ ਗੀਤਾਂ ਦਾ ਜ਼ਿਕਰ ਕਰ ਰਿਹਾ, ਜਿੰਨਾਂ ‘ਚ “ਸਾਡੇ ਵਾਰੀ ਰੰਗ ਮੁੱਕਿਆ“, “ਖ਼ਤ“, “ਈਲੂ-ਈਲੂ“, “ਗਰੀਨ ਕਾਰਡ“, “ਦਿਲਾਂ ਹੌਲੀ-ਹੌਲੀ ਰੌ“, “ਸਾਡਾ ਫ਼ਿਕਰ ਕਰੀ ਨਾ“, “ਅਸੀਂ ਰਹਿਗੇ ਭਾਅ ਪੁੱਛਦੇ“, “ਸਰਕਾਰ“, “ਲੋਕ ਸਭਾ“ ਆਦਿ ਸ਼ਾਮਿਲ ਹਨ ਰਾਜਨੀਤੀ ਤੇ ਵਿਅੰਗ ਕੱਸਦਾ ਰਾਜ ਬਰਾੜ ਦਾ ਗੀਤ “ਲੈ ਲਏ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਗੇਂ“ ਅੱਜ ਵੀ ਡੀ.ਜੇ. ਦਾ ਸ਼ਿੰਗਾਰ ਬਣਿਆ ਹੋਇਆ, ਜੋ ਵਾਰ-ਵਾਰ ਸੁਣਿਆ ਜਾਂਦਾ ਅੱਜ ਦੇ ਗਾਇਕ ਜਿੱਥੇ ਹਥਿਆਰਾਂ ਨਾਲ ਜੋੜ ਕੇ ਜੱਟਾਂ ਜਾਂ ਕਿਸਾਨਾਂ ਦਾ ਅਕਸ ਖਰਾਬ ਕਰ ਰਹੇ ਹਨ, ਉੱਥੇ ਰਾਜ ਬਰਾੜ ਵੱਲੋਂ ਗਾਇਆ ਗੀਤ “ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੌ-ਰੌ ਕੇ“ ਅਜੋਕੀ ਕਿਰਸਾਨੀ ਦੀ ਸੱਚੀ ਤਸਵੀਰ ਪੇਸ਼ ਕਰਦਾ ਐ ਇਹਦੇ ਚ’ ਉਹਨੇ ਇੱਕ ਕਿਸਾਨ ਦੇ ਦਰਦ ਨੂੰ ਬਾਖੂਬੀ ਬਿਆਨ ਕੀਤਾ ਰਾਜ ਬਰਾੜ ਦੀਆਂ ਪ੍ਰਸਿੱਧ ਕੈਸਿਟਾਂ ਵਿੱਚ “ਸਾਡੇ ਵਾਰੀ ਰੰਗ ਮੁੱਕਿਆ“, “ਪਿਆਰ ਦੇ ਬਦਲੇ ਪਿਆਰ“, “ਮੇਰੇ ਗੀਤਾਂ ਦੀ ਰਾਣੀ“, “ਤੇਰੇ ਪਿੱਛੇ ਕਿਉਂ ਰੁਲਦੇ“, “ਕਣੀਆ“, “ਦੇਸੀ ਪੌਪ“(ਇੱਕ ਤੋਂ ਛੇ ਨੰਬਰ ਤੱਕ), “ਨਾਗ ਦੀ ਬੱਚੀ“ ਅਤੇ “ਲੋਕ ਸਭਾ“ ਆਦਿ ਦੇ ਨਾਂ ਜ਼ਿਕਰਯੋਗ ਹਨ ਰਾਜ ਬਰਾੜ ਦੀ “ਰੀ-ਬਰਥ“ ਐਲਬੰਮ ਨੇ ਤਾਂ ਮਿਊਜ਼ਿਕ ਐਵਾਰਡ ਵੀ ਜਿੱਤਿਆ ਸੀ ਇਹਦੇ ਵਿਚਲਾ ਗੀਤ “ਚੰਡੀਗੜ ਦੇ ਨਜਾਰਿਆ ਨੇ ਪੱਟਿਆ“ ਅੱਜ ਵੀ ਉਸ ਦੇ ਚਹੇਤਿਆਂ ਦੀ ਪਸੰਦ ਬਣਿਆ ਹੋਇਆ ਹੈ
ਪੰਜਾਬੀ ਗਾਇਕੀ ਤੇ ਗੀਤਕਾਰੀ ਦੇ ਖੇਤਰ ਵਿੱਚ ਲੰਬਾ ਸਮਾਂ ਰਾਜ ਕਰਨ ਵਾਲੇ ਰਾਜ ਬਰਾੜ ਨੇ ਅਦਾਕਾਰੀ ਖੇਤਰ ਵਿੱਚ ਵੀ ਆਪਣੀ ਕਲਾ ਦੇ ਜੌਹਰ ਵਿਖਾਏ ਉਸ ਨੇ “ਜਵਾਨੀ ਜਿੰਦਾਬਾਦ“, “ਪੁਲਿਸ ਇਨ ਪਾਲੀਵੁੱਡ“, “ਜੱਟ ਇਨ ਮੂਡ“ ਅਤੇ “ਆਮ ਆਦਮੀ“ ਪੰਜਾਬੀ ਫ਼ਿਲਮਾਂ ਵਿੱਚ ਬਤੌਰ ਨਾਇਕ ਵਧੀਆ ਭੂਮਿਕਾਵਾਂ ਨਿਭਾਈਆਂ ਭਾਵੇਂ ਰਾਜ ਬਰਾੜ ਬੇਵਕਤੀ ਮੌਤ ਕਾਰਨ ਦੁਨੀਆ ਤੋਂ ਭਰ-ਉਮਰੇ ਤੁਰ ਗਿਆ, ਪਰ ਜਾਂਦਾ-ਜਾਂਦਾ, ਉਹ ਪੰਜਾਬੀ ਫ਼ਿਲਮ “ਆਮ ਆਦਮੀ“ ਬਣਾ ਕੇ ਆਪਣੇ ਚਾਹੁੰਣ ਵਾਲਿਆ ਲਈ ਛੱਡ ਗਿਆ ਇਹ ਫ਼ਿਲਮ ੨੫ ਮਈ ੨੦੧੮ ਨੂੰ ਦੁਨੀਆ ਭਰ ਚ’ ਰਿਲੀਜ਼ ਹੋਈ ਰਾਜ ਬਰਾੜ ਨੇ ਆਪਣੀ ਇਸ ਫ਼ਿਲਮ ਜਰੀਏ ਸਿਆਸਤ ਦਾ ਅਸ਼ਲ ਰੰਗ ਲੋਕਾਂ ਸਾਹਮਣੇ ਪੇਸ਼ ਕਰਨ ਦੀ ਇੱਕ ਚੰਗੀ ਤੇ ਸਲਾਹੁਣਯੋਗ ਕੋਸ਼ਿਸ਼ ਕੀਤੀ ਸੀ ਇਸ ਵਿੱਚ ਸਿਆਸੀ ਪਾਰਟੀਆਂ ਅਤੇ ਪਰਿਵਾਰਾਂ ਵੱਲੋਂ ਆਮ ਲੋਕਾਂ ਦੇ ਹੋ ਰਹੇ ਸ਼ੋਸਣ ਦੀ ਗੱਲ ਕੀਤੀ ਗਈ ਸੀ ਇਸ ਫ਼ਿਲਮ ‘ਚ ਦਿਖਾਇਆ ਗਿਆ ਸੀ ਕਿ ਜਿੰਨਾਂ ਚਿਰ ਆਮ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਹੁੰਦੇ, ਉਨਾਂ ਚਿਰ ਉਹਨਾਂ ਦਾ ਸ਼ੋਸਣ ਹੁੰਦਾ ਰਹੇਗਾ ਪਹਿਲਾ ਇਸ ਫ਼ਿਲਮ ਦਾ ਨਾਂ “ਜਮੂਰੇ“ ਰੱਖਿਆ ਗਿਆ ਸੀ, ਪਰ ਬਾਅਦ ਵਿੱਚ ਇਸ ਫ਼ਿਲਮ ਦੇ ਵਿਸ਼ੇ ਮੁਤਾਬਿਕ ਇਸ ਫ਼ਿਲਮ ਦੀ ਪੂਰੀ ਟੀਮ ਨੂੰ “ਆਮ ਆਦਮੀ“ ਟਾਈਟਲ ਜਿਆਦਾ ਢੁੱਕਵਾਂ ਲੱਗਾ ਇਹ ਫ਼ਿਲਮ ਰਾਜ ਬਰਾੜ ਦੀ ਜ਼ਿੰਦਗੀ ਦੀ ਸਭ ਤੋਂ ਅਹਿਮ ਫ਼ਿਲਮ ਸੀ ਇਸ ਫ਼ਿਲਮ ਦਾ ਕੰਮ ਮੁਕੰਮਲ ਕਰਨ ਤੋਂ ਬਾਅਦ ਉਹ ਇਸ ਨੂੰ ਰਿਲੀਜ਼ ਕਰਨ ਦੀ ਵਿਊਂਤਬੰਦੀ ਕਰ ਰਿਹਾ ਸੀ, ਪਰ ਇਸੇ ਦੌਰਾਨ ਉਸ ਦੀ ਮੌਤ ਹੋ ਗਈ ਫਿਰ ਇਸ ਫ਼ਿਲਮ ਦੇ ਨਿਰਮਤਾਵਾਂ ਨੇ ਰਾਜ ਬਰਾੜ ਦੀ ਇਹ ਆਖ਼ਰੀ ਫ਼ਿਲਮ ਸਰਧਾਂਜਲੀ ਵਜੋਂ ਉਸ ਦੇ ਚਹੇਤਿਆਂ ਤੱਕ ਪਹੁੰਚਾਈ
ਰਾਜ ਬਰਾੜ ਨੂੰ ਚੇਤੇ ਕਰਦਿਆਂ, ਉਸ ਦੁਆਰਾ ਆਪਣੇ ਅਖ਼ੀਰਲੇ ਦਿਨਾਂ ਵਿੱਚ ਆਪਣੀ ਜ਼ਿੰਦਗੀ ਉੱਪਰ ਲਿਖੇ ਤੇ ਗਾਏ ਗੀਤ ਦੇ ਬੋਲ ਆਪ-ਮੁਹਾਰੇ ਯਾਦ ਆ ਜਾਂਦੇ ਹਨ:-
“ਮੈਂ ਵੀ ਅਵੱਲਾ, ਮੇਰੇ ਕੰਮ ਵੀ ਅਵੱਲੇ ਨੇ!
ਕੀ ਨਹੀਂ ਮਾੜਾ ਕੀਤਾ, ਥੋਡੇ ਇਸ ਝੱਲੇ ਨੇ!!
ਮਾਂ-ਪਿਓ, ਭੈਣ-ਭਾਈ, ਯਾਰਾਂ ਤੋਂ ਸਰਾਪੇ ਨੇ!
ਆਹ ਲਓ ਪੁੱਤ ਛੱਡਤੀ, ਸਰਾਬ ਥੋਡੇ ਪਾਪੇ ਨੇ“
ਬੜਾ ਵੱਡਾ ਜੇਰਾ “ਰਾਜ“, ਕੀਤਾ ਸੱਚ ਕਹਿਣ ਦਾ!
ਵੱਢ ਦਿੱਤਾ ਫਾਹਾ ਏਸ, ਚੰਦਰੀ ਸੁਦੈਣ ਦਾ!!
ਕੱਖਾਂ ਵਿੱਚ ਰੋਲਤਾ ਸੀ, ਇਸ ਨਿੱਤ ਦੇ ਸਿਆਪੇ ਨੇ!
