3 ਦਿਨਾਂ ਤੋਂ ਬਿਜਲੀ ਬੰਦ ਹੋਣ ਕਾਰਨ ਰੋਹ ਵਿੱਚ ਆਏ ਕਿਸਾਨਾਂ ਨੇ ਮਹਿਲ ਕਲਾਂ ਦੇ ਗਰਿੱਡ ਦਾ ਕੀਤਾ ਘਿਰਾਓ

ss1

3 ਦਿਨਾਂ ਤੋਂ ਬਿਜਲੀ ਬੰਦ ਹੋਣ ਕਾਰਨ ਰੋਹ ਵਿੱਚ ਆਏ ਕਿਸਾਨਾਂ ਨੇ ਮਹਿਲ ਕਲਾਂ ਦੇ ਗਰਿੱਡ ਦਾ ਕੀਤਾ ਘਿਰਾਓ
ਸਪਲਾਈ ਤੁਰੰਤ ਚਾਲੂ ਨਾ ਕੀਤੀ ਤਾਂ ਚੱਕਾ ਜਾਮ ਕਰਾਂਗੇ :- ਕਿਸਾਨ ਆਗੂ

17-15
ਮਹਿਲ ਕਲਾਂ 16 ਜੂਨ (ਭੁਪਿੰਦਰ ਸਿੰਘ ਧਨੇਰ) – ਸੂਬੇ ਦੀ ਸ਼ੋ੍ਰਮਣੀ ਅਕਾਲੀ-ਭਾਜਪਾ ਸਰਕਾਰ ਜਿਥੇ ਇੱਕ ਪਾਸੇ ਬਿਜਲੀ ਸਰਪਲੱਸ ਹੋਣ ਦਾ ਦਾਅਵਾ ਕਰ ਰਹੀ ਹੈ,ਉਥੇ ਦੂਜੇ ਪਾਸੇ ਪਾਵਰਕਾਮ ਦੀ ਸਬ ਡਵੀਜ਼ਨ ਮਹਿਲ ਕਲਾਂ ਅਧੀਨ ਪੈਂਦੇ 5 ਪਿੰਡਾਂ ਦੀ ਬਿਜਲੀ ਸਪਲਾਈ ਤਿੰਨ ਦਿਨਾਂ ਤੋਂ ਬਿੱਲਕੁਲ ਠੱਪ ਹੋ ਚੁੱਕੀ ਹੈ। ਜਿਸ ਤੋਂ ਰੋਹ ਵਿੱਚ ਆਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੇ ਸੂਬਾ ਮੀਤ ਪ੍ਰਧਾਨ ਨਾਮਧਾਰੀ ਦਰਸਨ ਸਿੰਘ ਰਾਏਸਰ ਦੀ ਅਗਵਾਈ ਹੇਠ ਗਰਿੱਡ ਵਿੱਚ ਧਰਨਾ ਦੇ ਕੇ ਪੰਜਾਬ ਸਰਕਾਰ ਤੇ ਮਹਿਕਮੇ ਖ਼ਿਲਾਫ਼ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਮਲਕੀਤ ਸਿੰਘ ਈਨਾਂ, ਬਲਦੇਵ ਸਿੰਘ ਸੱਦੋਵਾਲ, ਪਵਿੱਤਰ ਸਿੰਘ ਲਾਲੀ, ਜਮਹੂਰੀਅਤ ਕਿਸਾਨ ਸਭਾ ਦੇ ਜਨਰਲ ਸਕੱਤਰ ਮਾਸਟਰ ਯਸਪਾਲ ਸ਼ਰੀਂਹ ਨੇ ਕਿਹਾ ਕਿ ਤਿੰਨ ਦਿਨ ਪਹਿਲਾ ਤੇਜ ਹਨੇਰੀ ਅਤੇ ਝੱਖੜ ਕਾਰਨ ਖੇਤਾਂ ਵਿਚਲੇ ਬਿਜਲੀ ਦੇ ਕੁਝ ਖੰਭੇ ਟੁੱਟ ਗਏ ਸਨ। ਜਿਨਾਂ ਨੂੰ ਠੀਕ ਕਰਨ ਲਈ ਸਬ ਡਵੀਜ਼ਨ ਮਹਿਲ ਕਲਾਂ ਦੇ ਕਰਮਚਾਰੀਆਂ ਨੇ ਲੋੜ ਤੋਂ ਵੱਧ ਸਮਾਂ ਲਿਆ ਜਿਸ ਕਰਕੇ ਕਿਸਾਨਾਂ ਨੂੰ ਖੇਤਾਂ ਵਿੱਚ ਡਿੱਗੇ ਖੰਭਿਆਂ ਦੇ ਕਾਰਨ ਝੋਨੇ ਦੀ ਲਵਾਈ ਦੇ ਲਈ ਜਮੀਨ ਤਿਆਰ ਕਰਨ ਵਿੱਚ ਮੁਸਕਲ ਪੇਸ਼ ਆਈ ਅਤੇ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਦੀ ਸਪਲਾਈ ਪੂਰੀ ਤਰਾਂ ਬੰਦ ਹੈ, ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜਬੂਰ ਹਨ। ਐਸ ਡੀ ਓ ਮਹਿਲ ਕਲਾਂ ਵਰਕਰਾਂ ਦੀ ਘਾਟ ਦਾ ਬਹਾਨਾ ਬਣਾ ਕੇ ਕਿਸਾਨਾਂ ਨੂੰ ਪ੍ਰੇਸਾਨ ਕਰ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਖੇਤੀ ਸੈਕਟਰ ਲਈ ਪੂਰੀ ਬਿਜਲੀ ਸਪਲਾਈ ਨਹੀ ਦੇ ਰਹੀ ਅਤੇ ਦੂਜੇ ਪਾਸੇ ਝੋਨੇ ਦੇ ਸੀਜ਼ਨ ਦੌਰਾਨ ਜਨਰੇਟਰ ਚਲਾਉਣ ਤੇ ਜੁਰਮਾਨੇ ਲਾ ਰਹੀ ਹੈ। ਇਸ ਤਰਾਂ ਸਰਕਾਰ ਪਹਿਲਾ ਤੋਂ ਕਰਜ਼ੇ ਦੀ ਮਾਰ ਹੇਠ ਆਈ ਕਿਸਾਨੀ ਨੂੰ ਪੂਰੀ ਤਰਾਂ ਖਤਮ ਕਰਨ ਤੇ ਤੁਲੀ ਹੋਈ ਹੈ।
ਧਰਨਾ ਦੇ ਰਹੇ ਕਿਸਾਨਾਂ ਨੇ ਮਹਿਕਮੇ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਤਿੰਨ ਦਿਨਾਂ ਤੋਂ ਬੰਦ ਪਈ ਬਿਜਲੀ ਚਾਲੂ ਨਾ ਕੀਤੀ ਤਾਂ ਕਿਸਾਨ ਬਰਨਾਲਾ-ਲੁਧਿਆਣਾ ਮੇਨ ਹਾਈਵੇ ਜਾਮ ਕੀਤਾ ਜਾਵੇਗਾ। ਇਸ ਮੌਕੇ ਸਥਿਤੀ ਉਸ ਸਮੇਂ ਦਿਲਚਸਪ ਬਣ ਗਈ ਜਦੋਂ ਗਰਿੱਡ ਵਿਖੇ ਪੁੱਜੇ ਐਕਸੀਅਨ ਪਵਨ ਬਾਂਸਲ ਦਾ ਘਿਰਾਓ ਵੀ ਕੀਤਾ ਗਿਆ। ਇਸ ਮੌਕੇ ਭੋਲਾ ਸਿੰਘ ਸਹੌਰ,ਗੁਰਦੀਪ ਸਿੰਘ ਸੋਢਾ,ਕਾਲਾ ਸਿੰਘ ਧਨੇਰ,ਹਰਬੰਸ ਸਿੰਘ ਮਹਿਲ ਕਲਾਂ,ਰਛਪਾਲ ਸਿੰਘ,ਜਗਜੀਤ ਸਿੰਘ,ਹਰਪਾਲ ਸਿੰਘ,ਦਲਵਾਰਾ ਸਿੰਘ,ਮਾਸਟਰ ਦਰਸਨ ਸਿੰਘ ਹਰੀ ਸਿੰਘ ਮਹਿਲ ਕਲਾਂ,ਜਗਤਾਰ ਸਿੰਘ ਕਲਾਲ ਮਾਜਰਾ,ਦੇਵ ਸਿੰਘ ਮਹਿਲ ਕਲਾਂ, ਸੁਖਵਿੰਦਰ ਸਿੰਘ ਸੋਢਾ, ਮਾਸਟਰ ਦਰਸਨ ਸਿੰਘ ਮਹਿਲ ਕਲਾਂ, ਨਿਹਾਲ ਸਿੰਘ ਦਸੌਧਾ ਸਿੰਘ ਵਾਲਾ, ਹਰਬੰਸ ਸਿੰਘ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜਰ ਸਨ।

Share Button

Leave a Reply

Your email address will not be published. Required fields are marked *