ਆਹ ਲਓ ਪੁੱਤ ਛੱਡਤੀ, ਸਰਾਬ ਥੋਡੇ ਪਾਪੇ ਨੇ“
ਰਾਜ ਬਰਾੜ ਦੀ ਲੇਖਣੀ ‘ਤੇ ਗਾਇਕੀ ਦੀ ਕਦਰ ਮੈਂ ਹੀ ਨਹੀਂ ਪਤਾ ਨਹੀਂ ਮੇਰੇ ਵਰਗੇ ਕਿੰਨੇ ਕੁ ਹੋਰ ਉਹਦੇ ਸੁਦਾਈ ਹੋਣਗੇ ਪਰ ਜਨਾਬ! ਇਹ ਗੱਲ ਤਾਂ ਚਿੱਤ-ਚੇਤੇ ਹੀ ਨਹੀਂ ਸੀ, ਕਿ ਏਦਾਂ ਹੋ ਜਾਏਗਾ ਦਸੰਬਰ ੨੦੧੬ ਦੇ ਉਹਨਾਂ ਦਿਨਾਂ ਦੀ ਗੱਲ ਐ, ਜਦੋਂ ਉਹ ਆਪਣੇ ਹੀ ਪਿੰਡ ਮੱਲਕੇ (ਮੋਗਾ) ਆਪਣੀ ਫ਼ਿਲਮ “ਜਮੂਰੇ“ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਮੈਂ ਤੇ ਗੁਰਨੈਬ ਸਾਜਨ ਦਿਓਣ ਅਸੀਂ ਆਪਣੇ ਮੈਗਜ਼ੀਨ “ਜਸਟ ਪੰਜਾਬੀ“ ਦੀ ਇੰਟਰਵਿਊ ਲਈ ਰਾਜ ਬਰਾੜ ਤੋਂ ਬਕਾਇਦਾ ਟਾਈਮ ਲੈ ਕੇ ਉਹਨਾਂ ਨੂੰ “ਜਮੂਰੇ“ ਦੇ ਸ਼ੂਟ ‘ਤੇ ਮਿਲਣ ਗਏ ਕਾਫੀ ਸਮਾਂ ਗੱਲਾਂ-ਬਾਤਾਂ ਹੋਈਆ, ਪਰ ਰਾਜ ਬਰਾੜ ਨੇ ਪਤਾ ਨਹੀਂ ਕਿੰਨੇ ਵਾਰੀ ਆਪਣੀ ਜਾਨ ਦੀ ਵੈਰਣ ਦਾਰੂ ਦੀ ਗੱਲ ਕਹਿ ਦਿੱਤੀ, ਕਿ ਇਹ ਮੈਨੂੰ ਲੈ ਕੇ ਬਹਿ ਗਈ ਏਸੇ ਤਰਾਂ ਉੱਪਰ ਲਿਖੇ ਗੀਤ ਦੀਆਂ ਸਤਰਾਂ ਦਾ ਇੱਕ-ਇੱਕ ਸ਼ਬਦ ਰਾਜ ਬਰਾੜ ਦੀ ਹੱਡ-ਬੀਤੀ ਨੂੰ ਬਿਆਨਦਾ ਐ, ਕਿ ਉਹ ਧੁਰ ਅੰਦਰੋਂ ਕਿੰਨਾਂ ਦੁਖੀ ਸੀ ਰਾਜ ਬਰਾੜ ਵਾਂਗ ਹੀ ਪੰਜਾਬ ਦੇ ਬਹੁਤੇ ਗਾਇਕਾ/ ਗੀਤਕਾਰਾਂ ਨੂੰ ਉਹਨਾਂ ਦੀ ਦਾਰੂ-ਪੀਣੀ, ਆਖ਼ਿਰ ਉਹਨਾਂ ਨੂੰ ਹੀ ਪੀ ਗਈ ਅਤੇ ਉਹਨਾਂ ਨੂੰ ਅਰਸ਼ ‘ਤੇ ਬੈਠਿਆਂ ਨੂੰ ਫਰਸ ‘ਤੇ ਲਿਆਦਾਂ ਹਾਲੇ ਵੀ ਬਹੁਤੇ ਗਾਇਕ ਆਪਣੀ ਇਸ ਆਦਤ ਨੂੰ ਨਹੀਂ ਮੰਨਦੇ, ਪਰ ਰਾਜ ਬਰਾੜ ਆਪਣੀ ਇਸ ਆਦਤ ਨੂੰ ਕਬੂਲਦਾ ਸੀ, ਉਹਨੇ ਇਹਦੇ ਤੋਂ ਸਦਾ ਲਈ ਤੌਬਾ ਕਰ ਲਈ ਸੀ, ਪਰ ਕੁਦਰਤ ਨੂੰ ਕੁਝ ਹੋਰ ਈ ਮਨਜ਼ੂਰ ਸੀ
ਰਾਜ ਬਰਾੜ ਦਾ ਬੇਵਕਤੀ ਤੁਰ ਜਾਣਾ, ਪੰਜਾਬੀ ਸੰਗੀਤ ਜਗਤ ਲਈ ਵੱਡਾ ਘਾਟਾ ਹੈ ਹੀ, ਨਾਲ ਹੀ ਉਹਨਾਂ ਨਾਲ ਜੁੜੇ ਕਿੰਨੇ ਹੋਰ ਲੋਕਾਂ ਦੀ ਚਲਦੀ ਰੋਜ਼ੀ-ਰੋਟੀ ਵੀ ਖਤਮ ਹੋ ਗਈ, ਜਿਹਨਾਂ ਨੇ ਬੜਾ ਲੰਬਾ ਸਮਾਂ ਰਾਜ ਬਰਾੜ ਨਾਲ ਇਕੱਠਿਆ ਗੁਜ਼ਾਰਿਆ ਪਰ ਸਭ ਤੋਂ ਵੱਡਾ ਘਾਟਾ ਉਸ ਦੇ ਆਪਣੇ ਪਰਿਵਾਰ ਨੂੰ ਪਿਆ, ਜਿਹਨਾਂ ਦਾ ਪੁੱਤ, ਪਤੀ ਤੇ ਪਿਤਾ ਮੁੜਕੇ, ਕਦੇ ਉਹਨਾਂ ਨੂੰ ਨਹੀਂ ਮਿਲਣਾ, ਇਸ ਦਰਦ ਦਾ ਕੋਈ ਹੱਲ ਨਹੀਂ, ਪਰ ਜਿਵੇਂ ਕਹਿੰਦੇ ਨੇ ਕਿ ਇੱਕ ਗਾਇਕ/ ਗੀਤਕਾਰ ਦੀ ਪ੍ਰਾਪਰਟੀ ਉਹਦੇ ਆਪਣੇ ਗੀਤ ਹੀ ਹੁੰਦੇ ਨੇ ਤਾਂ ਰਾਜ ਬਰਾੜ ਆਪਣੇ ਬੱਚਿਆਂ ਲਈ ਆਪਣੇ ਗੀਤਾਂ ਦੀ ਅਣਮੁੱਲੀ ਵਿਰਾਸਤ ਛੱਡ ਕੇ ਗਏ ਹਨ ਰਾਜ ਬਰਾੜ ਅੱਜ ਸਾਡੇ ਵਿਚਕਾਰ ਨਹੀਂ, ਪਰ ਉਹਨਾਂ ਦੀ ਯਾਦ ਹਮੇਸਾਂ ਸਾਡੇ ਦਿਲਾਂ ਚ’ ਇੰਝ ਹੀ ਵਸੀ ਰਹੇਗੀ ਭਾਵੇਂ ਰਾਜ ਬਰਾੜ ੩੧ ਦਸੰਬਰ ੨੦੧੬ ਨੂੰ ਭਰ-ਉਮਰੇ ਦੁਨੀਆ ਨੂੰ ਅਲਵਿਦਾ ਆਖ ਗਿਆ, ਪਰ ਅੱਜ ਵੀ ਉਹ ਆਪਣੇ ਲਿਖੇ ਤੇ ਗਾਏ ਗੀਤਾਂ ਦੇ ਜ਼ਰੀਏ ਆਪਣੇ ਚਾਹੁੰਣ ਵਾਲਿਆ ਦੇ ਦਿਲਾਂ ਵਿੱਚ ਜ਼ਿੰਦਾ ਹੈ ਅਤੇ ਹਮੇਸਾਂ ਜ਼ਿੰਦਾ ਰਹੇਗਾ|

ਗੁਰਬਾਜ ਗਿੱਲ
ਨੇੜੇ ਬੱਸ ਸਟੈਂਡ
ਸਾਹਮਣੇ ਛੋਟਾ ਗੇਟ
ਬਠਿੰਡਾ (ਪੰਜਾਬ)

Leave a Reply

Your email address will not be published. Required fields are marked *

%d bloggers like this: